ਪੀਐੱਮਇੰਡੀਆ
ਸਾਈਪ੍ਰਸ ਗਣਰਾਜ ਦੇ ਰਾਸ਼ਟਰਪਤੀ ਸ਼੍ਰੀ ਨਿਕੋਸ ਕ੍ਰਿਸਟੋਡੌਲਾਈਡਸ ਨੇ ਭਾਰਤ ਗਣਰਾਜ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ ਉੱਤੇ 20-23 ਮਈ, 2026 ਤੱਕ ਭਾਰਤ ਦਾ ਸਰਕਾਰੀ ਦੌਰਾ ਕੀਤਾ। ਇਹ ਦੌਰਾ ਖ਼ਾਸ ਅਹਿਮੀਅਤ ਰੱਖਦਾ ਹੈ ਕਿਉਂਕਿ ਇਹ ਯੂਰੋਪੀਅਨ ਯੂਨੀਅਨ ਦੀ ਕੌਂਸਲ ਦੀ ਸਾਈਪ੍ਰਸ ਦੀ ਪ੍ਰਧਾਨਗੀ ਦੌਰਾਨ ਹੋ ਰਿਹਾ ਹੈ।
ਇਹ ਦੌਰਾ ਜੂਨ, 2025 ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸਾਈਪ੍ਰਸ ਦੌਰੇ ਤੋਂ ਪੈਦਾ ਹੋਈ ਇਤਿਹਾਸਕ ਗਤੀ ਨੂੰ ਅੱਗੇ ਵਧਾਉਂਦਾ ਹੈ, ਜਿਸ ਨੇ ਇੱਕ ਰਣਨੀਤਕ ਭਾਈਵਾਲੀ ਦੀ ਨੀਂਹ ਰੱਖੀ ਸੀ ਅਤੇ ਭਾਰਤ-ਸਾਈਪ੍ਰਸ ਸਬੰਧਾਂ ਨੂੰ ਨਤੀਜਾ-ਮੁਖੀ ਅਤੇ ਅਮਲ-ਮੁਖੀ ਪੜਾਅ ਵਿੱਚ ਬਦਲਣ ਦੀ ਨਿਸ਼ਾਨਦੇਹੀ ਕਰਦਾ ਹੈ।
ਦੋਵਾਂ ਆਗੂਆਂ ਨੇ 2025 ਵਿੱਚ ਜਾਰੀ ਕੀਤਾ ਸਾਂਝਾ ਐਲਾਨਨਾਮਾ ਲਾਗੂ ਕਰਨ ਵਿੱਚ ਹੋਈ ਤਰੱਕੀ ਦਾ ਸਵਾਗਤ ਕੀਤਾ, ਜਿਸ ਵਿੱਚ ਸਿਆਸੀ ਸੰਵਾਦ ਅੱਗੇ ਵਧਾਉਣਾ, ਵਪਾਰਕ ਭਾਈਵਾਲੀ ਵਿੱਚ ਵਾਧਾ, ਰੱਖਿਆ ਸੰਪਰਕਾਂ ਨੂੰ ਮਜ਼ਬੂਤ ਕਰਨਾ ਅਤੇ ਨਵੀਨਤਾ ਤੇ ਟੈਕਨਾਲੋਜੀ ਵਿੱਚ ਸਹਿਯੋਗ ਦੀ ਸ਼ੁਰੂਆਤ ਸ਼ਾਮਲ ਹੈ। ਬਦਲਦੇ ਭੂ-ਸਿਆਸੀ ਹਾਲਾਤ ਅਤੇ ਭਾਰਤ-ਸਾਈਪ੍ਰਸ ਭਾਈਵਾਲੀ ਦੀ ਡੂੰਘਾਈ ਨੂੰ ਮਾਨਤਾ ਦਿੰਦਿਆਂ ਦੋਵੇਂ ਆਗੂ ਨਵੀਆਂ ਹਕੀਕਤਾਂ ਅਤੇ ਮੌਕੇ ਦਰਸਾਉਣ ਲਈ ਦੁਵੱਲੀ ਵਿਆਪਕ ਭਾਈਵਾਲੀ ਨੂੰ ਉੱਚ ਪੱਧਰ ਉੱਤੇ ਲਿਜਾ ਕੇ ‘ਰਣਨੀਤਕ ਭਾਈਵਾਲੀ’ ਬਣਾਉਣ ਉੱਤੇ ਸਹਿਮਤ ਹੋਏ।
22 ਮਈ, 2026 ਨੂੰ ਰਾਸ਼ਟਰਪਤੀ ਭਵਨ ਵਿੱਚ ਭਾਰਤ ਦੇ ਮਾਣਯੋਗ ਰਾਸ਼ਟਰਪਤੀ, ਮਹਾਮਹਿਮ ਸ਼੍ਰੀਮਤੀ ਦ੍ਰੌਪਦੀ ਮੁਰਮੂ ਵੱਲੋਂ ਰਾਸ਼ਟਰਪਤੀ ਕ੍ਰਿਸਟੋਡੌਲਾਈਡਸ ਦਾ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਰਾਜਘਾਟ ਵਿੱਚ ਭਾਰਤ ਦੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਮਾਣਯੋਗ ਰਾਸ਼ਟਰਪਤੀ ਨੇ ਆਏ ਮਹਿਮਾਨ ਦੇ ਸਨਮਾਨ ਵਿੱਚ ਸਰਕਾਰੀ ਦਾਅਵਤ ਦੀ ਮੇਜ਼ਬਾਨੀ ਵੀ ਕੀਤੀ।
ਦੌਰੇ ਦੌਰਾਨ, ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਕ੍ਰਿਸਟੋਡੌਲਾਈਡਸ ਨੇ 22 ਮਈ, 2026 ਨੂੰ ਨਵੀਂ ਦਿੱਲੀ ਵਿੱਚ ਦੁਵੱਲੀ ਗੱਲਬਾਤ ਕੀਤੀ। ਦੋਵਾਂ ਆਗੂਆਂ ਨੇ ਦੁਵੱਲੇ ਸਬੰਧਾਂ ’ਤੇ ਵਿਆਪਕ ਚਰਚਾ ਕੀਤੀ ਅਤੇ ਵੱਖ-ਵੱਖ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਵਿੱਚ ਆਈ ਨਵੀਂ ਗਤੀ ’ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਨੇ ਸਾਂਝੀਆਂ ਜਮਹੂਰੀ ਕਦਰਾਂ-ਕੀਮਤਾਂ, ਕਾਨੂੰਨ ਦੇ ਰਾਜ ਅਤੇ ਆਪਸੀ ਸਤਿਕਾਰ ’ਤੇ ਆਧਾਰਿਤ, ਭਾਰਤ ਅਤੇ ਸਾਈਪ੍ਰਸ ਵਿਚਾਲੇ ਕਰੀਬੀ ਅਤੇ ਭਰੋਸੇਮੰਦ ਭਾਈਵਾਲੀ ਦੀ ਮੁੜ ਪੁਸ਼ਟੀ ਕੀਤੀ। ਉਨ੍ਹਾਂ ਨੇ ਭਾਰਤ-ਈਯੂ ਸਬੰਧਾਂ ਦੇ ਨਾਲ-ਨਾਲ ਆਪਸੀ ਹਿੱਤਾਂ ਦੇ ਖੇਤਰੀ ਅਤੇ ਆਲਮੀ ਮੁੱਦਿਆਂ ਉੱਤੇ ਵੀ ਵਿਚਾਰ ਵਟਾਂਦਰਾ ਕੀਤਾ।
ਦੋਵਾਂ ਆਗੂਆਂ ਨੇ ਭਾਰਤ-ਸਾਈਪ੍ਰਸ ਵਿਆਪਕ ਭਾਈਵਾਲੀ ਦੇ ਅਹਿਮ ਪਹਿਲੂ ਵਜੋਂ ਉੱਚ ਸਿਆਸੀ ਪੱਧਰ ਉੱਤੇ ਲਗਾਤਾਰ ਸੰਪਰਕਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ 2025 ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਦੌਰਾਨ ਐਲਾਨੀ ਗਈ ‘ਭਾਰਤ-ਸਾਈਪ੍ਰਸ ਸਾਂਝੀ ਕਾਰਜ ਯੋਜਨਾ 2025-2029’ ਲਾਗੂ ਕਰਨ ਵਿੱਚ ਹੋਈ ਅਹਿਮ ਪ੍ਰਗਤੀ ਦੀ ਸ਼ਲਾਘਾ ਕੀਤੀ। ਦੋਵੇਂ ਧਿਰਾਂ 2027 ਵਿੱਚ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 65ਵੀਂ ਵਰ੍ਹੇਗੰਢ ਨੂੰ ਵਿਸ਼ੇਸ਼ ਸਮਾਗਮਾਂ ਰਾਹੀਂ ਮਨਾਉਣ ’ਤੇ ਵੀ ਸਹਿਮਤ ਹੋਈਆਂ।
ਰਾਸ਼ਟਰਪਤੀ ਕ੍ਰਿਸਟੋਡੌਲਾਈਡਸ ਨੇ ‘ਏਆਈ ਇੰਪੈਕਟ ਸਮਿਟ 2026’ ਦੀ ਸਫ਼ਲ ਮੇਜ਼ਬਾਨੀ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦਿੱਤੀ। ਸਾਈਪ੍ਰਸ ਦੀ ਨੁਮਾਇੰਦਗੀ ਖੋਜ, ਨਵੀਨਤਾ ਅਤੇ ਡਿਜੀਟਲ ਨੀਤੀ ਦੇ ਉਪ-ਮੰਤਰੀ ਵੱਲੋਂ ਕੀਤੀ ਗਈ, ਅਤੇ ਉਨ੍ਹਾਂ ਨੇ ਸਿਖਰ ਸੰਮੇਲਨ ਦੇ ਐਲਾਨਨਾਮੇ ਦਾ ਸਮਰਥਨ ਕੀਤਾ। ਦੋਵਾਂ ਆਗੂਆਂ ਨੇ ਏਆਈ ਦੇ ਸੁਰੱਖਿਅਤ, ਭਰੋਸੇਮੰਦ ਅਤੇ ਸਰਬ-ਸਾਂਝੇ ਵਿਕਾਸ ਲਈ ਕੰਮ ਕਰਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਸਾਂਝੀਆਂ ਕਦਰਾਂ-ਕੀਮਤਾਂ ਅਤੇ ਬਹੁ-ਪੱਖੀ ਸਹਿਯੋਗ
ਦੋਵਾਂ ਆਗੂਆਂ ਨੇ ਸ਼ਾਂਤੀ, ਜਮਹੂਰੀਅਤ, ਕਾਨੂੰਨ ਦੇ ਰਾਜ, ਪ੍ਰਭਾਵਸ਼ਾਲੀ ਬਹੁ-ਪੱਖੀਵਾਦ ਅਤੇ ਟਿਕਾਊ ਵਿਕਾਸ ਪ੍ਰਤੀ ਆਪਣੀ ਸਾਂਝੀ ਵਚਨਬੱਧਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਯੂਐੱਨ ਚਾਰਟਰ ਅਤੇ ਕੌਮਾਂਤਰੀ ਕਾਨੂੰਨ ਉੱਤੇ ਆਧਾਰਿਤ ਨਿਯਮ-ਬੱਧ ਅੰਤਰਰਾਸ਼ਟਰੀ ਵਿਵਸਥਾ ਲਈ ਆਪਣੇ ਸਮਰਥਨ ਦੀ ਮੁੜ ਪੁਸ਼ਟੀ ਕੀਤੀ, ਜਿਸ ਵਿੱਚ ਨੇਵੀਗੇਸ਼ਨ ਅਤੇ ਓਵਰਫਲਾਈਟ ਦੀ ਆਜ਼ਾਦੀ, ਨਿਰਵਿਘਨ ਵਪਾਰ ਅਤੇ ਪ੍ਰਭੂਸੱਤਾ ਸੰਪੰਨ ਸਮੁੰਦਰੀ ਅਧਿਕਾਰਾਂ ਦੇ ਸਬੰਧ ਵਿੱਚ ਯੂਐੱਨਸੀਐੱਲਓਐੱਸ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।
ਦੋਵਾਂ ਆਗੂਆਂ ਨੇ ਗੰਭੀਰ ਆਲਮੀ ਚੁਣੌਤੀਆਂ ਨਾਲ ਨਜਿੱਠਣ ਅਤੇ ਸੁਧਾਰੀ ਹੋਈ ਤੇ ਪ੍ਰਭਾਵਸ਼ਾਲੀ ਬਹੁ-ਪੱਖੀ ਵਿਵਸਥਾ ਰਾਹੀਂ ਦੁਨੀਆ ਨੂੰ ਨਵੀਆਂ ਉੱਭਰਦੀਆਂ ਤਬਦੀਲੀਆਂ ਲਈ ਤਿਆਰ ਕਰਨ ਦੀ ਆਪਣੀ ਅਪੀਲ ਨੂੰ ਦੁਹਰਾਇਆ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਸੰਯੁਕਤ ਰਾਸ਼ਟਰ ਅਤੇ ਰਾਸ਼ਟਰਮੰਡਲ ਸਮੇਤ ਅੰਤਰਰਾਸ਼ਟਰੀ ਸੰਸਥਾਵਾਂ ਦੇ ਅੰਦਰ ਤਾਲਮੇਲ ਮਜ਼ਬੂਤ ਕਰਨ ਦੇ ਆਪਣੇ ਇਰਾਦੇ ਦਾ ਪ੍ਰਗਟਾਵਾ ਕੀਤਾ।
ਦੋਵਾਂ ਆਗੂਆਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐੱਨਐੱਸਸੀ) ਵਿੱਚ ਸੁਧਾਰ ਦੀ ਤੁਰੰਤ ਲੋੜ ਉੱਤੇ ਜ਼ੋਰ ਦਿੱਤਾ, ਜਿਸ ਵਿੱਚ ਇਸ ਨੂੰ ਵਧੇਰੇ ਪ੍ਰਭਾਵਸ਼ਾਲੀ, ਕੁਸ਼ਲ ਅਤੇ ਮੌਜੂਦਾ ਭੂ-ਸਿਆਸੀ ਚੁਣੌਤੀਆਂ ਦੀ ਨੁਮਾਇੰਦਗੀ ਕਰਨ ਵਾਲਾ ਬਣਾਉਣ ਦੇ ਤਰੀਕੇ ਸ਼ਾਮਲ ਹਨ। ਉਹ ਯੂਐੱਨਐੱਸਸੀ ਮਾਮਲਿਆਂ ਸਮੇਤ ਬਹੁ-ਪੱਖੀ ਮੰਚਾਂ ਉੱਤੇ ਨੇੜਿਓਂ ਤਾਲਮੇਲ ਕਰਨ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਸੁਧਾਰ ਬਾਰੇ ਅੰਤਰ-ਸਰਕਾਰੀ ਗੱਲਬਾਤ ਸਿਰੇ ਚਾੜ੍ਹਨ ਦੇ ਯਤਨਾਂ ਦਾ ਸਮਰਥਨ ਜਾਰੀ ਰੱਖਣ ਉੱਤੇ ਸਹਿਮਤ ਹੋਏ। ਸਾਈਪ੍ਰਸ ਨੇ ਸੁਧਾਰੀ ਗਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਭਾਰਤ ਦੀ ਸਥਾਈ ਮੈਂਬਰਸ਼ਿਪ ਲਈ ਆਪਣਾ ਦ੍ਰਿੜ੍ਹ ਸਮਰਥਨ ਦੁਹਰਾਇਆ। ਦੋਵੇਂ ਧਿਰਾਂ ਸੰਯੁਕਤ ਰਾਸ਼ਟਰ ਅਤੇ ਹੋਰ ਬਹੁ-ਪੱਖੀ ਮੰਚਾਂ ਉੱਤੇ ਇੱਕ-ਦੂਜੇ ਦੀਆਂ ਉਮੀਦਵਾਰੀਆਂ ਸਮੇਤ ਨੇੜਲਾ ਸਹਿਯੋਗ ਕਰਨ ਅਤੇ ਇੱਕ-ਦੂਜੇ ਦਾ ਸਾਥ ਦੇਣ ਉੱਤੇ ਵੀ ਸਹਿਮਤ ਹੋਈਆਂ।
ਪ੍ਰਭੂਸੱਤਾ ਅਤੇ ਸ਼ਾਂਤੀ ਲਈ ਸਮਰਥਨ
ਸਾਈਪ੍ਰਸ ਅਤੇ ਭਾਰਤ ਨੇ ਸਹਿਮਤ ਸੰਯੁਕਤ ਰਾਸ਼ਟਰ ਦੇ ਢਾਂਚੇ ਅਤੇ ਸਬੰਧਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮਤਿਆਂ ਮੁਤਾਬਕ ਸਿਆਸੀ ਬਰਾਬਰੀ ਦੇ ਨਾਲ ਦੋ-ਖੇਤਰੀ, ਦੋ-ਭਾਈਚਾਰਕ ਫੈਡਰੇਸ਼ਨ ਦੇ ਆਧਾਰ ਉੱਤੇ ਸਾਈਪ੍ਰਸ ਮੁੱਦੇ ਦੇ ਵਿਆਪਕ, ਨਿਆਂਪੂਰਨ ਅਤੇ ਸਥਾਈ ਹੱਲ ਕੱਢਣ ਲਈ ਗੱਲਬਾਤ ਮੁੜ ਸ਼ੁਰੂ ਕਰਨ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟਾਈ। ਉਨ੍ਹਾਂ ਨੇ ਸਾਈਪ੍ਰਸ ਵਿੱਚ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਬਲ (ਯੂਐੱਨਐੱਫਆਈਸੀਵਾਈਪੀ) ਦੀ ਅਹਿਮ ਭੂਮਿਕਾ ਅਤੇ ਇਸ ਦੇ ਫਤਵੇ ਲਈ ਆਪਣੇ ਪੂਰਨ ਸਮਰਥਨ ਉੱਤੇ ਜ਼ੋਰ ਦਿੱਤਾ। ਰਾਸ਼ਟਰਪਤੀ ਕ੍ਰਿਸਟੋਡੌਲਾਈਡਸ ਨੇ ਯੂਐੱਨਐੱਫਆਈਸੀਵਾਈਪੀ ਵਿੱਚ ਭਾਰਤ ਦੇ ਵਡਮੁੱਲੇ ਯੋਗਦਾਨ ਦੀ ਸ਼ਲਾਘਾ ਕੀਤੀ।
ਭਾਰਤ ਨੇ ਸਾਈਪ੍ਰਸ ਗਣਰਾਜ ਦੀ ਆਜ਼ਾਦੀ, ਪ੍ਰਭੂਸੱਤਾ, ਖੇਤਰੀ ਅਖੰਡਤਾ ਅਤੇ ਏਕਤਾ ਲਈ ਆਪਣਾ ਅਟੁੱਟ ਅਤੇ ਨਿਰੰਤਰ ਸਮਰਥਨ ਦੁਹਰਾਇਆ। ਦੋਵਾਂ ਧਿਰਾਂ ਨੇ ਸਬੰਧਤ ਸੰਯੁਕਤ ਰਾਸ਼ਟਰ ਦੇ ਮਤਿਆਂ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਪੂਰਨ ਸਨਮਾਨ ਦੀ ਲੋੜ ਉੱਤੇ ਜ਼ੋਰ ਦਿੱਤਾ, ਤਾਂ ਜੋ ਗੱਲਬਾਤ ਰਾਹੀਂ ਸ਼ਾਂਤੀਪੂਰਨ ਹੱਲ ਵੱਲ ਵਧ ਰਹੇ ਯਤਨਾਂ ਨੂੰ ਢਾਹ ਨਾ ਲੱਗੇ।
ਸੁਰੱਖਿਆ, ਰੱਖਿਆ ਅਤੇ ਅੱਤਵਾਦ-ਵਿਰੋਧੀ ਕਦਮ
ਦੋਵਾਂ ਆਗੂਆਂ ਨੇ ਸਰਹੱਦ ਪਾਰ ਅੱਤਵਾਦ ਸਮੇਤ ਹਰ ਰੂਪ ਵਿੱਚ ਅੱਤਵਾਦ ਦੀ ਸਪਸ਼ਟ ਰੂਪ ਵਿੱਚ ਅਤੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਸਾਈਪ੍ਰਸ ਨੇ ਸਰਹੱਦ ਪਾਰ ਅੱਤਵਾਦ ਖ਼ਿਲਾਫ਼ ਲੜਾਈ ਵਿੱਚ ਭਾਰਤ ਨਾਲ ਆਪਣੀ ਇੱਕਜੁੱਟਤਾ ਅਤੇ ਅਟੁੱਟ ਸਮਰਥਨ ਦਾ ਪ੍ਰਗਟਾਵਾ ਕੀਤਾ।
ਦੋਵਾਂ ਆਗੂਆਂ ਨੇ 22 ਅਪ੍ਰੈਲ, 2025 ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਦਹਿਸ਼ਤੀ ਹਮਲੇ ਅਤੇ 10 ਨਵੰਬਰ, 2025 ਨੂੰ ਨਵੀਂ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਈ ਅੱਤਵਾਦੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਹਮਲਿਆਂ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਦੋਵਾਂ ਆਗੂਆਂ ਨੇ ਅੰਤਰਰਾਸ਼ਟਰੀ ਕਾਨੂੰਨ ਮੁਤਾਬਕ ਵਿਆਪਕ ਅਤੇ ਨਿਰੰਤਰ ਢੰਗ ਨਾਲ ਅੱਤਵਾਦ ਦਾ ਮੁਕਾਬਲਾ ਕਰਨ ਲਈ ਫੈਸਲਾਕੁੰਨ ਅਤੇ ਸਾਂਝੇ ਅੰਤਰਰਾਸ਼ਟਰੀ ਯਤਨਾਂ ਦਾ ਸੱਦਾ ਦਿੱਤਾ।
ਸਰਹੱਦ ਪਾਰ ਅੱਤਵਾਦ ਦਾ ਮੁਕਾਬਲਾ ਕਰਨ ਲਈ ਵਿਆਪਕ, ਤਾਲਮੇਲ ਵਾਲੀ ਅਤੇ ਨਿਰੰਤਰ ਪਹੁੰਚ ਦੀ ਲੋੜ ਉੱਤੇ ਜ਼ੋਰ ਦਿੰਦਿਆਂ, ਉਨ੍ਹਾਂ ਨੇ ਦੁਵੱਲੇ ਅਤੇ ਬਹੁ-ਪੱਖੀ ਪ੍ਰਣਾਲੀ ਦੇ ਅੰਦਰ ਮਿਲ ਕੇ ਕੰਮ ਕਰਨ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ।
ਇਸ ਸੰਦਰਭ ਵਿੱਚ ਆਗੂਆਂ ਨੇ ਅੱਤਵਾਦ ਨਾਲ ਨਜਿੱਠਣ ਲਈ ਬਹੁ-ਪੱਖੀ ਯਤਨਾਂ ਨੂੰ ਮਜ਼ਬੂਤ ਕਰਨ ਅਤੇ ਯੂਐੱਨ ਦੇ ਢਾਂਚੇ ਦੇ ਅੰਦਰ ਅੰਤਰਰਾਸ਼ਟਰੀ ਅੱਤਵਾਦ ਬਾਰੇ ਵਿਆਪਕ ਕਨਵੈਨਸ਼ਨ ਨੂੰ ਜਲਦੀ ਅੰਤਿਮ ਰੂਪ ਦੇਣ ਅਤੇ ਅਪਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਯੂਐੱਨ ਅਤੇ ਈਯੂ ਵੱਲੋਂ ਨਾਮਜ਼ਦ ਸਾਰੇ ਅੱਤਵਾਦੀਆਂ ਅਤੇ ਅੱਤਵਾਦੀ ਸੰਗਠਨਾਂ, ਜਿਨ੍ਹਾਂ ਵਿੱਚ 1267 ਯੂਐੱਨਐੱਸਸੀ ਪਾਬੰਦੀ ਕਮੇਟੀ ਅਧੀਨ ਆਉਂਦੇ ਵਿਅਕਤੀ, ਉਨ੍ਹਾਂ ਨਾਲ ਜੁੜੇ ਪ੍ਰੌਕਸੀ ਗਰੁੱਪ, ਮਦਦਗਾਰ, ਸਪਾਂਸਰ, ਫੰਡ ਦੇਣ ਵਾਲੇ ਅਤੇ ਹਮਾਇਤੀ ਸ਼ਾਮਲ ਹਨ, ਦੇ ਖ਼ਿਲਾਫ਼ ਸਖ਼ਤ ਅਤੇ ਸਾਂਝੀ ਕਾਰਵਾਈ ਦੀ ਅਪੀਲ ਕੀਤੀ।
ਉਨ੍ਹਾਂ ਨੇ ਹਿੰਸਕ ਕੱਟੜਵਾਦ ਅਤੇ ਕੱਟੜਪੰਥ, ਅੱਤਵਾਦ ਦੀ ਫੰਡਿੰਗ ਅਤੇ ਮਨੀ ਲਾਂਡਰਿੰਗ ਦਾ ਮੁਕਾਬਲਾ ਕਰਨ ਦੇ ਨਾਲ-ਨਾਲ ਅੱਤਵਾਦੀ ਉਦੇਸ਼ਾਂ ਲਈ ਨਵੀਆਂ ਅਤੇ ਉੱਭਰਦੀਆਂ ਤਕਨੀਕਾਂ ਦੀ ਦੁਰਵਰਤੋਂ ਰੋਕਣ ਅਤੇ ਅੱਤਵਾਦੀ ਭਰਤੀ ਨਾਲ ਨਜਿੱਠਣ ਲਈ ਸਹਿਯੋਗ ਦੀ ਲੋੜ ਉੱਤੇ ਜ਼ੋਰ ਦਿੱਤਾ। ਦੋਵਾਂ ਧਿਰਾਂ ਨੇ ਸੰਯੁਕਤ ਰਾਸ਼ਟਰ ਅਤੇ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਵਿੱਚ ਅੱਤਵਾਦੀਆਂ ਦੇ ਸੁਰੱਖਿਅਤ ਟਿਕਾਣੇ ਅਤੇ ਬੁਨਿਆਦੀ ਢਾਂਚੇ ਖ਼ਤਮ ਕਰਨ ਦੇ ਨਾਲ-ਨਾਲ ਅੱਤਵਾਦੀ ਨੈੱਟਵਰਕ ਤੋੜਨ ਅਤੇ ਅੱਤਵਾਦ ਦੀ ਫੰਡਿੰਗ ਨਾਲ ਨਜਿੱਠਣ ਦਾ ਸੱਦਾ ਵੀ ਦਿੱਤਾ।
ਉਨ੍ਹਾਂ ਨੇ ਦੋਹਰੇ ਮਾਪਦੰਡਾਂ, ਸਰਕਾਰੀ ਸਰਪ੍ਰਸਤੀ ਵਾਲੇ ਅੱਤਵਾਦ ਅਤੇ ਕਿਸੇ ਵੀ ਹਾਲਾਤ ਵਿੱਚ ਅਜਿਹੀਆਂ ਕਾਰਵਾਈਆਂ ਦੇ ਜਾਇਜ਼ ਠਹਿਰਾਏ ਜਾਣ ਨੂੰ ਰੱਦ ਕਰਦਿਆਂ, ਅੱਤਵਾਦ ਪ੍ਰਤੀ ਆਪਣੀ ਜ਼ੀਰੋ-ਟੌਲਰੈਂਸ ਦੀ ਪਹੁੰਚ ਦੁਹਰਾਈ। ਆਗੂਆਂ ਨੇ ਅੱਤਵਾਦ-ਵਿਰੋਧੀ ਸਾਂਝੇ ਕਾਰਜ ਗਰੁੱਪ (ਜੇਡਬਲਿਊਜੀ) ਦੀ ਸਥਾਪਨਾ ਬਾਰੇ ਐੱਮਓਯੂ ਉੱਤੇ ਦਸਤਖ਼ਤ ਕੀਤੇ ਜਾਣ ਦਾ ਸਵਾਗਤ ਕੀਤਾ, ਜੋ ਜਾਣਕਾਰੀ ਅਤੇ ਗਿਆਨ ਸਾਂਝਾ ਕਰਨ ਅਤੇ ਸਮਰੱਥਾ ਨਿਰਮਾਣ ਰਾਹੀਂ ਅੱਤਵਾਦ ਦਾ ਮੁਕਾਬਲਾ ਕਰਨ ਵਿੱਚ ਦੁਵੱਲਾ ਸਹਿਯੋਗ ਵਧਾਉਣ ਲਈ ਢਾਂਚਾ ਪ੍ਰਦਾਨ ਕਰੇਗਾ। ਉਨ੍ਹਾਂ ਨੇ ਜਲਦੀ ਤੋਂ ਜਲਦੀ ਇਸ ਜੇਡਬਲਿਊਜੀ ਦੀ ਪਹਿਲੀ ਮੀਟਿੰਗ ਕਰਨ ’ਤੇ ਸਹਿਮਤੀ ਪ੍ਰਗਟਾਈ।
ਦੋਵਾਂ ਆਗੂਆਂ ਨੇ ਖ਼ਾਸ ਤੌਰ ’ਤੇ ਸਾਈਬਰ ਸਪੇਸ ਵਿੱਚ ਨਵੇਂ ਅਤੇ ਉੱਭਰ ਰਹੇ ਖ਼ਤਰਿਆਂ ਨਾਲ ਨਜਿੱਠਣ ਲਈ ਦੋਵਾਂ ਦੇਸ਼ਾਂ ਦੀਆਂ ਸਬੰਧਤ ਏਜੰਸੀਆਂ ਵਿਚਾਲੇ ਚੱਲ ਰਹੇ ਨੇੜਲੇ ਸਹਿਯੋਗ ਨੂੰ ਨੋਟ ਕੀਤਾ। ਇਸ ਸੰਦਰਭ ਵਿੱਚ, ਆਗੂਆਂ ਨੇ ਦੋਵਾਂ ਦੇਸ਼ਾਂ ਵਿਚਕਾਰ ‘ਸਾਈਬਰ ਸੁਰੱਖਿਆ ਸੰਵਾਦ’ ਦੀ ਸਥਾਪਨਾ ਦਾ ਸਵਾਗਤ ਕੀਤਾ।
ਉਹ ਸਾਈਬਰ ਸੁਰੱਖਿਆ ਅਤੇ ਉੱਭਰਦੀਆਂ ਤਕਨੀਕਾਂ ’ਤੇ ਵਿਸ਼ੇਸ਼ ਧਿਆਨ ਦਿੰਦਿਆਂ, ਆਪੋ-ਆਪਣੇ ਰੱਖਿਆ ਉਦਯੋਗਾਂ ਵਿਚਾਲੇ ਸਹਿਯੋਗ ਰਾਹੀਂ ਰੱਖਿਆ ਅਤੇ ਸੁਰੱਖਿਆ ਸਹਿਯੋਗ ਨੂੰ ਡੂੰਘਾ ਕਰਨ ਲਈ ਸਹਿਮਤ ਹੋਏ। ਇਸ ਸੰਦਰਭ ਵਿੱਚ, ਆਗੂਆਂ ਨੇ ਸਾਈਪ੍ਰਸ ਡਿਫੈਂਸ ਐਂਡ ਸਪੇਸ ਇੰਡਸਟਰੀਜ਼ ਕਲੱਸਟਰ ਅਤੇ ਸੁਸਾਇਟੀ ਆਫ ਇੰਡੀਅਨ ਡਿਫੈਂਸ ਮੈਨੂਫੈਕਚਰਰਜ਼ ਵਿਚਾਲੇ ਐੱਮਓਯੂ ’ਤੇ ਦਸਤਖ਼ਤ ਕੀਤੇ ਜਾਣ ਦਾ ਸਵਾਗਤ ਕੀਤਾ।
ਫਰਵਰੀ, 2026 ਵਿੱਚ ਦਸਤਖ਼ਤ ਕੀਤੇ ਗਏ ‘ਭਾਰਤ-ਸਾਈਪ੍ਰਸ ਦੁਵੱਲੇ ਰੱਖਿਆ ਸਹਿਯੋਗ ਪ੍ਰੋਗਰਾਮ’ ਦਾ ਸਵਾਗਤ ਕਰਦਿਆਂ ਦੋਵਾਂ ਆਗੂਆਂ ਨੇ ਰੱਖਿਆ ਖੇਤਰ ਵਿੱਚ ਅਹਿਮ ਸਹਿਯੋਗ ਦੀਆਂ ਸੰਭਾਵਨਾਵਾਂ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਖੋਜ ਅਤੇ ਬਚਾਅ (ਐੱਸਏਆਰ) ਮਾਮਲਿਆਂ ਉੱਤੇ ਅਧਿਕਾਰਤ ਤਾਲਮੇਲ ਅਤੇ ਸਹਿਯੋਗ ਦੀ ਸਥਾਪਨਾ ਲਈ ਤਕਨੀਕੀ ਪ੍ਰਬੰਧ ਉੱਤੇ ਦਸਤਖ਼ਤ ਕੀਤੇ ਜਾਣ ਦਾ ਵੀ ਸਵਾਗਤ ਕੀਤਾ। ਇਹ 27 ਜਨਵਰੀ 2026 ਨੂੰ ਹਸਤਾਖਰ ਕੀਤੀ ਗਈ ਭਾਰਤ-ਈਯੂ ਰੱਖਿਆ ਅਤੇ ਸੁਰੱਖਿਆ ਭਾਈਵਾਲੀ ਦੀ ਗਤੀ ਨੂੰ ਅੱਗੇ ਵਧਾਉਂਦਿਆਂ ਰੱਖਿਆ ਸਨਅਤੀ ਸਹਿਯੋਗ ਅਤੇ ਤਕਨੀਕੀ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਲਈ ਸੰਸਥਾਗਤ ਢਾਂਚਾ ਪ੍ਰਦਾਨ ਕਰਨਗੇ, ਅਤੇ ਨਾਲ ਹੀ ਅਦਾਨ-ਪ੍ਰਦਾਨ, ਸਿਖਲਾਈ ਅਤੇ ਸਮਰੱਥਾ ਨਿਰਮਾਣ ਨੂੰ ਸੁਖਾਲਾ ਬਣਾਉਣਗੇ। ਆਗੂਆਂ ਨੇ 2026-2031 ਦੀ ਮਿਆਦ ਲਈ ਦੋਵਾਂ ਦੇਸ਼ਾਂ ਦੇ ਰੱਖਿਆ ਮੰਤਰਾਲਿਆਂ ਵਿਚਾਲੇ ‘ਦੁਵੱਲੇ ਰੱਖਿਆ ਸਹਿਯੋਗ ਲਈ ਰੂਪ-ਰੇਖਾ’ ਨੂੰ ਅੰਤਿਮ ਰੂਪ ਦਿੱਤੇ ਜਾਣ ਦਾ ਸਵਾਗਤ ਕੀਤਾ।
ਭਾਰਤ ਅਤੇ ਸਾਈਪ੍ਰਸ ਡੂੰਘੀਆਂ ਜਲ ਸੈਨਾ ਪਰੰਪਰਾਵਾਂ ਵਾਲੇ ਸਮੁੰਦਰੀ ਦੇਸ਼ ਹੋਣ ਦੇ ਨਾਤੇ, ਦੋਵਾਂ ਆਗੂਆਂ ਨੇ ਸਮੁੰਦਰੀ ਖੇਤਰ ਵਿੱਚ ਸਹਿਯੋਗ ਵਧਾਉਣ ਨੂੰ ਉਤਸ਼ਾਹਿਤ ਕੀਤਾ, ਜਿਸ ਵਿੱਚ ਭਾਰਤੀ ਜਲ ਸੈਨਾ ਦੇ ਜਹਾਜ਼ਾਂ ਦਾ ਨਿਯਮਤ ਪੋਰਟ ਕਾਲ ਅਤੇ ਸਮੁੰਦਰੀ ਖੇਤਰ ਦੀ ਜਾਗਰੂਕਤਾ ਤੇ ਖੇਤਰੀ ਸੁਰੱਖਿਆ ਵਧਾਉਣ ਲਈ ਸਾਂਝੀ ਸਮੁੰਦਰੀ ਸਿਖਲਾਈ ਅਤੇ ਅਭਿਆਸਾਂ ਦੇ ਮੌਕੇ ਤਲਾਸ਼ਣਾ ਸ਼ਾਮਲ ਹੈ।
ਵਪਾਰ, ਨਿਵੇਸ਼ ਅਤੇ ਨਵੀਨਤਾ
ਦੋਵਾਂ ਆਗੂਆਂ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਦੁਵੱਲੇ ਵਪਾਰ, ਨਿਵੇਸ਼ ਅਤੇ ਤਕਨੀਕੀ ਭਾਈਵਾਲੀ ਦਾ ਹੋਰ ਵਿਸਤਾਰ ਕਰਨ ਦੀਆਂ ਅਥਾਹ ਸੰਭਾਵਨਾਵਾਂ ਮੌਜੂਦ ਹਨ। ਉਹ ਭਰੋਸੇਮੰਦ, ਠੋਸ ਅਤੇ ਮਜ਼ਬੂਤ ਸਪਲਾਈ ਚੇਨਾਂ ਬਣਾਉਣ ਦੇ ਨਾਲ-ਨਾਲ ਆਪਣੀ ਆਰਥਿਕ ਸੁਰੱਖਿਆ ਦੀ ਰਾਖੀ ਕਰਨ ’ਤੇ ਸਹਿਯੋਗ ਵਧਾਉਣ ਲਈ ਸਹਿਮਤ ਹੋਏ।
ਆਗੂਆਂ ਨੇ ਸਾਈਪ੍ਰਸ ਤੋਂ ਭਾਰਤ ਵਿੱਚ ਨਿਵੇਸ਼ ਦੇ ਲਗਾਤਾਰ ਵਾਧੇ ਦਾ ਸਵਾਗਤ ਕੀਤਾ, ਜਿਸ ਨਾਲ ਸਾਈਪ੍ਰਸ ਭਾਰਤ ਵਿੱਚ ਨਿਵੇਸ਼ ਦਾ ਅਹਿਮ ਸਰੋਤ ਬਣ ਗਿਆ ਹੈ। ਉਨ੍ਹਾਂ ਨੇ ਸਟਾਰਟਅੱਪਸ, ਡਿਜੀਟਲੀਕਰਨ, ਏਆਈ ਅਤੇ ਨਵੀਨਤਾ-ਸੰਚਾਲਿਤ ਉੱਦਮਾਂ ਰਾਹੀਂ ਲੁਕੀ ਹੋਈ ਆਰਥਿਕ ਸੰਭਾਵਨਾ ਪੂਰੀ ਤਰ੍ਹਾਂ ਸਾਕਾਰ ਕਰਨ ਪ੍ਰਤੀ ਆਪਣੀ ਵਚਨਬੱਧਤਾ ਦੀ ਮੁੜ ਪੁਸ਼ਟੀ ਕੀਤੀ। ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਵਪਾਰਕ ਭਾਈਚਾਰੇ ਨੂੰ ਵਿੱਤੀ ਸੇਵਾਵਾਂ, ਸਮੁੰਦਰੀ, ਕਨੈਕਟੀਵਿਟੀ, ਲੌਜਿਸਟਿਕਸ, ਸਵੱਛ ਅਤੇ ਹਰੀ ਊਰਜਾ, ਵੇਸਟ ਮੈਨੇਜਮੈਂਟ (ਕੂੜਾ ਪ੍ਰਬੰਧਨ), ਪੁਲਾੜ, ਵਿਗਿਆਨ ਅਤੇ ਟੈਕਨਾਲੋਜੀ ਅਤੇ ਖੋਜ ਤੇ ਨਵੀਨਤਾ ਸਮੇਤ ਪਹਿਲ ਵਾਲੇ ਖੇਤਰਾਂ ਵਿੱਚ ਵਪਾਰ ਅਤੇ ਨਿਵੇਸ਼ ਦੇ ਮੌਕਿਆਂ ਨੂੰ ਸਰਗਰਮੀ ਨਾਲ ਤਲਾਸ਼ਣ ਲਈ ਉਤਸ਼ਾਹਿਤ ਕੀਤਾ। ਆਗੂਆਂ ਨੇ ਇਸ ਸਾਲ ਦੇ ਸ਼ੁਰੂ ਵਿੱਚ ਹੋਏ ਇਤਿਹਾਸਕ ਭਾਰਤ-ਈਯੂ ਮੁਕਤ ਵਪਾਰ ਸਮਝੌਤੇ (ਐੱਫਟੀਏ) ਦੇ ਲਾਗੂ ਹੋਣ ਨਾਲ ਪੈਦਾ ਹੋਣ ਵਾਲੇ ਮੌਕਿਆਂ ਨੂੰ ਵੀ ਉਜਾਗਰ ਕੀਤਾ।
ਫਿਨਟੈੱਕ ਕਨੈਕਟੀਵਿਟੀ ਰਾਹੀਂ, ਨਾ ਸਿਰਫ਼ ਸਰਹੱਦ ਪਾਰ ਲੈਣ-ਦੇਣ ਬਲਕਿ ਸਰਹੱਦ ਪਾਰ ਸੰਪਰਕ ਵੀ ਮਜ਼ਬੂਤ ਹੋਣਗੇ। ਆਗੂਆਂ ਨੇ ਵਿੱਤੀ ਖੇਤਰ ਵਿੱਚ ਆਰਥਿਕ ਸਾਂਝ ਦੇ ਡੂੰਘੇ ਹੋਣ ਨੂੰ ਨੋਟ ਕੀਤਾ, ਜਿਸ ਵਿੱਚ 2025 ਵਿੱਚ ਐੱਨਆਈਪੀਐੱਲ ਅਤੇ ਯੂਰੋਬੈਂਕ ਸਾਈਪ੍ਰਸ ਵਿਚਾਲੇ ਦਸਤਖ਼ਤ ਕੀਤਾ ਗਿਆ ਐੱਮਓਯੂ ਸ਼ਾਮਲ ਹੈ। ਉਨ੍ਹਾਂ ਨੇ ਭਾਰਤ ਦੇ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂਪੀਆਈ) ਦੀ ਯੂਰੋਪੀਅਨ ਸੈਂਟਰਲ ਬੈਂਕ (ਈਸੀਬੀ) ਦੇ ਟਾਰਗੇਟ ਇੰਸਟੈਂਟ ਪੇਮੈਂਟ ਸੈਟਲਮੈਂਟ ਸਿਸਟਮ (ਟਿਪਸ ਸਿਸਟਮ) ਨਾਲ ਅੰਤਰ-ਕਾਰਜਸ਼ੀਲਤਾ ਲਈ ਢਾਂਚੇ ਦੀ ਸਥਾਪਨਾ ਦਾ ਵੀ ਸਵਾਗਤ ਕੀਤਾ, ਜੋ ਦੋਵਾਂ ਦੇਸ਼ਾਂ ਦੇ ਸੈਲਾਨੀਆਂ ਅਤੇ ਕਾਰੋਬਾਰਾਂ ਨੂੰ ਲਾਭ ਪਹੁੰਚਾਉਂਦਿਆਂ ਸਰਹੱਦ ਪਾਰ ਨਿਰਵਿਘਨ ਲੈਣ-ਦੇਣ ਦੀ ਸਹੂਲਤ ਦੇਵੇਗਾ।
ਦੋਵਾਂ ਆਗੂਆਂ ਨੇ ਤਿਕੋਣੇ ਅਤੇ ਦੁਵੱਲੇ ਆਰਥਿਕ ਸਹਿਯੋਗ ਵਿੱਚ ਵਧ ਰਹੀ ਗਤੀ ਦਾ ਵੀ ਸਵਾਗਤ ਕੀਤਾ। ਇਸ ਸੰਦਰਭ ਵਿੱਚ ਉਨ੍ਹਾਂ ਨੇ ਵਪਾਰ-ਤੋਂ-ਵਪਾਰ (ਬੀ2ਬੀ) ਸੰਪਰਕ ਮਜ਼ਬੂਤ ਕਰਨ, ਨਿਵੇਸ਼ ਦੇ ਪ੍ਰਵਾਹ ਉਤਸ਼ਾਹਿਤ ਕਰਨ ਅਤੇ ਤਿੰਨਾਂ ਦੇਸ਼ਾਂ ਵਿਚਾਲੇ ਸਹਿਯੋਗ ਨੂੰ ਹੁਲਾਰਾ ਦੇਣ ਲਈ ਅਹਿਮ ਮੰਚ ਵਜੋਂ ‘ਭਾਰਤ-ਗ੍ਰੀਸ-ਸਾਈਪ੍ਰਸ (ਆਈਜੀਸੀ) ਬਿਜ਼ਨਸ ਐਂਡ ਇਨਵੈਸਟਮੈਂਟ ਕੌਂਸਲ’ ਦੀ ਸਥਾਪਨਾ ਦੀ ਸ਼ਲਾਘਾ ਕੀਤੀ।
ਜੂਨ, 2025 ਵਿੱਚ ਲਿਮਾਸੋਲ ਵਿੱਚ ਹੋਈ ਇੰਡੀਆ-ਸਾਈਪ੍ਰਸ ਨਿਵੇਸ਼ਕ ਗੋਲਮੇਜ਼ ਕਾਨਫਰੰਸ ਤੋਂ ਪੈਦਾ ਹੋਈ ਗਤੀ ਨੂੰ ਅੱਗੇ ਵਧਾਉਂਦਿਆਂ ਇਸ ਦੌਰੇ ਦੌਰਾਨ ਮੁੰਬਈ ਵਿੱਚ ‘ਇੰਡੀਆ-ਸਾਈਪ੍ਰਸ ਬਿਜ਼ਨਸ ਫੋਰਮ’ ਕਰਵਾਈ ਗਈ ਸੀ, ਜਿਸ ਦਾ ਉਦੇਸ਼ ਦੁਵੱਲੀ ਆਰਥਿਕ ਅਤੇ ਵਪਾਰਕ ਭਾਈਵਾਲੀ ਹੋਰ ਮਜ਼ਬੂਤ ਕਰਨੀ ਅਤੇ ਸਹਿਯੋਗ ਦੇ ਨਵੇਂ ਰਾਹ ਖੋਲ੍ਹਣਾ ਸੀ। ਆਗੂਆਂ ਨੇ ਮੁੰਬਈ ਵਿੱਚ ਬਿਜ਼ਨਸ ਫੋਰਮ ਦੇ ਨਾਲ-ਨਾਲ ਬੀ2ਬੀ ਐੱਮਓਯੂਜ਼ ’ਤੇ ਦਸਤਖ਼ਤ ਕੀਤੇ ਜਾਣ ਦਾ ਸਵਾਗਤ ਕੀਤਾ।
ਆਗੂਆਂ ਨੇ ਦੋਵਾਂ ਦੇਸ਼ਾਂ ਦੇ ਸਟਾਰਟਅੱਪਸ, ਯੂਨੀਕੌਰਨਸ, ਇਨੋਵੇਸ਼ਨ ਈਕੋਸਿਸਟਮ ਅਤੇ ਵੈਂਚਰ ਕੈਪੀਟਲ ਨੈੱਟਵਰਕਾਂ ਵਿਚਾਲੇ ਲਗਾਤਾਰ ਸਹਿਯੋਗ ਦਾ ਸਵਾਗਤ ਕੀਤਾ। ਇਸ ਸੰਦਰਭ ਵਿੱਚ ਉਨ੍ਹਾਂ ਨੇ ਨਵੀਨਤਾ ਅਤੇ ਟੈਕਨਾਲੋਜੀ ’ਤੇ ਐੱਮਓਯੂ ਉੱਤੇ ਦਸਤਖ਼ਤ ਕੀਤੇ ਜਾਣ ਦਾ ਸਵਾਗਤ ਕੀਤਾ ਜੋ ਦੋਵਾਂ ਦੇਸ਼ਾਂ ਦੇ ਸਟਾਰਟਅੱਪਸ, ਇਨਕਿਊਬੇਟਰਾਂ, ਐਕਸਲੇਟਰਾਂ ਅਤੇ ਇਨੋਵੇਸ਼ਨ ਏਜੰਸੀਆਂ ਵਿਚਾਲੇ ਅਦਾਨ-ਪ੍ਰਦਾਨ ਲਈ ਢਾਂਚਾ ਪ੍ਰਦਾਨ ਕਰੇਗਾ।
ਆਗੂਆਂ ਨੇ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਅਤੇ ਸੰਪਰਕ ਮਜ਼ਬੂਤ ਕਰਨ ਅਤੇ ਭਰੋਸੇਮੰਦ ਸਮੁੰਦਰੀ ਭਾਈਵਾਲੀ ਰਾਹੀਂ ਇੰਡੋ-ਪੈਸੀਫਿਕ ਨੂੰ ਯੂਰਪ ਨਾਲ ਜੋੜਨ ਲਈ ਸਮੁੰਦਰੀ ਅਤੇ ਸ਼ਿਪਿੰਗ ਸਹਿਯੋਗ ਦੀ ਮਹੱਤਤਾ ਨੂੰ ਨੋਟ ਕੀਤਾ। ਯੂਰਪ ਦੇ ਗੇਟਵੇਅ ਵਜੋਂ ਸਾਈਪ੍ਰਸ ਦੀ ਭੂਮਿਕਾ ਅਤੇ ਟ੍ਰਾਂਸਸ਼ਿਪਮੈਂਟ, ਸਟੋਰੇਜ, ਵੰਡ ਅਤੇ ਲੌਜਿਸਟਿਕਸ ਲਈ ਖੇਤਰੀ ਹੱਬ ਵਜੋਂ ਕੰਮ ਕਰਨ ਦੀ ਸਮਰੱਥਾ ਪਛਾਣਦਿਆਂ, ਉਨ੍ਹਾਂ ਨੇ ਆਪਸੀ ਲਾਭ ਲਈ ਸਾਈਪ੍ਰਸ-ਆਧਾਰਤ ਅਤੇ ਭਾਰਤੀ ਸਮੁੰਦਰੀ ਸੇਵਾ ਦੇਣ ਵਾਲਿਆਂ ਨੂੰ ਸ਼ਾਮਲ ਕਰ ਕੇ ਸਾਂਝੇ ਉੱਦਮਾਂ ਰਾਹੀਂ ਸਮੁੰਦਰੀ ਸਹਿਯੋਗ ਮਜ਼ਬੂਤ ਕਰਨ ਲਈ ਉਤਸ਼ਾਹਿਤ ਕੀਤਾ। ਇਸ ਸੰਦਰਭ ਵਿੱਚ ਦੋਵੇਂ ਆਗੂ ਮਰਚੈਂਟ ਸ਼ਿਪਿੰਗ ਬਾਰੇ ਮੌਜੂਦਾ ਦੁਵੱਲੇ ਸਮਝੌਤੇ ਤਹਿਤ ਸਮੁੰਦਰੀ ਸਹਿਯੋਗ ਦੀ ਸਕਾਰਾਤਮਕ ਗਤੀ ਅੱਗੇ ਵਧਾਉਣ ਲਈ ਸਹਿਮਤ ਹੋਏ।
ਸਾਈਪ੍ਰਸ ਦੇ ਵਿਸ਼ਵ ਪੱਧਰ ਉੱਤੇ ਮਾਨਤਾ ਪ੍ਰਾਪਤ ਸਮੁੰਦਰੀ ਸੇਵਾਵਾਂ ਦੇ ਈਕੋਸਿਸਟਮ ਅਤੇ ਭਾਰਤ ਦੀਆਂ ਤੇਜ਼ੀ ਨਾਲ ਫੈਲ ਰਹੀਆਂ ਸਮੁੰਦਰੀ ਅਤੇ ਬੰਦਰਗਾਹ ਬੁਨਿਆਦੀ ਸਮਰੱਥਾਵਾਂ ਦੇ ਇੱਕ-ਦੂਜੇ ਦੇ ਪੂਰਕ ਹੋਣ ਨੂੰ ਧਿਆਨ ਵਿੱਚ ਰੱਖਦਿਆਂ, ਦੋਵੇਂ ਆਗੂ ਦੁਵੱਲੀ ਭਾਈਵਾਲੀ ਦੇ ਰਣਨੀਤਕ ਥੰਮ੍ਹ ਵਜੋਂ ਸਮੁੰਦਰੀ ਖੇਤਰ ਵਿੱਚ ਸਹਿਯੋਗ ਮਜ਼ਬੂਤ ਕਰਨ ਉੱਤੇ ਸਹਿਮਤ ਹੋਏ।
ਇਸ ਸੰਦਰਭ ਵਿੱਚ, ਉਨ੍ਹਾਂ ਨੇ ਭਾਰਤੀ ਸ਼ਿਪਿੰਗ ਹਿੱਤਾਂ ਲਈ ਯੂਰਪੀਅਨ ਸਮੁੰਦਰੀ ਗੇਟਵੇਅ ਅਤੇ ਸੰਚਾਲਨ ਆਧਾਰ ਵਜੋਂ ਸੇਵਾ ਕਰਨ ਦੀ ਸਾਈਪ੍ਰਸ ਦੀ ਸਮਰੱਥਾ ਸਵੀਕਾਰ ਕੀਤੀ ਅਤੇ ਭਾਰਤੀ ਸਮੁੰਦਰੀ ਹਿੱਸੇਦਾਰਾਂ ਅਤੇ ਸਾਈਪ੍ਰਸ ਦੇ ਸ਼ਿਪਿੰਗ ਅਤੇ ਜਹਾਜ਼ ਪ੍ਰਬੰਧਨ ਭਾਈਚਾਰੇ ਵਿਚਾਲੇ ਨਜ਼ਦੀਕੀ ਸਬੰਧਾਂ ਦਾ ਸਵਾਗਤ ਕੀਤਾ। ਦੋਵੇਂ ਧਿਰਾਂ ਨੇੜਲੇ ਭਵਿੱਖ ਵਿੱਚ ਵਿਹਾਰਕ ਅਤੇ ਆਪਸੀ ਲਾਹੇਵੰਦ ਨਤੀਜੇ ਪੈਦਾ ਕਰਨ ਦੇ ਉਦੇਸ਼ ਨਾਲ ਸਮੁੰਦਰੀ ਸੇਵਾਵਾਂ, ਪੋਰਟ ਕਨੈਕਟੀਵਿਟੀ, ਲੌਜਿਸਟਿਕਸ, ਸਮੁੰਦਰੀ ਸਿਖਲਾਈ ਅਤੇ ਹੁਨਰ ਵਿਕਾਸ ਦੇ ਨਾਲ-ਨਾਲ ਗ੍ਰੀਨ ਸ਼ਿਪਿੰਗ ਅਤੇ ਰੈਗੂਲੇਟਰੀ ਪਾਲਣਾ ਵਿੱਚ ਸਹਿਯੋਗ ਉਤਸ਼ਾਹਿਤ ਕਰਨ ’ਤੇ ਸਹਿਮਤੀ ਹੋਈਆਂ।
ਆਗੂਆਂ ਨੇ ਨੋਟ ਕੀਤਾ ਕਿ ਆਫ਼ਤਾਂ ਦਾ ਟਾਕਰਾ ਕਰਨ ਵਾਲੇ ਬੁਨਿਆਦੀ ਢਾਂਚੇ ਵਿੱਚ ਸਹਿਯੋਗ ਦੋਵਾਂ ਦੇਸ਼ਾਂ ਲਈ ਵਧਦੀ ਮਹੱਤਤਾ ਵਾਲਾ ਖੇਤਰ ਹੈ, ਖ਼ਾਸ ਕਰ ਕੇ ਜਲਵਾਯੂ ਨਾਲ ਸਬੰਧਤ ਵੱਧ ਰਹੀਆਂ ਚੁਣੌਤੀਆਂ ਦੇ ਸੰਦਰਭ ਵਿੱਚ। ਇਸ ਸੰਦਰਭ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ‘ਕੋਲੀਸ਼ਨ ਫਾਰ ਡਿਜਾਸਟਰ ਰੈਜ਼ੀਲੀਐਂਟ ਇਨਫਰਾਸਟ੍ਰਕਚਰ’ (ਸੀਡੀਆਰਆਈ) ਵਿੱਚ ਸ਼ਾਮਲ ਹੋਣ ਲਈ ਸਾਈਪ੍ਰਸ ਦੀ ਇੱਛਾ ਦਾ ਸਵਾਗਤ ਕੀਤਾ ਅਤੇ ਦੋਵਾਂ ਆਗੂਆਂ ਨੇ ਤਕਨੀਕੀ ਸਹਿਯੋਗ, ਸਮਰੱਥਾ ਨਿਰਮਾਣ ਅਤੇ ਗਿਆਨ ਸਾਂਝਾ ਕਰਨ ਅਤੇ ਨਾਲ ਹੀ ਆਫ਼ਤਾਂ ਦਾ ਟਾਕਰਾ ਕਰਨ ਵਾਲੀਆਂ ਬੁਨਿਆਦੀ ਢਾਂਚਾ ਪ੍ਰਣਾਲੀਆਂ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਸੀਡੀਆਰਆਈ ਦੀ ਆਲਮੀ ਮੰਚ ਵਜੋਂ ਭੂਮਿਕਾ ਉੱਤੇ ਜ਼ੋਰ ਦਿੱਤਾ।
ਵਿਗਿਆਨ ਅਤੇ ਟੈਕਨਾਲੋਜੀ
ਨਵੀਆਂ ਅਤੇ ਉੱਭਰਦੀਆਂ ਤਕਨੀਕਾਂ ਦੀ ਪਰਿਵਰਤਨਸ਼ੀਲ ਸਮਰੱਥਾ ਨੂੰ ਸਵੀਕਾਰ ਕਰਦਿਆਂ ਆਗੂਆਂ ਨੇ ਨੋਟ ਕੀਤਾ ਕਿ ਨਵੀਨਤਾ ਅਤੇ ਤਕਨਾਲੋਜੀ ਬਾਰੇ ਐੱਮਓਯੂ, ਖੋਜ ਕੇਂਦਰਾਂ, ਸਟਾਰਟਅੱਪਸ ਅਤੇ ਅਕਾਦਮਿਕ ਸੰਸਥਾਵਾਂ ਵਿਚਾਲੇ ਸਹਿਯੋਗ ਨੂੰ ਉਤਸ਼ਾਹਿਤ ਕਰੇਗਾ ਅਤੇ ਨਾਲ ਹੀ ਨੈਤਿਕ ਅਤੇ ਜ਼ਿੰਮੇਵਾਰ ਏਆਈ ਸਮੇਤ ਉੱਭਰਦੀਆਂ ਅਤੇ ਟਿਕਾਊ ਤਕਨੀਕਾਂ ਵਿੱਚ ਸਾਂਝੇ ਖੋਜ ਅਤੇ ਨਵੀਨਤਾ ਪ੍ਰੋਜੈਕਟਾਂ ਨੂੰ ਹੁਲਾਰਾ ਦੇਵੇਗਾ।
ਆਲਮੀ ਆਰਥਿਕ ਪ੍ਰਗਤੀ, ਸੁਰੱਖਿਆ, ਨਵੀਨਤਾ ਅਤੇ ਤਕਨੀਕੀ ਉੱਨਤੀ ਨੂੰ ਆਧਾਰ ਦੇਣ ਵਾਲੇ ਮਹੱਤਵਪੂਰਨ ਬੁਨਿਆਦੀ ਢਾਂਚੇ ਵਜੋਂ ਪੁਲਾੜ ਖੇਤਰ ਦਾ ਮਹੱਤਵ ਪਛਾਣਦਿਆਂ, ਦੋਵਾਂ ਧਿਰਾਂ ਨੇ ਆਲਮੀ ਚੁਣੌਤੀਆਂ ਨਾਲ ਨਜਿੱਠਣ ਵਿੱਚ ਭਾਈਵਾਲੀ ਲਈ ਦਿਲਚਸਪੀ ਜ਼ਾਹਰ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ‘ਭਾਰਤ ਦੀ ਸਪੇਸ ਪਾਲਿਸੀ 2023’ ਗ਼ੈਰ-ਸਰਕਾਰੀ ਸੰਸਥਾਵਾਂ ਨੂੰ ਪੁਲਾੜ ਖੇਤਰ ਵਿੱਚ ਸ਼ੁਰੂ ਤੋਂ ਲੈ ਕੇ ਅੰਤ ਤੱਕ ਗਤੀਵਿਧੀਆਂ ਕਰਨ ਲਈ ਸਮਰੱਥ ਅਤੇ ਗਤੀਸ਼ੀਲ ਢਾਂਚਾ ਪ੍ਰਦਾਨ ਕਰਦੀ ਹੈ। ਦੋਵਾਂ ਧਿਰਾਂ ਨੇ ਆਪਸੀ ਲਾਭ ਲਈ ਸਹਿਯੋਗ ਵਧਾਉਣ ਲਈ ਚੱਲ ਰਹੇ ਯਤਨਾਂ ਦਾ ਸਵਾਗਤ ਕੀਤਾ। ਇਸ ਸੰਦਰਭ ਵਿੱਚ ਆਗੂਆਂ ਨੇ ‘ਈਰਾਟੋਸਥੀਨਜ਼ ਸੈਂਟਰ ਆਫ਼ ਐਕਸੀਲੈਂਸ’ (ਈਸੀਓਈ) ਅਤੇ ‘ਇੰਡੀਅਨ ਨੈਸ਼ਨਲ ਸਪੇਸ ਪ੍ਰਮੋਸ਼ਨ ਐਂਡ ਆਥੋਰਾਈਜ਼ੇਸ਼ਨ ਸੈਂਟਰ’ (ਇਨ-ਸਪੇਸ) ਵਿਚਾਲੇ ਚੱਲ ਰਹੀ ਗੱਲਬਾਤ ਦਾ ਸਵਾਗਤ ਕੀਤਾ।
ਸਿੱਖਿਆ, ਮੋਬਿਲਿਟੀ ਅਤੇ ਹੁਨਰ ਵਿਕਾਸ
ਆਗੂਆਂ ਨੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਸਮੇਤ ਅਕਾਦਮਿਕ ਪੱਧਰ ’ਤੇ ਵਧ ਰਹੇ ਆਦਾਨ-ਪ੍ਰਦਾਨ ਦਾ ਸਵਾਗਤ ਕੀਤਾ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਉੱਚ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਇੱਕ ਐੱਮਓਯੂ ਉੱਤੇ ਦਸਤਖ਼ਤ ਕੀਤੇ ਜਾਣ ਦਾ ਸਵਾਗਤ ਕੀਤਾ, ਜਿਸ ਬਾਰੇ ਉਨ੍ਹਾਂ ਨੋਟ ਕੀਤਾ ਕਿ ਇਹ ਦੋਵਾਂ ਦੇਸ਼ਾਂ ਵਿੱਚ ਉੱਚ ਸਿੱਖਿਆ ਸੰਸਥਾਵਾਂ ਅਤੇ ਖੋਜ ਸੰਗਠਨਾਂ ਨੂੰ ਰਾਬਤਾ ਮਜ਼ਬੂਤ ਕਰਨ, ਆਦਾਨ-ਪ੍ਰਦਾਨ ਵਧਾਉਣ ਅਤੇ ਸਾਂਝੀਆਂ ਖੋਜ ਪਹਿਲਕਦਮੀਆਂ, ਫੈਕਲਟੀ ਅਤੇ ਵਿਦਿਆਰਥੀਆਂ ਦੀ ਮੋਬਿਲਟੀ ਅਤੇ ਸੰਸਥਾਗਤ ਭਾਈਵਾਲੀਆਂ ਸਮੇਤ ਸਹਿਯੋਗ ਦੇ ਮੌਕੇ ਤਲਾਸ਼ਣ ਲਈ ਮਜ਼ਬੂਤ ਨੀਂਹ ਮੁਹੱਈਆ ਕਰਵਾਏਗਾ।
ਆਗੂਆਂ ਨੇ ‘ਸੁਸ਼ਮਾ ਸਵਰਾਜ ਇੰਸਟੀਚਿਊਟ ਆਫ ਫੌਰਨ ਸਰਵਿਸ’ (ਐੱਸਐੱਸਆਈਐੱਫਐੱਸ) ਅਤੇ ‘ਡਿਪਲੋਮੈਟਿਕ ਅਕੈਡਮੀ, ਐੱਮਓਐੱਫਏ, ਸਾਈਪ੍ਰਸ’ ਵਿਚਾਲੇ ਕੂਟਨੀਤਕ ਸਿਖਲਾਈ ਬਾਰੇ ਐੱਮਓਯੂ ਉੱਤੇ ਦਸਤਖ਼ਤ ਕੀਤੇ ਜਾਣ ਦਾ ਸਵਾਗਤ ਕੀਤਾ, ਜੋ ਡਿਪਲੋਮੈਟਾਂ ਦੀ ਸਿਖਲਾਈ ਵਿੱਚ ਸਹਿਯੋਗ ਰਾਹੀਂ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰੇਗਾ।
ਆਗੂਆਂ ਨੇ ਇੱਕ ‘ਮਾਈਗ੍ਰੇਸ਼ਨ ਅਤੇ ਮੋਬਿਲਿਟੀ ਪਾਰਟਨਰਸ਼ਿਪ ਐਗਰੀਮੈਂਟ’ ਨੂੰ ਸਿਰੇ ਚਾੜ੍ਹਨ ਦੇ ਉਦੇਸ਼ ਨਾਲ ਗੱਲਬਾਤ ਜਾਰੀ ਰੱਖਣ ਦੀ ਵਚਨਬੱਧਤਾ ਪ੍ਰਗਟਾਈ, ਜੋ ਸੁਰੱਖਿਅਤ, ਨਿਯਮਤ ਅਤੇ ਵਿਵਸਥਿਤ ਪਰਵਾਸ ਉੱਤੇ ਸਹਿਯੋਗ ਨੂੰ ਸੁਖਾਲਾ ਬਣਾਉਣ ਅਤੇ ਉੱਚ-ਕੁਸ਼ਲ ਕਾਮਿਆਂ, ਵਿਦਿਆਰਥੀਆਂ ਅਤੇ ਖੋਜਾਰਥੀਆਂ ਦੀ ਟਿਕਾਊ ਆਵਾਜਾਈ ਦਾ ਸਮਰਥਨ ਕਰਨ ਲਈ ਢਾਂਚਾ ਮੁਹੱਈਆ ਕਰੇਗਾ। ਦੋਵੇਂ ਆਗੂ ਜਲਦੀ ਤੋਂ ਜਲਦੀ ‘ਸਮਾਜਿਕ ਸੁਰੱਖਿਆ ਸਮਝੌਤੇ’ ਲਈ ਗੱਲਬਾਤ ਸ਼ੁਰੂ ਕਰਨ ਉੱਤੇ ਵੀ ਸਹਿਮਤ ਹੋਏ।
ਇਸ ਸੰਦਰਭ ਵਿੱਚ ਆਗੂਆਂ ਨੇ ‘ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ’ (ਆਈਸੀਏਆਈ) ਅਤੇ ‘ਇੰਸਟੀਚਿਊਟ ਆਫ ਸਰਟੀਫਾਈਡ ਪਬਲਿਕ ਅਕਾਊਂਟੈਂਟਸ ਆਫ ਸਾਈਪ੍ਰਸ’ (ਆਈਸੀਪੀਏਸੀ) ਵਿਚਾਲੇ ਐੱਮਓਯੂ ਉੱਤੇ ਦਸਤਖ਼ਤ ਕੀਤੇ ਜਾਣ ਦਾ ਵੀ ਸਵਾਗਤ ਕੀਤਾ, ਜੋ ਨੌਜਵਾਨ ਅਕਾਊਂਟੈਂਟਾਂ ਲਈ ਪੇਸ਼ਾਵਰ ਅਤੇ ਰੈਗੂਲੇਟਰੀ ਮਾਪਦੰਡਾਂ ਨੂੰ ਵਿਕਸਤ ਕਰਨ, ਅਕਾਊਂਟਿੰਗ ਅਤੇ ਆਡਿਟਿੰਗ ਵਿੱਚ ਬਿਹਤਰੀਨ ਅਭਿਆਸਾਂ ਦਾ ਆਦਾਨ-ਪ੍ਰਦਾਨ ਕਰਨ ਅਤੇ ਵਿੱਤ ਤੇ ਵਪਾਰਕ ਸੇਵਾਵਾਂ ਦੇ ਖੇਤਰਾਂ ਵਿੱਚ ਆਪਸੀ ਮਾਨਤਾ ਅਤੇ ਰੁਜ਼ਗਾਰ ਯੋਗਤਾ ਵਧਾਉਣ ਲਈ ਚੰਗਾ ਮੌਕਾ ਦੇਵੇਗਾ।
ਸਭਿਆਚਾਰਕ ਸਹਿਯੋਗ ਅਤੇ ਲੋਕਾਂ ਵਿਚਾਲੇ ਆਪਸੀ ਸਬੰਧ
ਆਗੂਆਂ ਨੇ ਭਾਰਤ ਅਤੇ ਸਾਈਪ੍ਰਸ ਵਿਚਾਲੇ ਸਭਿਆਚਾਰਕ ਆਦਾਨ-ਪ੍ਰਦਾਨ ਦੇ ਵਿਸਤਾਰ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਭਿਆਚਾਰਕ ਸਹਿਯੋਗ ਬਾਰੇ ਇੱਕ ਐੱਮਓਯੂ ਉੱਤੇ ਦਸਤਖ਼ਤ ਕੀਤੇ ਜਾਣ ਦਾ ਸਵਾਗਤ ਕੀਤਾ, ਜਿਸ ਨਾਲ ਵਿਜ਼ੂਅਲ ਆਰਟਸ, ਪਰਫਾਰਮਿੰਗ ਆਰਟਸ, ਕਲਾ ਲਈ ਵਿਦਿਅਕ ਪ੍ਰੋਗਰਾਮਾਂ, ਵਿਰਾਸਤ ਸੰਭਾਲ ਅਤੇ ਰਚਨਾਤਮਕ ਉਦਯੋਗਾਂ ਦੇ ਖੇਤਰਾਂ ਵਿੱਚ ਆਦਾਨ-ਪ੍ਰਦਾਨ ਦੀ ਸਹੂਲਤ ਮਿਲਣ ਦੀ ਉਮੀਦ ਹੈ। ਆਗੂਆਂ ਨੇ ਸਾਂਝੀਆਂ ਪਹਿਲਕਦਮੀਆਂ, ਪ੍ਰਦਰਸ਼ਨੀਆਂ ਅਤੇ ਸਮਰੱਥਾ ਨਿਰਮਾਣ ਦੇ ਯਤਨਾਂ ਨੂੰ ਉਤਸ਼ਾਹਿਤ ਕਰਨ ਲਈ ਅਜਾਇਬ ਘਰਾਂ, ਅਕਾਦਮਿਕ ਸੰਸਥਾਵਾਂ ਅਤੇ ਸੱਭਿਆਚਾਰਕ ਸੰਸਥਾਵਾਂ ਵਿਚਾਲੇ ਨੇੜਲੇ ਸਹਿਯੋਗ ਨੂੰ ਉਤਸ਼ਾਹਿਤ ਕੀਤਾ, ਅਤੇ ਸਾਈਪ੍ਰਸ ਵਿੱਚ ਯੋਗ, ਆਯੁਰਵੇਦ ਅਤੇ ਭਾਰਤੀ ਸਭਿਆਚਾਰ ਵਿੱਚ ਵੱਧ ਰਹੀ ਦਿਲਚਸਪੀ ਦੀ ਸ਼ਲਾਘਾ ਕੀਤੀ।
ਆਗੂਆਂ ਨੇ ਦੋ-ਪੱਖੀ ਸੈਰ-ਸਪਾਟੇ ਵਿੱਚ ਹੋਰ ਵਾਧੇ ਦੀ ਸੰਭਾਵਨਾ ਨੂੰ ਪਛਾਣਿਆ, ਜੋ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਵਧੇਰੇ ਸਮਝ ਪੈਦਾ ਕਰਨ ਵਿੱਚ ਯੋਗਦਾਨ ਪਾਵੇਗਾ। ਦੋਵੇਂ ਧਿਰਾਂ ਸੈਰ-ਸਪਾਟਾ ਹਿੱਸੇਦਾਰਾਂ ਵਿਚਕਾਰ ਸਹਿਯੋਗ ਰਾਹੀਂ ਦੋਵਾਂ ਦਿਸ਼ਾਵਾਂ ਵਿੱਚ ਸੈਲਾਨੀਆਂ ਦੀ ਆਵਾਜਾਈ ਵਧਾਉਣ ਲਈ ਕੰਮ ਕਰਨ ਉੱਤੇ ਸਹਿਮਤ ਹੋਈਆਂ।
ਆਗੂਆਂ ਨੇ ਨੋਟ ਕੀਤਾ ਕਿ ਲੋਕਾਂ ਦੀ ਵਧਦੀ ਆਵਾਜਾਈ ਅਤੇ ਆਪਸੀ ਸਬੰਧਾਂ ਦੇ ਵਿਸਤਾਰ ਨੂੰ ਦੇਖਦਿਆਂ ਕੌਂਸਲਰ ਮਾਮਲਿਆਂ ’ਤੇ ਸਹਿਯੋਗ ਦੋਵਾਂ ਦੇਸ਼ਾਂ ਲਈ ਨਿਰੰਤਰ ਦਿਲਚਸਪੀ ਦਾ ਖੇਤਰ ਬਣਿਆ ਹੋਇਆ ਹੈ। ਇਸ ਸੰਦਰਭ ਵਿੱਚ, ਉਨ੍ਹਾਂ ਨੇ ‘ਕੌਂਸਲਰ ਸੰਵਾਦ’ ਦੀ ਸ਼ੁਰੂਆਤ ਦਾ ਸਵਾਗਤ ਕੀਤਾ ਅਤੇ ਇਹ ਨੋਟ ਕੀਤਾ ਕਿ ਇਹ ਕੌਂਸਲਰ ਮੁੱਦੇ ਹੱਲ ਕਰਨ ਅਤੇ ਸਹਿਯੋਗ ਮਜ਼ਬੂਤ ਕਰਨ ਲਈ ਢਾਂਚਾਗਤ ਪ੍ਰਬੰਧ ਮੁਹੱਈਆ ਕਰੇਗਾ।
ਭਾਰਤ-ਈਯੂ ਸਬੰਧ
ਦੋਵਾਂ ਆਗੂਆਂ ਨੇ 27 ਜਨਵਰੀ, 2026 ਨੂੰ ਭਾਰਤ-ਈਯੂ ਸਿਖਰ ਸੰਮੇਲਨ ਦੌਰਾਨ ਭਾਰਤ-ਈਯੂ ਮੁਕਤ ਵਪਾਰ ਸਮਝੌਤੇ ਦੇ ਮੁਕੰਮਲ ਹੋਣ ਦਾ ਸਵਾਗਤ ਕੀਤਾ। ਦੋਵਾਂ ਧਿਰਾਂ ਨੇ ‘ਸਾਂਝੇ ਭਾਰਤ-ਈਯੂ ਵਿਆਪਕ ਰਣਨੀਤਕ ਏਜੰਡਾ 2030’ ਦਾ ਵੀ ਸਮਰਥਨ ਕੀਤਾ, ਜਿਸ ਦਾ ਉਦੇਸ਼ ਦੋਵਾਂ ਭਾਈਵਾਲਾਂ ਅਤੇ ਵਿਸ਼ਾਲ ਦੁਨੀਆ ਲਈ ਆਪਸੀ ਲਾਭਕਾਰੀ, ਠੋਸ ਅਤੇ ਪਰਿਵਰਤਨਸ਼ੀਲ ਨਤੀਜੇ ਦੇਣ ਲਈ ਈਯੂ-ਭਾਰਤ ਸਹਿਯੋਗ ਨੂੰ ਵਿਸ਼ਾਲ, ਡੂੰਘਾ ਅਤੇ ਬਿਹਤਰ ਤਾਲਮੇਲ ਕਰ ਕੇ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨਾ ਹੈ।
ਭਾਰਤ-ਈਯੂ ਮੁਕਤ ਵਪਾਰ ਸਮਝੌਤੇ (ਐੱਫਟੀਏ) ਨੂੰ ਰਣਨੀਤਕ ਭਾਈਵਾਲੀ ਵਿੱਚ ਇਤਿਹਾਸਕ ਮੀਲ ਪੱਥਰ ਦੱਸਦਿਆਂ ਆਗੂਆਂ ਨੇ ਮਹੱਤਵਪੂਰਨ ਵੈਲਿਊ ਚੇਨਾਂ ਵਿੱਚ ਵਿਭਿੰਨਤਾ ਲਿਆਉਣ ਅਤੇ ਨਵੇਂ ਬਾਜ਼ਾਰ ਖੋਲ੍ਹਣ ਰਾਹੀਂ ਵਪਾਰ ਅਤੇ ਨਿਵੇਸ਼ ਸਹਿਯੋਗ ਦੀ ਅਸਲ ਸੰਭਾਵਨਾ ਨੂੰ ਸਾਕਾਰ ਕਰਨ ਲਈ ਇਸ ਉੱਤੇ ਜਲਦੀ ਦਸਤਖ਼ਤ ਕਰਨ ਅਤੇ ਸਮੇਂ ਸਿਰ ਲਾਗੂ ਕਰਨ ਦਾ ਸੱਦਾ ਦਿੱਤਾ।
ਆਗੂਆਂ ਨੇ ਪ੍ਰਮੁੱਖ ਵਪਾਰ, ਤਕਨਾਲੋਜੀ ਅਤੇ ਆਰਥਿਕ ਸੁਰੱਖਿਆ ਮੁੱਦਿਆਂ ਨੂੰ ਹੱਲ ਕਰਨ ਲਈ ‘ਇੰਡੀਆ-ਈਯੂ ਟ੍ਰੇਡ ਐਂਡ ਟੈਕਨਾਲੋਜੀ ਕੌਂਸਲ’ (ਟੀਟੀਸੀ) ਦੇ ਕੰਮ ਨੂੰ ਹੋਰ ਅੱਗੇ ਵਧਾਉਣ ਉੱਤੇ ਸਹਿਮਤੀ ਪ੍ਰਗਟਾਈ ਅਤੇ ਜੁਲਾਈ ਵਿੱਚ ਟੀਟੀਸੀ ਮੰਤਰੀ ਪੱਧਰੀ ਮੀਟਿੰਗ ਦੇ ਨਤੀਜਿਆਂ ਦੀ ਉਮੀਦ ਜਤਾਈ।
ਭਾਰਤ-ਈਯੂ ਸਕਿਓਰਿਟੀ ਐਂਡ ਡਿਫੈਂਸ ਪਾਰਟਨਰਸ਼ਿਪ ਉੱਤੇ ਦਸਤਖ਼ਤ ਕਰਨ ਨਾਲ ਸਮੁੰਦਰੀ ਸੁਰੱਖਿਆ, ਰੱਖਿਆ ਉਦਯੋਗ ਅਤੇ ਤਕਨਾਲੋਜੀ, ਸਾਈਬਰ ਅਤੇ ਹਾਈਬ੍ਰਿਡ ਖ਼ਤਰਿਆਂ, ਪੁਲਾੜ ਅਤੇ ਅੱਤਵਾਦ-ਵਿਰੋਧੀ ਕਦਮਾਂ ਸਮੇਤ ਸਾਂਝੇ ਹਿੱਤਾਂ ਦੇ ਖੇਤਰਾਂ ਵਿੱਚ ਸਹਿਯੋਗ ਡੂੰਘਾ ਹੋਵੇਗਾ। ਦੋਵਾਂ ਆਗੂਆਂ ਨੇ ਇਸ ਸਬੰਧੀ ‘ਇੰਡੀਆ-ਈਯੂ ਸਕਿਓਰਿਟੀ ਆਫ ਇਨਫੋਰਮੇਸ਼ਨ ਐਗਰੀਮੈਂਟ’ ਨੂੰ ਜਲਦੀ ਸਿਰੇ ਚਾੜ੍ਹਨ ਦਾ ਵੀ ਸੱਦਾ ਦਿੱਤਾ।
ਮੋਬਿਲਿਟੀ ਉੱਤੇ ਸਹਿਯੋਗ ਦੇ ਵਿਆਪਕ ਢਾਂਚੇ ਬਾਰੇ ਐੱਮਓਯੂ ਉੱਤੇ ਦਸਤਖ਼ਤ ਕਰਨ ਅਤੇ ਭਾਰਤ ਵਿੱਚ ਪਾਇਲਟ ਪ੍ਰੋਜੈਕਟ ਵਜੋਂ ‘ਯੂਰੋਪੀਅਨ ਯੂਨੀਅਨ ਲੀਗਲ ਗੇਟਵੇਅ ਆਫਿਸ’ ਦੀ ਸ਼ੁਰੂਆਤ ਦਾ ਸਵਾਗਤ ਕਰਦਿਆਂ, ਆਗੂਆਂ ਨੇ ਪੇਸ਼ਾਵਰਾਂ, ਕੁਸ਼ਲ ਕਾਮਿਆਂ ਅਤੇ ਵਿਦਿਆਰਥੀਆਂ ਦੀ ਆਵਾਜਾਈ ਲਈ ਕਾਨੂੰਨੀ ਰਸਤਿਆਂ ਨੂੰ ਉਤਸ਼ਾਹਿਤ ਕਰਨ ਅਤੇ ਭਾਰਤ ਅਤੇ ਈਯੂ ਵਿਚਾਲੇ ਲੋਕਾਂ ਦੇ ਸੰਪਰਕ ਨੂੰ ਮਜ਼ਬੂਤ ਕਰਨ ਵਿੱਚ ਇਸ ਦੀ ਭੂਮਿਕਾ ਨੂੰ ਨੋਟ ਕੀਤਾ।
ਇੰਡੋ-ਪੈਸੀਫਿਕ, ਕਨੈਕਟੀਵਿਟੀ ਅਤੇ ਖੇਤਰੀ ਤੇ ਆਲਮੀ ਮੁੱਦੇ
ਆਗੂਆਂ ਨੇ ਯੂਐੱਨਸੀਐੱਲਓਐੱਸ ਸਮੇਤ ਅੰਤਰਰਾਸ਼ਟਰੀ ਕਾਨੂੰਨ ਮੁਤਾਬਕ, ਇੱਕ ਸੁਤੰਤਰ, ਖੁੱਲ੍ਹੇ, ਸ਼ਾਂਤੀਪੂਰਨ, ਖ਼ੁਸ਼ਹਾਲ ਅਤੇ ਨਿਯਮ-ਆਧਾਰਿਤ ਇੰਡੋ-ਪੈਸੀਫਿਕ ਨੂੰ ਉਤਸ਼ਾਹਿਤ ਕਰਨ ਪ੍ਰਤੀ ਆਪਣੀ ਸਾਂਝੀ ਵਚਨਬੱਧਤਾ ਦੁਹਰਾਈ। ਪ੍ਰਧਾਨ ਮੰਤਰੀ ਮੋਦੀ ਨੇ ‘ਇੰਡੋ-ਪੈਸੀਫਿਕ ਓਸ਼ਨਜ਼ ਇਨੀਸ਼ੀਏਟਿਵ’ ਵਿੱਚ ਸ਼ਾਮਲ ਹੋਣ ਲਈ ਸਾਈਪ੍ਰਸ ਦੀ ਸ਼ਲਾਘਾ ਕੀਤੀ, ਅਤੇ ਸਮੁੰਦਰੀ ਸੁਰੱਖਿਆ ਦੇ ਨਾਲ-ਨਾਲ ਸਮੁੰਦਰੀ ਸਰੋਤਾਂ ਦੀ ਟਿਕਾਊ ਵਰਤੋਂ ਵਿੱਚ ਸਹਿਯੋਗ ਨੂੰ ਡੂੰਘਾ ਕਰਨ ਦੀ ਇਸਦੀ ਸੰਭਾਵਨਾ ਉੱਤੇ ਜ਼ੋਰ ਦਿੱਤਾ।
ਦੋਵਾਂ ਆਗੂਆਂ ਨੇ ਆਲਮੀ ਵਪਾਰ, ਸੰਪਰਕ ਅਤੇ ਖ਼ੁਸ਼ਹਾਲੀ ਨੂੰ ਨਵਾਂ ਰੂਪ ਦੇਣ ਅਤੇ ਉਤਸ਼ਾਹਿਤ ਕਰਨ ਵਿੱਚ ‘ਭਾਰਤ-ਮੱਧ ਪੂਰਬ-ਯੂਰਪ ਆਰਥਿਕ ਗਲਿਆਰੇ’ (ਆਈਐੱਮਈਈਸੀ) ਦੀ ਪਰਿਵਰਤਨਸ਼ੀਲ ਸੰਭਾਵਨਾ ਨੂੰ ਮਾਨਤਾ ਦਿੱਤੀ। ਉਨ੍ਹਾਂ ਨੇ ਪੂਰਬੀ ਮੈਡੀਟੇਰੀਅਨ ਅਤੇ ਵਿਆਪਕ ਮੱਧ ਪੂਰਬ ਵਿੱਚ ਸਥਿਰਤਾ ਉਤਸ਼ਾਹਿਤ ਕਰਨ ਪ੍ਰਤੀ ਆਪਣੀ ਸਾਂਝੀ ਵਚਨਬੱਧਤਾ ਦੁਹਰਾਈ ਅਤੇ ਭਾਰਤ ਤੋਂ ਵਿਆਪਕ ਮੱਧ ਪੂਰਬ ਰਾਹੀਂ ਯੂਰਪ ਤੱਕ ਡੂੰਘੇ ਸੰਪਰਕ ਅਤੇ ਕਨੈਕਟੀਵਿਟੀ ਗਲਿਆਰਿਆਂ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ‘ਦੁਵੱਲੇ ਕਨੈਕਟੀਵਿਟੀ ਸੰਵਾਦ’ ਦੀ ਸਥਾਪਨਾ ਬਾਰੇ ਚਰਚਾ ਕੀਤੀ।
ਆਗੂਆਂ ਨੇ ਯੂਕਰੇਨ ਵਿੱਚ ਅੰਤਰਰਾਸ਼ਟਰੀ ਕਾਨੂੰਨ ਅਤੇ ਸੰਯੁਕਤ ਰਾਸ਼ਟਰ ਚਾਰਟਰ ਦੇ ਸਿਧਾਂਤਾਂ ਮੁਤਾਬਕ ਵਿਆਪਕ, ਨਿਆਂਪੂਰਨ ਅਤੇ ਸਥਾਈ ਸ਼ਾਂਤੀ ਲਈ ਪ੍ਰਮੁੱਖ ਹਿੱਸੇਦਾਰਾਂ ਵਿਚਾਲੇ ਗੱਲਬਾਤ, ਕੂਟਨੀਤੀ ਅਤੇ ਉਸਾਰੂ ਸ਼ਮੂਲੀਅਤ ਰਾਹੀਂ ਯੂਕਰੇਨ ਸੰਕਟ ਦੇ ਜਲਦੀ ਹੱਲ ਲਈ ਆਪਣਾ ਸਮਰਥਨ ਪ੍ਰਗਟਾਇਆ।
ਪੱਛਮੀ ਏਸ਼ੀਆ ਵਿੱਚ ਹਾਲੀਆ ਘਟਨਾਕ੍ਰਮ ਉੱਤੇ ਦੋਵਾਂ ਆਗੂਆਂ ਨੇ ਬੁਨਿਆਦੀ ਮੁੱਦਿਆਂ ਨੂੰ ਸ਼ਾਂਤੀਪੂਰਨ ਢੰਗ ਨਾਲ ਹੱਲ ਕਰਨ ਲਈ ਗੱਲਬਾਤ ਅਤੇ ਕੂਟਨੀਤੀ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ, ਜਿਸ ਵਿੱਚ ਸਮੁੰਦਰੀ ਆਵਾਜਾਈ ਲਈ ਸੁਰੱਖਿਅਤ ਅਤੇ ਨਿਰਵਿਘਨ ਰਸਤਾ ਸ਼ਾਮਲ ਹੈ।
ਦੋਵਾਂ ਆਗੂਆਂ ਨੇ ਆਲਮੀ ਪ੍ਰਸਾਰ-ਰੋਕਥਾਮ ਢਾਂਚਾ ਬਰਕਰਾਰ ਰੱਖਣ ਦੀ ਮਹੱਤਤਾ ਉੱਤੇ ਵੀ ਚਰਚਾ ਕੀਤੀ ਅਤੇ ਭਾਰਤ ਦੇ ‘ਨਿਊਕਲੀਅਰ ਸਪਲਾਇਰਜ਼ ਗਰੁੱਪ’ (ਐੱਨਐੱਸਜੀ) ਵਿੱਚ ਸ਼ਾਮਲ ਹੋਣ ਦੇ ਮਹੱਤਵ ਨੂੰ ਮਾਨਤਾ ਦਿੱਤੀ।
ਸਿੱਟਾ
ਦੋਵਾਂ ਆਗੂਆਂ ਨੇ ਭਾਰਤ-ਸਾਈਪ੍ਰਸ ਰਿਸ਼ਤਿਆਂ ਦੇ ਡੂੰਘੇ ਹੋਣ ’ਤੇ ਤਸੱਲੀ ਪ੍ਰਗਟਾਈ ਅਤੇ ਭਾਰਤ-ਸਾਈਪ੍ਰਸ ਰਣਨੀਤਕ ਭਾਈਵਾਲੀ ਤਹਿਤ ਸਹਿਯੋਗ ਨੂੰ ਅੱਗੇ ਵਧਾਉਣ ਲਈ, ਉਨ੍ਹਾਂ ਨੇ ਦੋਵਾਂ ਧਿਰਾਂ ਨੂੰ ‘ਭਾਰਤ-ਸਾਈਪ੍ਰਸ ਸਾਂਝੀ ਕਾਰਜ ਯੋਜਨਾ 2025-2029’ ਸਮੇਂ ਸਿਰ ਲਾਗੂ ਕਰਨ ਲਈ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਆਗੂ ਆਪਸੀ ਸਤਿਕਾਰ ਅਤੇ ਸਹਿਯੋਗ ਦੀ ਸਾਂਝੀ ਭਾਵਨਾ ਦੇ ਆਧਾਰ ਉੱਤੇ ਨਿਯਮਤ ਗੱਲਬਾਤ ਕਾਇਮ ਰੱਖਣ ਉੱਤੇ ਸਹਿਮਤ ਹੋਏ।
ਸਾਈਪ੍ਰਸ ਦੇ ਰਾਸ਼ਟਰਪਤੀ ਨੇ ਆਪਣੇ ਸਰਕਾਰੀ ਦੌਰੇ ਦੌਰਾਨ ਭਾਰਤ ਸਰਕਾਰ ਅਤੇ ਲੋਕਾਂ ਵੱਲੋਂ ਕੀਤੇ ਗਏ ਸ਼ਾਨਦਾਰ ਪ੍ਰਬੰਧਾਂ ਲਈ ਭਾਰਤ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।
ਆਗੂਆਂ ਨੇ ਯੂਰਪ, ਮੈਡੀਟੇਰੀਅਨ ਅਤੇ ਇੰਡੋ-ਪੈਸੀਫਿਕ ਵਿਚਕਾਰ ਰਣਨੀਤਕ ਭਾਈਵਾਲਾਂ ਅਤੇ ਮਹੱਤਵਪੂਰਨ ਸੰਪਰਕਾਂ ਵਜੋਂ ਸਾਈਪ੍ਰਸ ਅਤੇ ਭਾਰਤ ਦੇ ਆਪਣੇ ਸਾਂਝੇ ਦ੍ਰਿਸ਼ਟੀਕੋਣ ਦੀ ਮੁੜ ਪੁਸ਼ਟੀ ਕੀਤੀ, ਜੋ ਸ਼ਾਂਤੀ, ਸਥਿਰਤਾ, ਸੰਪਰਕ ਅਤੇ ਖ਼ੁਸ਼ਹਾਲੀ ਨੂੰ ਅੱਗੇ ਵਧਾਉਣ ਲਈ ਵਚਨਬੱਧ ਹਨ।
ਉਨ੍ਹਾਂ ਨੇ ‘ਭਾਰਤ-ਸਾਈਪ੍ਰਸ ਸਾਂਝੀ ਕਾਰਜ ਯੋਜਨਾ 2025-2029’ ਤਹਿਤ ਠੋਸ ਨਤੀਜੇ ਪ੍ਰਦਾਨ ਕਰਨ ਅਤੇ ਵਿਆਪਕ ਭਾਰਤ-ਈਯੂ ਰਣਨੀਤਕ ਭਾਈਵਾਲੀ ਦੇ ਗਤੀਸ਼ੀਲ ਥੰਮ੍ਹ ਵਜੋਂ ਭਾਰਤ-ਸਾਈਪ੍ਰਸ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਦੀ ਮੁੜ ਪੁਸ਼ਟੀ ਕੀਤੀ।
ਆਗੂ ਇਸ ਗੱਲ ਉੱਤੇ ਸਹਿਮਤ ਹੋਏ ਕਿ ਮੌਜੂਦਾ ਦੌਰਾ ਇੱਕ ਇਤਿਹਾਸਕ ਤੌਰ ਉੱਤੇਜ਼ ਮਜ਼ਬੂਤ ਰਿਸ਼ਤੇ ਨੂੰ ਦੁਵੱਲੇ ਸਬੰਧਾਂ ਦੇ ਨਵੇਂ ਪੜਾਅ ਵਿੱਚ ਬਦਲਣ, ਭਾਈਵਾਲੀ ਨੂੰ ਸਹਿਯੋਗ ਦੇ ਵਧੇਰੇ ਅਭਿਲਾਸ਼ੀ, ਆਧੁਨਿਕ, ਰਣਨੀਤਕ ਅਤੇ ਭਵਿੱਖ-ਮੁਖੀ ਢਾਂਚੇ ਵਿੱਚ ਉੱਚਾ ਚੁੱਕਣ ਲਈ ਇੱਕ ਫੈਸਲਾਕੁੰਨ ਕਦਮ ਦੀ ਨਿਸ਼ਾਨਦੇਹੀ ਕਰਦਾ ਹੈ।
***
ਐੱਮਜੇਪੀਐੱਸ/ਐੱਸਐੱਸ/ਪੀਆਰਕੇ
Addressing the joint press meet with President Christodoulides of Cyprus.@Christodulides
— Narendra Modi (@narendramodi) May 22, 2026
https://t.co/fGPTKnRtyQ
We discussed ways to increase cooperation in infrastructure, energy, agriculture, technology and financial services. We also view defence and security as a key means of furthering bilateral friendship. Emphasis will remain on boosting cultural as well as people-to-people ties. pic.twitter.com/MJPriXcwMs
— Narendra Modi (@narendramodi) May 22, 2026
Happy to have met President Nikos Christodoulides in Delhi. We held extensive deliberations on further strengthening the India-Cyprus friendship. Considering the close ties between our nations, we have decided to elevate our friendship into a Strategic Partnership. Ours is indeed… pic.twitter.com/36unkio3YK
— Narendra Modi (@narendramodi) May 22, 2026
Outcomes that will add momentum to the India-Cyprus friendship! https://t.co/8w5GwjJ202
— Narendra Modi (@narendramodi) May 22, 2026
The visit of President Nikos Christodoulides to India will greatly benefit the people of India and Cyprus. At the same time, it will contribute to a prosperous and sustainable planet as well!@Christodulides pic.twitter.com/7OmWZ2AB2l
— Narendra Modi (@narendramodi) May 22, 2026