ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੱਛਮੀ ਬੰਗਾਲ ਵਿੱਚ ਆਈਆਈਟੀ ਖੜਗਪੁਰ ਦੇ ਪਲੈਟੀਨਮ ਜੁਬਲੀ ਸਮਾਗਮ ਵਿੱਚ ਹਿੱਸਾ ਲਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਸਾਹਮਣੇ ਭਾਰਤ ਦੇ ਅਤੀਤ, ਵਰਤਮਾਨ ਅਤੇ ਭਵਿੱਖ ਨਾਲ ਜੁੜੀ ਇੱਕ ਪ੍ਰਤਿਭਾਸ਼ਾਲੀ ਅਤੇ ਉਮੀਦਾਂ ਭਰੀ ਪੀੜ੍ਹੀ ਖੜ੍ਹੀ ਹੈ, ਜੋ ਸੰਸਥਾ ਦੇ 75 ਵਰ੍ਹਿਆਂ ਦੇ ਸਫ਼ਰ ਦਾ ਜਸ਼ਨ ਮਨਾਉਣ ਅਤੇ ਇਸ ਦੀ ਵਿਰਾਸਤ ਦਾ ਸਤਿਕਾਰ ਕਰਨ ਲਈ ਇਕੱਠੀ ਹੋਈ ਹੈ। ਆਈਆਈਟੀ ਖੜਗਪੁਰ ਵੱਲੋਂ 75 ਵਰ੍ਹਿਆਂ ਦੌਰਾਨ ਸਥਾਪਿਤ ਕੀਤੇ ਗਏ ਕਈ ਮੀਲ-ਪੱਥਰਾਂ ’ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਇਸ ਦੌਰ ਵਿੱਚ ਭਾਰਤ ਨੇ ਬੈਲਗੱਡੀਆਂ ਤੋਂ ਲੈ ਕੇ ਬੁਲੇਟ ਟ੍ਰੇਨਾਂ ਤੱਕ ਅਤੇ ਡਾਕ ਚਿੱਠੀਆਂ ਤੋਂ ਲੈ ਕੇ ਸੋਸ਼ਲ ਮੀਡੀਆ ਸੰਦੇਸ਼ਾਂ ਤੱਕ ਵੱਡੇ ਬਦਲਾਅ ਦੇਖੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਦੇ ਪਹਿਲੇ ਆਈਆਈਟੀ ਵਜੋਂ, ਇਸ ਸੰਸਥਾ ਨੇ ਇਨ੍ਹਾਂ ਬਦਲਾਵਾਂ ਦੇ ਹਰ ਪੜਾਅ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸ਼੍ਰੀ ਮੋਦੀ ਨੇ ਕਿਹਾ, “ਮੈਂ ਇੱਥੇ ਮੌਜੂਦ ਸਾਰੇ ਵਿਦਿਆਰਥੀਆਂ, ਫੈਕਲਟੀ ਮੈਂਬਰਾਂ, ਇੱਥੋਂ ਦੇ ਸਮੁੱਚੇ ਸਟਾਫ਼ ਅਤੇ ਆਈਆਈਟੀ ਖੜਗਪੁਰ ਦੇ ਸਾਰੇ ਸਾਬਕਾ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੰਦਾ ਹਾਂ।”
ਇਹ ਯਾਦ ਕਰਦਿਆਂ ਕਿ ਕੈਂਪਸ ਦੀ ਜ਼ਿੰਦਗੀ ਦੀਆਂ ਕੁਝ ਯਾਦਾਂ ਹਮੇਸ਼ਾ ਲਈ ਇਨਸਾਨ ਦੇ ਨਾਲ ਰਹਿੰਦੀਆਂ ਹਨ, ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਕਈ ਸਾਬਕਾ ਵਿਦਿਆਰਥੀ ਦਹਾਕਿਆਂ ਬਾਅਦ ਵੀ ‘ਛੇਦੀਜ਼’ ’ਤੇ ਚਾਹ ’ਤੇ ਹੋਣ ਵਾਲੀ ਚਰਚਾ ਨੂੰ ਬੜੇ ਪਿਆਰ ਨਾਲ ਯਾਦ ਕਰਦੇ ਹੋਣਗੇ। ਉਨ੍ਹਾਂ ਕਿਹਾ ਕਿ ਹੋਰਨਾਂ ਸੰਸਥਾਵਾਂ ਦੇ ਹੋਸਟਲਾਂ ਦੇ ਉਲਟ, ਆਈਆਈਟੀ ਖੜਗਪੁਰ ਵਿੱਚ ‘ਹਾਲ’ ਹੁੰਦੇ ਹਨ ਜਿਨ੍ਹਾਂ ’ਤੇ ਹਰ ਵਿਦਿਆਰਥੀ ਨੂੰ ਬਹੁਤ ਮਾਣ ਹੁੰਦਾ ਹੈ। ਹਾਲ ਹੀ ਵਿੱਚ ਮਨਾਏ ਗਏ ਦੀਵਾਲੀ ਦੇ ਤਿਉਹਾਰ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਆਈਆਈਟੀ ਖੜਗਪੁਰ ਵਿੱਚ ਦੀਵਾਲੀ ਦਾ ਉਤਸ਼ਾਹ ਵਿਲੱਖਣ ਹੁੰਦਾ ਹੈ, ਜਿੱਥੇ ਇੱਥੋਂ ਦੀ ਰੌਸ਼ਨੀ ਦੀ ਆਪਣੀ ਹੀ ਇੱਕ ਰੌਣਕ ਹੁੰਦੀ ਹੈ ਅਤੇ ਵੱਖ-ਵੱਖ ਹਾਲਾਂ ਦਰਮਿਆਨ ਹੋਣ ਵਾਲਾ ਮੁਕਾਬਲਾ ਇਸ ਨੂੰ ਹੋਰ ਵੀ ਵਿਸ਼ੇਸ਼ ਬਣਾ ਦਿੰਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਪੁੱਛਿਆ, “ਇਸ ਵਾਰ ਇਸ ਮੁਕਾਬਲੇ ਵਿੱਚ ਕਿਹੜਾ ਹਾਲ ਜਿੱਤਿਆ ਹੈ?”
ਬੰਗਾਲ ਨੂੰ ਇੱਕ ਅਜਿਹੀ ਧਰਤੀ ਵਜੋਂ ਦਰਸਾਉਂਦਿਆਂ ਜਿੱਥੇ ਵਿਚਾਰਾਂ ਨੂੰ ਬਲ ਮਿਲਿਆ ਅਤੇ ਰਾਸ਼ਟਰੀ ਅੰਦੋਲਨਾਂ ਨੇ ਜਨਮ ਲਿਆ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਆਈਆਈਟੀ ਖੜਗਪੁਰ ਉਸੇ ਸਥਾਨ ’ਤੇ ਖੜ੍ਹਾ ਹੈ ਜਿੱਥੇ ਕਦੇ ਸੁਤੰਤਰਤਾ ਸੈਨਾਨੀਆਂ ਲਈ ਡਿਟੈਂਸ਼ਨ ਕੈਂਪ ਹੁੰਦਾ ਸੀ, ਜਿਸ ਨੇ ਦਹਾਕਿਆਂ ਪਹਿਲਾਂ ਉਨ੍ਹਾਂ ਭਾਰਤੀਆਂ ਦੀ ਅਦੁੱਤੀ ਹਿੰਮਤ ਦੇਖੀ ਸੀ ਜੋ ਸਵਰਾਜ ਚਾਹੁੰਦੇ ਸਨ ਅਤੇ ਭਾਰਤ ਨੂੰ ਸਿਖਰਾਂ ’ਤੇ ਦੇਖਣ ਦੀ ਤਾਂਘ ਰੱਖਦੇ ਸਨ। ਇਹ ਦੇਖਦਿਆਂ ਕਿ ਇਹੀ ਕੈਂਪਸ ਅੱਜ ਅਜਿਹੇ ਨੌਜਵਾਨ ਤਿਆਰ ਕਰ ਰਿਹਾ ਹੈ ਜਿਨ੍ਹਾਂ ਦੀਆਂ ਨਵੀਆਂ ਖੋਜਾਂ ਅਤੇ ਵਿਚਾਰ ਭਾਰਤ ਨੂੰ ਆਤਮਨਿਰਭਰ ਬਣਾਉਣ ਦੀ ਤਾਕਤ ਬਣ ਰਹੇ ਹਨ, ਉਨ੍ਹਾਂ ਨੇ ਅਤੀਤ ਦੀ ਸਵਰਾਜ ਦੀ ਤਾਂਘ ਅਤੇ ਆਜ਼ਾਦੀ ਦੇ ਸੁਪਨੇ ਦੀ ਤੁਲਨਾ ਅੱਜ ਦੇ ਆਤਮਨਿਰਭਰਤਾ ਦੇ ਸੰਕਲਪ ਅਤੇ ਭਵਿੱਖ ਦੇ ਨਿਰਮਾਣ ਦੇ ਮੌਕੇ ਨਾਲ ਕੀਤੀ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਉਮੀਦਾਂ ਤੋਂ ਆਤਮਨਿਰਭਰਤਾ ਤੱਕ ਦਾ ਇਹ ਸਫ਼ਰ ਹੀ ਵਿਕਸਿਤ ਭਾਰਤ ਦੇ ਨਿਰਮਾਣ ਦੀ ਅਸਲੀ ਊਰਜਾ ਹੈ।”
ਪ੍ਰਧਾਨ ਮੰਤਰੀ ਨੇ ਆਈਆਈਟੀ ਖੜਗਪੁਰ ਦੀ ਸਥਾਪਨਾ ਤੋਂ ਲੈ ਕੇ ਇਸ ਦੇ ਸਫ਼ਰ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਸ ਦੀ ਸ਼ੁਰੂਆਤ ਨਵੇਂ ਆਜ਼ਾਦ ਹੋਏ ਭਾਰਤ ਵਿੱਚ ਉਸ ਸਮੇਂ ਹੋਈ ਸੀ, ਜਦੋਂ ਹਾਲੇ ਪਹਿਲੀਆਂ ਆਮ ਚੋਣਾਂ ਵੀ ਨਹੀਂ ਹੋਈਆਂ ਸਨ ਅਤੇ ਦੇਸ਼ ਨੂੰ ਆਪਣੇ ਉਦਯੋਗ ਤੇ ਬੁਨਿਆਦੀ ਢਾਂਚੇ ਲਈ ਇੰਜੀਨੀਅਰਾਂ ਦੀ ਲੋੜ ਸੀ। ਜਿਵੇਂ-ਜਿਵੇਂ ਭਾਰਤ ਦੀਆਂ ਵਿਗਿਆਨਕ ਸਮਰੱਥਾਵਾਂ ਵਧੀਆਂ, ਇੱਥੋਂ ਦੇ ਗ੍ਰੈਜੂਏਟਾਂ ਨੇ ਪੁਲਾੜ ਅਤੇ ਪਰਮਾਣੂ ਊਰਜਾ ਪ੍ਰੋਗਰਾਮਾਂ ਨੂੰ ਅੱਗੇ ਵਧਾਇਆ, ਅਤੇ ਬਾਅਦ ਵਿੱਚ ਸੂਚਨਾ ਤਕਨਾਲੋਜੀ ਦੇ ਯੁੱਗ ਤੇ ਆਲਮੀ ਅਰਥਵਿਵਸਥਾ ਦੇ ਦੌਰ ਵਿੱਚ ਭਾਰਤ ਦੇ ਸਾਫਟਵੇਅਰ ਉਦਯੋਗ ਨੂੰ ਮਜ਼ਬੂਤ ਕੀਤਾ ਅਤੇ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਦੀ ਅਗਵਾਈ ਕੀਤੀ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਸ ਸੰਸਥਾ ਨੇ ਹਰ ਦੌਰ ਵਿੱਚ ਰਾਸ਼ਟਰ ਨਿਰਮਾਣ ਦੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਹਮੇਸ਼ਾ ਅੱਗੇ ਵਧ ਕੇ ਕੰਮ ਕੀਤਾ ਹੈ ਅਤੇ ਜਿਵੇਂ-ਜਿਵੇਂ ਭਾਰਤ ਵਿਕਸਿਤ ਭਾਰਤ ਵੱਲ ਵਧ ਰਿਹਾ ਹੈ, ਇਸ ਦਾ 75 ਵਰ੍ਹਿਆਂ ਦਾ ਤਜਰਬਾ ਦੇਸ਼ ਦੇ ਵਿਕਾਸ ਅਤੇ ਨਵੀਨਤਾ ਦੇ ਖੇਤਰ ਵਿੱਚ ਦੇਸ਼ ਦੀ ਪਛਾਣ ਵਿੱਚ ਵੱਡੀ ਭੂਮਿਕਾ ਨਿਭਾਏਗਾ। ਉਨ੍ਹਾਂ ਨੇ ਵਿਦਿਆਰਥੀਆਂ ਵਿੱਚ ਪੂਰਾ ਭਰੋਸਾ ਪ੍ਰਗਟਾਇਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਅੱਜ ਦੇ ਉਮੀਦਾਂ ਭਰੇ ਭਾਰਤ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੋਗੇ।”
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਿਸੇ ਦੀ ਸਮਰੱਥਾ ਇਸ ਗੱਲ ਤੋਂ ਤੈਅ ਨਹੀਂ ਹੁੰਦੀ ਕਿ ਉਹ ਕਿੰਨੀ ਜਲਦੀ ਸੰਤੁਸ਼ਟ ਹੋ ਕੇ ਬੈਠ ਜਾਂਦਾ ਹੈ, ਸਗੋਂ ਇਸ ਗੱਲ ਤੋਂ ਤੈਅ ਹੁੰਦੀ ਹੈ ਕਿ ਉਹ ਰੁਕਾਵਟਾਂ ਨੂੰ ਚੁਣੌਤੀ ਦੇਣ ਦੀ ਕਿੰਨੀ ਹਿੰਮਤ ਰੱਖਦਾ ਹੈ। ਉਨ੍ਹਾਂ ਕਿਹਾ ਕਿ ਲੋਕ ਅਕਸਰ ਆਪਣੀ ਸੋਚ ’ਤੇ ਖੁਦ ਹੀ ਹੱਦਾਂ ਲਗਾ ਲੈਂਦੇ ਹਨ, ਜਿਸ ਨੂੰ ‘ਲਿਮਿਟਿੰਗ ਬਿਲੀਫਸ’ ਭਾਵ ਸੀਮਤ ਸੋਚ ਕਿਹਾ ਜਾਂਦਾ ਹੈ, ਜੋ ਉਨ੍ਹਾਂ ਦੇ ਸੁਪਨਿਆਂ, ਉਨ੍ਹਾਂ ਦੀ ਪ੍ਰਤਿਭਾ ਅਤੇ ਉਨ੍ਹਾਂ ਦੇ ਦੇਸ਼ ਦੀ ਸਮਰੱਥਾ ਨੂੰ ਸੀਮਤ ਕਰ ਦਿੰਦੀ ਹੈ, ਜਿਸ ਨਾਲ ਉਹ ਖੁਦ ਹੀ ਇਹ ਤੈਅ ਕਰ ਲੈਂਦੇ ਹਨ ਕਿ ਕੀ ਸੰਭਵ ਹੈ ਅਤੇ ਕੀ ਨਹੀਂ। ਸ਼੍ਰੀ ਮੋਦੀ ਨੇ ਕਿਹਾ, “ਅਸੀਂ ਆਪਣੀ ਸੋਚ ਦੀ ਹੱਦ ਨੂੰ ਹੀ ਦੁਨੀਆ ਦੀ ਹੱਦ ਮੰਨ ਕੇ ਬੈਠ ਜਾਂਦੇ ਹਾਂ।”
ਉਨ੍ਹਾਂ ਕਿਹਾ ਕਿ ਰਾਸ਼ਟਰ ਵੀ ਆਪਣੀਆਂ ਸਮਰੱਥਾਵਾਂ ਨੂੰ ਉਦੋਂ ਹੀ ਪਛਾਣਦੇ ਹਨ ਜਦੋਂ ਉਹ ਆਪਣੀ ਸੋਚ ਦੀਆਂ ਹੱਦਾਂ ਤੋੜਦੇ ਹਨ, ਜਿਵੇਂ ਕਿ ਭਾਰਤ ਨੇ ਹਾਲ ਹੀ ਦੇ ਵਰ੍ਹਿਆਂ ਵਿੱਚ ਕਰਕੇ ਦਿਖਾਇਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਭਾਰਤ ਨੇ ਡੰਕੇ ਦੀ ਚੋਟ ’ਤੇ ਕਿਹਾ: ਹੱਦਾਂ ਤੋੜੋ, ਸੰਭਾਵਨਾਵਾਂ ਦੇ ਦਰ ਖੋਲ੍ਹੋ।”
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ 12 ਵਰ੍ਹਿਆਂ ਦੌਰਾਨ, ਸਰਕਾਰ ਨੇ ਗ਼ਰੀਬਾਂ ਨੂੰ ਮਜ਼ਬੂਤ ਤੇ ਸਸ਼ਕਤ ਬਣਾ ਕੇ ਅਤੇ ਉਨ੍ਹਾਂ ਦੇ ਰਹਿਣ-ਸਹਿਣ ਦੀ ਸੌਖ ਲਈ ਯੋਜਨਾਵਾਂ ਸ਼ੁਰੂ ਕਰਕੇ ਉਸ ਮਾਨਸਿਕਤਾ ਨੂੰ ਬਦਲਿਆ ਹੈ, ਜਿਸ ਦੇ ਨਤੀਜੇ ਅੱਜ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਇਸ ਪ੍ਰਾਪਤੀ ਦੀ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਵਿਸ਼ਵ ਬੈਂਕ ਦੀ ਤਾਜ਼ਾ ਰਿਪੋਰਟ ਦਾ ਹਵਾਲਾ ਦਿੱਤਾ, ਜਿਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਸਿਰਫ਼ 12 ਤੋਂ 13 ਵਰ੍ਹਿਆਂ ਵਿੱਚ 50 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਨਿਕਲੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਇਹ ਕੋਈ ਛੋਟਾ ਬਦਲਾਅ ਨਹੀਂ ਹੈ; ਇਹ ਉਸ ਸੋਚ ਦਾ ਨਤੀਜਾ ਹੈ ਜੋ ਕਹਿੰਦੀ ਹੈ: ਹੱਦਾਂ ਤੋੜੋ।”
ਸੈਮੀਕੰਡਕਟਰ ਮਿਸ਼ਨ ਨੂੰ ਇੱਕ ਹੋਰ ਉਦਾਹਰਨ ਵਜੋਂ ਪੇਸ਼ ਕਰਦਿਆਂ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸ ਦੀ ਸ਼ੁਰੂਆਤ ਵੇਲੇ ਕਈ ਸਵਾਲ ਉਠਾਏ ਗਏ ਸਨ ਕਿ ਜਦੋਂ ਦੂਜੇ ਦੇਸ਼ 50 ਵਰ੍ਹਿਆਂ ਤੋਂ ਸੈਮੀਕੰਡਕਟਰ ਬਣਾ ਰਹੇ ਹਨ ਤਾਂ ਹੁਣ ਇਸ ਦੀ ਕੀ ਲੋੜ ਹੈ ਅਤੇ ਭਾਰਤ ਹੁਣ ਕੀ ਹਾਸਲ ਕਰ ਲਵੇਗਾ। ਸ਼੍ਰੀ ਮੋਦੀ ਨੇ ਕਿਹਾ, “ਇਸ ਲਈ, ਜਦੋਂ ਮੈਂ ਸੈਮੀਕੰਡਕਟਰ ਮਿਸ਼ਨ ਦੀ ਗੱਲ ਕੀਤੀ, ਤਾਂ ਕਿਹਾ ਗਿਆ ਕਿ ਹੁਣ ਬਹੁਤ ਦੇਰ ਹੋ ਚੁੱਕੀ ਹੈ।”
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਹ ਆਪਣੇ ਇਰਾਦੇ ’ਤੇ ਦ੍ਰਿੜ੍ਹ ਰਹੇ ਅਤੇ ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਪਹਿਲਾਂ ਦੇਰੀ ਹੋਣ ਕਾਰਨ ਭਾਰਤ ਨੂੰ ਹੁਣ ਵੀ ਹੱਥ ’ਤੇ ਹੱਥ ਧਰ ਕੇ ਬੈਠੇ ਰਹਿਣਾ ਚਾਹੀਦਾ ਹੈ। ਉਨ੍ਹਾਂ ਯਾਦ ਕੀਤਾ ਕਿ ਕਿਵੇਂ ਉਨ੍ਹਾਂ ਨੇ ਖੁਦ ਅਧਿਕਾਰੀਆਂ ਨੂੰ ਨਾਲ ਲੈ ਕੇ ਯੋਜਨਾਵਾਂ ਤਿਆਰ ਕਰਵਾਈਆਂ ਅਤੇ ਇਸ ਕੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੱਸਿਆ ਕਿ ਚਾਰ ਵਰ੍ਹਿਆਂ ਦੇ ਅੰਦਰ ਦੇਸ਼ ਭਰ ਵਿੱਚ ਕਈ ਸੈਮੀਕੰਡਕਟਰ ਸਹੂਲਤਾਂ ਸ਼ੁਰੂ ਹੋ ਗਈਆਂ ਹਨ, ਭਾਰਤ ਨੇ ਚਿੱਪਸ ਦੀ ਬਰਾਮਦ ਸ਼ੁਰੂ ਕਰ ਦਿੱਤੀ ਹੈ, ਅਤੇ ਆਈਆਈਟੀ ਖੜਗਪੁਰ ਦੇ ਸਾਬਕਾ ਵਿਦਿਆਰਥੀ ਇਨ੍ਹਾਂ ਵਿੱਚੋਂ ਕਈ ਸਹੂਲਤਾਂ ਦੀ ਅਗਵਾਈ ਕਰ ਰਹੇ ਹਨ ਤੇ ਉਨ੍ਹਾਂ ਨੂੰ ਚਲਾ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਪਰ ਸੋਚੋ, ਜੇਕਰ ਅਸੀਂ ਇਹ ਮੰਨ ਲਿਆ ਹੁੰਦਾ ਕਿ ਉੱਥੇ ਤਾਂ ਇਹ ਬਣ ਹੀ ਰਿਹਾ ਹੈ ਅਤੇ ਹੁਣ ਅਸੀਂ ਸੈਮੀਕੰਡਕਟਰ ਕਿਉਂ ਬਣਾਈਏ, ਤਾਂ ਕੁਝ ਵੀ ਨਹੀਂ ਹੋਣਾ ਸੀ।”
ਪੁਲਾੜ ਖੇਤਰ ਦੀ ਇੱਕ ਹੋਰ ਮਜ਼ਬੂਤ ਉਦਾਹਰਨ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਪੁਲਾੜ ਪ੍ਰਣਾਲੀ ਪਹਿਲਾਂ ਇਸਰੋ ਤੱਕ ਹੀ ਸੀਮਤ ਸੀ, ਜਿੱਥੇ ਦਾਖਲਾ ਕਾਫ਼ੀ ਹੱਦ ਤੱਕ ਸੀਮਤ ਹੁੰਦਾ ਸੀ ਅਤੇ ਹਰ ਲਾਂਚ ਜਾਂ ਮਿਸ਼ਨ ਦੀ ਆਪਣੀ ਵੱਖਰੀ ਵਿਵਸਥਾ ਸੀ, ਜਿਸ ਕਾਰਨ ਸੰਸਥਾ ਤੋਂ ਬਾਹਰ ਦੇ ਪ੍ਰਤਿਭਾਸ਼ਾਲੀ ਨੌਜਵਾਨਾਂ ਕੋਲ ਬਹੁਤ ਘੱਟ ਮੌਕੇ ਸਨ। ਉਨ੍ਹਾਂ ਯਾਦ ਕੀਤਾ ਕਿ ਕਿਵੇਂ ਉਨ੍ਹਾਂ ਨੇ ਮੰਤਰਾਲੇ ਨੂੰ ਕਿਹਾ ਕਿ ਨੌਜਵਾਨ ਨਵੀਨਕਾਰਾਂ ਨੂੰ ਮੌਕਾ ਮਿਲਣਾ ਚਾਹੀਦਾ ਹੈ ਅਤੇ ਭਾਰਤ ਦੇ ਪੁਲਾੜ ਖੇਤਰ ਨੂੰ ਦੇਸ਼ ਦੇ ਨੌਜਵਾਨਾਂ ਲਈ ਖੋਲ੍ਹ ਦਿੱਤਾ। ਉਨ੍ਹਾਂ ਇਸ ਗੱਲ ’ਤੇ ਚਾਨਣਾ ਪਾਇਆ ਕਿ ਆਈਆਈਟੀ ਖੜਗਪੁਰ ਦੇ ਸਾਬਕਾ ਵਿਦਿਆਰਥੀ ਪਵਨ ਨੇ ‘ਸਕਾਈਰੂਟ ਐਰੋਸਪੇਸ’ ਬਣਾ ਕੇ ਭਾਰਤ ਨੂੰ ਆਪਣਾ ਪਹਿਲਾ ਪ੍ਰਾਈਵੇਟ ਰਾਕੇਟ ਲਾਂਚ ਕਰਨ ਦਾ ਮਾਣ ਦਿਵਾਇਆ ਹੈ, ਅਤੇ ਇਸ ਦੇ ਨਾਲ ਹੀ ਅੱਜ ਕਈ ਸਪੇਸ ਸਟਾਰਟਅੱਪਸ ਭਾਰਤ ਦੇ ਪੁਲਾੜ ਪ੍ਰੋਗਰਾਮ ਨੂੰ ਤੇਜ਼ੀ ਨਾਲ ਅੱਗੇ ਵਧਾ ਰਹੇ ਹਨ ਅਤੇ ਜੋ ਕਦੇ ਅਸੰਭਵ ਲੱਗਦਾ ਸੀ ਉਸ ਨੂੰ ਹਕੀਕਤ ਵਿੱਚ ਬਦਲ ਰਹੇ ਹਨ। ਸ਼੍ਰੀ ਮੋਦੀ ਨੇ ਕਿਹਾ, “ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਤੁਹਾਡੇ ਸਾਬਕਾ ਵਿਦਿਆਰਥੀਆਂ ਨੇ ਇਸ ਅਸੰਭਵ ਨੂੰ ਸੰਭਵ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ।”
ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੇਸ਼ ਨੂੰ ਵਿਦਿਆਰਥੀਆਂ ਤੋਂ ਬਹੁਤ ਉਮੀਦਾਂ ਹਨ, ਕਿਉਂਕਿ ਆਉਣ ਵਾਲੇ ਦੋ ਦਹਾਕੇ ਉਨ੍ਹਾਂ ਦੇ ਜੀਵਨ ਦੇ ਸਭ ਤੋਂ ਵੱਧ ਉਸਾਰੂ ਵਰ੍ਹਿਆਂ ਵਿੱਚੋਂ ਹੋਣਗੇ ਅਤੇ ਭਾਰਤ ਦੇ ਵਿਕਾਸ ਦੇ ਵੀ ਸਭ ਤੋਂ ਫੈਸਲਾਕੁੰਨ ਵਰ੍ਹੇ ਹੋਣਗੇ। ਉਨ੍ਹਾਂ ਕਿਹਾ ਕਿ 2047 ਤੱਕ ਉਨ੍ਹਾਂ ਵਿੱਚੋਂ ਬਹੁਤ ਸਾਰੇ ਲੀਡਰਸ਼ਿਪ ਦੇ ਅਹੁਦਿਆਂ ’ਤੇ ਹੋਣਗੇ, ਜਿਸ ਕਾਰਨ ਉਨ੍ਹਾਂ ਦੀ ਹਰ ਸਫਲਤਾ ਦੇਸ਼ ਲਈ ਅਹਿਮ ਹੋਵੇਗੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਤਾਕੀਦ ਕੀਤੀ ਕਿ ਉਹ ਹਮੇਸ਼ਾ ਖੁਦ ਤੋਂ ਇਹ ਸਵਾਲ ਪੁੱਛਣ ਕਿ ਉਹ ਦੇਸ਼ ਦੀ ਕਿਹੜੀ ਚੁਣੌਤੀ ਨੂੰ ਹੱਲ ਕਰਨ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹਨ ਅਤੇ ਉਨ੍ਹਾਂ ਦੇ ‘ਰਾਸ਼ਟਰ ਪ੍ਰਥਮ’ ਦੇ ਮੰਤਰ ਨੂੰ ਯਾਦ ਰੱਖਣ। ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਜਦੋਂ ਤੁਸੀਂ ਇਸ ਮਾਨਸਿਕਤਾ ਨਾਲ ਅੱਗੇ ਵਧੋਗੇ, ਤਾਂ ਯਕੀਨੀ ਤੌਰ ’ਤੇ ਇਹ ਤੁਹਾਡੇ ਲਈ ਵੀ ਨਵੇਂ ਮੌਕੇ ਲੈ ਕੇ ਆਵੇਗਾ ਅਤੇ ਦੇਸ਼ ਨੂੰ ਵੀ ਬਹੁਤ ਲਾਭ ਹੋਵੇਗਾ।”
ਪ੍ਰਧਾਨ ਮੰਤਰੀ ਨੇ ਪਿਛਲੇ 75 ਵਰ੍ਹਿਆਂ ਦੌਰਾਨ ਕੀਤੇ ਗਏ ਉਨ੍ਹਾਂ ਦੇ ਸ਼ਾਨਦਾਰ ਕੰਮ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਸਖ਼ਤ ਮਿਹਨਤ ਕਰਨ ਤੇ ਸੰਸਥਾ ਦੇ 100 ਸਾਲਾ ਸਮਾਗਮ ਨੂੰ ਵਿਕਸਿਤ ਭਾਰਤ ਵਿੱਚ ਮਨਾਉਣ ਦੇ ਦ੍ਰਿੜ੍ਹ ਸੰਕਲਪ ਨਾਲ ਅੱਗੇ ਵਧਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਸਵਾਮੀ ਵਿਵੇਕਾਨੰਦ ਦੇ ਸ਼ਬਦਾਂ, ‘ਉੱਠੋ, ਜਾਗੋ ਅਤੇ ਉਦੋਂ ਤੱਕ ਨਾ ਰੁਕੋ ਜਦੋਂ ਤੱਕ ਟੀਚਾ ਪ੍ਰਾਪਤ ਨਾ ਹੋ ਜਾਵੇ’ ਦਾ ਹਵਾਲਾ ਦਿੰਦਿਆਂ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ।
There are no limits to what young minds can achieve. Speaking at the Platinum Jubilee celebrations of IIT Kharagpur. @IITKgp https://t.co/VkB3UO2Rkn
— Narendra Modi (@narendramodi) November 21, 2026
आज जब हम विकसित भारत के लक्ष्य के साथ आगे बढ़ रहे हैं तो IIT खड़गपुर का 75 वर्षों का अनुभव देश के विकास में, देश के innovation profile में बहुत बड़ी भूमिका निभाने वाला है: PM @narendramodi at Platinum Jubilee celebrations of @IITKgp
— PMO India (@PMOIndia) November 21, 2026
राष्ट्र भी अपनी क्षमताओं को तभी पहचानते हैं जब वे अपनी सोच की सीमाओं को तोड़ते हैं।
पिछले कुछ वर्षों में भारत ने यही करके दिखाया है।
भारत ने डंके की चोट पर कहा… Break the Limits. Unlock the Possibilities: PM @narendramodi
— PMO India (@PMOIndia) November 21, 2026
Nation First… जब आप इस mindset से आगे बढ़ेंगे तो निश्चित ही, ये आपके लिए भी नए अवसर लेकर आएगा और देश को भी बहुत लाभ होगा: PM @narendramodi at @IITKgp Platinum Jubilee celebrations
— PMO India (@PMOIndia) November 21, 2026
************
ਐੱਮਜੇਪੀਐੱਸ/ਐੱਸਐੱਸ/ਵੀਜੇ/ਪੀਆਰਕੇ
There are no limits to what young minds can achieve. Speaking at the Platinum Jubilee celebrations of IIT Kharagpur. @IITKgp https://t.co/VkB3UO2Rkn
— Narendra Modi (@narendramodi) November 21, 2026
आज जब हम विकसित भारत के लक्ष्य के साथ आगे बढ़ रहे हैं तो IIT खड़गपुर का 75 वर्षों का अनुभव देश के विकास में, देश के innovation profile में बहुत बड़ी भूमिका निभाने वाला है: PM @narendramodi at Platinum Jubilee celebrations of @IITKgp
— PMO India (@PMOIndia) November 21, 2026
राष्ट्र भी अपनी क्षमताओं को तभी पहचानते हैं जब वे अपनी सोच की सीमाओं को तोड़ते हैं। पिछले कुछ वर्षों में भारत ने यही करके दिखाया है। भारत ने डंके की चोट पर कहा... Break the Limits. Unlock the Possibilities: PM @narendramodi
— PMO India (@PMOIndia) November 21, 2026
Nation First... जब आप इस mindset से आगे बढ़ेंगे तो निश्चित ही, ये आपके लिए भी नए अवसर लेकर आएगा और देश को भी बहुत लाभ होगा: PM @narendramodi at @IITKgp Platinum Jubilee celebrations
— PMO India (@PMOIndia) November 21, 2026