Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 21 ਨਵੰਬਰ ਨੂੰ ਬਿਹਾਰ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 21 ਨਵੰਬਰ, 2026 ਨੂੰ ਬਿਹਾਰ ਦਾ ਦੌਰਾ ਕਰਨਗੇ। ਉਹ ਦੁਪਹਿਰ ਲਗਭਗ 1:15 ਵਜੇ ਵੈਸ਼ਾਲੀ ਜ਼ਿਲ੍ਹੇ ਵਿੱਚ ਨੀਤੀਸ਼ ਸੇਤੂ ਦਾ ਦੌਰਾ ਕਰਨਗੇ। ਇਸ ਤੋਂ ਬਾਅਦ, ਦੁਪਹਿਰ ਲਗਭਗ 2 ਵਜੇ ਉਹ ਵੈਸ਼ਾਲੀ ਵਿੱਚ ਲਗਭਗ 34,470 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਸ ਮੌਕੇ ’ਤੇ ਉਹ ਇਕੱਠ ਨੂੰ ਸੰਬੋਧਨ ਵੀ ਕਰਨਗੇ।

ਇਨ੍ਹਾਂ ਪ੍ਰੋਜੈਕਟਾਂ ਵਿੱਚ ਸੜਕੀ ਸੰਪਰਕ, ਊਰਜਾ, ਸ਼ਹਿਰੀ ਬੁਨਿਆਦੀ ਢਾਂਚਾ, ਜਲ ਸਰੋਤ, ਸਿੱਖਿਆ, ਸਿਹਤ ਸੇਵਾ, ਟ੍ਰਾਂਸਪੋਰਟ ਅਤੇ ਹੋਰ ਮਹੱਤਵਪੂਰਨ ਖੇਤਰ ਸ਼ਾਮਲ ਹਨ। ਇਨ੍ਹਾਂ ਦਾ ਉਦੇਸ਼ ਪੂਰੇ ਰਾਜ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਅਤੇ ਜਨਤਕ ਸੇਵਾਵਾਂ ਵਿੱਚ ਸੁਧਾਰ ਕਰਨਾ ਹੈ।

ਪ੍ਰਧਾਨ ਮੰਤਰੀ ਲਗਭਗ 4,280 ਕਰੋੜ ਰੁਪਏ ਦੀ ਲਾਗਤ ਨਾਲ ਗੰਗਾ ਨਦੀ ’ਤੇ ਬਣੇ ਐਕਸਟ੍ਰਾਡੋਜ਼ਡ ਕੇਬਲ-ਸਟੇਅ ਪੁਲ, ਨੀਤੀਸ਼ ਸੇਤੂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। 19.7 ਕਿਲੋਮੀਟਰ ਲੰਬਾ ਇਹ ਪ੍ਰੋਜੈਕਟ ਪਟਨਾ ਜ਼ਿਲ੍ਹੇ ਵਿੱਚ ਰਾਸ਼ਟਰੀ ਰਾਜਮਾਰਗ-22 ’ਤੇ ਕੱਚੀ ਦਰਗਾਹ ਨੂੰ ਵੈਸ਼ਾਲੀ ਜ਼ਿਲ੍ਹੇ ਵਿੱਚ ਰਾਸ਼ਟਰੀ ਰਾਜਮਾਰਗ-322 ’ਤੇ ਬਿਦੂਪੁਰ ਨਾਲ ਜੋੜਦਾ ਹੈ। ਇਸ ਵਿੱਚ 9.7 ਕਿਲੋਮੀਟਰ ਲੰਬਾ ਮੁੱਖ ਪੁਲ ਅਤੇ 10 ਕਿਲੋਮੀਟਰ ਲੰਬੀਆਂ ਸੰਪਰਕ ਸੜਕਾਂ ਸ਼ਾਮਲ ਹਨ।

ਇਹ ਪੁਲ ਗੰਗਾ ਨਦੀ ’ਤੇ ਆਵਾਜਾਈ ਦਾ ਇੱਕ ਮਹੱਤਵਪੂਰਨ ਵਾਧੂ ਰਸਤਾ ਮੁਹੱਈਆ ਕਰਵਾਏਗਾ। ਇਸ ਨਾਲ ਮੌਜੂਦਾ ਮਹਾਤਮਾ ਗਾਂਧੀ ਸੇਤੂ ਅਤੇ ਜੇਪੀ ਸੇਤੂ ’ਤੇ ਆਵਾਜਾਈ ਦਾ ਦਬਾਅ ਘੱਟ ਹੋਵੇਗਾ ਅਤੇ ਉੱਤਰੀ ਤੇ ਦੱਖਣੀ ਬਿਹਾਰ ਦਰਮਿਆਨ ਸਫ਼ਰ ਦਾ ਸਮਾਂ ਘਟੇਗਾ। ਇਸ ਨਾਲ ਵਿਸ਼ੇਸ਼ ਤੌਰ ’ਤੇ ਰਾਘੋਪੁਰ ਦਿਆਰਾ ਦੇ ਵਸਨੀਕਾਂ ਨੂੰ ਲਾਭ ਹੋਵੇਗਾ, ਕਿਉਂਕਿ ਪਟਨਾ ਅਤੇ ਸਿਹਤ ਸੇਵਾ ਤੇ ਸਿੱਖਿਆ ਵਰਗੀਆਂ ਜ਼ਰੂਰੀ ਸਹੂਲਤਾਂ ਤੱਕ ਉਨ੍ਹਾਂ ਦੀ ਪਹੁੰਚ ਬਿਹਤਰ ਹੋਵੇਗੀ। ਇਹ ਪ੍ਰੋਜੈਕਟ ਖੇਤੀਬਾੜੀ ਉਤਪਾਦਾਂ ਅਤੇ ਉਦਯੋਗਿਕ ਵਸਤਾਂ ਦੀ ਆਵਾਜਾਈ ਨੂੰ ਵੀ ਸੁਖਾਲਾ ਬਣਾਏਗਾ, ਬਾਜ਼ਾਰਾਂ ਤੱਕ ਪਹੁੰਚ ਬਿਹਤਰ ਕਰੇਗਾ ਅਤੇ ਪੂਰੇ ਖੇਤਰ ਵਿੱਚ ਵਪਾਰ ਤੇ ਕਾਰੋਬਾਰ ਨੂੰ ਹੁਲਾਰਾ ਦੇਵੇਗਾ। ਇਸ ਨਾਲ ਬਿਹਾਰ ਦੇ ਆਰਥਿਕ ਵਿਕਾਸ ਵਿੱਚ ਯੋਗਦਾਨ ਮਿਲੇਗਾ।

ਪ੍ਰਧਾਨ ਮੰਤਰੀ 15,600 ਕਰੋੜ ਰੁਪਏ ਤੋਂ ਵੱਧ ਦੇ ਕਈ ਪ੍ਰਮੁੱਖ ਬੁਨਿਆਦੀ ਢਾਂਚਾ ਅਤੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਪ੍ਰਮੁੱਖ ਸੜਕੀ ਪ੍ਰੋਜੈਕਟਾਂ ਵਿੱਚ ਐੱਨਐੱਚ-19 ਦੇ ਔਰੰਗਾਬਾਦ-ਚੋਰਦਾਹਾ ਖੰਡ, ਐੱਨਐੱਚ-227ਐੱਫ ਦੇ ਚੋਰਮਾ-ਬੈਰਗਨੀਆ ਖੰਡ ਅਤੇ ਐੱਨਐੱਚ-327 ਦੇ ਉਮਗਾਂਵ-ਸਹਰਸਾ ਖੰਡ ਦਾ ਛੇ ਲੇਨ ਵਿੱਚ ਨਿਰਮਾਣ ਸ਼ਾਮਲ ਹੈ। ਇਨ੍ਹਾਂ ਤੋਂ ਇਲਾਵਾ ਹੋਰ ਪ੍ਰੋਜੈਕਟ ਵੀ ਸ਼ਾਮਲ ਹਨ।

ਊਰਜਾ ਖੇਤਰ ਵਿੱਚ ਪ੍ਰਧਾਨ ਮੰਤਰੀ 1,320 ਮੈਗਾਵਾਟ ਦੇ ਬਕਸਰ ਤਾਪ ਬਿਜਲੀ ਪ੍ਰੋਜੈਕਟ ਦੇ ਯੂਨਿਟ-2 (660 ਮੈਗਾਵਾਟ) ਦਾ ਉਦਘਾਟਨ ਕਰਨਗੇ। ਇਸ ਦੇ ਨਾਲ ਹੀ ਉਹ ਊਰਜਾ ਵਿਭਾਗ ਦੇ ਤਹਿਤ ਬਿਜਲੀ ਵੰਡ ਅਤੇ ਪ੍ਰਸਾਰਣ ਬੁਨਿਆਦੀ ਢਾਂਚੇ ਨਾਲ ਜੁੜੇ ਪ੍ਰੋਜੈਕਟਾਂ ਦਾ ਵੀ ਉਦਘਾਟਨ ਕਰਨਗੇ। ਇਨ੍ਹਾਂ ਵਿੱਚ 1,130 ਕਰੋੜ ਰੁਪਏ ਤੋਂ ਵੱਧ ਦੀ ਪੁਨਰਗਠਿਤ ਵੰਡ ਖੇਤਰ ਯੋਜਨਾ (ਆਰਡੀਐੱਸਐੱਸ) ਦੇ ਤਹਿਤ ਨੁਕਸਾਨ ਘੱਟ ਕਰਨ ਨਾਲ ਸਬੰਧਿਤ ਕੰਮ ਵੀ ਸ਼ਾਮਲ ਹਨ। ਉਦਘਾਟਨ ਕੀਤੇ ਜਾਣ ਵਾਲੇ ਹੋਰ ਪ੍ਰੋਜੈਕਟਾਂ ਵਿੱਚ ਨਹਿਰਾਂ ਅਤੇ ਬੰਨ੍ਹਾਂ ਦੀ ਮੁੜ-ਬਹਾਲੀ ਤੇ ਮਜ਼ਬੂਤੀਕਰਨ, ਨਵਾਦਾ ਦੇ ਫੁਲਵਰੀਆ ਡੈਮ ਵਿੱਚ ਫਲੋਟਿੰਗ ਸੋਲਰ ਪ੍ਰੋਜੈਕਟ ਅਤੇ ਕਹਿਲਗਾਂਵ ਵਿੱਚ ਸੀਵਰੇਜ ਬੁਨਿਆਦੀ ਢਾਂਚੇ ਨਾਲ ਸਬੰਧਿਤ ਪ੍ਰੋਜੈਕਟ ਸ਼ਾਮਲ ਹਨ। ਪ੍ਰਧਾਨ ਮੰਤਰੀ ਵਿੱਦਿਅਕ ਸੰਸਥਾਵਾਂ, ਰਿਹਾਇਸ਼ੀ ਸਕੂਲਾਂ, ਸਿਹਤ ਸੇਵਾਵਾਂ, ਖੇਤੀਬਾੜੀ, ਖੇਡਾਂ ਅਤੇ ਲੋਕ ਪ੍ਰਸ਼ਾਸਨ ਨਾਲ ਸਬੰਧਤ ਇਮਾਰਤਾਂ ਤੇ ਸਹੂਲਤਾਂ ਦਾ ਵੀ ਉਦਘਾਟਨ ਕਰਨਗੇ। ਇਨ੍ਹਾਂ ਪ੍ਰੋਜੈਕਟਾਂ ਨਾਲ ਸਿੰਚਾਈ, ਸ਼ਹਿਰੀ ਸੇਵਾਵਾਂ ਅਤੇ ਜ਼ਰੂਰੀ ਸਹੂਲਤਾਂ ਤੱਕ ਲੋਕਾਂ ਦੀ ਪਹੁੰਚ ਵਿੱਚ ਸੁਧਾਰ ਹੋਵੇਗਾ।

ਪ੍ਰਧਾਨ ਮੰਤਰੀ ਲਗਭਗ 14,450 ਕਰੋੜ ਰੁਪਏ ਦੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ। ਇਨ੍ਹਾਂ ਵਿੱਚ 3,800 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ ਕੀਤੇ ਜਾਣ ਵਾਲੇ ਐੱਨਐੱਚ-139ਡਬਲਿਊ ਦੇ ਸਾਹਿਬਗੰਜ-ਅਰੇਰਾਜ-ਬੇਤੀਆ ਖੰਡ ਦਾ ਚਾਰ ਲੇਨ ਵਿੱਚ ਨਿਰਮਾਣ ਅਤੇ ਪੀਰਪੈਂਤੀ ਸੁਪਰ ਥਰਮਲ ਪਾਵਰ ਪ੍ਰੋਜੈਕਟ (3 x 800 ਮੈਗਾਵਾਟ) ਲਈ ਲਗਭਗ 3,350 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਵਾਲਾ ਬਿਜਲੀ ਨਿਕਾਸੀ ਪ੍ਰੋਜੈਕਟ ਪ੍ਰਮੁੱਖ ਹਨ।

ਪ੍ਰਧਾਨ ਮੰਤਰੀ ਬੇਗੂਸਰਾਏ, ਬਿਹਾਰਸ਼ਰੀਫ, ਪੂਰਨੀਆ, ਹਾਜੀਪੁਰ, ਮੋਤੀਹਾਰੀ, ਦਾਨਾਪੁਰ, ਖਗੜੀਆ, ਸਮਸਤੀਪੁਰ, ਬੋਧਗਯਾ, ਸੀਤਾਮੜ੍ਹੀ, ਸਹਰਸਾ ਅਤੇ ਹੋਰ ਸ਼ਹਿਰੀ ਖੇਤਰਾਂ ਵਿੱਚ ਸੀਵਰੇਜ ਤੇ ਜਲ ਸਪਲਾਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ। ਹੋਰ ਪ੍ਰੋਜੈਕਟਾਂ ਵਿੱਚ ਨਹਿਰੀ ਪ੍ਰਣਾਲੀਆਂ ਦਾ ਆਧੁਨਿਕੀਕਰਨ, ਡਾ. ਭੀਮ ਰਾਓ ਅੰਬੇਡਕਰ ਰਿਹਾਇਸ਼ੀ ਸਕੂਲ, ਆਈਆਈਟੀ ਪਟਨਾ ਦਾ ਰਿਸਰਚ ਪਾਰਕ ਤੇ ਹੋਸਟਲ, ਇੰਜੀਨੀਅਰਿੰਗ ਅਤੇ ਪੌਲੀਟੈਕਨਿਕ ਸੰਸਥਾਵਾਂ ਅਤੇ ਐਮਰਜੈਂਸੀ ਰਿਸਪਾਂਸ ਤੇ ਪੁਲਿਸ ਡੇਟਾ ਸੈਂਟਰ ਨਾਲ ਸਬੰਧਿਤ ਬੁਨਿਆਦੀ ਢਾਂਚਾ ਸ਼ਾਮਲ ਹਨ।

ਪ੍ਰਧਾਨ ਮੰਤਰੀ 100 ਪੀਐੱਮ-ਈ-ਬੱਸਾਂ ਨੂੰ ਰਵਾਨਾ ਕਰਨਗੇ, ਜਿਸ ਨਾਲ ਰਾਜ ਵਿੱਚ ਸਵੱਛ ਜਨਤਕ ਟ੍ਰਾਂਸਪੋਰਟ ਨੂੰ ਹੋਰ ਹੁਲਾਰਾ ਮਿਲੇਗਾ। ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਦੇ 26,900 ਤੋਂ ਵੱਧ ਲਾਭਪਾਤਰੀਆਂ ਦਾ ਗ੍ਰਹਿ ਪ੍ਰਵੇਸ਼ ਸਮਾਗਮ ਵੀ ਕਰਵਾਇਆ ਜਾਵੇਗਾ। ਇਹ ਸ਼ਹਿਰੀ ਪਰਿਵਾਰਾਂ ਨੂੰ ਮਕਾਨ ਮੁਹੱਈਆ ਕਰਵਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਹੋਵੇਗੀ।

**********

ਐੱਮਜੇਪੀਐੱਸ/ਐੱਸਐੱਸ/ਵੀਜੇ