Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਹਿਲੇ ਐੱਸਸੀਓ ਸੱਭਿਅਤਾਗਤ ਸੰਵਾਦ ਫੋਰਮ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਹਿਲੇ ਐੱਸਸੀਓ ਸੱਭਿਅਤਾਗਤ ਸੰਵਾਦ ਫੋਰਮ ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਪੁਰਾਣੇ ਕਿਲ੍ਹੇ ਵਿੱਚ ਪਹਿਲੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਸੱਭਿਅਤਾਗਤ ਸੰਵਾਦ ਫੋਰਮ ਦਾ ਉਦਘਾਟਨ ਕੀਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਨੇ ਐੱਸਸੀਓ ਮੈਂਬਰ ਦੇਸ਼ਾਂ ਤੋਂ ਆਏ ਪਤਵੰਤਿਆਂ, ਐੱਸਸੀਓ ਮੰਤਰੀਆਂ, ਰਾਜਦੂਤਾਂ, ਹਾਈ ਕਮਿਸ਼ਨਰਾਂ, ਵਿਦਵਾਨਾਂ, ਕਲਾਕਾਰਾਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਅਜਿਹੇ ਸਮੇਂ ਵਿੱਚ ਸੱਭਿਅਤਾਗਤ ਸਬੰਧਾਂ ’ਤੇ ਸੰਵਾਦ ਰਚਾਉਣ ਦੀ ਮਹੱਤਤਾ ’ਤੇ ਚਾਨਣਾ ਪਾਇਆ ਜਦੋਂ ਆਲਮੀ ਚਰਚਾਵਾਂ ਵਿੱਚ ਜੰਗ ਅਤੇ ਅਸ਼ਾਂਤੀ ਛਾਈ ਹੋਈ ਹੈ। ਉਨ੍ਹਾਂ ਕਿਹਾ ਕਿ ਸੱਭਿਆਚਾਰਕ ਸਾਂਝ ਵਿਸ਼ਵ ਸ਼ਾਂਤੀ ਦੀ ਸਭ ਤੋਂ ਮਜ਼ਬੂਤ ਗਾਰੰਟੀ ਵਜੋਂ ਕੰਮ ਕਰਦੀ ਹੈ ਅਤੇ ਇਹ ਸ਼ੰਘਾਈ ਸਹਿਯੋਗ ਸੰਗਠਨ ਦੀ 25ਵੀਂ ਵਰ੍ਹੇਗੰਢ ਅਤੇ ਸੁਰੱਖਿਆ, ਅਰਥਵਿਵਸਥਾ ਤੇ ਸੰਪਰਕ ਦੇ ਖੇਤਰ ਵਿੱਚ ਵਧ ਰਹੇ ਸਹਿਯੋਗ ਨੂੰ ਹੋਰ ਅੱਗੇ ਵਧਾਉਂਦੀ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਸਾਡੇ ਸਾਂਝੇ ਸੱਭਿਅਤਾਗਤ ਤਜਰਬੇ ਦੁਨੀਆ ਨੂੰ ਜੋੜਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣਗੇ।”

 

ਪੁਰਾਣੇ ਕਿਲ੍ਹੇ ਦੇ ਇਤਿਹਾਸਕ ਪਿਛੋਕੜ ਦਾ ਜ਼ਿਕਰ ਕਰਦਿਆਂ, ਜੋ ਕਿ ਇੱਕ ਅਜਿਹਾ ਸੱਭਿਆਚਾਰਕ ਵਿਰਾਸਤੀ ਸਥਾਨ ਹੈ ਜਿਸ ਦਾ ਇਤਿਹਾਸ ਵਿਦਵਾਨ ਹਜ਼ਾਰਾਂ ਸਾਲ ਪਿੱਛੇ ਮਹਾਭਾਰਤ ਕਾਲ ਨਾਲ ਜੋੜਦੇ ਹਨ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਿਵੇਂ ਇਸ ਪ੍ਰਾਚੀਨ ਸਥਾਨ ’ਤੇ ਸ਼ਾਨਦਾਰ ਸੱਭਿਆਚਾਰਕ ਪੇਸ਼ਕਾਰੀਆਂ, ਊਰਜਾਵਾਨ ਵੈਦਿਕ ਮੰਤਰਾਂ ਦੇ ਉਚਾਰਨ, ਬੋਧੀ ਦਰਸ਼ਨ ਦੀਆਂ ਪੇਸ਼ਕਾਰੀਆਂ ਅਤੇ ਹਨੂੰਮਾਨ ਜੀ ਦੀ ਯਾਤਰਾ ਦੇ ਚਿਤਰਣ ਨੇ ਭਾਰਤੀ ਸੱਭਿਆਚਾਰ ਦੇ ਨਾਲ-ਨਾਲ ਪਿਆਰ, ਏਕਤਾ ਅਤੇ ਮਨੁੱਖੀ ਭਲਾਈ ਦੇ ਉਨ੍ਹਾਂ ਸਰਵਵਿਆਪੀ ਸੰਦੇਸ਼ਾਂ ਨੂੰ ਪ੍ਰਦਰਸ਼ਿਤ ਕੀਤਾ ਹੈ ਜੋ ਭੂ-ਰਾਜਨੀਤਿਕ ਸਰਹੱਦਾਂ ਤੋਂ ਪਰੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਤੁਸੀਂ ਸਾਰੇ ਵੀ ਇਸ ਸਮਾਗਮ ਦਾ ਆਨੰਦ ਮਾਣੋਗੇ, ਅਤੇ ਇਸ ਨੂੰ ਇਤਿਹਾਸਕ ਬਣਾ ਕੇ ਇੱਕ ਨਵੀਂ ਪਰੰਪਰਾ ਦੀ ਨੀਂਹ ਵੀ ਰੱਖੋਗੇ ਜਿਸ ਦੇ ਲਈ ਭਵਿੱਖ ਤੁਹਾਨੂੰ ਸਾਰਿਆਂ ਨੂੰ ਯਾਦ ਰੱਖੇਗਾ।”

 

ਪ੍ਰਧਾਨ ਮੰਤਰੀ ਨੇ ਲਗਭਗ ਪੰਜ ਹਜ਼ਾਰ ਸਾਲ ਪਹਿਲਾਂ ਸਿੰਧੂ ਘਾਟੀ ਦੀ ਸੱਭਿਅਤਾ ਅਤੇ ਮੈਸੋਪੋਟਾਮੀਆ ਦਰਮਿਆਨ ਵਪਾਰਕ ਸਬੰਧਾਂ ਤੋਂ ਲੈ ਕੇ ਭਾਰਤ, ਚੀਨ, ਮੱਧ ਏਸ਼ੀਆ ਅਤੇ ਯੂਰੇਸ਼ੀਆ ਨੂੰ ਜੋੜਨ ਵਾਲੇ ਰੇਸ਼ਮ ਤੇ ਵਪਾਰਕ ਨੈੱਟਵਰਕਾਂ ਤੱਕ ਦੇ ਸਦੀਆਂ ਪੁਰਾਣੇ ਅੰਤਰਰਾਸ਼ਟਰੀ ਸਹਿਯੋਗ ਅਤੇ ਲੋਕਾਂ ਦੇ ਆਪਸੀ ਸਬੰਧਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਸੱਭਿਆਚਾਰਕ ਸੰਵਾਦ ਦੀ ਸਦੀਵੀ ਸ਼ਕਤੀ ’ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਉੱਥੇ ਵਪਾਰੀਆਂ, ਵਿਦਵਾਨਾਂ, ਯਾਤਰੀਆਂ ਅਤੇ ਫਾਹੀਆਨ, ਹਿਊਨ ਸਾਂਗ, ਯਿਜਿੰਗ ਤੇ ਕੂਚਾ ਵਿੱਚ ਜਨਮੇ ਕੁਮਾਰਜੀਵ ਵਰਗੇ ਬੋਧੀ ਭਿਕਸ਼ੂਆਂ ਨੇ ਨਾਲੰਦਾ ਵਰਗੀਆਂ ਸੰਸਥਾਵਾਂ ਅਤੇ ਕੂਚਾ ਤੇ ਦੁਨਹੁਆਂਗ ਵਰਗੇ ਕੇਂਦਰਾਂ ਦੇ ਨਾਲ ਮਿਲ ਕੇ ਵਿਚਾਰਾਂ, ਭਾਸ਼ਾਵਾਂ ਅਤੇ ਬੋਧੀ ਗ੍ਰੰਥਾਂ ਦੇ ਵਟਾਂਦਰੇ ਰਾਹੀਂ ਸੱਭਿਅਤਾਵਾਂ ਨੂੰ ਅਮੀਰ ਬਣਾਇਆ ਸੀ। ਸ਼੍ਰੀ ਮੋਦੀ ਨੇ ਕਿਹਾ, “ਸਾਮਰਾਜਾਂ ਨੇ ਬੇਸ਼ੱਕ ਦੁਨੀਆ ਦੇ ਨਕਸ਼ੇ ਬਦਲੇ ਹਨ, ਪਰ ਸੱਭਿਅਤਾਗਤ ਸੰਵਾਦਾਂ ਨੇ ਦੁਨੀਆ ਦੇ ਵਿਚਾਰਾਂ ਨੂੰ ਬਦਲਿਆ ਹੈ ਅਤੇ ਉਨ੍ਹਾਂ ਨੂੰ ਅਮੀਰ ਬਣਾਇਆ ਹੈ।”

 

ਇਹ ਦੱਸਦਿਆਂ ਕਿ ਜਦੋਂ ਗਿਆਨ ਵੱਖ-ਵੱਖ ਖੇਤਰਾਂ ਵਿੱਚੋਂ ਗੁਜ਼ਰਦਾ ਹੈ, ਤਾਂ ਉਸ ਦੇ ਪ੍ਰਗਟਾਵੇ ਦਾ ਰੂਪ ਬਦਲ ਸਕਦਾ ਹੈ ਪਰ ਉਸ ਦਾ ਗਿਆਨ-ਵਰਧਕ ਪ੍ਰਭਾਵ ਸਥਿਰ ਰਹਿੰਦਾ ਹੈ, ਪ੍ਰਧਾਨ ਮੰਤਰੀ ਨੇ ਉਦਾਹਰਨ ਦਿੱਤੀ ਕਿ ਕਿਵੇਂ ਭਾਰਤ ਦਾ ‘ਪੰਚਤੰਤਰ’ ਫ਼ਾਰਸੀ ਅਤੇ ਅਰਬੀ ਵਿੱਚ ‘ਕਲੀਲਾ ਵਾ ਦਿਮਨਾ’ ਦੇ ਰੂਪ ਵਿੱਚ ਪਹੁੰਚ ਕੇ ਪੀੜ੍ਹੀ ਦਰ ਪੀੜ੍ਹੀ ਅਮਰ ਹੋ ਗਿਆ ਅਤੇ ਕਿਵੇਂ ‘ਰਾਮਾਇਣ’ ਨੇ ਕੰਬੋਡੀਆ ਵਿੱਚ ‘ਰੀਮਕਰ’ ਦੇ ਰੂਪ ਵਿੱਚ ਦੱਖਣ-ਪੂਰਬੀ ਏਸ਼ੀਆ ਦੇ ਸਥਾਨਕ ਸੱਭਿਆਚਾਰ, ਪ੍ਰਦਰਸ਼ਨ ਕਲਾਵਾਂ ਅਤੇ ਸਾਹਿਤ ਨੂੰ ਪ੍ਰਫੁੱਲਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਗਿਆਨ ਭਾਵੇਂ ਕਿਸੇ ਵੀ ਰੂਪ ਵਿੱਚ ਹੋਵੇ, ਉਹ ਸਿਰਫ਼ ਚਾਨਣ ਹੀ ਫੈਲਾਉਂਦਾ ਹੈ।”

 

ਵਿਗਿਆਨ ਅਤੇ ਗਣਿਤ ਵਿੱਚ ਅੰਤਰ-ਸੱਭਿਆਚਾਰਕ ਵਟਾਂਦਰੇ ਦੀ ਮਹੱਤਤਾ ’ਤੇ ਚਾਨਣਾ ਪਾਉਂਦਿਆਂ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਿਵੇਂ ਭਾਰਤੀ ਵਿਦਵਾਨ ਬ੍ਰਹਮਗੁਪਤ ਦੇ ਗਣਿਤ ਸਬੰਧੀ ਵਿਚਾਰ ਬਗਦਾਦ ਪਹੁੰਚੇ। ਸ਼੍ਰੀ ਮੋਦੀ ਨੇ ਕਿਹਾ, “ਉੱਥੇ, ਅਲ-ਖ਼ਵਾਰਿਜ਼ਮੀ ਵਰਗੇ ਵਿਦਵਾਨਾਂ ਨੇ ਗਣਿਤ ਦੇ ਗਿਆਨ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।”

 

ਭਵਨ ਨਿਰਮਾਣ ਕਲਾ ਅਤੇ ਸੰਗੀਤ ਵਿੱਚ ਸਾਂਝੀ ਵਿਰਾਸਤ ਵੱਲ ਇਸ਼ਾਰਾ ਕਰਦਿਆਂ—ਜਿਸ ਵਿੱਚ ਮੱਧ ਏਸ਼ੀਆਈ ‘ਮਕਾਮ’ ਅਤੇ ਭਾਰਤੀ ‘ਰਾਗ’ ਪਰੰਪਰਾਵਾਂ ਵਿਚਾਲੇ ਸਬੰਧ, ਭਾਰਤ ਵਿੱਚ ਕੱਵਾਲੀ ਨੂੰ ਅਮੀਰ ਬਣਾਉਣ ਵਾਲੇ ਸੂਫ਼ੀ ਪ੍ਰਭਾਵ, ਅਤੇ ਸਮਰਕੰਦ ਤੇ ਹੇਰਾਤ ਦੀਆਂ ਮੱਧ ਏਸ਼ੀਆਈ ਬਾਗ਼ਬਾਨੀ ਪਰੰਪਰਾਵਾਂ ਵੱਲੋਂ ‘ਚਾਰਬਾਗ਼’ ਸ਼ੈਲੀ ਨੂੰ ਰੂਪ ਦੇਣਾ ਸ਼ਾਮਲ ਹੈ—ਪ੍ਰਧਾਨ ਮੰਤਰੀ ਨੇ ਖੁੱਲ੍ਹੇ ਸੱਭਿਆਚਾਰਕ ਵਟਾਂਦਰੇ ਨੂੰ ਬਣਾਈ ਰੱਖਣ ਦੇ ਮਹੱਤਵ ’ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਇਹ ਵਟਾਂਦਰਾ ਅੱਜ ਵੀ ਨਿਰਵਿਘਨ ਜਾਰੀ ਰਹੇ, ਇਸ ਦੇ ਲਈ ਇਸ ਸੰਮੇਲਨ ਅਤੇ ਅਜਿਹੀਆਂ ਪਹਿਲਕਦਮੀਆਂ ਦੀ ਭੂਮਿਕਾ ਮਹੱਤਵਪੂਰਨ ਹੋ ਜਾਂਦੀ ਹੈ।”

 

ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿ 21ਵੀਂ ਸਦੀ ਦੀ ਤਕਨਾਲੋਜੀ ਨੇ ਸੱਭਿਆਚਾਰਕ ਸੰਪਰਕ ਲਈ ਬੇਮਿਸਾਲ ਮੌਕੇ ਖੋਲ੍ਹੇ ਹਨ, ਜਿਸ ਨਾਲ ਉਨ੍ਹਾਂ ਖੇਤਰਾਂ ਦੇ ਲੋਕ ਜਿੱਥੇ ਪਹੁੰਚਣ ਲਈ ਕਦੇ ਮਹੀਨਿਆਂ ਦਾ ਸਫ਼ਰ ਕਰਨਾ ਪੈਂਦਾ ਸੀ, ਅੱਜ ਸਕਿੰਟਾਂ ਵਿੱਚ ਜੁੜਨ ਦੇ ਸਮਰੱਥ ਹੋ ਗਏ ਹਨ, ਜਦਕਿ ਡਿਜੀਟਲ ਪਲੈਟਫਾਰਮਾਂ ਨੇ ਗਿਆਨ ਦੀ ਸਾਂਝ, ਸੱਭਿਆਚਾਰਕ ਵਟਾਂਦਰੇ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਸੁਖਾਲਾ ਬਣਾ ਦਿੱਤਾ ਹੈ, ਪ੍ਰਧਾਨ ਮੰਤਰੀ ਨੇ ਇਨ੍ਹਾਂ ਪ੍ਰਗਤੀਆਂ ਦਾ ਲਾਭ ਉਠਾਉਣ ਦਾ ਸੱਦਾ ਦਿੱਤਾ। ਸ਼੍ਰੀ ਮੋਦੀ ਨੇ ਕਿਹਾ, “ਐੱਸਸੀਓ ਦੇਸ਼ਾਂ ਨੂੰ ਇਨ੍ਹਾਂ ਨਵੀਆਂ ਸੰਭਾਵਨਾਵਾਂ ਦਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ।”

 

ਅਜਾਇਬ ਘਰਾਂ, ਲਾਇਬ੍ਰੇਰੀਆਂ ਅਤੇ ਪੁਰਾਲੇਖਾਂ ਵਿੱਚ ਸਾਂਭੀ ਹਜ਼ਾਰਾਂ ਸਾਲਾਂ ਦੀ ਵਿਰਾਸਤ—ਜਿਵੇਂ ਕਿ ਪ੍ਰਾਚੀਨ ਹੱਥ-ਲਿਖਤਾਂ, ਦੁਰਲੱਭ ਗ੍ਰੰਥ, ਇਤਿਹਾਸਕ ਦਸਤਾਵੇਜ਼ ਅਤੇ ਕਲਾਕ੍ਰਿਤੀਆਂ—ਨੂੰ ਸੁਰੱਖਿਅਤ ਰੱਖਣ ਅਤੇ ਸਾਂਝਾ ਕਰਨ ਬਾਰੇ ਹਾਜ਼ਰ ਮਹਿਮਾਨਾਂ ਨਾਲ ਸੁਝਾਅ ਸਾਂਝੇ ਕਰਦਿਆਂ, ਪ੍ਰਧਾਨ ਮੰਤਰੀ ਨੇ ਪ੍ਰਾਚੀਨ ਗ੍ਰੰਥਾਂ ਦੇ ਡਿਜੀਟਲੀਕਰਨ ਤੇ ਅਨੁਵਾਦ ਦੇ ਨਾਲ-ਨਾਲ ਸਾਂਝੇ ਇਤਿਹਾਸ ’ਤੇ ਸਾਂਝੇ ਖੋਜ ਪ੍ਰੋਜੈਕਟਾਂ ਵਿੱਚ ਸਹਿਯੋਗ ਦਾ ਪ੍ਰਸਤਾਵ ਰੱਖਿਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਇਸ ਸਦਕਾ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਬੈਠਾ ਇੱਕ ਨੌਜਵਾਨ ਕਿਸੇ ਦੂਜੇ ਦੇਸ਼ ਦੀ ਸੱਭਿਆਚਾਰਕ ਵਿਰਾਸਤ ਨੂੰ ਕਿਤੇ ਬਿਹਤਰ ਤਰੀਕੇ ਨਾਲ ਸਮਝਣ ਦੇ ਯੋਗ ਹੋਵੇਗਾ।”

 

ਇਹ ਨੋਟ ਕਰਦਿਆਂ ਕਿ ਅੱਜ ਵਧੇ ਹੋਏ ਸਾਧਨਾਂ ਦੇ ਬਾਵਜੂਦ ਕਈ ਮਹਾਨ ਸਾਹਿਤਕ ਅਤੇ ਬੌਧਿਕ ਰਚਨਾਵਾਂ ਸੀਮਤ ਭਾਸ਼ਾਵਾਂ ਵਿੱਚ ਹੀ ਉਪਲਬਧ ਹਨ, ਪ੍ਰਧਾਨ ਮੰਤਰੀ ਨੇ ਇਨ੍ਹਾਂ ਤੱਕ ਪਹੁੰਚ ਵਧਾਉਣ ਲਈ ਤਕਨੀਕੀ ਸਾਧਨਾਂ ਵੱਲ ਇਸ਼ਾਰਾ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਏਆਈ ਦੀ ਮਦਦ ਨਾਲ ਇਨ੍ਹਾਂ ਦੇ ਅਨੁਵਾਦ ਨੂੰ ਨਵੀਂ ਗਤੀ ਦਿੱਤੀ ਜਾ ਸਕਦੀ ਹੈ।”

 

ਅਜਾਇਬ ਘਰਾਂ ਅਤੇ ਸੱਭਿਆਚਾਰਕ ਸੰਸਥਾਵਾਂ ਵੱਲੋਂ ਸਾਂਝੀਆਂ ਪ੍ਰਦਰਸ਼ਨੀਆਂ, ਯੂਨੀਵਰਸਿਟੀਆਂ ਦਰਮਿਆਨ ਵਿਦਵਾਨਾਂ ਅਤੇ ਖੋਜਕਾਰਾਂ ਦਾ ਵਟਾਂਦਰਾ, ਸਿਲਕ ਰੂਟ ਅਤੇ ਬੋਧੀ ਵਿਰਾਸਤੀ ਸਥਾਨਾਂ ਨੂੰ ਜੋੜਨ ਵਾਲੇ ਵਿਰਾਸਤੀ ਸਰਕਟ ਤੇ ਸੱਭਿਆਚਾਰਕ ਰਸਤੇ, ਸੱਭਿਆਚਾਰਕ ਸੈਰ-ਸਪਾਟਾ, ਸਾਂਝੇ ਸੱਭਿਆਚਾਰਕ ਉਤਸਵ ਅਤੇ ਕਲਾਕਾਰਾਂ ਦੇ ਵਟਾਂਦਰਿਆਂ ਵਾਲੇ ਸੱਭਿਆਚਾਰਕ ਵਟਾਂਦਰੇ ਦੇ ਹੋਰ ਤਰੀਕਿਆਂ ’ਤੇ ਚਾਨਣਾ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਅਜਿਹੀਆਂ ਪਹਿਲਕਦਮੀਆਂ ਦੇ ਮਨੁੱਖੀ ਪ੍ਰਭਾਵ ’ਤੇ ਭਰੋਸਾ ਪ੍ਰਗਟਾਇਆ। ਸ਼੍ਰੀ ਮੋਦੀ ਨੇ ਕਿਹਾ, “ਅਜਿਹੇ ਉਪਰਾਲਿਆਂ ਰਾਹੀਂ ਸਾਡੇ ਨਾਗਰਿਕਾਂ ਨੂੰ ਇੱਕ-ਦੂਜੇ ਦੇ ਸੱਭਿਆਚਾਰ ਨੂੰ ਹੋਰ ਵੀ ਨੇੜਿਓਂ ਜਾਣਨ ਅਤੇ ਸਮਝਣ ਦੇ ਮੌਕੇ ਮਿਲਣਗੇ।”

 

ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿ ਆਉਣ ਵਾਲੇ ਦਹਾਕਿਆਂ ਵਿੱਚ ਅੱਜ ਦੇ ਸੱਭਿਅਤਾਗਤ ਸੰਵਾਦ ਨੂੰ ਨਵੀਆਂ ਉਚਾਈਆਂ ’ਤੇ ਲਿਜਾਣ ਦੀ ਜ਼ਿੰਮੇਵਾਰੀ ਨੌਜਵਾਨ ਪੀੜ੍ਹੀ ਦੇ ਮੋਢਿਆਂ ’ਤੇ ਹੈ, ਜੋ ਤਕਨਾਲੋਜੀ ਵਿੱਚ ਮਾਹਿਰ ਹੈ ਅਤੇ ਦੁਨੀਆ ਨੂੰ ਸਮਝਣ ਲਈ ਉਤਸੁਕ ਹੈ, ਪ੍ਰਧਾਨ ਮੰਤਰੀ ਨੇ ਸਥਾਨਕ ਕਲਾਕਾਰਾਂ ਅਤੇ ਕਾਰੀਗਰਾਂ ਨੂੰ ਸ਼ਾਮਲ ਕਰਦੇ ਹੋਏ ਨੌਜਵਾਨਾਂ ਨੂੰ ਵੱਖ-ਵੱਖ ਭਾਸ਼ਾਵਾਂ, ਸਾਹਿਤ ਅਤੇ ਸੱਭਿਆਚਾਰਕ ਪਰੰਪਰਾਵਾਂ ਨਾਲ ਜੁੜਨ ਦੇ ਵੱਧ ਤੋਂ ਵੱਧ ਮੌਕੇ ਦੇਣ ਦਾ ਸੱਦਾ ਦਿੱਤਾ। ਸ਼੍ਰੀ ਮੋਦੀ ਨੇ ਕਿਹਾ, “ਸਾਡੇ ਨੌਜਵਾਨ ਕਲਾਕਾਰ, ਲੇਖਕ ਅਤੇ ਫ਼ਿਲਮ ਨਿਰਮਾਤਾ, ਡਿਜੀਟਲ ਮੀਡੀਆ ਅਤੇ ਹੋਰ ਸਿਰਜਣਾਤਮਕ ਪਲੈਟਫਾਰਮਾਂ ਰਾਹੀਂ ਸਾਡੀ ਸਾਂਝੀ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾ ਸਕਦੇ ਹਨ।”

 

ਇਹ ਯਾਦ ਕਰਦਿਆਂ ਕਿ ਭਾਰਤੀ ਪੂਜਾ-ਪਾਠ ਦੀ ਸਮਾਪਤੀ ਵੇਲੇ ਕੀਤੀਆਂ ਜਾਣ ਵਾਲੀਆਂ ਪ੍ਰਾਰਥਨਾਵਾਂ ਵਿੱਚ ਸਾਰੇ ਜੀਵਾਂ ਵਿੱਚ ਸਦਭਾਵਨਾ ਅਤੇ ਸਮੁੱਚੇ ਵਿਸ਼ਵ ਦੇ ਕਲਿਆਣ ਦੀ ਕਾਮਨਾ ਕੀਤੀ ਜਾਂਦੀ ਹੈ, ਜਿਸ ਦੀਆਂ ਜੜ੍ਹਾਂ ਪੂਰੀ ਦੁਨੀਆ ਨੂੰ ਇੱਕ ਪਰਿਵਾਰ ਮੰਨਣ ਦੀ ‘ਵਸੁਧੈਵ ਕੁਟੁੰਬਕਮ’ ਦੀ ਭਾਵਨਾ ਵਿੱਚ ਹਨ, ਪ੍ਰਧਾਨ ਮੰਤਰੀ ਨੇ ਵਿਅਕਤੀਗਤ ਅਤੇ ਰਾਸ਼ਟਰੀ ਭਲਾਈ ਨੂੰ ਵਿਸ਼ਵ ਸਦਭਾਵਨਾ ਨਾਲ ਜੋੜਿਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਅਸੀਂ ਆਪਸੀ ਸਦਭਾਵਨਾ ਨੂੰ ਹੀ ਵਿਸ਼ਵ ਦੀ ਭਲਾਈ ਦਾ ਆਧਾਰ ਮੰਨਦੇ ਹਾਂ।”

 

ਇਹ ਦੱਸਦਿਆਂ ਕਿ ਆਪਸੀ ਸਦਭਾਵਨਾ ਸਾਂਝੀਆਂ ਵਿਸ਼ੇਸ਼ਤਾਵਾਂ ਦੇ ਆਧਾਰ ’ਤੇ ਬਣੇ ਆਪਸੀ ਵਿਸ਼ਵਾਸ ’ਤੇ ਨਿਰਭਰ ਕਰਦੀ ਹੈ, ਪ੍ਰਧਾਨ ਮੰਤਰੀ ਨੇ ਫੋਰਮ ਦੀ ਸ਼ੁਰੂਆਤ ਵਿੱਚ ਸੁਣੇ ਗਏ ਵੈਦਿਕ ਮੰਤਰਾਂ ਤੋਂ ਪ੍ਰੇਰਿਤ ਹੋ ਕੇ, ਵੱਖ-ਵੱਖ ਭਾਸ਼ਾਵਾਂ, ਜੀਵਨ-ਸ਼ੈਲੀਆਂ ਅਤੇ ਪਰੰਪਰਾਵਾਂ ਵਿੱਚ ਵਿਭਿੰਨਤਾ ਨੂੰ ਅਪਣਾਉਣ ਅਤੇ ਉਸ ਦਾ ਜਸ਼ਨ ਮਨਾਉਣ ਦੇ ਭਾਰਤ ਦੇ ਤਜਰਬੇ ਦਾ ਜ਼ਿਕਰ ਕੀਤਾ ਤਾਂ ਜੋ ਬਹੁਲਤਾ ਨੂੰ ਏਕਤਾ ਵਿੱਚ ਬਦਲਿਆ ਜਾ ਸਕੇ। ਸ਼੍ਰੀ ਮੋਦੀ ਨੇ ਕਿਹਾ, “ਜਦੋਂ ਅਸੀਂ ਇਸ ਉਦਾਰ ਨਜ਼ਰੀਏ ਨੂੰ ਅਪਣਾਉਂਦੇ ਹਾਂ, ਤਾਂ ਸਾਡੀ ਵਿਭਿੰਨਤਾ ਹੀ ਸਾਡੀ ਏਕਤਾ ਦਾ ਆਧਾਰ ਬਣ ਜਾਂਦੀ ਹੈ।”

 

ਇਕੱਠੇ ਚੱਲਣ, ਇਕੱਠੇ ਸੰਵਾਦ ਕਰਨ ਅਤੇ ਵਿਚਾਰਾਂ ਦੀ ਇਕਸੁਰਤਾ ਹਾਸਲ ਕਰਨ ਦੇ ਵੈਦਿਕ ਸੱਦੇ ‘ਸੰਗੱਛਧਵੰ ਸੰਵਦਧਵੰ ਸੰ ਵੋ ਮਨਾਂਸਿ ਜਾਨਤਾਮ’ ਨਾਲ ਆਪਣੇ ਸੰਬੋਧਨ ਦੀ ਸਮਾਪਤੀ ਕਰਦਿਆਂ, ਪ੍ਰਧਾਨ ਮੰਤਰੀ ਨੇ ਪਹਿਲੇ ਐੱਸਸੀਓ ਸੱਭਿਅਤਾਗਤ ਸੰਵਾਦ ਫੋਰਮ ’ਤੇ ਵਧਾਈ ਦਿੱਤੀ ਅਤੇ ਸਾਰਥਕ ਵਿਚਾਰ-ਵਟਾਂਦਰੇ ਲਈ ਸ਼ੁਭਕਾਮਨਾਵਾਂ ਦਿੱਤੀਆਂ।

 

https://x.com/narendramodi/status/2123770989322584139

 

https://x.com/PMOIndia/status/2123773277818745285

 

https://x.com/PMOIndia/status/2123774009829654911

 

https://x.com/PMOIndia/status/2123774705685680636

 

https://x.com/PMOIndia/status/2123775446458507614

**********

 

ਐੱਮਜੇਪੀਐੱਸ/ਐੱਸਐੱਸ/ਵੀਜੇ/ਪੀਆਰਕੇ