ਭਾਰਤ ਮਾਤਾ ਦੀ ਜੈ।
ਭਾਰਤ ਮਾਤਾ ਦੀ ਜੈ।
ਮੰਚ ’ਤੇ ਮੌਜੂਦ ਸਾਰੀਆਂ ਮਹਾਨ ਹਸਤੀਆਂ, ਇੱਥੇ ਇੰਨੀ ਵੱਡੀ ਗਿਣਤੀ ਵਿੱਚ ਪਹੁੰਚੇ ਬਿਹਾਰ ਦੇ ਮੇਰੇ ਪਿਆਰੇ ਭੈਣਾਂ ਅਤੇ ਭਰਾਵਾਂ। ਮੈਂ ਇੱਥੇ ਮੁੱਖ ਮੰਤਰੀ ਜੀ ਦਾ ਅਤੇ ਐੱਨਡੀਏ ਦੇ ਸਾਰੇ ਆਗੂਆਂ ਦਾ ਧੰਨਵਾਦ ਕਰਦਾ ਹਾਂ, ਕਿ ਉਨ੍ਹਾਂ ਨੇ ਮੈਨੂੰ ਤੁਹਾਡੇ ਦਰਮਿਆਨ ਲੰਘਣ ਦਾ ਮੌਕਾ ਮਿਲਿਆ, ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ, ਤੁਹਾਨੂੰ ਪ੍ਰਣਾਮ ਕਰਨ ਦਾ ਮੌਕਾ ਮਿਲਿਆ। ਇੰਨਾ ਵੱਡਾ ਲੋਕ ਸਮੂਹ, ਮੈਂ ਨਹੀਂ ਮੰਨਦਾ ਕਿ ਇਹ ਕੈਮਰੇ ਵਿੱਚ ਕੈਦ ਹੋ ਸਕੇਗਾ। ਵਿਕਾਸ ਦੇ ਪ੍ਰਤੀ ਜਾਗ੍ਰਿਤੀ ਦਾ ਜਿਉਂਦਾ-ਜਾਗਦਾ ਸਬੂਤ ਹੈ।
ਸਾਥੀਓ,
ਲੋਕ ਆਸਥਾ ਦਾ ਮਹਾਪੁਰਬ ਛੱਠ ਹਾਲ ਹੀ ਵਿੱਚ ਸੰਪੂਰਨ ਹੋਇਆ ਹੈ। ਸਾਡੀਆਂ ਮਾਵਾਂ ਅਤੇ ਭੈਣਾਂ ਨੇ ਕਰੜਾ ਨਿਰਜਲਾ ਵਰਤ ਰੱਖ ਕੇ ਪਰਿਵਾਰ, ਸਮਾਜ ਅਤੇ ਸਮੁੱਚੇ ਜਗਤ ਦੀ ਭਲਾਈ ਦੀ ਕਾਮਨਾ ਕੀਤੀ ਹੈ। ਹੁਣ ਛੱਠੀ ਮਈਆ ਦੇ ਆਸ਼ੀਰਵਾਦ ਨਾਲ ਅਸੀਂ ਇੱਥੇ ਵਿਕਾਸ ਦਾ ਪੁਰਬ ਮਨਾ ਰਹੇ ਹਾਂ।
ਸਾਥੀਓ,
ਬਿਹਾਰ ਦੀ ਇਸ ਵਿਕਾਸ ਯਾਤਰਾ ਵਿੱਚ ਅਸੀਂ ਸਬਕਾ ਸਾਥ, ਸਬਕਾ ਵਿਕਾਸ ਦੇ ਮੰਤਰ ਨੂੰ ਲੈ ਕੇ ਅੱਗੇ ਵਧੇ ਹਾਂ। ਅਸੀਂ ਲੋਕਤੰਤਰ ਦੀ ਤਾਕਤ ਨੂੰ ਲੋਕ ਭਲਾਈ ਦਾ ਮਾਧਿਅਮ ਬਣਾਇਆ ਹੈ। ਅਤੇ ਇਸੇ ਲਈ ਅੱਜ ਐੱਨਡੀਏ ਸਰਕਾਰ ਦੇ ਇਸ ਕਾਰਜਕਾਲ ਦਾ ਇੱਕ ਸਾਲ ਪੂਰਾ ਹੋ ਰਿਹਾ ਹੈ। ਇਸ ਲਈ ਇਸ ਸਮਾਗਮ ਵਾਸਤੇ ਲੋਕਤੰਤਰ ਦੀ ਮਹਾਨ ਧਰਤੀ ਵੈਸ਼ਾਲੀ ਨੂੰ ਚੁਣਿਆ ਗਿਆ ਹੈ। ਮੈਂ ਇਸ ਮੌਕੇ ‘ਤੇ ਵੈਸ਼ਾਲੀ ਅਤੇ ਬਿਹਾਰ ਦੀ ਮਿੱਟੀ ਨੂੰ ਸਿਜਦਾ ਕਰਦਾ ਹਾਂ। ਮੈਂ ਐੱਨਡੀਏ ਦੀਆਂ ਸਾਰੀਆਂ ਭਾਈਵਾਲ ਪਾਰਟੀਆਂ, ਲੱਖਾਂ ਵਰਕਰਾਂ ਅਤੇ ਬਿਹਾਰ ਦੇ ਸਾਰੇ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਕਰੀਬ ਤਿੰਨ ਦਹਾਕੇ ਪਹਿਲਾਂ ਬਿਹਾਰ ਨੇ ਉਮੀਦ ਅਤੇ ਵਿਸ਼ਵਾਸ ਦਾ ਨਵਾਂ ਰਾਹ ਚੁਣਿਆ ਸੀ। ਜਿਸ ਬਿਹਾਰ ਨੂੰ ਦਹਾਕਿਆਂ ਤੱਕ ਬਦਹਾਲੀ ਝੱਲਣੀ ਪਈ, ਉਸ ਨੂੰ ਸਤਿਕਾਰਤ ਨੀਤੀਸ਼ ਜੀ ਦੀ ਅਗਵਾਈ ਹੇਠ ਸੁਸ਼ਾਸਨ ਦਾ ਨਵਾਂ ਭਰੋਸਾ ਮਿਲਿਆ। ਨੀਤੀਸ਼ ਜੀ ਨੇ ਇੰਨੇ ਸਾਲਾਂ ਤੱਕ ਮੁੱਖ ਮੰਤਰੀ ਵਜੋਂ ਬਿਹਾਰ ਦੀ ਸੇਵਾ ਕੀਤੀ। ਹੁਣ ਨੀਤੀਸ਼ ਜੀ ਦੇ ਆਸ਼ੀਰਵਾਦ ਨਾਲ ਇਸ ਮੁਹਿੰਮ ਨੂੰ ਸਮਰਾਟ ਚੌਧਰੀ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਅੱਗੇ ਵਧਾ ਰਹੀ ਹੈ। ਇਸੇ ਲੜੀ ਵਿੱਚ ਅੱਜ ਇੱਥੇ ਵੀ ਹਜ਼ਾਰਾਂ ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਮੇਰੇ ਮਿੱਤਰ ਰਾਮਵਿਲਾਸ ਜੀ ਦੀ ਆਤਮਾ ਜਿੱਥੇ ਵੀ ਹੋਵੇਗੀ, ਉਹ ਅੱਜ ਸਾਡੇ ‘ਤੇ ਫੁੱਲਾਂ ਦੀ ਵਰਖਾ ਕਰ ਰਹੀ ਹੋਵੇਗੀ, ਕਿਉਂਕਿ ਅਸੀਂ ਉਨ੍ਹਾਂ ਦੇ ਸੁਪਨਿਆਂ ਨੂੰ ਵੀ ਸਾਕਾਰ ਕਰ ਰਹੇ ਹਾਂ।
ਸਾਥੀਓ,
ਗੰਗਾ ਮਈਆ ‘ਤੇ ਬਣੇ ਦਰਗਾਹ-ਬਿਦੁਪੁਰ ਛੇ-ਮਾਰਗੀ ਕੇਬਲ ਪੁਲ਼ ਨੂੰ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਆਧੁਨਿਕ ਪੁਲ਼ ਦਾ ਨਾਮ ਸਤਿਕਾਰਯੋਗ ਨੀਤੀਸ਼ ਜੀ ਦੇ ਸਨਮਾਨ ਵਿੱਚ ‘ਨੀਤੀਸ਼ ਸੇਤੂ’ ਰੱਖਿਆ ਗਿਆ ਹੈ। ਇਹ ਉਨ੍ਹਾਂ ਦੀ ਸੇਵਾ ਅਤੇ ਸਮਰਪਣ ਲਈ ਬਿਹਾਰ ਵਾਸੀਆਂ ਵੱਲੋਂ ਦਿੱਤੇ ਜਾ ਰਹੇ ਸਨਮਾਨ ਦਾ ਪ੍ਰਤੀਕ ਹੈ। ਇਸ ਪੁਲ਼ ਨਾਲ ਪਟਨਾ ਅਤੇ ਵੈਸ਼ਾਲੀ ਵਿਚਾਲੇ ਦੂਰੀ ਅਤੇ ਮੁਸ਼ਕਲਾਂ ਘੱਟ ਹੋ ਗਈਆਂ ਹਨ। ਹੁਣ ਫ਼ਸਲਾਂ, ਫਲਾਂ ਅਤੇ ਸਬਜ਼ੀਆਂ, ਦੁੱਧ ਅਤੇ ਦਹੀਂ ਨੂੰ ਵੱਡੇ ਬਾਜ਼ਾਰਾਂ ਤੱਕ ਪਹੁੰਚਾਉਣਾ ਸੌਖਾ ਹੋ ਜਾਵੇਗਾ। ਇੱਥੋਂ ਦੇ ਨੌਜਵਾਨਾਂ ਨੂੰ ਪੜ੍ਹਾਈ ਵਿੱਚ ਅਤੇ ਬਜ਼ੁਰਗਾਂ ਨੂੰ ਦਵਾਈ ਲੈਣ ਵਿੱਚ ਬਹੁਤ ਸੌਖ ਹੋ ਜਾਵੇਗੀ।
ਸਾਥੀਓ,
ਬਿਹਾਰ ਵਿੱਚ ਆਧੁਨਿਕ ਸੜਕਾਂ ਦਾ ਨੈੱਟਵਰਕ ਵੀ ਤੇਜ਼ੀ ਨਾਲ ਤਿਆਰ ਹੋ ਰਿਹਾ ਹੈ। ਅੱਜ ਔਰੰਗਾਬਾਦ-ਚੋਰਦਾਹਾ ਛੇ-ਮਾਰਗੀ ਹਾਈਵੇਅ ਦਾ ਉਦਘਾਟਨ ਹੋਇਆ ਹੈ।
ਸਾਥੀਓ,
ਤੁਹਾਡੇ ਪਿਆਰ ਲਈ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦੀ ਹਾਂ। ਮੈਂ ਅਗਲੇ ਪ੍ਰੋਗਰਾਮ ਲਈ ਉੱਤਰ ਪ੍ਰਦੇਸ਼ ਪਹੁੰਚਣਾ ਹੈ। ਤੁਹਾਡਾ ਪਿਆਰ ਮੇਰੇ ਸਿਰ ਮੱਥੇ। ਮੇਰੇ ਕੋਲ ਬਹੁਤ ਘੱਟ ਸਮਾਂ ਹੈ, ਇਸ ਲਈ ਅੱਜ ਆਪਣੀ ਗੱਲ ਇੱਥੇ ਹੀ ਪੂਰੀ ਕਰਨੀ ਪਵੇਗੀ। ਪਰ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਅੱਜ ਮੈਂ ਇਸ ਪ੍ਰੋਗਰਾਮ ਵਿੱਚ ਜਿਨ੍ਹਾਂ ਨੌਜਵਾਨਾਂ ਨੂੰ ਦੇਖ ਰਿਹਾ ਸੀ, ਉਹ ਸੱਚਮੁੱਚ ਮਨ ਨੂੰ ਪ੍ਰਸੰਨ ਕਰਨ ਵਾਲਾ ਸੀ। ਮੇਰੇ ਦੇਸ਼ ਦੇ, ਮੇਰੇ ਬਿਹਾਰ ਦੇ ਨੌਜਵਾਨ, ਜਿਨ੍ਹਾਂ ਨੂੰ ਵਿਕਾਸ ਦੀ ਮਹੱਤਤਾ ਕੀ ਹੁੰਦੀ ਹੈ, ਇਸ ਦੀ ਪੂਰੀ-ਪੂਰੀ ਸਮਝ ਹੈ ਅਤੇ ਇਸੇ ਲਈ ਮੈਨੂੰ ਨੌਜਵਾਨਾਂ ਵਿੱਚ ਇੰਨਾ ਉਤਸ਼ਾਹ ਅਤੇ ਉਮੰਗ ਨਜ਼ਰ ਆ ਰਹੀ ਹੈ।
ਸਾਥੀਓ,
ਅੱਜ ਕਈ ਹਾਈਵੇਅ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ। ਇਨ੍ਹਾਂ ਪ੍ਰੋਜੈਕਟਾਂ ‘ਤੇ ਸੈਂਕੜੇ ਕਰੋੜ ਰੁਪਏ ਖਰਚ ਕੀਤੇ ਜਾਣਗੇ।
ਸਾਥੀਓ,
ਸੜਕਾਂ ਦੇ ਨੈੱਟਵਰਕ ਦੇ ਨਾਲ-ਨਾਲ ਅੱਜ ਬਿਹਾਰ ਵਿੱਚ ਊਰਜਾ ਅਤੇ ਸ਼ਹਿਰੀ ਵਿਕਾਸ ਦੀ ਤਸਵੀਰ ਵੀ ਤੇਜ਼ੀ ਨਾਲ ਬਦਲ ਰਹੀ ਹੈ। ਇਸੇ ਦਿਸ਼ਾ ਵਿੱਚ ਬਕਸਰ ਥਰਮਲ ਪਾਵਰ ਪਲਾਂਟ ਦਾ ਨਿਰਮਾਣ, ਪੀਰਪੈਂਤੀ ਥਰਮਲ ਪਾਵਰ ਪਲਾਂਟ ਦੇ ਟ੍ਰਾਂਸਮਿਸ਼ਨ ਸਿਸਟਮ ਦਾ ਨੀਂਹ ਪੱਥਰ, ਫੁਲਵਰੀਆ ਬੰਨ੍ਹ ਅਤੇ ਉਸ ‘ਤੇ ਸੌਰ ਊਰਜਾ ਪਲਾਂਟ ਵਰਗੇ ਵੱਡੇ-ਵੱਡੇ ਕੰਮ ਵੀ ਹੋਏ ਹਨ। ਇੱਕ ਸਮਾਂ ਸੀ ਜਦੋਂ ਬਿਹਾਰ ਦੇ ਹਜ਼ਾਰਾਂ ਪਿੰਡਾਂ ਤੱਕ ਬਿਜਲੀ ਨਹੀਂ ਪਹੁੰਚੀ ਸੀ। ਅੱਜ ਉਹੀ ਮੇਰਾ ਬਿਹਾਰ ਬਿਜਲੀ ਉਤਪਾਦਨ ਦਾ ਇੱਕ ਵੱਡਾ ਕੇਂਦਰ ਬਣਦਾ ਜਾ ਰਿਹਾ ਹੈ।
ਭੈਣੋ-ਭਰਾਵੋ,
ਅੱਜ ਸ਼ਹਿਰੀ ਆਵਾਜਾਈ ਨੂੰ ਸੁਖਾਲ਼ਾ ਬਣਾਉਣ ਲਈ 100 ਆਧੁਨਿਕ ਪੀਐੱਮ-ਈ-ਬੱਸਾਂ ਨੂੰ ਵੀ ਹਰੀ ਝੰਡੀ ਦਿਖਾਈ ਗਈ ਹੈ। ਇਸ ਦੇ ਨਾਲ ਹੀ, ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਅੱਜ ਹਜ਼ਾਰਾਂ ਗਰੀਬ ਪਰਿਵਾਰਾਂ ਨੂੰ ਉਨ੍ਹਾਂ ਦੇ ਪੱਕੇ ਘਰਾਂ ਦੀਆਂ ਚਾਬੀਆਂ ਵੀ ਸੌਂਪੀਆਂ ਗਈਆਂ ਹਨ। ਮੈਂ ਇਨ੍ਹਾਂ ਸਾਰੇ ਵਿਕਾਸ ਕਾਰਜਾਂ ਲਈ ਬਿਹਾਰ ਦੇ ਲੋਕਾਂ ਨੂੰ ਵਧਾਈ ਦਿੰਦਾ ਹਾਂ।
ਸਾਥੀਓ,
ਸਾਡਾ ਬਿਹਾਰ ਲੰਮਾ ਸਫ਼ਰ ਤੈਅ ਕਰਕੇ ਅੱਜ ਇੱਥੇ ਤੱਕ ਪਹੁੰਚਿਆ ਹੈ। ਨਹੀਂ ਤਾਂ, ਤੁਸੀਂ ਯਾਦ ਕਰੋ, ਐੱਨਡੀਏ ਦਾ ਸ਼ਾਸਨ ਆਉਣ ਤੋਂ ਪਹਿਲਾਂ ਦਾ ਸਮਾਂ ਕਿਹੋ ਜਿਹਾ ਹੁੰਦਾ ਸੀ? ਉਦੋਂ ਘੁਟਾਲਿਆਂ ਦੀ ਗਿਣਤੀ ਹੁੰਦੀ ਸੀ। ਪਰ ਅੱਜ ਬਿਹਾਰ ਵਿੱਚ ਹੋ ਰਹੇ ਨਿਵੇਸ਼ ਦੇ ਅੰਕੜੇ ਪੇਸ਼ ਕੀਤੇ ਜਾਂਦੇ ਹਨ। ਉਦੋਂ ਅਪਰਾਧਾਂ ਦੇ ਅੰਕੜੇ ਆਉਂਦੇ ਸਨ। ਹੁਣ ਅਪਰਾਧੀਆਂ ਵਿਰੁੱਧ ਕਾਰਵਾਈ ਦੀ ਗੱਲ ਚਰਚਾ ਵਿੱਚ ਆਉਂਦੀ ਹੈ। ਐੱਨਡੀਏ ਦੇ ਸ਼ਾਸਨਕਾਲ ਵਿੱਚ ਵਿਕਾਸ ਦੀ ਦੌੜ ਦਿਖਾਈ ਦਿੰਦੀ ਹੈ। ਉੱਤਰੀ ਬਿਹਾਰ ਹੋਵੇ, ਨਾਲੰਦਾ-ਗਯਾਜੀ ਹੋਵੇ, ਸ਼ਾਹਾਬਾਦ-ਕੈਮੂਰ ਹੋਵੇ ਜਾਂ ਰਾਜਧਾਨੀ ਪਟਨਾ, ਹਰ ਇਲਾਕੇ ਵਿੱਚ ਵਿਕਾਸ ਦੀ ਨਵੀਂ ਗਾਥਾ ਲਿਖੀ ਜਾ ਰਹੀ ਹੈ।
ਸਾਥੀਓ,
ਡਬਲ ਇੰਜਣ ਸਰਕਾਰ ਵਿੱਚ ਬਿਹਾਰ ਦੇ ਵਿਕਾਸ ਦੀ ਰਫ਼ਤਾਰ ਕੀ ਹੈ, ਪਿਛਲੇ ਇੱਕ ਸਾਲ ਵਿੱਚ ਹੋਏ ਕੰਮ ਵੀ ਇਸ ਦੀਆਂ ਉਦਾਹਰਨਾਂ ਹਨ। ਤੁਸੀਂ ਦੇਖੋ, ਐੱਨਡੀਏ ਸਰਕਾਰ ਵਿੱਚ ਬਿਹਾਰ ਵਿੱਚ 2 ਲੱਖ ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਸਮਝੌਤੇ ਕੀਤੇ ਗਏ ਹਨ। ਗਯਾਜੀ ਵਿੱਚ 6 ਹਜ਼ਾਰ ਕਰੋੜ ਰੁਪਏ ਦੇ ਸਟੀਲ ਪ੍ਰੋਜੈਕਟ ‘ਤੇ ਕੰਮ ਸ਼ੁਰੂ ਹੋ ਰਿਹਾ ਹੈ। ਮੋਤੀਹਾਰੀ ਸਮੇਤ ਬੰਦ ਪਈਆਂ ਖੰਡ ਮਿੱਲਾਂ ਨੂੰ ਮੁੜ ਚਾਲੂ ਕਰਨ ਲਈ ਨਵੀਂ ਗੰਨਾ ਪ੍ਰੋਤਸਾਹਨ ਨੀਤੀ ਲਿਆਂਦੀ ਗਈ ਹੈ। ਕਿਸਾਨਾਂ ਲਈ ਹਰ ਖੇਤ ਤੱਕ ਪਾਣੀ ਪਹੁੰਚਾਉਣ ਵਾਸਤੇ 11 ਹਜ਼ਾਰ ਨਵੇਂ ਟਿਊਬਵੈੱਲ ਲਗਾਉਣ ਦਾ ਉਪਰਾਲਾ ਕੀਤਾ ਗਿਆ ਹੈ। ਸਿੰਚਾਈ ਲਈ 12 ਘੰਟੇ ਬਿਜਲੀ ਯਕੀਨੀ ਬਣਾਉਣ ਦਾ ਇਤਿਹਾਸਕ ਫੈਸਲਾ ਲਿਆ ਗਿਆ ਹੈ। ਇੱਕ ਸਾਲ ਵਿੱਚ 200 ਤੋਂ ਵੱਧ ਨਵੇਂ ਡਿਗਰੀ ਕਾਲਜ ਸ਼ੁਰੂ ਹੋਏ ਹਨ। ਸਾਡੀਆਂ ਧੀਆਂ ਲਈ “ਮਾਂ ਸੀਤਾ ਮਹਿਲਾ ਯੂਨੀਵਰਸਿਟੀ” ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ। ਬਿਹਾਰ ਦੇ ਵਿਕਾਸ ਦੀ ਇਹ ਸੂਚੀ ਇੰਨੀ ਲੰਬੀ ਹੈ ਕਿ ਇਸ ਨੂੰ ਕਿਸੇ ਇੱਕ ਮੰਚ ਤੋਂ ਗਿਣਾਇਆ ਨਹੀਂ ਜਾ ਸਕਦਾ। ਬਿਹਾਰ ਦੇ ਵਿਕਾਸ ਨੂੰ ਇੱਥੇ ਆ ਕੇ ਹੀ ਮਹਿਸੂਸ ਕੀਤਾ ਜਾ ਸਕਦਾ ਹੈ।
ਸਾਥੀਓ,
ਜਦੋਂ ਸਾਫ਼ ਨੀਅਤ ਨਾਲ ਕੰਮ ਹੁੰਦਾ ਹੈ, ਤਾਂ ਨਤੀਜੇ ਵੀ ਦਿਖਾਈ ਦਿੰਦੇ ਹਨ। ਜਿਸ ਦੇਸ਼ ਵਿੱਚ ਕਾਂਗਰਸ ਦਹਾਕਿਆਂ ਤੱਕ ‘ਗਰੀਬੀ ਹਟਾਓ’ ਦੇ ਨਾਅਰੇ ਲਗਾਉਂਦੀ ਰਹੀ, ਗਰੀਬਾਂ ਨੂੰ ਗੁੰਮਰਾਹ ਕਰਦੀ ਰਹੀ, ਵੋਟਾਂ ਲੁੱਟਦੀ ਰਹੀ, ਉੱਥੇ 12 ਸਾਲਾਂ ਦੇ ਅੰਦਰ-ਅੰਦਰ ਅਸੀਂ 50 ਕਰੋੜ ਲੋਕਾਂ ਨੂੰ ਗਰੀਬੀ ਵਿੱਚੋਂ ਬਾਹਰ ਕੱਢਿਆ ਹੈ। ਇਹ ਸਰਕਾਰ ਦੀ ਇੱਛਾ-ਸ਼ਕਤੀ ਦਾ ਨਤੀਜਾ ਹੈ, ਇਹ ਸਰਕਾਰ ਦੀ ਗਰੀਬ ਭਲਾਈ ਦੀਆਂ ਯੋਜਨਾਵਾਂ ਦਾ ਨਤੀਜਾ ਹੈ।
ਸਾਥੀਓ,
ਗਰੀਬੀ ਵਿਰੁੱਧ ਦੇਸ਼ ਇਹ ਲੜਾਈ ਇਸ ਲਈ ਜਿੱਤ ਰਿਹਾ ਹੈ, ਕਿਉਂਕਿ ਅਸੀਂ ਕਰੋੜਾਂ ਗਰੀਬਾਂ ਦੇ ਜੀਵਨ ਨੂੰ ਸੌਖਾ ਬਣਾਉਣ ਅਤੇ ਉਨ੍ਹਾਂ ਨੂੰ ਸਹੂਲਤਾਂ ਦੇਣ ਨੂੰ ਤਰਜੀਹ ਦਿੱਤੀ ਹੈ। ਅਸੀਂ 80 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ਦਿੱਤਾ, ਕਰੋੜਾਂ ਪਰਿਵਾਰਾਂ ਨੂੰ ਪੱਕੇ ਮਕਾਨ ਦੇ ਕੇ ਉਨ੍ਹਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕੀਤੀ, ਮੁਫ਼ਤ ਇਲਾਜ ਦੀ ਗਾਰੰਟੀ ਦੇ ਕੇ ਉਨ੍ਹਾਂ ਨੂੰ ਮਹਿੰਗੇ ਇਲਾਜ ਦੇ ਬੋਝ ਤੋਂ ਮੁਕਤ ਕੀਤਾ। ਅਸੀਂ ਪਖਾਨੇ, ਬਿਜਲੀ ਅਤੇ ਪਾਣੀ ਪਹੁੰਚਾ ਕੇ ਕਰੋੜਾਂ-ਕਰੋੜਾਂ ਗਰੀਬਾਂ ਨੂੰ ਸਨਮਾਨਜਨਕ ਜੀਵਨ ਦਿੱਤਾ। ਇਸ ਕਾਰਨ ਜਿਹੜਾ ਗਰੀਬ ਸੀ, ਉਸ ਦੇ ਅੰਦਰ ਵੀ ਇੱਕ ਆਤਮ-ਵਿਸ਼ਵਾਸ ਜਾਗਿਆ ਅਤੇ ਉਹ ਗਰੀਬੀ ਨੂੰ ਮਾਤ ਦੇ ਕੇ ਅੱਗੇ ਵਧਿਆ ਹੈ।
ਸਾਥੀਓ,
ਗਰੀਬੀ ਵਿਰੁੱਧ ਮੁਹਿੰਮ ਵਿੱਚ ਸਾਡੇ ਬਿਹਾਰ ਦਾ ਬਹੁਤ ਵੱਡਾ ਯੋਗਦਾਨ ਹੈ। ਬੀਤੇ ਸਾਲਾਂ ਵਿੱਚ ਡਬਲ ਇੰਜਣ ਸਰਕਾਰ ਨੇ ਪੂਰੀ ਮਿਹਨਤ ਨਾਲ ਇੱਥੇ ਕੰਮ ਕੀਤਾ। ਕੇਂਦਰ ਸਰਕਾਰ ਨੇ ਯੋਜਨਾਵਾਂ ਬਣਾਈਆਂ। ਰਾਜ ਵਿੱਚ ਐੱਨਡੀਏ ਸਰਕਾਰ ਨੇ ਉਨ੍ਹਾਂ ਨੂੰ ਲਾਗੂ ਕੀਤਾ। ਲੋਕ ਭਲਾਈ ਦੀਆਂ ਯੋਜਨਾਵਾਂ ਨੂੰ ਘਰ-ਘਰ ਤੱਕ ਪਹੁੰਚਾਇਆ। ਤੁਸੀਂ ਦੇਖੋ, ਇੱਥੇ ਬਿਹਾਰ ਵਿੱਚ 43 ਲੱਖ ਪਰਿਵਾਰਾਂ ਨੂੰ ਪੱਕੇ ਮਕਾਨ ਮਿਲੇ ਹਨ। ਹੁਣੇ ਅਗਸਤ ਵਿੱਚ ਹੀ 11 ਲੱਖ ਹੋਰ ਮਕਾਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਬਿਹਾਰ ਦੇ ਕਰੀਬ 75 ਲੱਖ ਕਿਸਾਨਾਂ ਦੇ ਖਾਤਿਆਂ ਵਿੱਚ ਹਜ਼ਾਰਾਂ ਕਰੋੜ ਰੁਪਏ ਦੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਭੇਜੀ ਗਈ ਹੈ। ਸਰਕਾਰ ਨੇ ਸਵੈ-ਸਹਾਇਤਾ ਸਮੂਹਾਂ ਨੂੰ ਜੋ ਸਹਿਯੋਗ ਦਿੱਤਾ, ਉਸ ਨੇ ਇੱਥੇ 50 ਲੱਖ ਪੇਂਡੂ ਮਹਿਲਾਵਾਂ ਨੂੰ ਲਖਪਤੀ ਦੀਦੀ ਬਣਾ ਦਿੱਤਾ ਹੈ। ਅਜਿਹੇ ਹੀ ਯਤਨਾਂ ਦਾ ਨਤੀਜਾ ਹੈ ਕਿ ਅੱਜ ਬਿਹਾਰ ਦੇ ਕਰੋੜਾਂ ਲੋਕ ਗਰੀਬੀ ਵਿੱਚੋਂ ਬਾਹਰ ਨਿਕਲੇ ਹਨ ਅਤੇ ਦੇਸ਼ ਵੀ ਇਸ ਸਫ਼ਲਤਾ ਤੱਕ ਪਹੁੰਚਿਆ ਹੈ।
ਸਾਥੀਓ,
ਹੁਣ ਅਸੀਂ ਨਾ ਰੁਕਣਾ ਹੈ, ਨਾ ਥੱਕਣਾ ਹੈ। ਐੱਨਡੀਏ ਦੇ ਸਾਰੇ ਭਾਈਵਾਲ ਦਲਾਂ ਨੂੰ ਮਿਲ ਕੇ ਸਮਰੱਥ, ਖੁਸ਼ਹਾਲ ਅਤੇ ਆਤਮਨਿਰਭਰ ਬਿਹਾਰ ਬਣਾਉਣ ਲਈ ਲਗਾਤਾਰ ਕੰਮ ਕਰਨਾ ਹੈ। ਇਸੇ ਸੰਕਲਪ ਨਾਲ, ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਇਸ ਬੇਮਿਸਾਲ ਵਿਕਾਸ ਯਾਤਰਾ ਲਈ ਮੈਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ!
ਭਾਰਤ ਮਾਤਾ ਦੀ ਜੈ।
ਭਾਰਤ ਮਾਤਾ ਦੀ ਜੈ।
ਭਾਰਤ ਮਾਤਾ ਦੀ ਜੈ।
ਬਹੁਤ-ਬਹੁਤ ਧੰਨਵਾਦ!
************
ਐੱਮਜੇਪੀਐੱਸ/ ਐੱਸਐੱਸ/ ਐੱਸਐੱਸ/ਡੀਕੇ
We are building a Bihar that is stronger, more prosperous and full of opportunities. https://t.co/vvTCLn7Y8o
— Narendra Modi (@narendramodi) November 21, 2026
गंगा मैया पर बने दरगाह-बिदुपुर छह-लेन केबल ब्रिज को जनता के लिए समर्पित किया गया है। इस आधुनिक ब्रिज का नाम आदरणीय नीतीश जी के सम्मान में...‘नीतीश सेतु’ रखा गया है: PM @narendramodi in Vaishali, Bihar
— PMO India (@PMOIndia) November 21, 2026
हमने करोड़ों गरीबों के जीवन को आसान बनाने, उन्हें सुविधाएं देने को प्राथमिकता दी है: PM @narendramodi in Vaishali, Bihar
— PMO India (@PMOIndia) November 21, 2026