Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਆਈਆਈਟੀ ਖੜਗਪੁਰ ਦੇ ਪਲੈਟੀਨਮ ਜੁਬਲੀ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

ਆਈਆਈਟੀ ਖੜਗਪੁਰ ਦੇ ਪਲੈਟੀਨਮ ਜੁਬਲੀ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ


ਪੱਛਮੀ ਬੰਗਾਲ ਦੇ ਰਾਜਪਾਲ ਆਰ. ਐੱਨ. ਰਵੀ ਜੀ, ਇੱਥੋਂ ਦੇ ਹਰਮਨਪਿਆਰੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਾਥੀ ਸੁਕਾਂਤਾ ਮਜੂਮਦਾਰ ਜੀ, ਰਾਜ ਸਰਕਾਰ ਦੇ ਮੰਤਰੀ ਭਾਈ ਜਗਨਨਾਥ ਚੱਟੋਪਾਧਿਆਏ ਜੀ, ਆਈਆਈਟੀ ਖੜਗਪੁਰ ਦੇ ਮਾਣਯੋਗ ਟੀ.ਵੀ. ਨਰੇਂਦਰਨ ਜੀ, ਸੁਮਨ ਚੱਕਰਵਰਤੀ ਜੀ, ਪ੍ਰੋਗਰਾਮ ਵਿੱਚ ਹਾਜ਼ਰ ਵਿਦਿਆਰਥੀਓ, ਸਾਬਕਾ ਵਿਦਿਆਰਥੀਓ, ਹੋਰ ਪਤਵੰਤਿਓ, ਦੇਵੀਓ ਅਤੇ ਸੱਜਣੋ।

 

ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਸਾਰਿਆਂ ਤੋਂ ਮਾਫ਼ੀ ਚਾਹੁੰਦਾ ਹਾਂ, ਕਿਉਂਕਿ ਮੈਨੂੰ ਆਉਣ ਵਿੱਚ ਦੇਰੀ ਹੋਈ, ਕਿਉਂਕਿ ਮੌਸਮ ਕਾਰਨ ਮੈਂ ਸਮੇਂ ਸਿਰ ਨਹੀਂ ਪਹੁੰਚ ਸਕਿਆ, ਫਿਰ ਸੜਕ ਰਸਤੇ ਉੱਥੋਂ ਭੱਜ ਕੇ ਆਏ ਪਰ ਫਿਰ ਵੀ ਆਉਣ ਵਿੱਚ ਦੇਰ ਹੋ ਗਈ। ਤੁਹਾਨੂੰ ਦੇਰੀ ਕਾਰਨ ਮੇਰਾ ਇੰਤਜ਼ਾਰ ਵੀ ਕਰਨਾ ਪਿਆ, ਇਸ ਦੇ ਲਈ ਤੁਹਾਨੂੰ ਸਾਰਿਆਂ ਨੂੰ ਜੋ ਅਸੁਵਿਧਾ ਹੋਈ, ਮੈਂ ਮਾਫ਼ੀ ਚਾਹੁੰਦਾ ਹਾਂ।

 

ਸਾਥੀਓ,

 

ਆਈਆਈਟੀ ਖੜਗਪੁਰ ਦੇ ਇਸ ਪਲੈਟੀਨਮ ਜੁਬਲੀ ਸਮਾਗਮ ਵਿੱਚ ਅੱਜ ਮੇਰੇ ਸਾਹਮਣੇ ਭਾਰਤ ਦਾ ਅਤੀਤ, ਭਾਰਤ ਦਾ ਵਰਤਮਾਨ ਅਤੇ ਭਾਰਤ ਦਾ ਭਵਿੱਖ, ਸਭ ਕੁਝ ਜੁੜਿਆ ਹੋਇਆ ਹੈ। ਇੱਕ ਬਹੁਤ ਹੀ, ਬਹੁਤ ਹੀ ਪ੍ਰਤਿਭਾਸ਼ਾਲੀ ਅਤੇ ਉਮੀਦਾਂ ਭਰੀ ਪੀੜ੍ਹੀ ਇੱਥੇ ਮੌਜੂਦ ਹੈ। ਅੱਜ ਅਸੀਂ ਸਾਰੇ ਇਸ ਸੰਸਥਾ ਦੇ 75 ਸਾਲਾਂ ਦੇ ਸਫ਼ਰ ਦਾ ਜਸ਼ਨ ਮਨਾਉਣ ਲਈ, ਇਸ ਦੀ ਵਿਰਾਸਤ ਦਾ ਸਤਿਕਾਰ ਕਰਨ ਲਈ ਇੱਥੇ ਇਕੱਠੇ ਹੋਏ ਹਾਂ। ਆਪਣੀ ਸਥਾਪਨਾ ਦੇ 75 ਸਾਲਾਂ ਵਿੱਚ, ਆਈਆਈਟੀ ਖੜਗਪੁਰ ਨੇ ਬਹੁਤ ਸਾਰੇ ਮੀਲ-ਪੱਥਰ ਸਥਾਪਿਤ ਕੀਤੇ ਹਨ। ਅਤੇ ਇਨ੍ਹਾਂ 75 ਵਰ੍ਹਿਆਂ ਵਿੱਚ ਭਾਰਤ ਨੇ ਬੈਲਗੱਡੀ ਤੋਂ ਲੈ ਕੇ ਬੁਲੇਟ ਟ੍ਰੇਨ ਤੱਕ, ਡਾਕ ਚਿੱਠੀਆਂ ਤੋਂ ਲੈ ਕੇ ਸੋਸ਼ਲ ਮੀਡੀਆ ਮੈਸੇਜ ਤੱਕ, ਬਹੁਤ ਕੁਝ ਬਦਲਦੇ ਹੋਏ ਦੇਖਿਆ ਹੈ। ਅਤੇ ਇਨ੍ਹਾਂ ਬਦਲਾਵਾਂ ਦੇ ਹਰ ਦੌਰ ਵਿੱਚ ਦੇਸ਼ ਦੇ ਪਹਿਲੇ ਆਈਆਈਟੀ ਦੇ ਤੌਰ ’ਤੇ, ਆਈਆਈਟੀ ਖੜਗਪੁਰ ਨੇ ਆਪਣੀ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਮੈਂ ਇੱਥੇ ਸਾਰੇ ਵਿਦਿਆਰਥੀਆਂ ਨੂੰ, ਫੈਕਲਟੀ ਮੈਂਬਰਾਂ ਨੂੰ, ਇੱਥੋਂ ਦੇ ਪੂਰੇ ਸਟਾਫ਼ ਨੂੰ ਅਤੇ ਆਈਆਈਟੀ ਖੜਗਪੁਰ ਦੇ ਸਾਰੇ ਸਾਬਕਾ ਵਿਦਿਆਰਥੀਆਂ (ਐਲੂਮਨਾਈ) ਨੂੰ ਇਸ ਮੌਕੇ ’ਤੇ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

ਸਾਥੀਓ,

 

ਆਈਆਈਟੀ ਖੜਗਪੁਰ ਦੀ ਜ਼ਿੰਦਗੀ ਦੀਆਂ ਕੁਝ ਯਾਦਾਂ ਤਾਂ ਅਜਿਹੀਆਂ ਹੁੰਦੀਆਂ ਹਨ, ਜੋ ਉਮਰ ਭਰ ਨਾਲ ਰਹਿੰਦੀਆਂ ਹਨ। ਮੈਨੂੰ ਵਿਸ਼ਵਾਸ ਹੈ ਕਿ ਇੱਥੋਂ ਦੇ ਕਈ ਸਾਬਕਾ ਵਿਦਿਆਰਥੀਆਂ ਨੂੰ ਦਹਾਕਿਆਂ ਬਾਅਦ ਵੀ ‘ਛੇਦੀਜ਼’ ’ਤੇ ਚਾਹ ’ਤੇ ਚਰਚਾ ਖੂਬ ਯਾਦ ਆਉਂਦੀ ਹੋਵੇਗੀ। ਦੂਜੀਆਂ ਸੰਸਥਾਵਾਂ ਵਿੱਚ ਹੋਸਟਲ ਹੁੰਦੇ ਹਨ, ਪਰ ਤੁਹਾਡੇ ਇੱਥੇ ‘ਹਾਲ’ ਹੁੰਦੇ ਹਨ। ਅਤੇ ਮੈਂ ਜਾਣਦਾ ਹਾਂ ਕਿ ਹਰ ਵਿਦਿਆਰਥੀ ਨੂੰ ਆਪਣੇ ਹਾਲ ’ਤੇ ਕਿੰਨਾ ਮਾਣ ਹੁੰਦਾ ਹੈ। ਹੁਣੇ ਮੈਨੂੰ ਇੱਥੇ ਆਉਣ ਤੋਂ ਪਹਿਲਾਂ ਦੀਵਾਲੀ ਦੀਆਂ ਤਸਵੀਰਾਂ ਦਿੱਤੀਆਂ ਗਈਆਂ ਅਤੇ ਹੁਣੇ-ਹੁਣੇ ਤੁਸੀਂ ਲੋਕਾਂ ਨੇ ਦੀਵਾਲੀ ਮਨਾਈ ਹੈ। ਅਤੇ ਮੈਨੂੰ ਦੱਸਿਆ ਗਿਆ ਹੈ ਕਿ ਆਈਆਈਟੀ ਖੜਗਪੁਰ ਵਿੱਚ ਦੀਵਾਲੀ ਦਾ ਉਤਸ਼ਾਹ ਕੁਝ ਵੱਖਰਾ ਹੀ ਹੁੰਦਾ ਹੈ। ਇੱਥੋਂ ਦੀ ਰੌਸ਼ਨੀ ਦੀ ਆਪਣੀ ਹੀ ਰੌਣਕ ਹੁੰਦੀ ਹੈ, ਅਤੇ ਵੱਖ-ਵੱਖ ਹਾਲਾਂ ਦਰਮਿਆਨ ਇਸ ਨੂੰ ਲੈ ਕੇ ਮੁਕਾਬਲਾ ਇਸ ਨੂੰ ਹੋਰ ਵੀ ਵਿਸ਼ੇਸ਼ ਬਣਾ ਦਿੰਦਾ ਹੈ। ਇਸ ਵਾਰ ਕਿਹੜਾ ਹਾਲ ਜਿੱਤਿਆ ਹੈ? ਅੱਛਾ, ਦੇਖੋ ਕਿੰਨੇ ਮਾਣ ਨਾਲ ਦੱਸ ਰਹੇ ਹਨ। ਚਲੋ, ਜੇਤੂਆਂ ਨੂੰ ਮੇਰੀ ਵਧਾਈ। ਜੇਤੂ ਹੀ ਤਾੜੀ ਨਹੀਂ ਵਜਾਉਂਦੇ, ਤਾਂ ਹੋਰ ਕੌਣ ਵਜਾਏਗਾ ਤੁਹਾਡੇ ਲਈ।

 

ਸਾਥੀਓ,

 

ਬੰਗਾਲ ਦੀ ਇਹ ਧਰਤੀ, ਉਹ ਧਰਤੀ ਹੈ, ਜਿੱਥੇ ਵਿਚਾਰਾਂ ਨੂੰ ਬਲ ਮਿਲਿਆ ਹੈ, ਜਿੱਥੋਂ ਰਾਸ਼ਟਰੀ ਅੰਦੋਲਨ ਖੜ੍ਹੇ ਹੋਏ ਹਨ। ਅਤੇ ਇਹ ਸੰਸਥਾ ਤਾਂ ਉਸੇ ਜਗ੍ਹਾ ’ਤੇ ਬਣੀ ਹੈ, ਜਿੱਥੇ ਕਦੇ ਸੁਤੰਤਰਤਾ ਸੈਨਾਨੀਆਂ ਲਈ ਡਿਟੈਂਸ਼ਨ ਕੈਂਪ ਹੋਇਆ ਕਰਦਾ ਸੀ। ਤੁਸੀਂ ਕਲਪਨਾ ਕਰੋ, ਜੋ ਸੁਤੰਤਰਤਾ ਸੈਨਾਨੀ ਇੱਥੇ ਡਿਟੈਂਸ਼ਨ ਕੈਂਪ ਵਿੱਚ ਰਹੇ ਹੋਣਗੇ, ਦਿਨ ਭਰ ਕੀ ਗੱਲਾਂ ਕਰਦੇ ਹੋਣਗੇ? ਕੀ ਸੋਚਦੇ ਹੋਣਗੇ? ਇਸ ਪੂਰੇ ਵਾਤਾਵਰਣ ਵਿੱਚ ਉਨ੍ਹਾਂ ਦੀ ਉਸ ਸਮੇਂ ਦੀ ਜ਼ਿੰਦਗੀ, ਉਸ ਸਮੇਂ ਦੀ ਸੋਚ, ਉਸ ਸਮੇਂ ਦੀ ਗਤੀਵਿਧੀ, ਉਹ ਅੱਜ ਵੀ ਇੱਕ ਮੰਤਰ ਵਾਂਗ ਗੂੰਜਦੀ ਹੋਵੇਗੀ, ਜੋ ਤੁਹਾਨੂੰ ਲੋਕਾਂ ਨੂੰ ਪ੍ਰੇਰਨਾ ਦਿੰਦੀ ਹੋਵੇਗੀ। ਦਹਾਕਿਆਂ ਪਹਿਲਾਂ, ਇਨ੍ਹਾਂ ਹੀ ਡਿਟੈਂਸ਼ਨ ਕੈਂਪਾਂ ਨੇ ਉਨ੍ਹਾਂ ਭਾਰਤੀਆਂ ਦਾ ਅਦੁੱਤੀ ਉਤਸ਼ਾਹ ਦੇਖਿਆ ਸੀ ਅਤੇ ਹਿੰਮਤ ਦੇਖੀ ਸੀ, ਜੋ ਆਪਣਾ ਸ਼ਾਸਨ ਚਾਹੁੰਦੇ ਸਨ, ਜੋ ਭਾਰਤ ਨੂੰ ਬੁਲੰਦੀਆਂ ’ਤੇ ਦੇਖਣਾ ਚਾਹੁੰਦੇ ਸਨ ਅਤੇ ਅੱਜ, ਇਸੇ ਧਰਤੀ ’ਤੇ ਨਵੇਂ ਰੰਗ-ਰੂਪ ਨਾਲ ਸਜੀ ਹੋਈ ਸਾਡੀ ਆਈਆਈਟੀ, ਇਸੇ ਸਥਾਨ ’ਤੇ ਅਜਿਹੇ ਨੌਜਵਾਨ ਤਿਆਰ ਹੋ ਰਹੇ ਹਨ, ਜਿਨ੍ਹਾਂ ਦੀਆਂ ਨਵੀਆਂ ਖੋਜਾਂ ਅਤੇ ਜਿਨ੍ਹਾਂ ਦੇ ਵਿਚਾਰ ਭਾਰਤ ਨੂੰ ਆਤਮਨਿਰਭਰ ਬਣਾਉਣ ਦੀ ਤਾਕਤ ਬਣ ਰਹੇ ਹਨ। ਇਹ ਧਰਤੀ ਜਿੱਥੇ ਸਵਰਾਜ ਦੀ ਤਾਂਘ ਸੀ, ਅੱਜ ਇੱਥੇ ਆਤਮਨਿਰਭਰਤਾ ਦਾ ਸੰਕਲਪ ਦਿਖਾਈ ਦੇ ਰਿਹਾ ਹੈ। ਉਦੋਂ ਆਜ਼ਾਦੀ ਦਾ ਸੁਪਨਾ ਸੀ, ਅੱਜ ਭਵਿੱਖ ਬਣਾਉਣ ਦਾ ਮੌਕਾ ਹੈ। ਉਮੀਦਾਂ ਤੋਂ ਆਤਮਨਿਰਭਰਤਾ ਤੱਕ ਦਾ ਇਹ ਸਫ਼ਰ ਹੀ ਵਿਕਸਿਤ ਭਾਰਤ ਦੇ ਨਿਰਮਾਣ ਦੀ ਅਸਲੀ ਊਰਜਾ ਹੈ।

 

ਸਾਥੀਓ,

 

ਜਦੋਂ ਆਈਆਈਟੀ ਖੜਗਪੁਰ ਨੇ ਆਪਣਾ ਸਫ਼ਰ ਸ਼ੁਰੂ ਕੀਤਾ, ਉਦੋਂ ਭਾਰਤ ਦੀ ਆਜ਼ਾਦੀ ਨਵੀਂ-ਨਵੀਂ ਸੀ। ਦੇਸ਼ ਵਿੱਚ ਪਹਿਲੀਆਂ ਆਮ ਚੋਣਾਂ ਵੀ ਨਹੀਂ ਹੋਈਆਂ ਸਨ। ਉਸ ਸਮੇਂ ਭਾਰਤ ਨੂੰ ਆਪਣੇ ਉਦਯੋਗ ਅਤੇ ਬੁਨਿਆਦੀ ਢਾਂਚੇ ਲਈ ਇੰਜੀਨੀਅਰਾਂ ਦੀ ਲੋੜ ਸੀ। ਜਿਵੇਂ-ਜਿਵੇਂ ਦੇਸ਼ ਦੀਆਂ ਵਿਗਿਆਨਕ ਸਮਰੱਥਾਵਾਂ ਵਧੀਆਂ, ਇੱਥੋਂ ਦੇ ਗ੍ਰੈਜੂਏਟਾਂ ਨੇ, ਸਾਡੇ ਪੁਲਾੜ ਅਤੇ ਪਰਮਾਣੂ ਊਰਜਾ ਪ੍ਰੋਗਰਾਮਾਂ ਨੂੰ ਅੱਗੇ ਵਧਾਉਣ ਵਿੱਚ ਯੋਗਦਾਨ ਪਾਇਆ। ਫਿਰ ਸੂਚਨਾ ਤਕਨਾਲੋਜੀ ਦਾ ਯੁੱਗ ਆਇਆ, ਆਲਮੀ ਅਰਥਵਿਵਸਥਾ ਦੇ ਨਵੇਂ ਮੌਕੇ ਆਏ, ਤਾਂ ਇੱਥੋਂ ਨਿਕਲੇ ਨੌਜਵਾਨਾਂ ਨੇ ਦੇਸ਼ ਦੇ ਸਾਫਟਵੇਅਰ ਉਦਯੋਗ ਨੂੰ ਮਜ਼ਬੂਤ ਕੀਤਾ। ਦੁਨੀਆ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਦੀ ਅਗਵਾਈ ਕਰਨ ਵਿੱਚ ਭੂਮਿਕਾ ਨਿਭਾਈ। ਭਾਵ ਹਰ ਦੌਰ ਵਿੱਚ, ਤੁਹਾਡੀ ਇਸ ਸੰਸਥਾ ਨੇ ਰਾਸ਼ਟਰ ਨਿਰਮਾਣ ਵਿੱਚ ਅੱਗੇ ਵਧ ਕੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ। ਅਤੇ ਹੁਣ ਅੱਜ ਜਦੋਂ ਅਸੀਂ ਵਿਕਸਿਤ ਭਾਰਤ ਦੇ ਟੀਚੇ ਨਾਲ ਅੱਗੇ ਵਧ ਰਹੇ ਹਾਂ, ਤਾਂ ਆਈਆਈਟੀ ਖੜਗਪੁਰ ਦਾ 75 ਵਰ੍ਹਿਆਂ ਦਾ ਤਜਰਬਾ ਦੇਸ਼ ਦੇ ਵਿਕਾਸ ਵਿੱਚ, ਦੇਸ਼ ਦੇ ਇਨੋਵੇਸ਼ਨ ਪ੍ਰੋਫਾਈਲ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਣ ਵਾਲਾ ਹੈ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਅੱਜ ਦੇ ਉਮੀਦਾਂ ਭਰੇ ਭਾਰਤ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੋਗੇ।

 

ਸਾਥੀਓ,

 

ਸਾਡੀ ਸਮਰੱਥਾ ਕੀ ਹੈ, ਇਹ ਇਸ ਗੱਲ ਤੋਂ ਤੈਅ ਹੁੰਦਾ ਹੈ ਕਿ ਅਸੀਂ ਕਿੰਨੀਆਂ ਚੁਣੌਤੀਆਂ ਨੂੰ ਚੁਣੌਤੀ ਦੇਣ ਦੀ ਹਿੰਮਤ ਕਰਦੇ ਹਾਂ। ਮੈਨੂੰ ਕਈ ਵਾਰ ਲੋਕ ਚੁਣੌਤੀਆਂ ਦੇ ਸਬੰਧ ਵਿੱਚ ਪੁੱਛਦੇ ਹਨ, ਮੈਂ ਕਿਹਾ ਮੇਰੇ ਸੁਭਾਅ ਵਿੱਚ ਹੀ ਬਣਿਆ ਹੈ ਕਿ ਮੈਂ ਚੁਣੌਤੀ ਨੂੰ ਚੁਣੌਤੀ ਦਿੱਤੇ ਬਿਨਾਂ ਰਹਿ ਨਹੀਂ ਸਕਦਾ।

 

ਸਾਥੀਓ,

 

ਅਸੀਂ ਚੁਣੌਤੀ ਨੂੰ ਚੁਣੌਤੀ ਦਿੰਦੇ ਹਾਂ ਜਾਂ ਅਸੀਂ ਕਿੰਨੀ ਜਲਦੀ ਸੰਤੁਸ਼ਟ ਹੋ ਕੇ ਬੈਠ ਜਾਂਦੇ ਹਾਂ। ਅਕਸਰ ਕੁਝ ਲੋਕ ਖੁਦ ਹੀ ਆਪਣੀ ਸੋਚ ’ਤੇ ਸੀਮਾਵਾਂ ਲਗਾ ਲੈਂਦੇ ਹਨ, ਉਸ ਦੀ ਹੱਦ ਤੈਅ ਕਰ ਦਿੰਦੇ ਹਨ। ਅਤੇ ਇਸੇ ਨੂੰ ਕਿਹਾ ਜਾਂਦਾ ਹੈ- ‘ਲਿਮਿਟਿੰਗ ਬਿਲੀਫਸ’ (ਸੀਮਤ ਸੋਚ) ਅਤੇ ਇਹ ‘ਲਿਮਿਟਿੰਗ ਬਿਲੀਫਸ’ ਹੈ ਕੀ? ਲਿਮਿਟਿੰਗ ਬਿਲੀਫਸ ਹੈ, ਆਪਣੇ ਸੁਪਨਿਆਂ ਨੂੰ ਸੀਮਤ ਕਰਨਾ, ਲਿਮਿਟਿੰਗ ਬਿਲੀਫਸ ਹੈ, ਆਪਣੀ ਪ੍ਰਤਿਭਾ ਨੂੰ ਸੀਮਤ ਕਰਨਾ, ਲਿਮਿਟਿੰਗ ਬਿਲੀਫਸ ਹੈ, ਆਪਣੇ ਦੇਸ਼ ਦੀ ਸਮਰੱਥਾ ਨੂੰ ਸੀਮਤ ਕਰ ਦੇਣਾ ਅਤੇ ਅਸੀਂ ਖੁਦ ਹੀ ਤੈਅ ਕਰ ਲੈਂਦੇ ਹਾਂ ਕਿ ਕੀ ਸੰਭਵ ਹੈ ਅਤੇ ਕੀ ਨਹੀਂ ਹੈ। ਅਤੇ ਜ਼ਿਆਦਾਤਰ ਲੋਕ, ‘ਨਹੀਂ ਯਾਰ, ਇਹ ਹੋ ਨਹੀਂ ਸਕਦਾ’, ਇੱਥੋਂ ਹੀ ਸ਼ੁਰੂ ਕਰਦੇ ਹਨ। ਮਰੀ ਹੋਈ ਸੋਚ ਨੂੰ ਲੈ ਕੇ ਜਿਊਣ ਵਾਲੇ ਲੋਕ, ਜ਼ਿੰਦਗੀ ਵੀ ਨਹੀਂ ਜੀਅ ਸਕਦੇ ਦੋਸਤੋ। ਅਸੀਂ ਆਪਣੀ ਸੋਚ ਦੀ ਸੀਮਾ ਨੂੰ ਹੀ, ਸਾਡੀ ਜਿੰਨੀ ਸੋਚ ਦੀ ਸੀਮਾ ਹੈ ਨਾ, ਆਪਣੀ ਦੁਨੀਆ ਦੀ ਸੀਮਾ ਉਸੇ ਨੂੰ ਮੰਨ ਕੇ ਬੈਠ ਗਏ ਹਾਂ।

 

ਸਾਥੀਓ,

 

ਰਾਸ਼ਟਰ ਵੀ ਆਪਣੀਆਂ ਸਮਰੱਥਾਵਾਂ ਨੂੰ ਉਦੋਂ ਹੀ ਪਛਾਣਦੇ ਹਨ, ਜਦੋਂ ਉਹ ਆਪਣੀ ਸੋਚ ਦੀਆਂ ਸੀਮਾਵਾਂ ਨੂੰ ਤੋੜਦੇ ਹਨ। ਅਤੇ ਪਿਛਲੇ ਕੁਝ ਵਰ੍ਹਿਆਂ ਵਿੱਚ ਭਾਰਤ ਨੇ ਇਹੀ ਕਰਕੇ ਦਿਖਾਇਆ ਹੈ। ਭਾਰਤ ਨੇ ਡੰਕੇ ਦੀ ਚੋਟ ’ਤੇ ਕਿਹਾ- ‘ਬ੍ਰੇਕ ਦਿ ਲਿਮਿਟਸ, ਅਨਲੌਕ ਦਿ ਪੌਸੀਬਿਲਿਟੀਜ਼’ (ਹੱਦਾਂ ਤੋੜੋ, ਸੰਭਾਵਨਾਵਾਂ ਦੇ ਦਰ ਖੋਲ੍ਹੋ)। ਮੈਂ ਤੁਹਾਨੂੰ ਇਸ ਦੀਆਂ ਕੁਝ ਉਦਾਹਰਨਾਂ ਵੀ ਅੱਜ ਦੱਸਦਾ ਹਾਂ। ਤੁਸੀਂ ਸੋਚੋ, 20 ਸਾਲ ਪਹਿਲਾਂ ਤੱਕ ਸਾਡੇ ਦੇਸ਼ ਵਿੱਚ ਗ਼ਰੀਬੀ ਨੂੰ ਇੱਕ ਸਥਾਈ ਸਮੱਸਿਆ ਸਮਝਿਆ ਜਾਂਦਾ ਸੀ। ਪੰਜ ਦਹਾਕੇ ਪਹਿਲਾਂ ਲਾਲ ਕਿਲ੍ਹੇ ਤੋਂ ਗ਼ਰੀਬੀ ਹਟਾਉਣ ਦੇ ਨਾਅਰੇ ਲੱਗਦੇ ਸਨ। ਪਰ, ਇਸ ਤੋਂ ਬਾਅਦ ਜਦੋਂ ਵੀ ਨੀਤੀਗਤ ਪੱਧਰ ’ਤੇ ਕੁਝ ਹੋਣਾ ਹੁੰਦਾ ਸੀ, ਤਾਂ ਪੂਰਾ ਦਾ ਪੂਰਾ ਸਿਸਟਮ ਬਸ ਫਾਈਲ ਬਣਾ ਕੇ ਬੈਠ ਜਾਂਦਾ ਸੀ।

 

ਸਾਥੀਓ,

 

ਅਜਿਹਾ ਇਸ ਲਈ, ਕਿਉਂਕਿ ਸਭ ਦੀ ਸੋਚ ਇਹੀ ਸੀ ਕਿ ਭਾਈ ਗ਼ਰੀਬੀ ਦੂਰ ਨਹੀਂ ਹੋ ਸਕਦੀ ਅਤੇ ਇੰਨੀ ਆਬਾਦੀ ਹੈ, ਅਰੇ ਹੁਣ ਤਾਂ ਇੰਝ ਹੀ ਚੱਲੇਗਾ, ਭਾਵ ਕੋਈ ਹਿੰਮਤ ਵੀ ਨਹੀਂ ਦਿਖਾਉਂਦਾ ਸੀ ਕਿ ਗ਼ਰੀਬੀ ਦੂਰ ਕਰਨ ਲਈ ਸਹੀ ਨੀਤੀਆਂ ਦੇ ਨਾਲ ਕੰਮ ਹੋਵੇ।

 

ਸਾਥੀਓ,

 

ਜਦੋਂ ਅਸੀਂ ਸਰਕਾਰ ਵਿੱਚ ਆਏ, ਉਦੋਂ ਵੀ ਸਥਿਤੀਆਂ ਤਾਂ ਇਹੀ ਸਨ ਅਤੇ ਮੈਂ ਲਾਲ ਕਿਲ੍ਹੇ ਤੋਂ ਕਿਹਾ ਕਿ ਮੈਂ ਗ਼ਰੀਬਾਂ ਲਈ ਪਖਾਨੇ ਬਣਾਵਾਂਗਾ। ਤਾਂ ਪਾਰਲੀਮੈਂਟ ਵਿੱਚ ਲੋਕ ਮਜ਼ਾਕ ਉਡਾਉਂਦੇ ਹੋਏ ਬੋਲਦੇ ਸਨ, ਦੱਸੋ, ਇਹ ਕਿਹੋ ਜਿਹਾ ਪ੍ਰਧਾਨ ਮੰਤਰੀ ਹੈ, ਇਹ ਲਾਲ ਕਿਲ੍ਹੇ ਤੋਂ ਟਾਇਲਟ ਬਣਾਉਣ ਦੀ ਗੱਲ ਕਰ ਰਿਹਾ ਹੈ। ਅਜਿਹੇ ਲੋਕਾਂ ਦੀ ਸੋਚ ਹੀ ਨਹੀਂ ਸੀ ਕਿ ਟਾਇਲਟ ਇੱਕ ਗ਼ਰੀਬ ਲਈ, ਇੱਕ ਗ਼ਰੀਬ ਮਾਤਾ-ਭੈਣ ਲਈ ਕਿੰਨੀ ਵੱਡੀ ਲੋੜ ਹੈ। ਅਜਿਹੀ ਹੀ ਸੋਚ ਦੇ ਕਾਰਨ ਪੂਰਾ ਦੇਸ਼ ਅਜਿਹੀਆਂ ਅਨੇਕਾਂ ਸਹੂਲਤਾਂ ਤੋਂ ਵਾਂਝਾ ਰਿਹਾ। 12 ਸਾਲਾਂ ਵਿੱਚ ਅਸੀਂ ਇਹੀ ਸੋਚ ਬਦਲੀ। ਅਸੀਂ ਗ਼ਰੀਬਾਂ ਨੂੰ ਸਸ਼ਕਤ ਕੀਤਾ, ‘ਪਾਵਰ ਟੂ ਐਂਪਾਵਰ’ (ਸਸ਼ਕਤ ਕਰਨ ਦੀ ਸ਼ਕਤੀ), ਇਸ ਮੂਲ ਮੰਤਰ ਨੂੰ ਲੈ ਕੇ ਮੈਂ ਜੀਅ ਰਿਹਾ ਹਾਂ, ਉਨ੍ਹਾਂ ਨੂੰ ਸਸ਼ਕਤ ਕੀਤਾ। ਉਨ੍ਹਾਂ ਦੀ ‘ਈਜ਼ ਆਫ ਲਿਵਿੰਗ’ (ਰਹਿਣ-ਸਹਿਣ ਦੀ ਸੌਖ) ਲਈ ਯੋਜਨਾਵਾਂ ਸ਼ੁਰੂ ਕੀਤੀਆਂ ਅਤੇ ਇਸ ਦਾ ਨਤੀਜਾ ਦੇਸ਼ ਅੱਜ ਦੇਖ ਰਿਹਾ ਹੈ। ਹੁਣੇ ਤੁਸੀਂ ਵਿਸ਼ਵ ਬੈਂਕ ਦੀ ਤਾਜ਼ਾ ਰਿਪੋਰਟ ’ਤੇ ਖ਼ਬਰਾਂ ਜ਼ਰੂਰ ਪੜ੍ਹੀਆਂ ਹੋਣਗੀਆਂ ਜਾਂ ਸੁਣੀਆਂ ਹੋਣਗੀਆਂ। ਵਿਸ਼ਵ ਬੈਂਕ ਨੇ ਕਿਹਾ ਹੈ, ਸਿਰਫ਼ 12-13 ਸਾਲਾਂ ਵਿੱਚ ਭਾਰਤ ਵਿੱਚ 50 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਨਿਕਲੇ ਹਨ।

 

ਸਾਥੀਓ,

 

ਇਹ ਕੋਈ ਛੋਟਾ ਬਦਲਾਅ ਨਹੀਂ ਹੈ, ਇਹ ਉਸ ਸੋਚ ਦਾ ਨਤੀਜਾ ਹੈ, ਜੋ ਕਹਿੰਦੀ ਹੈ- ‘ਬ੍ਰੇਕ ਦਿ ਲਿਮਿਟਸ’ (ਹੱਦਾਂ ਤੋੜੋ)।

 

ਸਾਥੀਓ,

 

ਮੈਂ ਤੁਹਾਨੂੰ ਇੱਕ ਹੋਰ ਉਦਾਹਰਨ ਦਿੰਦਾ ਹਾਂ। ਜਦੋਂ ਮੈਂ ਸੈਮੀਕੰਡਕਟਰ ਮਿਸ਼ਨ ਸ਼ੁਰੂ ਕੀਤਾ, ਤਾਂ ਬਹੁਤ ਸਾਰੇ ਸਵਾਲ ਉੱਠੇ। ਅਰੇ ਇਸ ਮਿਸ਼ਨ ਦੀ ਹੁਣ ਕੀ ਲੋੜ ਹੈ? ਇਹ ਦੇਸ਼ ਵੀ ਬਣਾ ਰਿਹਾ ਹੈ, ਉਹ ਦੇਸ਼ ਵੀ ਬਣਾ ਰਿਹਾ ਹੈ, ਅਤੇ 50 ਸਾਲਾਂ ਤੋਂ ਸੈਮੀਕੰਡਕਟਰ ਬਣ ਰਿਹਾ ਹੈ। ਹੁਣ ਅਸੀਂ ਸੈਮੀਕੰਡਕਟਰ ਬਣਾ ਕੇ ਕੀ ਹੀ ਹਾਸਲ ਕਰ ਲਵਾਂਗੇ? ਇਹੀ ਸਭ ਬੋਲਿਆ ਜਾਂਦਾ ਸੀ। ਸੋਚਣ ਦੀ ਸੀਮਾ।

 

ਸਾਥੀਓ,

 

ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਭਾਰਤ ਵਿੱਚ 50 ਸਾਲ ਪਹਿਲਾਂ ਇੱਕ ਕੰਪਨੀ ਆਈ ਸੀ, ਉਹ ਸਾਡੇ ਇੱਥੇ ਸੈਮੀਕੰਡਕਟਰ ਬਣਾਉਣ ਆਈ ਸੀ, ਪਰ ਉਸ ਨੂੰ ਲਾਲ ਝੰਡਾ ਦਿਖਾ ਕੇ ਵਾਪਸ ਭੇਜ ਦਿੱਤਾ ਗਿਆ। ਮੈਂ ਜਾਣਦਾ ਹਾਂ, ਕੋਈ ਤਾੜੀ ਨਹੀਂ ਵਜਾਏਗਾ, ਇਹ ਲਾਲ ਝੰਡੇ ਦਾ ਕੰਮ ਰਿਹਾ ਸੀ। ਅਤੇ ਇਸ ਲਈ ਜਦੋਂ ਮੈਂ ਸੈਮੀਕੰਡਕਟਰ ਮਿਸ਼ਨ ਦੀ ਗੱਲ ਕੀਤੀ, ਤਾਂ ਫਿਰ ਕਿਹਾ ਗਿਆ ਕਿ ਹੁਣ ਤਾਂ ਦੇਰ ਹੋ ਗਈ।

 

ਸਾਥੀਓ,

 

ਮੈਂ ਵੀ ਧਾਰ ਕੇ ਬੈਠਾ ਸੀ। ਮੈਂ ਕਿਹਾ- ਪਹਿਲਾਂ ਦੇਰ ਹੋਈ ਤਾਂ ਕੀ, ਭਾਰਤ ਹੁਣ ਵੀ ਹੱਥ ’ਤੇ ਹੱਥ ਧਰ ਕੇ ਹੀ ਬੈਠਾ ਰਹੇਗਾ ਕੀ? ਅਸੀਂ ਸ਼ੁਰੂਆਤ ਕੀਤੀ। ਮੈਂ ਖੁਦ ਅਫ਼ਸਰਾਂ ਨੂੰ ਲੈ ਕੇ ਯੋਜਨਾ ਬਣਵਾਉਣੀ ਸ਼ੁਰੂ ਕੀਤੀ ਅਤੇ ਅੱਜ ਤੁਸੀਂ ਦੇਖੋ, 4 ਸਾਲਾਂ ਦੇ ਅੰਦਰ ਦੇਸ਼ ਵਿੱਚ ਢੇਰ ਸਾਰੀਆਂ ਸੈਮੀਕੰਡਕਟਰ ਸਹੂਲਤਾਂ ਸ਼ੁਰੂ ਹੋਈਆਂ ਹਨ। ਭਾਰਤ ਅੱਜ ਚਿੱਪਸ ਦੀ ਬਰਾਮਦ ਕਰਨ ਲੱਗਾ ਹੈ। ਅੱਜ ਤੁਹਾਡੇ ਪੁਰਾਣੇ ਵਿਦਿਆਰਥੀ ਅਜਿਹੀਆਂ ਕਈ ਸਹੂਲਤਾਂ ਨੂੰ ਚਲਾ ਰਹੇ ਹਨ, ਉਨ੍ਹਾਂ ਦੀ ਅਗਵਾਈ, ਉਨ੍ਹਾਂ ਨੂੰ ਲਾਗੂ ਕਰਨ ਦਾ ਕੰਮ, ਉਹ ਲੋਕ ਕਰ ਰਹੇ ਹਨ। ਅਤੇ ਤੁਸੀਂ ਪੱਕਾ ਮੰਨੋ ਦੋਸਤੋ, ਤੁਹਾਡੇ ਲਈ ਤਾਂ ਮੌਕੇ ਹੀ ਮੌਕੇ ਹਨ। ਚਿੱਪ ਤੋਂ ਲੈ ਕੇ ਸ਼ਿੱਪ (ਜਹਾਜ਼) ਤੱਕ, ਸਭ ਕੁਝ ਇੱਥੇ ਹੀ ਹੋਵੇਗਾ, ਤੁਹਾਡੇ ਵਰਗੇ ਨੌਜਵਾਨਾਂ ਦੇ ਹੱਥੋਂ ਹੋਵੇਗਾ। ਪਰ ਸੋਚੋ, ਜੇਕਰ ਅਸੀਂ ਇਹੀ ਮੰਨਦੇ ਕਿ ਉੱਥੇ ਹੋ ਗਿਆ ਹੈ, ਹੁਣ ਅਸੀਂ ਕਿਉਂ ਸੈਮੀਕੰਡਕਟਰ ਬਣਾਈਏ, ਤਦ ਤਾਂ ਕੁਝ ਹੁੰਦਾ ਹੀ ਨਹੀਂ।

 

ਸਾਥੀਓ,

 

ਮੈਂ ਪੁਲਾੜ ਖੇਤਰ ਦੀ ਇੱਕ ਹੋਰ ਮਜ਼ਬੂਤ ਉਦਾਹਰਨ ਦਿਆਂਗਾ। ਸਾਡੇ ਦੇਸ਼ ਵਿੱਚ ਇੱਕ ਸੀਮਤ ਪਲੈਟਫਾਰਮ ਇਸਰੋ ਦਾ ਸੀ, ਜਿਸ ਵਿੱਚ ਐਂਟਰੀ ਹੀ ਕਾਫ਼ੀ ਹੱਦ ਤੱਕ ਸੀਮਤ ਹੁੰਦੀ ਸੀ। ਉੱਥੇ ਕੋਈ ਵੀ ਲਾਂਚ ਕਰਨਾ ਹੋਵੇ, ਕੋਈ ਵੀ ਮਿਸ਼ਨ ਸ਼ੁਰੂ ਕਰਨਾ ਹੋਵੇ, ਤਾਂ ਸਭ ਦਾ ਵੱਖਰਾ ਸਿਸਟਮ ਸੀ। ਇਸਰੋ ਤੋਂ ਬਾਹਰ ਜੋ ਨੌਜਵਾਨ ਸਨ, ਉਨ੍ਹਾਂ ਨੂੰ ਤਾਂ ਐਂਟਰੀ ਹੀ ਨਹੀਂ ਸੀ, ਮੌਕੇ ਦਾ ਤਾਂ ਸਵਾਲ ਹੀ ਨਹੀਂ ਸੀ। ਮੈਂ ਮੰਤਰਾਲੇ ਨੂੰ ਕਿਹਾ ਕਿ ਇਸ ਖੇਤਰ ਵਿੱਚ ਸਾਡੇ ਨੌਜਵਾਨ ਨਵੀਨਕਾਰਾਂ ਨੂੰ ਮੌਕਾ ਮਿਲਣਾ ਹੀ ਚਾਹੀਦਾ ਹੈ। ਅਸੀਂ ਭਾਰਤ ਦੇ ਪੁਲਾੜ ਖੇਤਰ ਨੂੰ ਭਾਰਤ ਦੇ ਨੌਜਵਾਨਾਂ ਲਈ ਖੋਲ੍ਹ ਦਿੱਤਾ ਅਤੇ ਅੱਜ ਤੁਸੀਂ ਦੇਖੋ, ਆਈਆਈਟੀ ਖੜਗਪੁਰ ਤੋਂ ਨਿਕਲੇ ਇੱਕ ਵਿਦਿਆਰਥੀ ਪਵਨ ਨੇ ‘ਸਕਾਈਰੂਟ ਐਰੋਸਪੇਸ’ ਬਣਾ ਕੇ ਭਾਰਤ ਨੂੰ ਪਹਿਲਾ ਪ੍ਰਾਈਵੇਟ ਰਾਕੇਟ ਲਾਂਚ ਕਰਨ ਦਾ ਮਾਣ ਦਿੱਤਾ ਹੈ। ਅੱਜ ਅਜਿਹੇ ਬਹੁਤ ਸਾਰੇ ਸਪੇਸ ਸਟਾਰਟਅੱਪਸ ਭਾਰਤ ਦੇ ਪੁਲਾੜ ਪ੍ਰੋਗਰਾਮ ਨੂੰ ਨਵੀਂ ਰਫ਼ਤਾਰ ਨਾਲ ਅੱਗੇ ਵਧਾ ਰਹੇ ਹਨ। ਕਦੇ ਇਹ ਚੀਜ਼ਾਂ ਅਸੰਭਵ ਲੱਗਦੀਆਂ ਸਨ, ਪਰ ਅੱਜ ਇਹ ਸਭ ਸੰਭਵ ਹੈ, ਇਹ ਸਭ ਹਕੀਕਤ ਹੈ। ਅਤੇ ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਤੁਹਾਡੇ ਸਾਬਕਾ ਵਿਦਿਆਰਥੀਆਂ ਨੇ ਇਸ ਅਸੰਭਵ ਨੂੰ ਸੰਭਵ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ।

 

ਸਾਥੀਓ,

 

ਤੁਹਾਡੇ ਸਾਰਿਆਂ ਤੋਂ ਦੇਸ਼ ਨੂੰ ਬਹੁਤ ਉਮੀਦਾਂ ਹਨ। ਆਉਣ ਵਾਲੇ ਦੋ ਦਹਾਕੇ ਤੁਹਾਡੇ ਜੀਵਨ ਦੇ ਸਭ ਤੋਂ ਵੱਧ ਉਸਾਰੂ ਵਰ੍ਹਿਆਂ ਵਿੱਚੋਂ ਇੱਕ ਹੋਣਗੇ। 2047 ਤੱਕ, ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਲੀਡਰਸ਼ਿਪ ਦੇ ਅਹੁਦਿਆਂ ’ਤੇ ਹੋਣਗੇ। ਇਹ ਵਰ੍ਹੇ ਭਾਰਤ ਦੇ ਵਿਕਾਸ ਦੇ ਵੀ ਸਭ ਤੋਂ ਫੈਸਲਾਕੁਨ ਵਰ੍ਹੇ ਹੋਣਗੇ। ਅਤੇ ਇਸ ਲਈ, ਤੁਹਾਡੀ ਹਰ ਸਫਲਤਾ ਦੇਸ਼ ਲਈ ਅਹਿਮ ਹੋਵੇਗੀ। ਅਜਿਹੇ ਵਿੱਚ ਤੁਹਾਨੂੰ ਹਮੇਸ਼ਾ ਖੁਦ ਤੋਂ ਇਹ ਸਵਾਲ ਪੁੱਛਣਾ ਹੈ ਕਿ ਦੇਸ਼ ਦੇ ਸਾਹਮਣੇ ਅਜਿਹੀ ਕਿਹੜੀ ਚੁਣੌਤੀ ਹੈ, ਜਿਸ ਨੂੰ ਹੱਲ ਕਰਨ ਵਿੱਚ ਤੁਸੀਂ ਯੋਗਦਾਨ ਪਾਉਣਾ ਚਾਹੋਗੇ? ਮੇਰਾ ਮੰਤਰ ਯਾਦ ਰੱਖਿਓ ਦੋਸਤੋ – ‘ਰਾਸ਼ਟਰ-ਪ੍ਰਥਮ’। ਜਦੋਂ ਤੁਸੀਂ ਇਸ ਮਾਨਸਿਕਤਾ ਨਾਲ ਅੱਗੇ ਵਧੋਗੇ, ਤਾਂ ਨਿਸ਼ਚਿਤ ਹੀ, ਇਹ ਤੁਹਾਡੇ ਲਈ ਵੀ ਨਵੇਂ ਮੌਕੇ ਲੈ ਕੇ ਆਵੇਗਾ, ਅਤੇ ਦੇਸ਼ ਨੂੰ ਵੀ ਬਹੁਤ ਲਾਭ ਹੋਣ ਵਾਲਾ ਹੈ।

 

ਸਾਥੀਓ,

 

ਤੁਸੀਂ ਬੀਤੇ 75 ਵਰ੍ਹਿਆਂ ਵਿੱਚ ਸ਼ਾਨਦਾਰ ਕੰਮ ਕੀਤਾ ਹੈ, ਹੁਣ ਤੁਹਾਨੂੰ ਇਹ ਦ੍ਰਿੜ੍ਹ ਨਿਸ਼ਚਾ ਲੈ ਕੇ ਅੱਗੇ ਵਧਣਾ ਹੈ ਕਿ 100 ਵਰ੍ਹਿਆਂ ਦਾ ਸਮਾਗਮ, ਜਦੋਂ ਆਈਆਈਟੀ ਖੜਗਪੁਰ 100 ਸਾਲ ਮਨਾਵੇ ਨਾ, ਉਹ ਵਿਕਸਿਤ ਭਾਰਤ ਵਿੱਚ ਹੀ ਮਨਾਇਆ ਜਾਣਾ ਚਾਹੀਦਾ ਹੈ। 25-27 ਵਿੱਚ ਇਸੇ ਧਰਤੀ ’ਤੇ ਜੋ ਸੁਤੰਤਰਤਾ ਸੈਨਾਨੀ ਬੰਦ ਪਏ ਸਨ, ਉਨ੍ਹਾਂ ਨੇ ਸੰਕਲਪ ਲਿਆ ਸੀ, ਆਜ਼ਾਦੀ ਲੈ ਕੇ ਰਹਾਂਗੇ, 20 ਸਾਲਾਂ ਵਿੱਚ ਲੈ ਕੇ ਰਹੇ, ਅੱਜ ਇੱਥੋਂ ਹੀ ਸੰਕਲਪ ਲਓ, 20 ਸਾਲਾਂ ਵਿੱਚ ਵਿਕਸਿਤ ਭਾਰਤ ਬਣਾ ਕੇ ਰਹਾਂਗੇ, ਅਸੀਂ ਕਰਕੇ ਰਹਾਂਗੇ। ਅਤੇ ਇਸ ਦੇ ਲਈ ਜੀਅ-ਜਾਨ ਨਾਲ ਜੁਟਾਂਗੇ, ਬਹੁਤ ਮਿਹਨਤ ਕਰਾਂਗੇ। ਅਤੇ ਅੱਜ ਜਦੋਂ ਬੰਗਾਲ ਦੀ ਧਰਤੀ ’ਤੇ ਆਇਆ ਹਾਂ ਤਾਂ, ਮੈਂ ਸਵਾਮੀ ਵਿਵੇਕਾਨੰਦ ਜੀ ਦੇ ਸ਼ਬਦਾਂ ਨਾਲ ਆਪਣੀ ਗੱਲ ਸਮਾਪਤ ਕਰਾਂਗਾ। ਉੱਠੋ ਜਾਗੋ ਅਤੇ ਉਦੋਂ ਤੱਕ ਨਾ ਰੁਕੋ, ਜਦੋਂ ਤੱਕ ਟੀਚਾ ਪ੍ਰਾਪਤ ਨਾ ਹੋ ਜਾਵੇ। ਇੱਕ ਵਾਰ ਫਿਰ ਅੱਜ ਦੇ ਇਸ ਵਿਸ਼ੇਸ਼ ਮੌਕੇ ’ਤੇ ਤੁਹਾਨੂੰ ਸਾਰਿਆਂ ਨੂੰ ਮੇਰੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ।

 

ਬਹੁਤ-ਬਹੁਤ ਧੰਨਵਾਦ।

 

ਨਮਸਕਾਰ।

***********
 

ਐੱਮਜੇਪੀਐੱਸ/ਐੱਸਐੱਸ/ਐੱਸਐੱਸ/ਆਰਕੇ