ਪੀਐੱਮਇੰਡੀਆ

ਭਾਰਤ ਮਾਤਾ ਕੀ ਜੈ ।
ਭਾਰਤ ਮਾਤਾ ਕੀ ਜੈ ।
ਵਿਸ਼ਾਲ ਸੰਖਿਆ ਵਿੱਚ ਪਧਾਰੇ ਮੇਰੇ ਭਾਈਓ ਤੇ ਭੈਣੋ,
ਆਪਣੇ ਸਭ ਮੋਕਾਮਾ ਵਾਸੀਆਂ ਨੂੰ ਪ੍ਰਣਾਮ । ਭਗਵਾਨ ਪਰਸ਼ੂਰਾਮ ਦੀ ਪਵਿੱਤਰ ਧਰਤੀ ਉੱਤੇ ਆਪ ਸਭ ਨੂੰ ਸਾਦਰ ਪ੍ਰਣਾਮ । ਅਸੀਂ ਮੋਕਾਮਾ ਵਿੱਚ ਆ ਕੇ ਧੰਨ ਹੋ ਗਏ ।
ਪੂਰਾ ਦੇਸ਼ ਦਿਵਾਲੀ ਮਨਾਉਣ ਦੀ ਤਿਆਰੀ ਕਰ ਰਿਹਾ ਹੈ । ਛਠ ਪੂਜਾ ਦੀਆਂ ਵੀ ਤਿਆਰੀਆਂ ਚਲ ਰਹੀਆਂ ਹਨ । ਆਪ ਸਭ ਨੂੰ ਦਿਵਾਲੀ ਅਤੇ ਛਠ-ਪੂਜਾ ਦੀਆਂ ਮੇਰੇ ਵੱਲੋਂ ਸ਼ੁਭ ਕਾਮਨਾਵਾਂ ਅਤੇ ਇਸ ਪਵਿੱਤਰ ਤਿਉਹਾਰ ‘ਤੇ ਕਰੀਬ ਕਰੀਬ ਪੌਣੇ ਚਾਰ ਹਜ਼ਾਰ ਕਰੋੜ ਰੁਪਿਆਂ ਦੀ ਵਿਕਾਸ ਦੀ ਸਗਾਤ ਵੀ ਅੱਜ ਇਸ ਬਿਹਾਰ ਦੀ ਧਰਤੀ ਨੂੰ ਮਿਲ ਰਹੀ ਹੈ ।
ਭਰਾਓ-ਭੈਣੋ, ਹੁਣੇ ਹੁਣੇ ਸਾਡੇ ਗਡਕਰੀ ਜੀ, ਸਾਡੀ ਭਾਰਤ ਸਰਕਾਰ ਨੇ ਜੋ ਰੋਡ ਦੇ ਖੇਤਰ ਵਿੱਚ, ਰਸਤਾ ਬਣਾਉਣ ਦੇ ਖੇਤਰ ਵਿੱਚ ਪ੍ਰੋਜੈਕਟ ਸ਼ੁਰੂ ਕੀਤੇ ਹਨ, ਉਨ੍ਹਾਂ ਦਾ ਵਰਣਨ ਕਰ ਰਹੇ ਸਨ ਅਤੇ ਇਹ ਵਰਣਨ ਏਨਾ ਲੰਮਾ ਸੀ ਕਿ ਮੈਂ ਵੀ ਅਤੇ ਤੁਸੀਂ ਵੀ ਹੈਰਾਨ ਸੀ ਕਿ ਏਨੇ ਘੱਟ ਸਮੇਂ ਵਿੱਚ ਬਿਹਾਰ ਦਾ ਭਾਗ ਬਦਲਣ ਲਈ ਏਨੀਆਂ ਸਾਰੀਆਂ ਯੋਜਨਾਵਾਂ ਕਿਸ ਤਰ੍ਹਾਂ ਲਾਗੂ ਕੀਤੀਆਂ ਜਾ ਸਕਦੀਆਂ ਹਨ, ਪਰ ਅਸੀਂ ਇਹ ਕਰਕੇ ਦਿਖਾਇਆ ।
ਮੈਂ ਨੀਤੀਸ਼ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਦਿਲੋਂ ਆਭਾਰੀ ਹਾਂ ਕਿ ਭਾਰਤ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਨੂੰ ਉਨ੍ਹਾਂ ਦਾ ਹਰ ਪ੍ਰਕਾਰ ਦਾ ਸਹਿਯੋਗ ਰਿਹਾ, ਸਮਰਥਨ ਰਿਹਾ । ਸਾਨੂੰ ਕਠਿਨਾਈਆਂ ਹੁੰਦੀਆਂ ਹਨ ਤਾਂ ਉਹ ਦੂਰ ਕਰਨ ਦੀ ਚਿੰਤਾ ਕਰਦੇ ਹਨ ਅਤੇ ਇੱਕ ਤਰ੍ਹਾਂ ਨਾਲ ਕੇਂਦਰ ਅਤੇ ਰਾਜ ਸਰਕਾਰ ਦੋਵੇਂ ਮੋਢੇ ਨਾਲ ਮੋਢਾ ਜੋੜ ਕੇ ਬਿਹਾਰ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਜੀ-ਜਾਨ ਨਾਲ ਜੁਟੇ ਹੋਏ ਹਨ ਅਤੇ ਨਤੀਜਾ ਵੀ ਸਾਹਮਣੇ ਆਉਣ ਲੱਗ ਪਿਆ ਹੈ। ਨੀਤਿਸ਼ ਜੀ ਨੇ ਕਈ ਵਿਸ਼ਿਆਂ ਨੂੰ ਛੂਹਿਆ, ਉਹ ਮੁੱਖ ਮੰਤਰੀ ਤਾਂ ਹੈ ਹੀ ਪਰੰਤੂ ਇਸ ਖੇਤਰ ਵਿੱਚ ਏਨੇ ਸਾਲਾਂ ਤੱਕ ਸਾਂਸਦ ਰਹਿਣ ਕਰਕੇ ਤੁਹਾਡੇ ਪ੍ਰਤੀ ਉਨ੍ਹਾਂ ਦਾ ਭਾਵਨਾਤਮਕ (emotional) ਲਗਾਅ ਹੈ ਅਤੇ ਅਜਿਹਾ ਲਗਾਅ ਹੋਣ ਕਰਕੇ ਉਨ੍ਹਾਂ ਦੇ ਮਨ ਵਿੱਚ ਅਜਿਹੀ ਤੜਪ ਹੋਣੀ ਹੀ ਚਾਹੀਦੀ ਹੈ ਕਿ ਬਿਹਾਰ ਵਾਸਤੇ ਇਹ ਹੋਣਾ ਚਾਹੀਦਾ ਹੈ, ਉਹ ਹੋਣਾ ਚਾਹੀਦਾ ਹੈ, ਫਲਾਣਾ ਹੋਣਾ ਚਾਹੀਦਾ ਹੈ, ਢੀਂਗੜਾ ਹੋਣਾ ਚਾਹੀਦਾ ਹੈ । ਮੈਂ ਉਨ੍ਹਾਂ ਦੀ ਇਸ ਭਾਵਨਾ ਦੀ ਕਦਰ ਕਰਦਾ ਹਾਂ ਅਤੇ ਵਿਸ਼ਵਾਸ ਦਿਵਾਉਂਦਾ ਹਾਂ ਕਿ ਭਾਰਤ ਸਰਕਾਰ ਬਿਹਾਰ ਦੇ ਹਰ ਪ੍ਰਕਾਰ ਦੇ ਲੋਕਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਮੋਢੇ ਨਾਲ ਮੋਢਾ ਜੋੜ ਕੇ ਨਾਲ ਚੱਲੇਗੀ ਅਤੇ ਵਿਕਾਸ ਦੀ ਯਾਤਰਾ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਵੇਗੀ ।
ਭਾਈਓ-ਭੈਣੋ, ਅੱਜ ਮੈਨੂੰ ਮੋਕਾਮਾ ਦੀ ਧਰਤੀ ਤੇ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ, ਜਿਸ ਪੁਲ ਦੇ ਨਿਰਮਾਣ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ ਹੈ, ਆਉਂਦਿਆਂ-ਆਉਂਦਿਆਂ ਨੀਤੀਸ਼ ਜੀ ਮੈਨੂੰ ਉਸ ਪੁਲ ਦਾ ਡਿਜ਼ਾਈਨ ਦਿਖਾ ਰਹੇ ਸਨ, ਮਾਡਲ ਦਿਖਾ ਰਹੇ ਸਨ ਅਤੇ ਮੈਨੂੰ ਵਿਸ਼ਵਾਸ ਹੈ ਕਿ ਇਹ ਪੁਲ ਪੂਰੇ ਬਿਹਾਰ ਲਈ ਆਕਰਸ਼ਣ ਦਾ ਕੇਂਦਰ ਬਣੇਗਾ। ਇਹ ਪੁਲ ਬਿਹਾਰ ਦੇ ਪਹਿਲੇ ਮੁੱਖ ਮੰਤਰੀ ਡਾ: ਕ੍ਰਿਸ਼ਨ ਜੀ ਦੀ ਕਰਮ ਭੂਮੀ ਬੇਗੂਸਰਾਇ ਨੂੰ ਰਾਜਧਾਨੀ ਪਟਨਾ ਨਾਲ ਜੋੜਨ ਵਾਲਾ ਪੁਲ ਹੈ। ਬੇਗੂਸਰਾਇ ਨੂੰ ਰਿਫਾਈਨਰੀ, ਫਰਟੇਲਾਈਜ਼ਰ, ਥਰਮਲ ਪਾਵਰ ਅਤੇ ਬਰੌਨੀ ਡੇਅਰੀ ਸਥਾਪਤ ਕਰਕੇ, ਬਿਹਾਰ ਦੀ ਉਦਯੋਗਕ ਰਾਜਧਾਨੀ ਬਣਾਉਣ ਵਾਲੇ ਸ਼੍ਰੀ ਬਾਬੂ ਨੂੰ ਵੀ ਮੈਂ ਆਦਰਪੂਰਵਕ ਨਮਨ ਕਰਦਾ ਹਾਂ ।
ਅੱਜ ਮੈਂ ਉਸੇ ਧਰਤੀ ‘ਤੇ ਆਇਆ ਹਾਂ ਜਿੱਥੋਂ ਕੁਝ ਸੌ ਮੀਟਰ ਦੀ ਦੂਰੀ ‘ਤੇ ਉਹ ਤੀਰਥ-ਧਾਮ ਹੈ, ਸਿਖਿਆ ਦਾ ਉਹ ਖੇਤਰ ਹੈ ਜਿਸ ਨੇ ਰਾਸ਼ਟਰ ਕਵੀ ਦਿਨਕਰ ਜੀ ਦਾ ਬਾਲ-ਕਾਲ ਵਿੱਚ, ਸੰਸਕਾਰ ਸੰਸਕਰਣ ਕੀਤਾ ਸੀ ਅਤੇ ਜਦ ਦਿਨਕਰ ਜੀ ਦੀ ਯਾਦ ਆਉਂਦੀ ਹੈ ਤਾਂ ਉਨ੍ਹਾਂ ਦੀਆ ਭਾਵਨਾਵਾਂ ਅੱਜ ਵੀ ਸਾਨੂੰ ਪ੍ਰੇਰਣਾ ਦਿੰਦੀਆਂ ਹਨ, ਅੰਨ੍ਹੀ ਸ਼ਰਧਾ ਤੋਂ ਮੁਕਤੀ ਦਾ ਮਾਰਗ ਦਿਖਾਉਂਦੀਆਂ ਹਨ । ਦਲਿਤ, ਪੀੜਤ, ਸੋਸ਼ਿਤ, ਗ਼ਰੀਬ, ਵੰਚਿਤ, ਪਿੰਡ ਹੋਵੇ, ਕਿਸਾਨ ਹੋਵੇ, ਜਾਂ ਮਜ਼ਦੂਰ ਹੋਵੇ, ਹਰ ਕਿਸੇ ਪ੍ਰਤੀ ਇੱਕ ਆਦਰ ਭਾਵ ਜਗਾਉਣ ਦੀ ਪ੍ਰੇਰਣਾ ਦਿਨਕਰ ਜੀ ਦੀ ਭਾਵ-ਅਭਿਵਿਅਕਤੀ ਵਿੱਚ ਅਸੀਂ ਮਹਿਸੂਸ ਕਰਦੇ ਹਾਂ । ਜਿਸ ਧਰਤੀ ‘ਤੇ ਦਿਨਕਰ ਜੀ ਪਲੇ-ਵਧੇ ਅਤੇ ਜੋ ਉਨ੍ਹਾਂ ਦਾ ਜਨਮ ਸਥਾਨ ਵੀ ਹੈ, ਇਸ ਦੇ ਨਜ਼ਦੀਕ ਹੀ ਹੈ । ਦਿਨਕਰ ਜੀ ਨੇ ਕਿਹਾ ਸੀ–
‘ਆਰਤੀ ਲੈ ਕੇ ਕਿਸ ਨੂੰ ਢੂੰਢਦਾ ਹੈਂ ਮੂਰਖ, ਅੰਨ੍ਹੀ ਸ਼ਰਧਾ ਦੇ ਖਿਲਾਫ ਉਹ ਕਟਾਖਸ਼ ਕਰਦੇ ਹਨ ।
‘‘ਆਰਤੀ ਲੈ ਕੇ ਕਿਸ ਨੂੰ ਢੂੰਢਦਾ ਹੈਂ ਮੂਰਖ, ਮੰਦਰਾਂ, ਰਾਜ ਪ੍ਰਸਾਦਾਂ ’ਚ, ਤਹਿਖਾਨਿਆਂ ‘ਚ,
ਅਰੇ ਦੇਵਤਾ ਕਿਤੇ ਸੜਕਾਂ ‘ਤੇ ਰੋੜੀ ਕੁੱਟ ਰਹੇ, ਦੇਵਤਾ ਮਿਲਣਗੇ ਖੇਤਾਂ ‘ਚ, ਖਲਿਹਾਣਾਂ ‘ਚ ।
ਅੱਜ ਜਿਨ੍ਹਾਂ ਰਾਹਾਂ ਦੇ ਨਿਰਮਾਣ ਦਾ ਪ੍ਰੋਜੈਕਟ ਸ਼ੁਰੂ ਹੋ ਰਿਹਾ ਹੈ, ਉਸ ਵਿੱਚ ਉਹੀ ਰੋੜੀ ਕੁੱਟਣ ਵਾਲੇ ਭਗਵਾਨ ਸਾਡਾ ਭਾਗ ਬਣਾਉਣ ਵਾਲੇ ਹਨ ਅਤੇ ਭਾਰਤ ਸਰਕਾਰ ਦਿਨਕਰ ਜੀ ਦੇ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਇੱਕ ਅਹਿਮ ਕਦਮ ਉਠਾ ਰਹੀ ਹੈ ।
ਭਾਈਓ-ਭੈਣੋ, ਇਹ ਸਥਾਨ ਭਗਵਾਨ ਪਰਸ਼ੂਰਾਮ ਦਾ ਤਪ-ਸਥਾਨ ਵੀ ਹੈ, ਪ੍ਰਾਚੀਨ ਕਾਲ ਦੇ ਤਿੰਨ ਮਹਾਜਨਪਦ ਅੰਗ, ਮਗਧ ਅਤੇ ਮਿਥਿਲਾ ਦੇ ਸੰਗਮ ‘ਤੇ ਵਸਿਆ ਮਾਂ ਗੰਗਾ ਦਾ ਪਵਿੱਤਰ ਸਿਮਰੀਆ ਤੱਟ ਦਾ ਗੌਰਵਸ਼ਾਲੀ ਇਤਿਹਾਸ ਕੋਈ ਭੁੱਲ ਨਹੀਂ ਸਕਦਾ ਹੈ । ਇਸ ਮੰਚ ਤੋਂ, ਇਸ ਪਵਿੱਤਰ ਸਿਮਰੀਆ ਤਟ ਨੂੰ ਨਮਨ ਕਰਨ ਦਾ ਸੁਭਾਗ ਮੈਨੂੰ ਪ੍ਰਾਪਤ ਹੋਇਆ ਹੈ, ਮੈਂ ਸ਼ਰਧਾ ਪੂਰਵਕ ਨਮਨ ਕਰਦਾ ਹਾਂ । ਇਹ ਧਰਤੀ ਵੀਰ ਸ਼੍ਰੋਮਣੀ ਬਾਬਾ ਚੌਹਰਮਲ ਦੀ ਵੀ ਧਰਤੀ ਹੈ ਜਿਸ ਦੇ ਨਾਮ ਦਾ ਕੁਝ ਹੀ ਦੂਰੀ ‘ਤੇ ਹਰ ਸਾਲ ਮੇਲਾ ਲਗਦਾ ਹੈ, ਲੋਕ ਉਮ੍ਹਲ ਪੈਂਦੇ ਹਨ । ਮੈਂ ਐਸੀ ਪਵਿੱਤਰ ਭੂਮੀ ਨੂੰ ਵੀ ਨਮਨ ਕਰਦਾ ਹਾਂ ।
ਬਿਹਾਰ ਦੇ ਮੇਰੇ ਭਾਈਓ-ਭੈਣੋ, ਮੇਰੀ ਜਿੱਥੋਂ ਤੱਕ ਨਜ਼ਰ ਪਹੁੰਚ ਰਹੀ ਹੈ, ਬੱਸ ਲੋਕ ਹੀ ਲੋਕ ਨਜ਼ਰ ਆ ਰਹੇ ਹਨ, ਜਿੰਨੇ ਲੋਕਾਂ ਨੂੰ ਪੰਡਾਲ ਵਿੱਚ ਜਗਾ ਮਿਲੀ ਹੈ ਉਸ ਤੋਂ ਅਧਿਕ ਲੋਕ ਪੰਡਾਲ ਦੇ ਬਾਹਰ ਨਜ਼ਰ ਆ ਰਹੇ ਹਨ । ਇਹ ਸਾਰੇ ਤਾਪ ਵਿੱਚ ਤਪ ਰਹੇ ਹਨ, ਮੈਂ ਇਹਨਾਂ ਸਾਰਿਆਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਇਨ੍ਹਾਂ ਦੀ ਤਪੱਸਿਆ ਨੂੰ ਭਾਰਤ ਸਰਕਾਰ ਕਦੇ ਬੇਕਾਰ ਨਹੀਂ ਜਾਣ ਦੇਵੇਗੀ ।
ਸਾਡੇ ਦੇਸ਼ ਵਿੱਚ ਕੁਝ ਲੋਕ ਐਸੇ ਵੀ ਹੋਏ ਹਨ ਜਿਹਨਾਂ ਦੀ ਸੋਚ ਦੇਸ਼ ਨੂੰ ਪਿੱਛੇ ਲੈ ਜਾਣ ਦਾ ਕਾਰਣ ਬਣੀ । ਅਗਰ ਕੋਈ ਚੰਗੀ ਸੜਕ ਬਣਾਉਣ ਦੀ ਗੱਲ ਕਰੇ ਤਾਂ ਮੈਂ ਅਖ਼ਬਾਰਾਂ ਵਿੱਚ ਉਨ੍ਹਾਂ ਨੇਤਾਵਾਂ ਬਾਰੇ ਪੜ੍ਹਦਾ ਹੁੰਦਾ ਸੀ ਕਿ ਉਹ ਕਹਿੰਦੇ, ਸੜਕ ਦੀ ਕੀ ਜ਼ਰੂਰਤ ਹੈ, ਸੜਕ ਤਾਂ ਮੋਟਰਕਾਰ ਵਾਲਿਆਂ ਨੂੰ ਚਾਹੀਦੀ ਹੈ, ਸਾਡੇ ਗ਼ਰੀਬਾਂ ਕੋਲ ਗੱਡੀ ਜੋ ਹੈ, ਸਾਨੂੰ ਸੜਕ ਦੀ ਕੀ ਜ਼ਰੂਰਤ ਹੈ, ਐਸੀ ਤਿੜਕੀ ਹੋਈ ਮਾਨਸਿਕਤਾ ਵਾਲੇ ਲੋਕਾਂ ਨੇ ਦੇਸ਼ ਨੂੰ ਜਿੰਨ੍ਹਾਂ ਤਬਾਹ ਕੀਤਾ ਹੈ ਸ਼ਾਇਦ ਅਸੀ ਤਾਂ ਉਸ ਦੀ ਕਲਪਨਾ ਵੀ ਨਹੀਂ ਕਰ ਸਕਦੇ । ਅੱਜ ਕਿਸੇ ਵੀ ਪਿੰਡ ਜਾਓ, ਅਗਰ ਸੜਕ ਨਹੀਂ ਹੈ …. ਤਾਂ ਐੱਮ ਪੀ ਮੈਨੂੰ ਆ ਕੇ ਕਹਿੰਦੇ ਹਨ ਕਿ ਸਾਹਬ ਮੇਰੇ ਇਲਾਕੇ ਵਿੱਚ ਹਾਲੇ ਵੀ ਕੁਝ ਪਿੰਡਾਂ ‘ਚ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਬਾਕੀ ਰਹਿ ਗਈ ਹੈ, ਇਸ ਨੂੰ ਪਹਿਲ (priority) ਦਿੱਤੀ ਜਾਵੇ ਕਿਉਂਕਿ ਪਿੰਡ ਦੇ ਲੋਕ ਜਦੋਂ ਵੀ ਮਿਲਦੇ ਹਨ, ਉਨ੍ਹਾਂ ਦੀ ਮੰਗ ਰਹਿੰਦੀ ਹੈ ਕਿ ਸਾਨੂੰ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦਿਉ ।
ਭਾਈਓ-ਭੈਣੋ, ਪਿਛਲੇ ਤਿੰਨ ਸਾਲਾਂ ਦੌਰਾਨ ਅਸੀਂ ਬਜਟ ਵਿੱਚ ਏਨਾ ਵਾਧਾ ਕਰ ਦਿੱਤਾ ਹੈ, ਕੰਮ ਵਿੱਚ ਏਨੀ ਤੇਜ਼ੀ ਲੈ ਆਉਂਦੀ ਹੈ ਕਿ ਇੱਕ ਦਿਨ ਵਿੱਚ ਪਹਿਲਾਂ ਜਿੰਨੀ ਸੜਕ ਬਣਦੀ ਸੀ, ਹੁਣ ਅਸੀਂ ਉਸ ਤੋਂ ਡਬਲ ਸੜਕ ਬਣਾਉਣ ਵਿੱਚ ਸਫਲ ਹੋਏ ਹਾਂ ਅਤੇ ਪਿੰਡ ਦੇ ਜੀਵਨ ਨੂੰ ਬਦਲਣ ਲਈ ਇਹ ਕੰਮ ਹੋ ਰਿਹਾ ਹੈ । ਲੇਕਿਨ ਕੇਵਲ ਗ੍ਰਾਮੀਣ ਸੜਕ ਹੀ ਕਾਫੀ ਨਹੀਂ ਹੈ । ਅਸੀਂ ਇਨ੍ਹਾਂ ਗ੍ਰਾਮੀਣ ਸੜਕਾਂ ਨੂੰ ਵੱਡੇ ਵੱਡੇ ਆਰਥਕ ਕੇਂਦਰਾਂ, ਵਿਕਾਸ ਕੇਂਦਰਾਂ ਜਿਥੋਂ ਕਿ ਅਰਥ ਵਿਵਸਥਾ ਚਲਦੀ ਹੈ, ਨਾਲ ਸੰਪਰਕ ਮਾਰਗਾਂ ਰਾਹੀਂ ਜੋੜਨਾ ਹੈ । ਅੱਜ ਜੋ ਹਜ਼ਾਰਾਂ ਕਰੋੜਾਂ ਰੁਪਿਆਂ ਦੀਆਂ ਯੋਜਨਾਵਾਂ ਦੇ ਨੀਂਹ ਪੱਥਰ ਰੱਖੇ ਗਏ ਹਨ, ਉਹ ਸਿਰਫ ਉਨ੍ਹਾਂ ਉੱਤੇ ਗੱਡੀਆਂ ਦੌੜਾਉਣ ਲਈ ਨਹੀਂ ਰੱਖੇ ਗਏ, ਸੜਕਾਂ ਦਾ ਇਹ ਨਿਰਮਾਣ ਆਰਥਕ ਜੀਵਨ ਨੂੰ ਬਦਲਣ ਲਈ ਹੈ । ਸਮਰਿੱਧੀ ਨੂੰ ਸੜਕ ਦੇ ਰਸਤੇ ਖਿੱਚ ਕੇ ਲਿਆਉਣ ਦਾ ਸਾਡਾ ਪ੍ਰਯਤਨ ਹੈ । ਰਸਤੇ ਹੀ ਸਮਰਿੱਧੀ ਨੂੰ ਖਿੱਚ ਕੇ ਲਿਆਉਂਦੇ ਹਨ ਅਤੇ ਖੁਸ਼ਹਾਲ ਇਲਾਕੇ ਦਾ ਨਿਰਮਾਣ ਕਰਨ ਵਿੱਚ ਯੋਗਦਾਨ ਪਾਉਂਦੇ ਹਨ ।
ਭਾਈਓ-ਭੈਣੋ, ਸਾਡੇ ਸਾਰਿਆਂ ਦਾ ਜੀਵਨ ਗੰਗਾ ਨਾਲ ਜੁੜਿਆ ਹੋਇਆ ਹੈ, ਅਗਰ ਅੱਜ ਮਾਂ ਗੰਗਾ ਨਾ ਹੁੰਦੀ ਤਾਂ ਪਤਾ ਨਹੀਂ ਸਾਡੀ ਸਮੁੱਚੀ ਧਰਤੀ ਦੀ ਕਿੰਨੀ ਭਿਅੰਕਰ ਸਥਿਤੀ ਹੁੰਦੀ । ਲੇਕਿਨ ਉਸ ਗੰਗਾ ਨੂੰ ਬਚਾਉਣ ਦੇ ਅਸੀਂ ਕਦੇ ਪ੍ਰਯਤਨ ਨਹੀਂ ਕੀਤੇ, ਅਸੀਂ ਉਦਾਸੀਨਤਾ ਵਰਤੀ । ਗੰਗਾ ਨੂੰ ਬਚਾਉਣਾ ਸਾਡੀ ਭਾਵੀ ਪੀੜ੍ਹੀ ਨੂੰ ਬਚਾਉਣਾ ਹੈ । ਗੰਗਾ ਨੂੰ ਨਿਰਮਲ ਕਰਾਂਗੇ ਤਾਂ ਗੰਗਾ ਨੂੰ ਖੁਸ਼ਹਾਲੀ ਲਿਆਉਣ ਤੋਂ ਕੋਈ ਨਹੀਂ ਰੋਕ ਸਕੇਗਾ ਅਤੇ ਏਸੇ ਲਈ ਸਰਕਾਰ ਅਰਬਾਂ-ਖ਼ਰਬਾਂ ਰੁਪਿਆ ਖਰਚ ਕਰਕੇ ਗੰਗਾ ਦੀ ਸਫਾਈ ‘ਤੇ ਲੱਗੀ ਹੋਈ ਹੈ ਅਤੇ ਇਹ ਸਿਰਫ ਇੱਕ ਨਦੀ ਨਾਲ ਹੀ ਨਹੀਂ ਹੈ, ਇੱਕ ਵਾਰੀ ਫਿਰ ਨਦੀਆਂ ਦੇ ਪ੍ਰਤੀ ਪਹਿਲਾਂ ਵਾਲਾ ਸ਼ਰਧਾ ਭਾਵ ਪੈਦਾ ਹੋਵੇਗਾ, ਨਦੀਆਂ ਨੂੰ ਬਚਾਉਣ ਦੀ ਪਹਿਲ ਹੋਵੇਗੀ । ਹਿੰਦੁਸਤਾਨ ਦੀ ਹਰ ਨਦੀ ਪ੍ਰਤੀ ਜਾਗਰੂਕਤਾ ਆਏਗੀ । ਭਵਿੱਖ ਵਿੱਚ ਭਾਰਤ ਨੇ ਅਗਰ ਪਾਣੀ ਦੇ ਸੰਕਟ ਤੋਂ ਬਚਣਾ ਹੈ ਤਾਂ ਇੱਕ ਏਹੀ ਮਾਰਗ ਹੈ ਜਿਸ ਨੂੰ ਅਸੀਂ ਗੰਭੀਰਤਾ ਨਾਲ ਲੈਣਾ ਹੋਏਗਾ । ਗੰਗੋਤਰੀ ਤੋਂ ਲੈ ਕੇ ਬੰਗਾਲ ਸਾਗਰ ਤੱਕ ਜੋ ਸਫਾਈ ਅਭਿਆਨ ਚੱਲ ਰਿਹਾ ਹੈ ਇਸ ਵਿੱਚ ਪ੍ਰਾਥਮਿਕਤਾ ਇਸ ਗੱਲ ਨੂੰ ਦਿੱਤੀ ਗਈ ਹੈ ਕਿ ਜੋ ਵੀ ਰਾਜ ਇਸ ਨਾਲ ਜੁੜੇ ਹਨ ਉਨ੍ਹਾਂ ਦੇ ਅਲੱਗ-ਅਲੱਗ ਹਿੱਸੇ ਕਰਕੇ ਗੰਗਾ ਗੰਦੀ ਨਾ ਹੋਵੇ । ਗੰਗਾ ਵਿੱਚ ਜਾਣ ਵਾਲੇ ਗੰਦੇ ਪਾਣੀ ਅਤੇ ਕੈਮੀਕਲ ਵਾਲੇ ਪਾਣੀ ਨੂੰ ਰੋਕਣ ਦਾ ਅਭਿਆਨ ਚੱਲ ਰਿਹਾ ਹੈ, ਅੱਜ ਬਿਹਾਰ ਵਿੱਚ ਇਨ੍ਹਾਂ ਪ੍ਰੋਜੈਕਟਾਂ ਦਾ ਵੀ ਸ਼ੁਭ ਅਰੰਭ ਹੋ ਰਿਹਾ ਹੈ । ਆਉਣ ਵਾਲੇ ਦਿਨਾਂ ਵਿੱਚ ਮਾਂ ਗੰਗਾ ਦੇ ਜਿਸ ਰੂਪ ਲਈ ਅਸੀਂ ਸ਼ਰਧਾ-ਭਾਵ ਰੱਖਦੇ ਹਾਂ, ਉਹ ਸਾਨੂੰ ਉਸੇ ਰੂਪ ਵਿੱਚ ਦੇਖਣ ਨੂੰ ਮਿਲੇਗਾ ਅਤੇ ਜਦ ਮਾਂ ਗੰਗਾ ਸਾਡੇ ਸੁਪਨਿਆਂ ਦੇ ਅਨੁਸਾਰ ਹੋਵੇਗੀ ਤਾਂ ਛਠ ਪੂਜਾ ਦਾ ਅਨੰਦ ਹੀ ਕੁਝ ਹੋਰ ਹੋਵੇਗਾ, ਉਸ ਭਗਤੀ ਦਾ ਭਾਵ ਵੀ ਕੁਝ ਹੋਰ ਹੋਵੇਗਾ ।
ਭਾਈਓ-ਭੈਣੋ, ਪਿਛਲੇ ਦਿਨੀਂ ਭਾਰਤੀ ਰੇਲ ਮੰਤਰਾਲੇ ਨੇ ਪੂਰਬੀ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਲੋਕਾਂ ਲਈ ਮਹੱਤਵਪੂਰਣ ਟਰੇਨ ਚਲਾਈ ਹੈ, ਜਿਸ ਦਾ ਲਾਭ ਇਸ ਦਿਵਾਲੀ ਅਤੇ ਛਠ ਪੂਜਾ ਦੌਰਾਨ ਭਰਪੂਰ ਮਿਲਣ ਵਾਲਾ ਹੈ , ਮੰਬਈ ਤੋਂ ਗੋਰਖਪੁਰ ਟਰੇਨ ਅੰਤੋਦੇਯ ਐਕਸਪ੍ਰੈੱਸ ਦੇਸ਼ ਦੀ ਪਹਿਲੀ ਅੰਤੋਦੇਯ ਐਕਸਪ੍ਰੈੱਸ ਅਤੇ ਇੱਕ ਹਫਤੇ ਪਹਿਲਾਂ ਮੈਂ ਸੂਰਤ ਤੋਂ ਪਟਨਾ ਜੈਨਗਰ ਤੱਕ ਦੂਸਰੀ ਅੰਤੋਦੇਯ ਐਕਸਪ੍ਰੈੱਸ ਨੂੰ ਵੀ ਉੱਥੇ ਮੈਂ ਹਰੀ ਝੰਡੀ ਦਿੱਤੀ ਹੈ । ਬਿਨ੍ਹਾਂ ਰਾਖਵਾਂਕਰਣ (without reservation) ਗ਼ਰੀਬ ਤੋਂ ਗ਼ਰੀਬ ਵੀ ਆਖਰੀ ਪਲ ‘ਤੇ ਦੌੜ ਕੇ ਅੰਦਰ ਬੈਠ ਸਕਦਾ ਹੈ, ਆਪਣੇ ਘਰ ਜਾ ਸਕਦਾ ਹੈ, ਅਜਿਹੀ ਵਿਵਸਥਾ ਕੀਤੀ ਹੈ ।
ਮਹਾਮਾਨਾ ਐਕਸਪ੍ਰੈੱਸ, ਬੜੌਦਾ ਤੋਂ ਬਨਾਰਸ ਤੱਕ ਜੋੜੀ ਹੈ, ਸੂਰਤ ਵਿੱਚ ਕੰਮ ਕਰਨ ਵਾਲੇ ਲੋਕ
ਬੜੌਦਾ ਵਿੱਚ ਕੰਮ ਕਰਨ ਵਾਲੇ ਲੋਕ, ਅੰਕਲੇਸ਼ਵਰ ਵਿੱਚ ਕੰਮ ਕਰਦੇ ਲੋਕ, ਮਹਾਰਾਸ਼ਟਰ ‘ਚ ਕੰਮ ਕਰਦੇ ਲੋਕ ਦਿਵਾਲੀ ਅਤੇ ਛਠ ਪੂਜਾ ਦੇ ਤਿਉਹਾਰ ਤੇ ਆਪਣੇ ਘਰ ਅਰਾਮ ਨਾਲ ਪਹੁੰਚ ਸਕਣ ਇਸ ਲਈ ਬਹੁਤ ਜਲਦੀ ਕਰਕੇ ਇਨ੍ਹਾਂ ਦਿਨਾਂ ਵਿੱਚ ਇਹ ਚਾਰ ਮਹੱਤਵਪੂਰਨ ਟਰੇਨਾਂ ਰਾਹੀਂ ਬਿਹਾਰ ਅਤੇ ਪੂਰਬੀ ਉੱਤਰ-ਪ੍ਰਦੇਸ਼ ਨੂੰ ਜੋੜਨ ਦਾ ਕੰਮ ਇਹ ਸਰਕਾਰ ਨੇ ਕੀਤਾ ਹੈ, ਜਿਸ ਦਾ ਲਾਭ ਦਿਵਾਲੀ ਅਤੇ ਛਠ ਪੂਜਾ ਵਿੱਚ ਤੁਹਾਨੂੰ ਜ਼ਰੂਰ ਮਿਲਣ ਵਾਲਾ ਹੈ ।
ਭਾਈਓ-ਭੈਣੋਂ, ਹੁਣੇ ਨੀਤੀਸ਼ ਜੀ ਦੱਸ ਰਹੇ ਸਨ ਕਿ ਕਿਵੇਂ ਗਡਕਰੀ ਜੀ ਨੇ ਤੁਹਾਡੇ ਸਾਹਮਣੇ ਜੋ ਖਾਕਾ ਲਿਆਂਦਾ ਉਸ ਅਨੁਸਾਰ ਅਜ਼ਾਦੀ ਤੋਂ ਬਾਅਦ ਇੰਨੇ ਘੱਟ ਸਮੇਂ ਵਿੱਚ ਮੂਲ-ਢਾਂਚੇ ਦਾ ਏਨਾ ਵੱਡਾ ਕੰਮ ਬਿਹਾਰ ਦੀ ਧਰਤੀ ਤੇ ਕਦੇ ਨਹੀਂ ਹੋਇਆ, ਇਕੱਲੀ ਰੋਡ ਦੇ ਕੰਮ ਤੇ … ਹੁਣੇ ਨੀਤੀਸ਼ ਜੀ ਦੱਸ ਰਹੇ ਸਨ 53 ਹਜ਼ਾਰ ਕਰੋੜ ਰੁਪਏ ਦੇ ਕੰਮ ਜਾਂ ਤਾਂ ਮਨਜ਼ੂਰ ਹੋ ਗਏ ਹਨ ਜਾਂ ਫਿਰ ਕੰਮ ਚਾਲੂ ਹੋ ਗਏ ਹਨ । ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇਹ ਮੂਲਭੂਤ ਸਹੂਲਤਾਂ infrastructure ਦੀਆਂ ਮੂਲ-ਭੂਤ ਸਹੂਲਤਾਂ ਕਿੰਨਾ ਵੱਡਾ ਨਤੀਜਾ ਲਿਆਉਣਗੀਆਂ, ਇਸ ਦਾ ਆਪ ਅੰਦਾਜ਼ਾ ਲਗਾ ਸਕਦੇ ਹੋ ।
ਅਸੀਂ ਇਹ ਗੱਲ ਭਲੀ-ਭਾਂਤ ਜਾਣਦੇ ਹਾਂ ਕਿ ਆਉਣ ਵਾਲਾ ਯੁੱਗ ਬਿਨਾਂ ਕੁਨੈਕਟਿਵਿਟੀ ਵਿਕਾਸ ਦੀ ਯਾਤਰਾ ਨੂੰ ਕਦੀ ਅੱਗੇ ਨਹੀਂ ਵਧਣ ਦੇਵੇਗਾ । ਰੇਲ ਕਨੈਕਟਿਵਿਟੀ ਚਾਹੀਦੀ ਹੈ, ਇੰਟਰਨੈੱਟ ਕਨੈਕਟਿਵਿਟੀ ਚਾਹੀਦੀ ਹੈ , ਗੈਸ ਗ੍ਰਿੱਡ ਚਾਹੀਦਾ ਹੈ, ਬਿਜਲੀ ਦਾ ਕੁਨੈਕਸ਼ਨ ਚਾਹੀਦਾ ਹੈ, ਸ਼ੁੱਧ ਪਾਣੀ ਦਾ ਨਲ ਚਾਹੀਦਾ ਹੈ । ਇਹ ਸਭ ਗ਼ਰੀਬ ਨਾਲ ਜੁੜੇ ਹੋਏ ਵਿਸ਼ੇ ਹਨ ਅਤੇ ਇਸ ਵਿੱਚ ਸਾਡੇ ਗਡਕਰੀ ਜੀ ਦੀ ਅਗਵਾਈ ਅਧੀਨ ਜਲ ਮਾਰਗ (water way) ਦਾ ਵੀ ਅਭਿਆਨ ਚਲਿਆ ਹੈ । ਅਗਰ ਅਸੀਂ ਇੱਕ ਵਾਰ ਜਲ-ਮਾਰਗ ਦੇ ਅਭਿਆਨ ਨੂੰ ਅੱਗੇ ਵਧਾਉਣ ਵਿੱਚ ਸਫਲ ਰਹੇ ਤਾਂ ਨਦੀ ਦਾ ਮਹੱਤਵ ਹੋਰ ਵਧੇਗਾ ਕਿਉਂਕਿ ਆਰਥਕਤਾ ਨਾਲ ਜੁੜੇ ਹੋਏ ਲੋਕ ਵੀ ਫਿਰ ਸ਼ਰਧਾ ਭਾਵ ਨਾਲ ਨਦੀਆਂ ਨਾਲ ਜੁੜਨ ਲਈ ਅੱਗੇ ਆਏ ਬਿਨਾਂ ਨਹੀਂ ਰਹਿਣਗੇ । ਜਲ ਮਾਰਗਾਂ ਦੇ ਕਾਰਣ ਦੇਸ਼ ਦੀ ਅਰਥ-ਵਿਵਸਥਾ ਵਿੱਚ ਘੱਟ ਤੋਂ ਘੱਟ ਖਰਚ ਨਾਲ ਮਾਲ ਢੋਣ ਕਰਕੇ ਗਰੀਬਾਂ ਨੂੰ ਸਸਤੇ ਤੋਂ ਸਸਤਾ ਸਮਾਨ ਉਪਲੱਬਧ ਕਰਾਉਣ ਦਾ ਕੰਮ ਮਾਂ ਦੇ ਤੱਟ ਤੇ ਸੰਭਵ ਹੋਣ ਵਾਲਾ ਹੈ । ਜਿਸ ਜ਼ਮਾਨੇ ਵਿੱਚ ਅੰਗ੍ਰੇਜ਼ ਜਲ-ਮਾਰਗਾਂ ਦਾ ਉਪਯੋਗ ਕਰਦੇ ਸਨ, ਤਦ ਵੀ ਸਾਡਾ ਮੋਕਾਮਾ ਮਿੰਨੀ ਕਲਕੱਤਾ ਦੇ ਨਾਮ ਨਾਲ ਜਾਣਿਆਂ ਜਾਂਦਾ ਸੀ । ਇੱਕ ਵੱਡੇ ਆਰਥਕ ਅਤੇ ਟਰਾਂਸਪੋਰਟੇਸ਼ਨ ਦੀ ਗਤੀ ਦਾ ਕੇਂਦਰ ਬਣ ਗਿਆ ਸੀ । ਇਹ ਸ਼ੁਹਰਤ ਫਿਰ ਤੋਂ ਹਾਸਲ ਕਰਾਉਣ ਦਾ ਬੀੜਾ ਭਾਰਤ ਸਰਕਾਰ ਨੇ ਉਠਾਇਆ ਹੈ ਅਤੇ ਮੈਂ ਆਪ ਨੂੰ ਵਿਸ਼ਵਾਸ ਦੁਆਉਂਦਾ ਹਾਂ ਕਿ ਇਹ ਸ਼ੋਹਰਤ ਅਸੀਂ ਵਾਪਸ ਲਿਆ ਕੇ ਰਹਾਂਗੇ । ਪਿਛਲੇ ਦਿਨੀਂ ਤੁਸੀ ਦੇਖਿਆ ਹੋਵੇਗਾ ਕਿ ਜਿਨ੍ਹਾਂ ਪਿੰਡਾਂ ਵਿੱਚ ਬਿਜਲੀ ਨਹੀਂ ਹੈ, ਉਨ੍ਹਾਂ ਪਿੰਡਾਂ ਵਿੱਚ ਬਿਜਲੀ ਪਹੁੰਚਾਉਣ ਦਾ ਇੱਕ ਵੱਡਾ ਅਭਿਆਨ ਅਸੀਂ ਚਲਾਇਆ ਹੈ । 18 ਹਜ਼ਾਰਾਂ ਪਿੰਡਾਂ ਵਿੱਚ ਬਿਜਲੀ ਨਹੀਂ ਸੀ, ਇੱਕ ਹਜ਼ਾਰ ਦਿਨ ਵਿੱਚ ਬਿਜਲੀ ਪਹੁੰਚਾਉਣ ਦਾ ਸੁਪਨਾ ਲੈ ਕੇ ਅਸੀਂ ਚੱਲੇ ਸੀ । ਕੁਝ ਮਹੀਨੇ ਹਾਲੇ ਬਾਕੀ ਹਨ ਫਿਰ ਵੀ ਅਸੀਂ 15 ਹਜ਼ਾਰ ਪਿੰਡਾਂ ਵਿੱਚ ਬਿਜਲੀ ਪਹੁੰਚਾ ਚੁੱਕੇ ਹਾਂ, ਜੋ ਢਾਈ-ਤਿੰਨ ਹਜ਼ਾਰ ਪਿੰਡ ਬਾਕੀ ਹਨ, ਉਨ੍ਹਾਂ ਵਿੱਚ ਵੀ ਤੇਜ਼ ਗਤੀ ਨਾਲ ਕੰਮ ਚੱਲ ਰਿਹਾ ਹੈ । ਉਸ ਦੇ ਨਾਲ ਹੀ ਅਸੀਂ ਸੌਭਾਗਯ ਯੋਜਨਾ ਵੀ ਲਾਗੂ ਕੀਤੀ ਹੈ । ਪ੍ਰਧਾਨ ਮੰਤਰੀ ਸੁਭਾਗਯ ਯੋਜਨਾ, ਮੈਂ ਬਿਹਾਰ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਇਸਦਾ ਭਰਪੂਰ ਲਾਭ ਉਠਾਏ । ਇਸ ਯੋਜਨਾ ਅਨੁਸਾਰ ਜਿਸ ਘਰ ਵਿੱਚ ਵੀ ਬਿਜਲੀ ਦਾ ਕੁਨੈਕਸ਼ਨ ਨਹੀਂ ਹੈ ਭਾਰਤ ਸਰਕਾਰ, ਰਾਜ ਸਰਕਾਰ ਨਾਲ ਮਿਲਕੇ ਮੁਫਤ ਕੁਨੈਕਸ਼ਨ ਦੇਵੇਗੀ । ਝੁੱਗੀ ਝੌਂਪੜੀ ਵਿੱਚ ਵੀ ਲਾਟੂ ਜਗੇਗਾ । ਪਹਿਲਾਂ ਕੋਈ ਬਿਜਲੀ ਮੰਗਦਾ ਸੀ ਤਾਂ ਸਰਕਾਰ ਕਹਿੰਦੀ ਸੀ ਉੱਧਰ ਖੰਭਾ ਹੈ, ਉੱਥੋਂ ਇੱਥੇ ਬਿਜਲੀ ਲਿਆਉਣ ਲਈ 10 ਖੰਭੇ ਹੋਰ ਲਾਉਣੇ ਪੈਣਗੇ, ਏਨੀ ਤਾਰ ਲੱਗੇਗੀ, ਇਸ ਦਾ ਕਰੀਬ 30 ਹਜ਼ਾਰ ਰੁਪਿਆ ਖਰਚਾ ਹੋਵੇਗਾ । ਅਗਰ ਤੁਸੀਂ 30000 ਰੁਪਏ ਦਿਉ ਤਾਂ ਕੁਨੈਕਸ਼ਨ ਮਿਲੇਗਾ ਤਾਂ ਹੇਠਲੇ ਅਤੇ ਮੱਧ ਵਰਗ ਦਾ ਵਿਅਕਤੀ ਕਹਿੰਦਾ ਸੀ ਭਾਈ ਮੈਨੂੰ ਬਿਜਲੀ ਨਹੀਂ ਚਾਹੀਦੀ, ਮੈਂ 30000 ਰੁਪਏ ਨਹੀਂ ਦੇ ਸਕਦਾ । ਭਾਈਓ-ਭੈਣੋ, ਅਸੀਂ ਤੈਅ ਕੀਤਾ ਕਿ ਹਿੰਦੁਸਤਾਨ ਦਾ ਕੋਈ ਵੀ ਪਰਿਵਾਰ ਹੁਣ 18ਵੀਂ ਸਦੀ ਦੇ ਹਨ੍ਹੇਰੇ ਵਿੱਚ ਨਹੀਂ ਰਹੇਗਾ, ਮੁਫਤ ਕੁਨੈਕਸ਼ਨ ਦਿੱਤਾ ਜਾਵੇਗਾ । ਖੰਭੇ ਸਰਕਾਰ ਲਗਾਏਗੀ, ਤਾਰਾਂ ਸਰਕਾਰ ਪਾਏਗੀ ਅਤੇ ਘਰ ਤੱਕ ਬਿਜਲੀ ਲਿਜਾਈ ਜਾਏਗੀ ਤਾਂ ਕਿ ਉਹ ਲੋਕ ਆਪਣੇ ਬੱਚਿਆਂ ਦੀ ਵਿਦਿਆ ਲਈ, ਜੀਵਨ ਲਈ ਸੋਚਣ, ਨਵੇਂ ਤਰੀਕੇ ਨਾਲ ਸੋਚਣ ਅਤੇ ਬਦਲਾਅ ਦੀ ਦਿਸ਼ਾ ਵਿੱਚ ਅੱਗੇ ਵਧਣ ।
ਭਾਈਓ-ਭੈਣੋ, ਤਿੰਨ ਸਾਲ ਬਾਅਦ ਸਾਡੀ ਆਲੋਚਨਾ ਕਰਨ ਵਾਲਿਆਂ ਨੂੰ ਸਵੀਕਾਰ ਕਰਨਾ ਪੈ ਰਿਹਾ ਹੈ ਕਿ ਸਾਡੀ ਸਰਕਾਰ ਦੀ ਇੱਕ ਵਿਸ਼ੇਸ਼ਤਾ ਹੈ । ਪਹਿਲੀਆਂ ਸਰਕਾਰਾਂ ਦੀ ਆਦਤ ਹੁੰਦੀ ਸੀ ਕਿ ਚੋਣਾਂ ਦੇ ਮੱਦੇ ਨਜ਼ਰ ਯੋਜਨਾਵਾਂ ਦੀ ਘੋਸ਼ਣਾ ਕਰ ਦੇਣ ਅਤੇ ਫਿਰ ਭੁੱਲ ਜਾਣਾ । ਅੱਜ ਦਿੱਲੀ ਵਿੱਚ ਸਾਡੀ ਸਰਕਾਰ ਚੱਲ ਰਹੀ ਹੈ ਅਤੇ ਅਸੀਂ ਜਿਸ ਯੋਜਨਾ ਦੀ ਕਲਪਨਾ ਕਰਦੇ ਹਾਂ ਉਸ ਦਾ ਰੋਡ-ਮੈਪ ਵੀ ਤਿਆਰ ਕਰਦੇ ਹਾਂ ਅਤੇ ਆਪਣੀਆਂ ਨਜ਼ਰਾਂ ਦੇ ਸਾਹਮਣੇ, ਸਮੇਂ ਸੀਮਾਂ ਦੇ ਅੰਦਰ ਉਸ ਯੋਜਨਾ ਨੂੰ ਪੂਰਾ ਕਰਨ ਲਈ ਜੀਅ-ਜਾਨ ਨਾਲ ਜੁੱਟ ਜਾਂਦੇ ਹਾਂ, ਸੰਸਾਧਨ ਇਕੱਠੇ ਕਰਦੇ ਹਾਂ । ਤੁਸੀਂ ਦੇਖਿਆ ਹੋਏਗਾ ਦੇਸ਼ ਦੇ ਤਿੰਨ ਕਰੋੜ ਤੋਂ ਵੀ ਜ਼ਿਆਦਾ ਗਰੀਬ ਪਰਿਵਾਰਾਂ ਨੂੰ ਗੈਸ ਦਾ ਸਲੰਡਰ ਪਹੁੰਚ ਗਿਆ । ਉਹ ਗੈਸ ਦੇ ਚੁੱਲ੍ਹੇ ਤੇ ਰੋਟੀ ਪਕਾਉਣ ਲੱਗੇ ਹਨ । ਆਉਣ ਵਾਲੇ ਦੋ ਸਾਲਾਂ ਵਿੱਚ ਦੋ ਕਰੋੜ ਹੋਰ ਗਰੀਬ ਪਰਿਵਾਰਾਂ ਨੂੰ ਗੈਸ ਸਿਲੰਡਰ ਦੇਣ ਦਾ ਸੁਪਨਾ ਹੈ, ਉਹ ਵੀ ਅਸੀਂ ਸਮੇਂ ਸੀਮਾਂ ਦੇ ਅੰਦਰ ਪੂਰਾ ਕਰਕੇ ਗ਼ਰੀਬ ਦੀ ਜ਼ਿੰਦਗੀ ਵਿੱਚ ਪਰਿਵਰਤਨ ਲਿਆਵਾਂਗੇ ।
ਅਸੀਂ ਜੋ ਸਵੱਛਤਾ ਦਾ ਅਭਿਆਨ ਲੈ ਕੇ ਚੱਲੇ ਹਾਂ, ਉਹ ਆਪਣੀਆਂ ਗਰੀਬ ਮਾਵਾਂ-ਭੈਣਾਂ ਨੂੰ ਦਿਮਾਗ ਵਿੱਚ ਲੈ ਕੇ ਚੱਲੇ ਹਾਂ । ਮੈਂ ਹਰ ਕਿਸੇ ਨੂੰ, ਸਰਕਾਰ ਵਿੱਚ ਬੈਠੇ ਮੁਲਾਜ਼ਮਾਂ, ਪੜ੍ਹੇ ਲਿਖੇ ਨੌਜਵਾਨਾਂ, ਆਰਥਕ ਰੂਪ ਵਿੱਚ ਸੰਪੰਨ ਪਰਿਵਾਰਾਂ ਨੂੰ ਕਹਿਣਾ ਚਾਹਾਂਗਾ ਕਿ ਇੱਕ ਪਲ ਲਈ ਉਹਨਾਂ ਮਾਂਵਾਂ-ਭੈਣਾਂ ਬਾਰੇ ਸੋਚੋ ਜੋ ਪਿੰਡਾਂ ਵਿੱਚ ਜਾਂ ਸ਼ਹਿਰਾਂ ਦੀਆਂ ਝੁੱਗੀਆਂ-ਝੌਪੜੀਆਂ ਵਿੱਚ ਰਹਿੰਦੀਆਂ ਹਨ ਅਤੇ ਖੁੱਲ੍ਹੇ ਵਿੱਚ ਹੱਗਣ ਲਈ ਮਜ਼ਬੂਰ ਹਨ । ਪਖਾਨਾ ਨਾ ਹੋਣ ਕਰਕੇ ਉਹ ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਪਹਿਲਾਂ ਬਾਹਰ ਜਾ ਕੇ ਪੇਟ ਹਲਕਾ ਕਰ ਆਉਂਦੀਆਂ ਹਨ ਅਗਰ ਕਿਸੇ ਕਾਰਣ ਦਿਨ ਵਿੱਚ ਜ਼ਰੂਰਤ ਪੈ ਗਈ ਤਾਂ ਸ਼ਾਮ ਤੱਕ ਸੂਰਜ ਡੁੱਬਣ ਦਾ ਇੰਤਜ਼ਾਰ ਕਰਦੀਆਂ ਹਨ । ਮੇਰੀਆਂ ਇਹਨਾਂ ਗਰੀਬ ਭੈਣਾਂ ਦੀ ਤਬੀਅਤ ਉਤੇ ਕਿੰਨਾ ਮਾੜਾ ਅਸਰ ਹੁੰਦਾ ਹੋਵੇਗਾ । ਇਸ ਲਈ ਮੈਂ ਭਾਰਤ ਦੇ ਸਾਰੇ ਰਾਜਾਂ ਨੂੰ ਕਹਾਂਗਾ ਕਿ ਅਗਰ ਸਾਡੇ ਦਿਲ ਵਿੱਚ ਆਪਣੀਆਂ ਗਰੀਬ ਮਾਵਾਂ-ਭੈਣਾਂ ਲਈ ਜ਼ਰਾ ਵੀ ਇੱਜ਼ਤ ਹੈ ਤਾਂ ਸਾਡੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਪਖਾਨੇ ਬਣਾਉਣ ਵਿੱਚ ਲਾਪਰਵਾਹੀ ਨਾ ਵਰਤੀਏ ਬਲਕਿ ਇਸ ਕੰਮ ਨੂੰ ਈਮਾਨਦਾਰੀ ਨਾਲ ਪੂਰਾ ਕਰਨ ਦਾ ਪ੍ਰਯਤਨ ਕਰੀਏ ।
ਅੱਜ ਅਸੀਂ ਦੇਸ਼ ਦੇ 5 ਕਰੋੜ ਪਰਿਵਾਰਾਂ ਨੂੰ ਪਖਾਨਿਆਂ ਨਾਲ ਜੋੜਿਆ ਹੈ । ਜਿਥੇ ਦੇਸ਼ ਵਿੱਚ 50% ਤੋਂ ਵੀ ਘੱਟ ਸਵੱਛਤਾ ਦੀਆਂ ਵਿਵਸਥਾਵਾਂ ਮੌਜੂਦ ਸਨ, ਅੱਜ ਕਰੀਬ 80% ਤੋਂ ਜ਼ਿਆਦਾ ਪਹੁੰਚਾਉਣ ਵਿੱਚ ਅਸੀਂ ਸਫਲ ਹੋਏ ਹਾਂ ਲੇਕਿਨ ਇਸ ਕੰਮ ਨੂੰ ਅਸੀਂ ਹੋਰ ਅੱਗੇ ਵਧਾਉਣਾ ਹੈ । ਇਸ ਲਈ ਮੈਂ ਬਿਹਾਰ ਵਾਸੀਆਂ ਨ੍ਵੰ ਵਿਸ਼ੇਸ਼ ਰੂਪ ਵਿੱਚ ਗੁਜ਼ਾਰਿਸ਼ ਕਰਦਾ ਹਾਂ ਕਿ ਜਿਵੇਂ ਦੇਸ਼ ਦੇ ਢਾਈ ਲੱਖ ਦੇ ਕਰੀਬ ਪਿੰਡ ਖੁੱਲ੍ਹੇ ਵਿੱਚ ਹੱਗਣ ਤੋਂ ਮੁਕਤ ਹੋ ਚੁੱਕੇ ਹਨ, ਬਿਹਾਰ ਵਾਸੀ ਵੀ ਆਪਣੇ ਪਿੰਡ ਨੂੰ, ਤਹਿਸੀਲ ਨੂੰ ਅਤੇ ਜ਼ਿਲ੍ਹੇ ਨੂੰ ਖੁੱਲ੍ਹੇ ਵਿੱਚ ਹੱਗਣ ਤੋਂ ਮੁਕਤ ਕਰਨ । ਦੇਸ਼ ਤੁਹਾਡੇ ਤੋਂ ਉਮੀਦ ਕਰਦਾ ਹੈ ਕਿ ਤੁਹਾਡੀ ਜਿਸ ਧਰਤੀ ਤੋਂ ਮਹਾਤਮਾ ਗਾਂਧੀ ਨੇ ਚੰਪਾਰਣ ਸੱਤਿਆਗ੍ਰਹਿ ਕੀਤਾ, ਸਵੱਛਤਾ ਦਾ ਸੰਦੇਸ਼ ਦਿੱਤਾ, ਆਤਮ-ਨਿਰਭਰਤਾ ਦਾ ਪੁਰਸ਼ਾਰਥ ਦਿੱਤਾ, ਉਸ ਧਰਤੀ ਤੋਂ ਤੁਸੀਂ ਇਸ ਸਵੱਛਤਾ ਅੰਦੋਲਨ ਦੀ ਵੀ ਅਗਵਾਈ ਕਰੋ ਅਤੇ ਬਿਹਾਰ ਨੂੰ ਨਵੀਆਂ ਉਚਾਈਆਂ ਤੇ ਲੈ ਜਾਵੋ ਅਤੇ ਇਹ ਜਨ-ਸਮਰਥਨ ਤੋਂ ਬਗੈਰ ਸੰਭਵ ਨਹੀਂ ਹੈ । ਸਿਰਫ ਸਰਕਾਰੀ ਖਜ਼ਾਨੇ ਨਾਲ ਹੀ ਕੰਮ ਨਹੀਂ ਹੁੰਦੇ, ਜਦ ਜਨਤਾ-ਜਨਾਰਧਨ ਠਾਨ ਲੈਂਦੀ ਹੈ ਤਾਂ ਹੀ ਕੰਮ ਹੁੰਦੇ ਹਨ, ਇਸ ਲਈ ਮੈਂ ਆਪ ਨੂੰ ਨਿਮੰਤਰਣ ਦਿੰਦਾ ਹਾਂ ।
ਮੇਰੇ ਭਾਈਓ-ਭੈਣੋਂ, ਤੁਸੀਂ ਏਨੀ ਵੱਡੀ ਗਿਣਤੀ ਵਿੱਚ ਆ ਕੇ ਅਸ਼ੀਰਵਾਦ ਦਿੱਤਾ, ਮੈਂ ਫਿਰ ਇੱਕ ਵਾਰ ਤੁਹਾਡਾ ਆਭਾਰ ਵਿਅਕਤ ਕਰਦਾ ਹਾਂ ਅਤੇ ਵਿਸ਼ਵਾਸ ਦਿਵਾਉਂਦਾ ਹਾਂ ਕਿ ਭਾਰਤ ਸਰਕਾਰ ਪੂਰਬੀ ਭਾਰਤ ਦੇ ਵਿਕਾਸ ਲਈ ਪ੍ਰਤੀਬੱਧ ਹੈ । ਅਸੀਂ ਵਿਕਾਸ ਦੇ ਜਿਸ ਮਾਡਲ ਨੂੰ ਲੈ ਕੇ ਚੱਲ ਰਹੇ ਹਾਂ ਉਸ ਵਿੱਚ ਪੂਰਬੀ ਉੱਤਰ ਪ੍ਰਦੇਸ਼ ਹੋਵੇ, ਬਿਹਾਰ, ਪੱਛਮ-ਬੰਗਾਲ, ਅਸਾਮ, ਉੜ੍ਹੀਸਾ ਜਾਂ ਉੱਤਰ-ਪੂਰਵ ਹੋਵੇ, ਇਹ ਸਾਰੇ ਇਲਾਕੇ ਵਿਕਾਸ ਦੀਆਂ ਨਵੀਆਂ ਉਚਾਈਆਂ ਪਾਰ ਕਰਨਗੇ । ਤੁਹਾਡੇ ਇੱਥੇ ਖਾਦਾਂ (fertilisers) ਦੇ ਕਾਰਖਾਨੇ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਅਸੀਂ ਕੰਮ ਸ਼ੁਰੂ ਕੀਤਾ ਹੈ, ਇਸ ਦਾ ਨਤੀਜਾ ਵੀ ਮੇਰੇ ਕਿਸਾਨਾਂ ਨੂੰ ਮਿਲਣ ਵਾਲਾ ਹੈ ।
ਅਤੇ ਇਸ ਵਿਕਾਸ ਦੀ ਯਾਤਰਾ ਵਿੱਚ ਆਪ ਸਭ ਜੁੜ ਜਾਵੋ, ਏਸੇ ਇੱਕ ਉਮੀਦ ਦੇ ਨਾਲ ਆਪ ਸਭ ਮੇਰੇ ਨਾਲ ਪੂਰੀ ਤਾਕਤ ਨਾਲ ਬੋਲੋ–
ਭਾਰਤ ਮਾਤਾ ਕੀ ਜੈ,
ਭਾਰਤ ਮਾਤਾ ਕੀ ਜੈ,
ਭਾਰਤ ਮਾਤਾ ਕੀ ਜੈ,
ਬਹੁਤ ਬਹੁਤ ਧੰਨਵਾਦ ।
***
ਅਤੁਲ ਕੁਮਾਰ ਤਿਵਾਰੀ/ਅਮਿਤ ਕੁਮਾਰ/ਤਾਰਾ
Delighted to come to a land closely associated with Dinkar Ji. I thank everyone who has joined the public meeting. I assure you the Centre and Bihar Government will do everything possible for Bihar's growth: PM @narendramodi
— PMO India (@PMOIndia) October 14, 2017
I meet several people from rural India. We are working tirelessly to fulfil their aspirations. And, projects whose foundation stones are being laid will give impetus to Bihar's development: PM @narendramodi
— PMO India (@PMOIndia) October 14, 2017
We are focussing on increased pace as far as road construction is concerned. The projects related to Namami Gange will help preserve the Ganga. The recent Antyodaya expresses flagged off will improve connectivity between Bihar, eastern India and other parts: PM @narendramodi
— PMO India (@PMOIndia) October 14, 2017
Proper connectivity will lead to greater development. Our focus areas are roads, railways, waterways: PM @narendramodi
— PMO India (@PMOIndia) October 14, 2017