ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਰਾਜ ਸਭਾ ਵਿੱਚ ਲੰਬਿਤ ਨਾਲੰਦਾ ਯੂਨੀਵਰਸਿਟੀ (ਸੋਧ) ਬਿਲ, 2013 ਨੂੰ ਵਾਪਸ ਲੈਣ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਨਾਲੰਦਾ ਯੂਨੀਵਰਸਿਟੀ ਦੀ ਸਥਾਪਨਾ ਅਕਤੂਬਰ, 2009 ਵਿੱਚ ਥਾਈਲੈਂਡ ਵਿੱਚ ਆਯੋਜਿਤ ਚੌਥੇ ਪੂਰਬ ਏਸ਼ੀਆ ਸਿਖਰ ਸੰਮੇਲਨ ਵਿੱਚ ਜਾਰੀ ਸੰਯੁਕਤ ਪ੍ਰੈੱਸ ਬਿਆਨ ਦੇ ਅਧਾਰ ‘ਤੇ ਕੀਤੀ ਗਈ ਸੀ। ਪ੍ਰੈੱਸ ਬਿਆਨ ਵਿੱਚ ਇੱਕ ਗ਼ੈਰ ਸਰਕਾਰੀ, ਗ਼ੈਰ-ਮੁਨਾਫ਼ਾ, ਧਰਮ ਨਿਰਪੱਖ ਅਤੇ ਖ਼ੁਦਮੁਖਤਿਆਰ ਅੰਤਰਰਾਸ਼ਟਰੀ ਸੰਸਥਾਨ ਸਥਾਪਤ ਕਰਨ ਨੂੰ ਸਮਰਥਨ ਦਿੱਤਾ ਗਿਆ ਸੀ। ਇਸ ਦੇ ਬਾਅਦ ਸੰਸਦ ਵੱਲੋਂ ਨਾਲੰਦਾ ਯੂਨੀਵਰਸਿਟੀ ਐਕਟ, 2010 ਪਾਸ ਕੀਤਾ ਗਿਆ ਅਤੇ ਇਹ 25 ਨਵੰਬਰ, 2010 ਤੋਂ ਲਾਗੂ ਹੋਇਆ।
ਮੌਜੂਦਾ ਪ੍ਰਸਤਾਵ ਰਾਜ ਸਭਾ ਵਿੱਚ ਨਾਲੰਦਾ ਯੂਨੀਵਰਸਿਟੀ (ਸੋਧ), 2013 ਨੂੰ ਵਾਪਸ ਲੈਣ ਨਾਲ ਸੰਬਧਤ ਹੈ। 26 ਅਗਸਤ, 2013 ਨੂੰ ਰਾਜ ਸਭਾ ਵਿੱਚ ਪੇਸ਼ ਬਿਲ ਦਾ ਉਦੇਸ਼ ਨਾਲੰਦਾ ਯੂਨੀਵਰਸਿਟੀ ਐਕਟ, 2010 ਦੀਆਂ ਕੁਝ ਵਿਵਸਥਾਵਾਂ ਵਿੱਚ ਸੋਧ ਕਰਨਾ ਅਤੇ ਕੁਝ ਨਵੀਆਂ ਵਿਵਸਥਾਵਾਂ ਜੋੜਨਾ ਸੀ।
ਨਾਲੰਦਾ ਯੂਨੀਵਰਸਿਟੀ ਐਕਟ, 2010 ਦੇ ਅਨੁਛੇਦ 7 ਅਨੁਸਾਰ ਨਾਲੰਦਾ ਯੂਨੀਵਰਸਿਟੀ ਦੇ ਗਵਰਨਿੰਗ ਬੋਰਡ ਦਾ ਗਠਨ ਕਰ ਲਿਆ ਗਿਆ ਹੈ ਅਤੇ ਇਹ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਦੀ ਪ੍ਰਵਾਨਗੀ ਨਾਲ 21.11.2016 ਤੋਂ ਪ੍ਰਭਾਵੀ ਹੈ। ਪ੍ਰਸਤਾਵਿਤ ਸੋਧਾਂ ‘ਤੇ ਅੱਗੇ ਵਧਣ ਲਈ ਕੋਈ ਅੰਤਮ ਫੈਸਲਾ ਲੈਣ ਤੋਂ ਪਹਿਲਾਂ ਨਾਲੰਦਾ ਯੂਨੀਵਰਸਿਟੀ ਦੇ ਗਵਰਨਿੰਗ ਬੋਰਡ ਦੇ ਨਾਲ ਸੋਧ ਬਿਲ ‘ਤੇ ਵਿਚਾਰ-ਵਟਾਂਦਰੇ ਦੀ ਜ਼ਰੂਰਤ ਹੋਵੇਗੀ। ਮੌਜੂਦਾ ਗਵਰਨਿੰਗ ਬੋਰਡ ਸੰਪੂਰਨ ਨਾਲੰਦਾ ਯੂਨੀਵਰਸਿਟੀ ਐਕਟ, 2010 ‘ਤੇ ਨਵੇਂ ਸਿਰੇ ਤੋਂ ਵੀ ਵਿਚਾਰ ਕਰ ਰਿਹਾ ਹੈ ਅਤੇ ਜਿੱਥੇ ਕਿਤੇ ਵੀ ਜ਼ਰੂਰੀ ਹੋਵੇ ਸੋਧਾਂ ਕਰਨ/ਜੋੜਨ ਦਾ ਸੁਝਾਅ ਦੇ ਸਕਦਾ ਹੈ।
ਸਤੰਬਰ, 2014 ਵਿੱਚ ਵਿਦੇਸ਼ ਮੰਤਰੀ ਸ਼੍ਰੀਮਤੀ ਸੁਸ਼ਮਾ ਸਵਰਾਜ ਵੱਲੋਂ ਯੂਨੀਵਰਸਿਟੀ ਵਿੱਚ ਸਿੱਖਆ ਕਾਰਜ ਸ਼ੁਰੂ ਕੀਤਾ ਗਿਆ ਸੀ। ਭਾਰਤ ਦੇ ਮਾਣਯੋਗ ਰਾਸ਼ਟਰਪਤੀ ਯੂਨੀਵਰਸਿਟੀ ਦੇ ਵਿਜ਼ੀਟਰ ਹਨ। ਡਾ ਵਿਜੈ ਭਟਕਰ ਯੂਨੀਵਰਸਿਟੀ ਦੇ ਚਾਂਸਲਰ ਅਤੇ ਪ੍ਰੋਫੈਸਰ ਸੁਨੈਨਾ ਸਿੰਘ ਵਾਈਸ ਚਾਂਸਲਰ ਹਨ। ਹੁਣ ਯੂਨੀਵਰਸਿਟੀ ਦੇ ਤਿੰਨ ਅਧਿਅਨ ਕੇਂਦਰਾਂ ਸਕੂਲਾਂ – ਸਕੂਲ ਆਵ੍ ਹਿਸਟੌਰੀਕਲ ਸਟੱਡੀਜ਼, ਸਕੂਲ ਆਵ੍ ਇਕੌਲੋਜੀ ਐਂਡ ਇਨਵਾਇਰਨਮੈਂਟ ਸਟੱਡੀਜ਼ ਅਤੇ ਸਕੂਲ ਆਵ੍ ਬੁੱਧੀਸਟ ਸਟੱਡੀਜ਼ ਵਿੱਚ 116 ਵਿਦਿਆਰਥੀ ਹਨ। ਇਨ੍ਹਾਂ ਵਿੱਚੋ 21 ਦੇਸ਼ਾਂ ਦੇ 35 ਅੰਤਰਰਾਸ਼ਟਰੀ ਵਿਦਿਆਰਥੀ ਸ਼ਾਮਲ ਹਨ।
*****
ਏਕੇਟੀ/ਵੀਬੀਏ