Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਜਪਾਨ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਬਿਆਨ


ਜਪਾਨ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਜਾਰੀ ਕੀਤੇ ਗਏ ਬਿਆਨ ਦਾ ਮੂਲ-ਪਾਠ :

”ਮੈਂ 28-29 ਅਕਤੂਬਰ, 2018 ਨੂੰ ਸਲਾਨਾ ਸਿਖਰ ਸੰਮੇਲਨ ਲਈ ਜਪਾਨ ਜਾਵਾਂਗਾ। ਸਤੰਬਰ 2014 ਵਿੱਚ ਪ੍ਰਧਾਨ ਮੰਤਰੀ ਵਜੋਂ ਮੇਰੇ ਪਹਿਲੇ ਜਪਾਨ ਦੌਰੇ ਤੋਂ ਲੈਕੇ ਪ੍ਰਧਾਨ ਮੰਤਰੀ ਸ਼ਿੰਜ਼ੋ ਅਬੇ ਨਾਲ ਇਹ ਮੇਰੀ 12ਵੀਂ ਮੀਟਿੰਗ ਹੋਵੇਗੀ। ਉਸ ਤੋਂ ਬਾਅਦ, ਮੈਂ 2016 ਵਿੱਚ ਸਲਾਨਾ ਸਿਖਰ ਸੰਮੇਲਨ ਲਈ ਜਪਾਨ ਗਿਆ ਸਾਂ।

ਪਿਛਲੇ ਸਾਲ, ਮੈਨੂੰ ਪ੍ਰਧਾਨ ਮੰਤਰੀ ਅਬੇ ਅਤੇ ਸ਼੍ਰੀਮਤੀ ਅਕੀ ਅਬੇ ਦਾ ਆਪਣੀ ਹੋਮ ਸਟੇਟ ਗੁਜਰਾਤ ਵਿੱਚ ਵੀ ਸੁਆਗਤ ਕਰਨ ਦਾ ਮਾਣ ਹਾਸਲ ਹੋਇਆ ਸੀ। ਜਪਾਨ ਭਾਰਤ ਦਾ ਇੱਕ ਅਹਿਮ ਸਾਥੀ ਹੈ। ਸਾਡੀ ਵਿਸ਼ੇਸ਼ ਰਣਨੀਤਕ ਅਤੇ ਗਲੋਬਲ ਸਾਂਝੇਦਾਰੀ ਹੈ। ਪਿਛਲੇ ਕੁਝ ਸਾਲਾਂ ਵਿੱਚ, ਜਪਾਨ ਨਾਲ ਸਾਡੇ ਆਰਥਕ ਅਤੇ ਰਣਨੀਤਕ ਸਬੰਧ ਪੂਰੀ ਤਰ੍ਹਾਂ ਤਬਦੀਲ ਹੋ ਗਏ ਹਨ। ਅੱਜ ਇਹ ਵੱਡੀ ਅਹਿਮੀਅਤ ਵਾਲੀ ਅਤੇ ਉਦੇਸ਼ ਭਰਪੂਰ ਸਾਂਝੇਦਾਰੀ ਹੈ। ਇਹ ਭਾਰਤ ਦੀ ‘ਐਕਟ ਈਸਟ ਪਾਲਿਸੀ’, ਅਤੇ ਸਾਡੇ ਸਾਂਝੇ ਵਿਜ਼ਨ ਤੇ ਸੁਤੰਤਰ, ਖੁਲ੍ਹੇ ਅਤੇ ਸੰਮਲਿਤ ਇੰਡੋ-ਪੈਸਿਫਿਕ ਪ੍ਰਤੀ ਪ੍ਰਤੀਬੱਧਤਾ ਦੇ ਮਜ਼ਬੂਤ ਥੰਮ੍ਹਾਂ ‘ਤੇ ਖੜ੍ਹੀ ਹੈ। 

ਲੋਕਤੰਤਰਾਂ ਵਜੋਂ, ਸਾਡੀਆਂ ਕਦਰਾਂ-ਕੀਮਤਾਂ ਸਾਂਝੀਆਂ ਹਨ। ਅਸੀਂ ਸਭ ਲਈ ਸ਼ਾਂਤੀ ਅਤੇ ਖੁਸ਼ਹਾਲੀ ਚਾਹੁੰਦੇ ਹਾਂ।

ਸਾਡੀਆਂ ਸਮਾਨਤਾਵਾਂ ਭਾਰਤ ਅਤੇ ਜਪਾਨ ਨੂੰ ਇੱਕ ਜੇਤੂ ਗਠਜੋੜ ਬਣਾਉਂਦੀਆਂ ਹਨ। ਜਪਾਨ ਅੱਜ ਭਾਰਤ ਦੇ ਆਰਥਕ ਅਤੇ ਟੈਕਨੋਲੋਜੀਕਲ ਆਧੁਨਿਕੀਕਰਨਾਂ ਵਿੱਚ ਸਭ ਤੋਂ ਵੱਧ ਭਰੋਸੇਯੋਗ ਸਾਥੀਆਂ ਵਿੱਚੋਂ ਇੱਕ ਅਤੇ ਭਾਰਤ ਵਿੱਚ ਪ੍ਰਮੁੱਖ ਨਿਵੇਸ਼ਕਾਂ ਵਿੱਚ ਇੱਕ ਹੈ। ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ ਅਤੇ ਡੈਡੀਕੇਟਿਡ ਫਰੇਟ ਕਾਰੀਡੋਰਜ਼ ਵਰਗੇ ਪ੍ਰੋਜੈਕਟ ਸਾਡੇ ਆਰਥਕ ਸਬੰਧਾਂ ਦੇ ਉੱਚੇ ਪੱਧਰ ਅਤੇ ਮਜ਼ਬੂਤੀ ਨੂੰ ਦਰਸਾਉਂਦੇ ਹਨ। ‘ਮੇਕ ਇਨ ਇੰਡੀਆ’, ‘ਸਕਿੱਲ ਇੰਡੀਆ’, ‘ਡਿਜੀਟਲ ਇੰਡੀਆ’ ਅਤੇ ‘ਸਟਾਰਟ ਅੱਪ ਇੰਡੀਆ’ ਆਦਿ ਜਿਹੇ ਸਾਡੇ ਰਾਸ਼ਟਰੀ ਉਪਰਾਲਿਆਂ ਵਿੱਚ ਵੀ ਜਪਾਨ ਮੋਹਰੀ ਸਾਥੀ ਹੈ।

ਜਪਾਨੀ ਨਿਵੇਸ਼ਕਾਂ ਦਾ ਅਣਗਿਣਤ ਮੌਕਿਆਂ ਨਾਲ ਭਰਪੂਰ ਭਾਰਤ ਦੇ ਆਰਥਕ ਭਵਿੱਖ ਉੱਤੇ ਪੂਰਾ ਵਿਸ਼ਵਾਸ ਹੈ।

ਇਨੋਵੇਸ਼ਨ, ਟੈਕਨੋਲੋਜੀਆਂ ਅਤੇ ਬਿਹਤਰੀਨ ਪਿਰਤਾਂ ਵਿੱਚ ਜਪਾਨ ਦੀ ਗਲੋਬਲ ਲੀਡਰਸ਼ਿਪ ਦੀ ਅਸੀਂ ਕਦਰ ਕਰਦੇ ਹਾਂ। ਇਸ ਦੌਰੇ ਦੌਰਾਨ, ਮੈਨੂੰ ਰੋਬੋਟਿਕਸ ਵਿੱਚ ਜਪਾਨ ਦੀਆਂ ਕੁਝ ਹਾਈ-ਟੈੱਕ ਸਮਰੱਥਾਵਾਂ ਦੇਖਣ ਦਾ ਮੌਕਾ ਮਿਲੇਗਾ। 

ਮੈਂ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਨਾਲ ਵਿਸਤ੍ਰਿਤ ਪੱਧਰ ਉੱਤੇ ਵਾਰਤਾਵਾਂ ਕਰਾਂਗਾ ਅਤੇ ਦੋਹਾਂ ਦੇਸ਼ਾਂ ਦੇ  ਕਾਰੋਬਾਰੀ ਆਗੂਆਂ ਅਤੇ ਉਦਯੋਗ ਦੇ ਮੁਖੀਆਂ ਨਾਲ ਸੰਵਾਦ ਕਰਾਂਗਾ। ਮੈਂ ਭਾਰਤੀ ਭਾਈਚਾਰੇ ਨੂੰ ਵੀ ਸੰਬੋਧਨ ਕਰਾਂਗਾ।

ਇਹ ਸੰਵਾਦ ਸਾਡੇ ਵਪਾਰ ਅਤੇ ਨਿਵੇਸ਼ ਸਬੰਧਾਂ ਅਤੇ ਸਿਹਤ ਸੰਭਾਲ, ਡਿਜੀਟਲ ਟੈਕਨੋਲੋਜੀਆਂ, ਖੇਤੀਬਾੜੀ ਅਤੇ ਫੂਡ ਪ੍ਰੋਸੈੱਸਿੰਗ, ਆਪਦਾ ਜੋਖਮ ਘਟਾਈ ਅਤੇ ਆਪਦਾ ਸਥਿਰ ਬੁਨਿਆਦੀ ਢਾਂਚੇ ਜਿਹੇ ਨਵੇਂ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨਗੇ। 

ਮੈਂ ਸਾਡੇ ਸਾਂਸਦਾਂ ਦਰਮਿਆਨ, ਅਤੇ ਸਾਡੇ ਰਾਜਾਂ ਅਤੇ ਜਪਾਨ ਦੇ ਪ੍ਰੀਫੈਕਚਰਾਂ (prefectures) ਦਰਮਿਆਨ ਵਧਦੇ ਸਬੰਧਾਂ ਦਾ ਸੁਆਗਤ ਕਰਦਾ ਹਾਂ। ਇਹ ਖੁਸ਼ੀ ਦੀ ਗੱਲ ਹੈ ਕਿ ਦੋਹਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਸਿੱਧੇ ਸਬੰਧ ਸਿੱਖਿਆ, ਕੌਸ਼ਲ ਵਿਕਾਸ, ਸੱਭਿਆਚਾਰ ਅਤੇ ਸੈਰ- ਸਪਾਟਾ ਜਿਹੇ ਖੇਤਰਾਂ ਵਿੱਚ ਸਰਗਰਮ ਸੰਵਾਦ ਜ਼ਰੀਏ ਮਜ਼ਬੂਤ ਹੋਣੇ ਜਾਰੀ ਹਨ।

ਮੇਰਾ ਦੌਰਾ ਗਹਿਰੇ ਇਤਿਹਾਸ ਵਾਲੀ ਸਾਡੀ ਰਵਾਇਤੀ ਮਿੱਤਰਤਾ ਨੂੰ ਉਤਸ਼ਾਹਿਤ ਕਰੇਗਾ ਅਤੇ ਚੰਗੇਰੇ ਤੇ ਵਧੇਰੇ ਖੁਸ਼ਹਾਲ ਭਵਿੱਖ ਲਈ ਸਾਡੀ ਸਾਂਝੇਦਾਰੀ ਨੂੰ ਮਜ਼ਬੂਤ ਕਰੇਗਾ।

*****

ਏਕੇਟੀ/ ਕੇਪੀ /ਐੱਸਕੇ