Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਊਰਜਾ ਖੇਤਰ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ

ਪ੍ਰਧਾਨ ਮੰਤਰੀ ਨੇ ਊਰਜਾ ਖੇਤਰ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਵੇਰੇ ਲੋਕ ਕਲਿਆਣ ਮਾਰਗ ਸਥਿਤ ਆਪਣੇ ਨਿਵਾਸ ‘ਤੇ ਚੱਲ ਰਹੇ ਇੰਡੀਆ ਐਨਰਜੀ ਵੀਕ (ਆਈਈਡਬਲਿਊ) 2026 ਦੇ ਹਿੱਸੇ ਵਜੋਂ ਵਿਸ਼ਵ-ਵਿਆਪੀ ਊਰਜਾ ਖੇਤਰ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ।

ਗੱਲਬਾਤ ਦੌਰਾਨ ਮੁੱਖ ਕਾਰਜਕਾਰੀ ਅਧਿਕਾਰੀਆਂ ਨੇ ਭਾਰਤ ਦੀ ਵਿਕਾਸ ਯਾਤਰਾ ਪ੍ਰਤੀ ਅਟੁੱਟ ਭਰੋਸਾ ਜਤਾਇਆ। ਉਨ੍ਹਾਂ ਨੇ ਦੇਸ਼ ਵਿੱਚ ਨੀਤੀਗਤ ਸਥਿਰਤਾ, ਸੁਧਾਰਾਂ ਦੀ ਲਗਾਤਾਰਤਾ ਅਤੇ ਮੰਗ ਦੀ ਲੰਬੇ ਸਮੇਂ ਦੀ ਉਪਲਬਧਤਾ ਨੂੰ ਦੇਖਦੇ ਹੋਏ, ਭਾਰਤ ਵਿੱਚ ਆਪਣੇ ਕਾਰੋਬਾਰ ਦੇ ਵਿਸਤਾਰ ਅਤੇ ਉਸ ਨੂੰ ਹੋਰ ਵਧੇਰੇ ਮਜ਼ਬੂਤ ਕਰਨ ਵਿੱਚ ਡੂੰਘੀ ਦਿਲਚਸਪੀ ਦਿਖਾਈ।

ਮੁੱਖ ਕਾਰਜਕਾਰੀ ਅਧਿਕਾਰੀਆਂ ਦਾ ਸਵਾਗਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਗੋਲਮੇਜ਼ ਬੈਠਕਾਂ ਉਦਯੋਗ ਅਤੇ ਸਰਕਾਰ ਦਰਮਿਆਨ ਤਾਲਮੇਲ ਬਿਠਾਉਣ ਦੇ ਇੱਕ ਪ੍ਰਮੁੱਖ ਮੰਚ ਵਜੋਂ ਉੱਭਰੀਆਂ ਹਨ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਗਲੋਬਲ ਇੰਡਸਟਰੀ ਲੀਡਰਸ ਤੋਂ ਮਿਲਣ ਵਾਲਾ ਸਿੱਧਾ ਫੀਡਬੈਕ ਨੀਤੀਗਤ ਢਾਂਚੇ ਨੂੰ ਬਿਹਤਰ ਬਣਾਉਣ, ਖੇਤਰੀ ਚੁਣੌਤੀਆਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਅਤੇ ਇੱਕ ਆਕਰਸ਼ਕ ਨਿਵੇਸ਼ ਸਥਾਨ ਵਜੋਂ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ।

ਭਾਰਤ ਦੀ ਮਜ਼ਬੂਤ ਆਰਥਿਕ ਗਤੀ ’ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਤੇਜ਼ੀ ਨਾਲ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥ-ਵਿਵਸਥਾ ਬਣਨ ਵੱਲ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਵਿਸ਼ਵ ਊਰਜਾ ਮੰਗ ਅਤੇ ਸਪਲਾਈ ਦੇ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਇੱਕ ਫ਼ੈਸਲਾਕੁਨ ਭੂਮਿਕਾ ਨਿਭਾਏਗਾ।

ਪ੍ਰਧਾਨ ਮੰਤਰੀ ਨੇ ਭਾਰਤ ਦੇ ਊਰਜਾ ਖੇਤਰ ਵਿੱਚ ਨਿਵੇਸ਼ ਦੇ ਅਹਿਮ ਮੌਕਿਆਂ ਵੱਲ ਧਿਆਨ ਆਕਰਸ਼ਿਤ ਕੀਤਾ। ਉਨ੍ਹਾਂ ਨੇ ਸਰਕਾਰ ਵੱਲੋਂ ਲਿਆਂਦੇ ਗਏ ਨਿਵੇਸ਼ਕ-ਅਨੁਕੂਲ ਨੀਤੀਗਤ ਸੁਧਾਰਾਂ ਦਾ ਹਵਾਲਾ ਦਿੰਦੇ ਹੋਏ, ਐਕਸਪਲੋਰੇਸ਼ਨ ਅਤੇ ਪ੍ਰੋਡਕਸ਼ਨ ਵਿੱਚ ਲਗਭਗ 100 ਬਿਲੀਅਨ ਅਮਰੀਕੀ ਡਾਲਰ ਦੀ ਨਿਵੇਸ਼ ਸੰਭਾਵਨਾ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਕੰਪਰੈਸਡ ਬਾਇਓ-ਗੈਸ (ਸੀਬੀਜੀ) ਖੇਤਰ ਵਿੱਚ 30 ਬਿਲੀਅਨ ਅਮਰੀਕੀ ਡਾਲਰ ਦੇ ਮੌਕਿਆਂ ਨੂੰ ਵੀ ਉਜਾਗਰ ਕੀਤਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਗੈਸ-ਅਧਾਰਿਤ ਅਰਥ-ਵਿਵਸਥਾ, ਰਿਫ਼ਾਈਨਰੀ-ਪੈਟ੍ਰੋਕੈਮੀਕਲ ਇੰਟੀਗ੍ਰੇਸ਼ਨ ਅਤੇ ਸਮੁੰਦਰੀ ਅਤੇ ਜਹਾਜ਼ ਨਿਰਮਾਣ ਸਮੇਤ ਵਿਆਪਕ ਐਨਰਜੀ ਵੈਲੀਊ ਚੇਨ ਵਿੱਚ ਵੱਡੇ ਪੈਮਾਨੇ ‘ਤੇ ਮੌਕਿਆਂ ਦੀ ਰੂਪਰੇਖਾ ਪੇਸ਼ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿੱਥੇ ਵਿਸ਼ਵ ਊਰਜਾ ਖੇਤਰ ਅਨਿਸ਼ਚਿਤਤਾ ਨਾਲ ਭਰਿਆ ਹੋਇਆ ਹੈ, ਉੱਥੇ ਹੀ ਇਸ ਵਿੱਚ ਅਥਾਹ ਮੌਕੇ ਵੀ ਮੌਜੂਦ ਹਨ। ਉਨ੍ਹਾਂ ਨੇ ਇਨੋਵੇਸ਼ਨ, ਸਹਿਯੋਗ ਅਤੇ ਡੂੰਘੀਆਂ ਸਾਂਝੇਦਾਰੀਆਂ ਦਾ ਸੱਦਾ ਦਿੰਦੇ ਹੋਏ ਦੁਹਰਾਇਆ ਕਿ ਭਾਰਤ ਸੰਪੂਰਨ ਊਰਜਾ ਮੁੱਲ ਲੜੀ ਵਿੱਚ ਇੱਕ ਭਰੋਸੇਮੰਦ ਅਤੇ ਵਿਸ਼ਵਾਸਯੋਗ ਭਾਈਵਾਲ ਵਜੋਂ ਤਿਆਰ ਖੜ੍ਹਾ ਹੈ।

ਇਸ ਉੱਚ-ਪੱਧਰੀ ਗੋਲਮੇਜ਼ ਬੈਠਕ ਵਿੱਚ 27 ਮੁੱਖ ਕਾਰਜਕਾਰੀ ਅਧਿਕਾਰੀਆਂ ਅਤੇ ਸੀਨੀਅਰ ਕਾਰਪੋਰੇਟ ਪਤਵੰਤੇ ਵਿਅਕਤੀਆਂ ਨੇ ਹਿੱਸਾ ਲਿਆ, ਜੋ ਪ੍ਰਮੁੱਖ ਵਿਸ਼ਵ ਅਤੇ ਭਾਰਤੀ ਊਰਜਾ ਕੰਪਨੀਆਂ ਅਤੇ ਅਦਾਰਿਆਂ ਦੀ ਨੁਮਾਇੰਦਗੀ ਕਰ ਰਹੇ ਸਨ। ਇਨ੍ਹਾਂ ਵਿੱਚ ਟੋਟਲਐਨਰਜੀਜ਼, ਬੀਪੀ, ਵਿਟੋਲ, ਐੱਚਡੀ ਹੁੰਡਈ, ਐੱਚਡੀ ਕੇਐੱਸਓਈ, ਏਕਰ, ਲਾਂਜ਼ਾਟੈਕ, ਵੇਦਾਂਤਾ, ਇੰਟਰਨੈਸ਼ਨਲ ਐਨਰਜੀ ਫੋਰਮ (ਆਈਈਐੱਫ), ਐਕਸੇਲਰੇਟ, ਵੁੱਡ ਮੈਕੇਂਜੀ, ਟ੍ਰੈਫਿਗੁਰਾ, ਸਟੈਸੋਲੀ, ਪ੍ਰਾਜ, ਰਿਨਿਊ ਅਤੇ ਐੱਮਓਐੱਲ ਜਿਹੀਆਂ ਵੱਡੀਆਂ ਕੰਪਨੀਆਂ ਸ਼ਾਮਲ ਸਨ। ਇਸ ਸੰਵਾਦ ਦੌਰਾਨ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ, ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਸ਼੍ਰੀ ਸੁਰੇਸ਼ ਗੋਪੀ ਅਤੇ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ।

***************

ਐੱਮਜੇਪੀਐੱਸ/ ਵੀਜੇ