Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪੰਡਿਤ ਦੀਨਦਿਆਲ ਉਪਾਧਿਆਏ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ ਅਤੇ ਦੀਨਦਿਆਲ ਉਪਾਧਿਆਏ ਸਮਾਰਕ ਰਾਸ਼ਟਰ ਨੂੰ ਸਮਰਪਿਤ ਕੀਤਾ 


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਾਰਾਣਸੀ ਵਿੱਚ ਪੰਡਿਤ ਦੀਨਦਿਆਲ ਉਪਾਧਿਆਏ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ ਅਤੇ ਦੀਨਦਿਆਲ ਉਪਾਧਿਆਏ ਸਮਾਰਕ ਰਾਸ਼ਟਰ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਤਿੰਨ ਜਯੋਤਿਰਲਿੰਗ ਤੀਰਥ ਸਥਲਾਂ-ਵਾਰਾਣਸੀ, ਉਜੈਨ ਅਤੇ ਓਅੰਕਾਰੇਸ਼ਵਰ ਨੂੰ ਜੋੜਨ ਵਾਲੀ ਤੀਜੀ ਕਾਰਪੋਰੇਟ ਟ੍ਰੇਨ-ਮਹਾਕਾਲ ਐਕਸਪ੍ਰੈੱਸ ਨੂੰ ਵੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਨੇ 430 ਬਿਸਤਰਿਆਂ ਵਾਲੇ ਸੁਪਰ-ਸਪੈਸ਼ਲਿਟੀ ਸਰਕਾਰੀ ਹਸਪਤਾਲ ਸਮੇਤ 36 ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ 14 ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ।

ਵਾਰਾਣਸੀ ਵਿੱਚ ਪੰਡਿਤ ਦੀਨਦਿਆਲ ਉਪਾਧਿਆਏ ਸਮਾਰਕ ਕੇਂਦਰ ਵਿਖੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਪੰਡਿਤ ਦੀਨਦਿਆਲ ਉਪਾਧਿਆਏ ਦੇ ਸਮਾਰਕ ਸਥਲ ਦੇ ਨਾਲ ਖ਼ੁਦ ਨੂੰ ਜੋੜ ਕੇ ਅੱਜ ਇਹ ਖੇਤਰ ਆਪਣੇ ਨਾਮ ‘ਪੜਾਅ’ ਦੇ ਮਹੱਤਵ ਨੂੰ ਹੋਰ ਜ਼ਿਆਦਾ ਮਜ਼ਬੂਤੀ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਥਾਨ ਅਜਿਹੇ ਮੰਚ ਵਜੋਂ ਵਿਕਸਿਤ ਹੋਵੇਗਾ, ਜਿੱਥੇ ਸੇਵਾ, ਬਲੀਦਾਨ, ਨਿਆਂ ਅਤੇ ਜਨਹਿਤ ਸਾਰੇ ਇੱਕੋ ਥਾਂ ’ਤੇ ਹੋਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਮਾਰਕ ਸਥਲ ਅਤੇ ਬਗ਼ੀਚਾ (ਪਾਰਕ) ਅਤੇ ਇੱਥੇ ਸਥਾਪਿਤ ਸ਼ਾਨਦਾਰ ਪ੍ਰਤਿਮਾ ਭਾਵੀ ਪੀੜ੍ਹੀਆਂ ਨੂੰ ਨੈਤਿਕਤਾ ਅਤੇ ਦੀਨਦਿਆਲ ਜੀ ਦੇ ਵਿਚਾਰਾਂ ਦਾ ਅਨੁਸਰਣ ਕਰਨ ਲਈ ਪ੍ਰੇਰਿਤ ਕਰਦੇ ਰਹਿਣਗੇ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੀਨਦਿਆਲ ਉਪਾਧਿਆਏ ਜੀ ਨੇ ਸਾਨੂੰ ਅੰਤਯੋਦਯ ਦਾ ਮਾਰਗ ਦਿਖਾਇਆ, ਜੋ ਸਮਾਜ ਦੇ ਅੰਤਿਮ ਵਿਅਕਤੀ ਦਾ ਉੱਥਾਨ (ਉਠਾਅ) ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਿਚਾਰ ਤੋਂ ਪ੍ਰੇਰਣਾ ਲੈ ਕੇ 21ਵੀਂ ਸਦੀ ਦਾ ਭਾਰਤ ਅੰਤਯੋਦਯ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪਵਿੱਤਰ ਮੌਕੇ ’ਤੇ ਲਗਭਗ 1250 ਕਰੋੜ ਰੁਪਏ ਦੇ ਪ੍ਰੋਜੈਕਟ ਲਾਂਚ ਕੀਤੇ ਗਏ ਹਨ, ਜੋ ਵਾਰਾਣਸੀ ਸਮੇਤ ਸਮੁੱਚੇ ਪੂਰਵਾਂਚਲ ਨੂੰ ਲਾਭ ਪਹੁੰਚਾਉਣਗੇ । ਉਨ੍ਹਾਂ ਕਿਹਾ, “ਇਹ ਸਾਰੇ ਪ੍ਰੋਜੈਕਟ ਕਾਸ਼ੀ ਸਮੇਤ ਸਮੁੱਚੇ ਪੂਰਵਾਂਚਲ ਵਿੱਚ ਪਿਛਲੇ ਪੰਜ ਵਰ੍ਹੇ ਤੋਂ ਜਾਰੀ ਨਵ-ਜੀਵਨ ਦੇ ਸੰਕਲਪ ਦਾ ਹਿੱਸਾ ਹਨ। ਇਨ੍ਹਾਂ ਵਰ੍ਹਿਆਂ ਵਿੱਚ ਵਾਰਾਣਸੀ ਜ਼ਿਲ੍ਹੇ ਵਿੱਚ 25 ਹਜ਼ਾਰ ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨੂੰ ਪੂਰਾ ਕੀਤਾ ਗਿਆ ਹੈ ਜਾਂ ਉਹ ਪ੍ਰਗਤੀ ’ਤੇ ਹਨ।’

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸੜਕਾਂ, ਰਾਜਮਾਰਗਾਂ, ਜਲਮਾਰਗਾਂ, ਰੇਲਵੇ, ਖ਼ਾਸ ਕਰਕੇ ਢਾਂਚਾਗਤ ਸੁਵਿਧਾਵਾਂ ਨੂੰ ਸਭ ਤੋਂ ਵੱਧ ਪ੍ਰਾਥਮਿਕਤਾ ਦਿੱਤੀ ਹੈ। ਉਨ੍ਹਾਂ ਕਿਹਾ, “ਇਹ ਵਿਕਾਸ ਕਾਰਜ ਨਾ ਸਿਰਫ਼ ਰਾਸ਼ਟਰ ਨੂੰ ਅੱਗੇ ਲਿਜਾ ਰਹੇ ਹਨ, ਬਲਕਿ ਰੋਜ਼ਗਾਰ ਦੇ ਅਵਸਰਾਂ, ਖ਼ਾਸ ਕਰਕੇ ਸੈਰ-ਸਪਾਟਾ ਅਧਾਰਿਤ ਰੋਜ਼ਗਾਰ ਦੇ ਅਵਸਰਾਂ ਦੀ ਵੀ ਸਿਰਜਣਾ ਕਰ ਰਹੇ ਹਨ, ਜਿਨ੍ਹਾਂ ਦੀਆਂ ਕਾਸ਼ੀ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਅਪਾਰ ਸੰਭਾਵਨਾਵਾਂ ਮੌਜੂਦ ਹਨ।” ਉਨ੍ਹਾਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਸ਼੍ਰੀਲੰਕਾ ਦੇ ਰਾਸ਼ਟਰਪਤੀ ਇੱਥੇ ਆਏ ਸਨ ਅਤੇ ਉਹ ਇੱਥੋਂ ਦੇ ਦੈਵੀ ਵਾਤਾਵਰਣ ਤੋਂ ਮੰਤਰ-ਮੁਗਧ ਹੋ ਗਏ ਸਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਪਾਵਨ ਅਵਸਰ ’ਤੇ ਬਾਬਾ ਵਿਸ਼ਵਨਾਥ ਦੇ ਸ਼ਹਿਰ ਨੂੰ ਓਅੰਕਾਰੇਸ਼ਵਰ ਅਤੇ ਮਹਾਕਲੇਸ਼ਵਰ ਦੇ ਨਾਲ ਜੋੜਨ ਵਾਲੀ ਮਹਾਕਾਲ ਐਕਸਪ੍ਰੈੱਸ ਨੂੰ ਵੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਹੈ। ਬੀਐੱਚਯੂ ਵਿੱਚ 2016 ਦੀ ਦੂਜੀ ਛਿਮਾਹੀ ਵਿੱਚ ਜਿਸ ਸੁਪਰਸਪੈਸ਼ਲਿਟੀ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਗਿਆ ਸੀ, ਉਸ ਦਾ ਹੁਣ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਕਿਹਾ, ‘ਕੇਵਲ 21 ਮਹੀਨਿਆਂ ਵਿੱਚ, ਇਹ 430 ਬਿਸਤਰਿਆਂ ਵਾਲਾ ਹਸਪਤਾਲ ਕਾਸ਼ੀ ਅਤੇ ਪੂਰਵਾਂਚਲ ਦੀ ਜਨਤਾ ਦੀ ਸੇਵਾ ਕਰਨ ਲਈ ਤਿਆਰ ਹੈ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੀਆਂ ਯੋਜਨਾਵਾਂ ਦੇ ਕੇਂਦਰ ਵਿੱਚ ਆਤਮਨਿਰਭਰਤਾ ਅਤੇ ਆਤਮ-ਸਹਾਇਤਾ ਹੋਣ ਸਬੰਧੀ ਦੀਨਦਿਆਲ ਜੀ ਦੇ ਵਿਚਾਰਾਂ ਦੇ ਅਨੁਰੂਪ, ਸਰਕਾਰੀ ਯੋਜਨਾਵਾਂ ਅਤੇ ਸਰਕਾਰ ਦੇ ਸੱਭਿਆਚਾਰ ਵਿੱਚ ਇਨ੍ਹਾਂ ਵਿਚਾਰਾਂ ਨੂੰ ਸ਼ਾਮਲ ਕਰਨ ਦੇ ਨਿਰੰਤਰ ਪ੍ਰਯਤਨ ਕੀਤੇ ਜਾ ਰਹੇ ਹਨ।

ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਰਕਾਰ ਸਮਾਜ ਦੇ ਅੰਤਿਮ ਵਿਅਕਤੀ ਤੱਕ ਵਿਕਾਸ ਦੇ ਲਾਭ ਪਹੁੰਚਾਉਣ ਲਈ, ਉਸ ਤੱਕ ਪਹੁੰਚ ਬਣਾਉਣ ਦਾ ਨਿਰੰਤਰ ਪ੍ਰਯਤਨ ਕਰ ਰਹੀ ਹੈ। ਉਨ੍ਹਾਂ ਨੇ ਕਿਹਾ, “ਹੁਣ ਸਥਿਤੀ ਬਦਲ ਰਹੀ ਹੈ ਅਤੇ ਹੁਣ ਸਮਾਜ ਦੇ ਅੰਤਿਮ ਵਿਅਕਤੀ ਨੂੰ ਸਰਬ ਉੱਚ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ।”

******

ਵੀਆਰਆਰਕੇ/ਏਕੇ