Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਵਾਰਾਣਸੀ ਵਿਖੇ ਇੰਡੀਆ ਕਾਰਪੈੱਟ ਐਕਸਪੋ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਰਾਹੀਂ, ਵਾਰਾਣਸੀ ਵਿਖੇ ਇੰਡੀਆ ਕਾਰਪੈੱਟ ਐਕਸਪੋ ਨੂੰ ਸੰਬੋਧਨ ਕੀਤਾ।

ਭਾਰਤ ਅਤੇ ਵਿਦੇਸ਼ਾਂ ਤੋਂ ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ, ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਇਹ ਪਹਿਲਾ ਮੌਕਾ ਹੈ ਕਿ ਇੰਡੀਆ ਕਾਰਪੈੱਟ ਐਕਸਪੋ ਦੀਨਦਿਆਲ ਹਸਤਕਲਾ ਸੰਕੁਲ, ਵਾਰਾਣਸੀ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਵਾਰਾਣਸੀ, ਭਦੋਹੀ ਅਤੇ ਮਿਰਜ਼ਾਪੁਰ ਨੂੰ ਕਾਰਪੈੱਟ ਉਦਯੋਗ ਦੇ ਮਹੱਤਵਪੂਰਨ ਕੇਂਦਰ ਦੱਸਿਆ। ਉਨ੍ਹਾਂ ਨੇ ਦਸਤਕਾਰੀ, ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਦਾ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਇੱਕ ਲੰਬੇ ਸਮੇਂ ਦੀ ਦਸਤਕਾਰੀ ਦੀ ਰਵਾਇਤ ਹੈ ਅਤੇ ਵਾਰਾਣਸੀ ਨੇ ਇਸ ਸਬੰਧ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਈ ਹੈ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਮਹਾਨ ਸੰਤ ਕਵੀ, ਕਬੀਰ ਦਾ ਜ਼ਿਕਰ ਕੀਤਾ, ਜੋ ਇਸੇ ਖੇਤਰ ਨਾਲ ਹੀ ਸਬੰਧਤ ਸਨ।

ਉਨ੍ਹਾਂ ਕਿਹਾ ਕਿ ਦਸਤਕਾਰੀ ਅਜ਼ਾਦੀ ਦੀ ਜੰਗ ਵਿੱਚ, ਅਤੇ ਸਵੈ-ਨਿਰਭਰਤਾ ਲਈ ਪ੍ਰੇਰਨਾ ਦਾ ਸੋਮਾ ਰਹੇ ਹਨ। ਇਸ ਸੰਦਰਭ ਵਿੱਚ, ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ, ਸੱਤਿਆਗ੍ਰਹਿ ਅਤੇ ਚਰਖੇ ਦਾ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅੱਜ ਗਲੀਚਿਆਂ ਦਾ ਸਭ ਤੋਂ ਵੱਡਾ ਉਤਪਾਦਕ ਹੈ, ਅਤੇ ਗਲੋਬਲ ਮਾਰਕੀਟ ਵਿੱਚ ਇਸ ਦਾ ਲਗਭਗ 35% ਹਿੱਸਾ ਹੈ। ਉਨ੍ਹਾਂ ਨੇ ਇਸ ਖੇਤਰ ਦੀ ਪ੍ਰਭਾਵਸ਼ਾਲੀ ਬਰਾਮਦ ਕਾਰਗੁਜ਼ਾਰੀ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਉੱਭਰ ਰਿਹਾ ਦਰਮਿਆਨਾ ਵਰਗ, ਅਤੇ ਗਲੀਚਾ ਉਦਯੋਗ ਨੂੰ ਦਿੱਤਾ ਜਾ ਰਿਹਾ ਸਮਰਥਨ ਇਸ ਖੇਤਰ ਦੇ ਵਿਕਾਸ ਪਿੱਛੇ ਦੋ ਪ੍ਰਮੁੱਖ ਕਾਰਕ ਹਨ। ਉਨ੍ਹਾਂ ਨੇ ਗਲੀਚਾ ਕਾਰੀਗਰਾਂ ਦੇ ਹੁਨਰ ਦੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਕਿ ”ਮੇਡ ਇਨ ਇੰਡੀਆ ਕਾਰਪੈੱਟ” ਨੂੰ ਇੱਕ ਵੱਡਾ ਬਰਾਂਡ ਬਣਾ ਦਿੱਤਾ ਹੈ। ਉਨ੍ਹਾਂ ਨੇ ਗਲੀਚਾ ਬਰਾਮਦਕਾਰਾਂ ਨੂੰ ਮਿਲਣ ਵਾਲੇ ਲੌਜਿਸਟਿਕ ਸਮਰਥਨ ਅਤੇ ਕੁਆਲਿਟੀ ਯਕੀਨੀ ਬਣਾਉਣ ਲਈ ਵਿਸ਼ਵ ਪੱਧਰ ਦੀਆਂ ਲੈਬਾਰਟਰੀਆਂ ਦੀ ਸਥਾਪਨਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਇਸ ਖੇਤਰ ਨੂੰ ਉਪਲੱਬਧ ਕਰਵਾਈਆਂ ਜਾ ਰਹੀਆਂ ਆਧੁਨਿਕ ਖੱਡੀਆਂ ਅਤੇ ਕਰਜ਼ਾ ਸਹੂਲਤਾਂ ਸਮੇਤ, ਹੋਰ ਸਹੂਲਤਾਂ ਭਰੇ ਕਦਮਾਂ ਦਾ ਵੀ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਕੇਂਦਰ ਸਰਕਾਰ ਇਹ ਯਕੀਨੀ ਬਣਾਉਣ ਲਈ ਪ੍ਰਤੀਬੱਧ ਹੈ ਕਿ ਗਲੀਚਾ ਨਿਰਮਾਤਾਵਾਂ ਦਾ ਹੁਨਰ ਅਤੇ ਸਖਤ ਮਿਹਨਤ ਰਾਸ਼ਟਰ ਦੀਆਂ ਤਾਕਤਾਂ ਵਿੱਚੋਂ ਇੱਕ ਬਣੇ।

***

ਏਕੇਟੀ/ ਵੀਜੇ