ਪੀਐੱਮਇੰਡੀਆ
ਪ੍ਰਧਾਨ ਮੰਤਰੀ ਨਰੇਂਦਰ ਮੋਦੀ 19 ਦਸੰਬਰ, 2025 ਨੂੰ ਸ਼ਾਮ 4:30 ਵਜੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਰਵਾਇਤੀ ਦਵਾਈ ‘ਤੇ ਦੂਜੇ ਡਬਲਿਊਐੱਚਓ ਗਲੋਬਲ ਸਿਖਰ ਸੰਮੇਲਨ ਦੇ ਸਮਾਪਤੀ ਸਮਾਗਮ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਸਮਾਪਤੀ ਸਮਾਗਮ ਦੌਰਾਨ ਇਕੱਠ ਨੂੰ ਵੀ ਸੰਬੋਧਨ ਕਰਨਗੇ। ਇਹ ਸਮਾਗਮ ਇੱਕ ਵਿਸ਼ਵ-ਵਿਆਪੀ, ਵਿਗਿਆਨ-ਅਧਾਰਤ ਅਤੇ ਲੋਕ-ਕੇਂਦ੍ਰਿਤ ਰਵਾਇਤੀ ਦਵਾਈ ਏਜੰਡੇ ਨੂੰ ਆਕਾਰ ਦੇਣ ਵਿੱਚ ਭਾਰਤ ਦੀ ਵਧਦੀ ਲੀਡਰਸ਼ਿਪ ਅਤੇ ਮੋਹਰੀ ਪਹਿਲਕਦਮੀਆਂ ਨੂੰ ਦਰਸਾਉਂਦਾ ਹੈ।
ਪ੍ਰਧਾਨ ਮੰਤਰੀ ਨੇ ਖੋਜ ਮਿਆਰੀਕਰਣ ਅਤੇ ਵਿਸ਼ਵ-ਵਿਆਪੀ ਸਹਿਯੋਗ ਰਾਹੀਂ ਰਵਾਇਤੀ ਦਵਾਈ ਅਤੇ ਭਾਰਤੀ ਗਿਆਨ ਪ੍ਰਣਾਲੀਆਂ ਨੂੰ ਮੁੱਖ ਧਾਰਾ ਵਿੱਚ ਲਿਆਉਣ ‘ਤੇ ਲਗਾਤਾਰ ਜ਼ੋਰ ਦਿੱਤਾ ਹੈ। ਇਸ ਦ੍ਰਿਸ਼ਟੀਕੋਣ ਦੇ ਅਨੁਸਾਰ ਇਸ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਆਯੁਸ਼ ਖੇਤਰ ਲਈ ਇੱਕ ਮਾਸਟਰ ਡਿਜੀਟਲ ਪੋਰਟਲ, ਮਾਈ ਆਯੁਸ਼ ਇੰਟੀਗ੍ਰੇਟਿਡ ਸਰਵਿਸਿਜ਼ ਪੋਰਟਲ (ਐੱਮਏਆਈਐੱਸਪੀ) ਸਹਿਤ ਕਈ ਮਹੱਤਵਪੂਰਨ ਆਯੁਸ਼ ਪਹਿਲਕਦਮੀਆਂ ਦੀ ਸ਼ੁਰੂਆਤ ਕਰਨਗੇ। ਉਹ ਆਯੁਸ਼ ਮਾਰਕ ਵੀ ਲਾਂਚ ਕਰਨਗੇ, ਜਿਸ ਦੀ ਕਲਪਨਾ ਆਯੁਸ਼ ਉਤਪਾਦਾਂ ਅਤੇ ਸੇਵਾਵਾਂ ਦੀ ਗੁਣਵੱਤਾ ਲਈ ਇੱਕ ਗਲੋਬਲ ਮਾਪਦੰਡ ਵਜੋਂ ਕੀਤੀ ਗਈ ਹੈ।
ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਯੋਗ ਦੀ ਸਿਖਲਾਈ ‘ਤੇ ਡਬਲਿਊਐੱਚਓ ਦੀ ਤਕਨੀਕੀ ਰਿਪੋਰਟ ਅਤੇ ਕਿਤਾਬ “ਫਰੋਮ ਰੂਟਜ਼ ਟੂ ਗਲੋਬਲ ਰੀਚ: 11 ਈਅਰਜ਼ ਆਫ਼ ਟ੍ਰਾਂਸਫੋਰਮੇਸ਼ਨ ਇਨ ਆਯੁਸ਼” ਜਾਰੀ ਕਰਨਗੇ। ਉਹ ਅਸ਼ਵਗੰਧਾ ‘ਤੇ ਇੱਕ ਯਾਦਗਾਰੀ ਡਾਕ ਟਿਕਟ ਵੀ ਜਾਰੀ ਕਰਨਗੇ, ਜੋ ਭਾਰਤ ਦੀ ਰਵਾਇਤੀ ਔਸ਼ਧੀ ਵਿਰਾਸਤ ਦੀ ਵਿਸ਼ਵ-ਵਿਆਪੀ ਗੂੰਜ ਦਾ ਪ੍ਰਤੀਕ ਹੈ।
ਪ੍ਰਧਾਨ ਮੰਤਰੀ ਦਿੱਲੀ ਵਿੱਚ ਨਵੇਂ ਡਬਲਿਊਐੱਚਓ ਦੱਖਣ-ਪੂਰਬੀ ਏਸ਼ੀਆ ਖੇਤਰੀ ਦਫ਼ਤਰ ਕੰਪਲੈਕਸ ਦਾ ਉਦਘਾਟਨ ਵੀ ਕਰਨਗੇ, ਜਿਸ ਵਿੱਚ ਡਬਲਿਊਐੱਚਓ ਇੰਡੀਆ ਕੰਟਰੀ ਆਫ਼ਿਸ ਵੀ ਹੋਵੇਗਾ, ਜੋ ਵਿਸ਼ਵ ਸਿਹਤ ਸੰਗਠਨ ਨਾਲ ਭਾਰਤ ਦੀ ਭਾਈਵਾਲੀ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ।
ਪ੍ਰਧਾਨ ਮੰਤਰੀ ਯੋਗ ਦੇ ਪ੍ਰਤੀ ਉਨ੍ਹਾਂ ਦੇ ਨਿਰੰਤਰ ਸਮਰਪਣ ਅਤੇ ਇਸ ਦੇ ਵਿਸ਼ਵ-ਵਿਆਪੀ ਪ੍ਰਚਾਰ ਨੂੰ ਮਾਨਤਾ ਦਿੰਦੇ ਹੋਏ, ਯੋਗ ਦੇ ਪ੍ਰਚਾਰ ਅਤੇ ਵਿਕਾਸ ਵਿੱਚ ਸ਼ਾਨਦਾਰ ਯੋਗਦਾਨ ਲਈ ਸਾਲ 2021-2025 ਦੇ ਲਈ ਪ੍ਰਧਾਨ ਮੰਤਰੀ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਨੂੰ ਸਨਮਾਨਿਤ ਕਰਨਗੇ। ਇਹ ਪੁਰਸਕਾਰ ਯੋਗ ਨੂੰ ਸੰਤੁਲਨ, ਤੰਦਰੁਸਤੀ ਅਤੇ ਸਦਭਾਵਨਾ ਲਈ ਇੱਕ ਸਦੀਵੀ ਅਭਿਆਸ ਵਜੋਂ ਪੁਸ਼ਟੀ ਕਰਦੇ ਹਨ, ਜੋ ਇੱਕ ਸਿਹਤਮੰਦ ਅਤੇ ਮਜ਼ਬੂਤ ਨਵੇਂ ਭਾਰਤ ਵਿੱਚ ਯੋਗਦਾਨ ਪਾਉਂਦੇ ਹਨ।
ਪ੍ਰਧਾਨ ਮੰਤਰੀ ਰਵਾਇਤੀ ਦਵਾਈ ਡਿਸਕਵਰੀ ਸਪੇਸ ਦਾ ਵੀ ਦੌਰਾ ਕਰਨਗੇ, ਜੋ ਕਿ ਭਾਰਤ ਅਤੇ ਦੁਨੀਆ ਭਰ ਵਿੱਚ ਰਵਾਇਤੀ ਡਾਕਟਰੀ ਗਿਆਨ ਪ੍ਰਣਾਲੀਆਂ ਦੀ ਵਿਭਿੰਨਤਾ, ਡੂੰਘਾਈ ਅਤੇ ਸਮਕਾਲੀ ਸਾਰਥਕਤਾ ਨੂੰ ਪ੍ਰਦਰਸ਼ਿਤ ਕਰਨ ਵਾਲੀ ਇੱਕ ਪ੍ਰਦਰਸ਼ਨੀ ਹੈ।
ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਅਤੇ ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਵੱਲੋਂ ਸਾਂਝੇ ਤੌਰ ‘ਤੇ ਆਯੋਜਿਤ, ਇਹ ਸਿਖਰ ਸੰਮੇਲਨ 17 ਤੋਂ 19 ਦਸੰਬਰ, 2025 ਤੱਕ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ “ਸੰਤੁਲਨ ਦੀ ਪੁਨਰ-ਸਥਾਪਨਾ: ਸਿਹਤ ਅਤੇ ਕਲਿਆਣ ਦਾ ਵਿਗਿਆਨ ਅਤੇ ਅਭਿਆਸ” ਵਿਸ਼ੇ ਹੇਠ ਆਯੋਜਿਤ ਕੀਤਾ ਜਾ ਰਿਹਾ ਹੈ। ਸਿਖਰ ਸੰਮੇਲਨ ਵਿੱਚ ਵਿਸ਼ਵ ਨੇਤਾਵਾਂ, ਨੀਤੀ ਨਿਰਮਾਤਾਵਾਂ, ਵਿਗਿਆਨੀਆਂ, ਪ੍ਰੈਕਟਿਸ਼ਨਰਾਂ, ਸਵਦੇਸ਼ੀ ਗਿਆਨ ਧਾਰਕਾਂ ਅਤੇ ਸਿਵਲ ਸਮਾਜ ਦੇ ਪ੍ਰਤੀਨਿਧੀਆਂ ਦਰਮਿਆਨ ਬਰਾਬਰੀ, ਟਿਕਾਊ ਅਤੇ ਸਬੂਤ-ਅਧਾਰਤ ਸਿਹਤ ਪ੍ਰਣਾਲੀਆਂ ਨੂੰ ਅੱਗੇ ਵਧਾਉਣ ‘ਤੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਹੋ ਰਿਹਾ ਹੈ।
************
ਐੱਮਜੇਪੀਐੱਸ/ਐੱਸਟੀ