Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਓਮਾਨ ਦੌਰੇ ਦੌਰਾਨ ਭਾਰਤ-ਓਮਾਨ ਸਾਂਝਾ ਬਿਆਨ

ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਓਮਾਨ ਦੌਰੇ ਦੌਰਾਨ ਭਾਰਤ-ਓਮਾਨ ਸਾਂਝਾ ਬਿਆਨ


ਓਮਾਨ ਦੇ ਸੁਲਤਾਨ ਮਹਾਮਹਿਮ ਸੁਲਤਾਨ ਹੈਥਮ ਬਿਨ ਤਾਰਿਕ ਦੇ ਸੱਦੇ ‘ਤੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 17-18 ਦਸੰਬਰ, 2025 ਨੂੰ ਓਮਾਨ ਦੀ ਸਲਤਨਤ ਦਾ ਸਰਕਾਰੀ ਦੌਰਾ ਕੀਤਾ। ਪ੍ਰਧਾਨ ਮੰਤਰੀ ਦਾ ਹਵਾਈ ਅੱਡੇ ‘ਤੇ ਰੱਖਿਆ ਮਾਮਲਿਆਂ ਦੇ ਉਪ ਪ੍ਰਧਾਨ ਮੰਤਰੀ ਸੱਯਦ ਸ਼ਿਹਾਬ ਬਿਨ ਤਾਰਿਕ ਵੱਲੋਂ ਰਸਮੀ ਤੌਰ ‘ਤੇ ਸਵਾਗਤ ਕੀਤਾ ਗਿਆ। ਮਹਾਮਹਿਮ ਸੁਲਤਾਨ ਹੈਥਮ ਬਿਨ ਤਾਰਿਕ ਨੇ 18 ਦਸੰਬਰ, 2025 ਨੂੰ ਅਲ ਬਰਾਕਾ ਪੈਲੇਸ ਵਿਖੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ।

ਇਹ ਦੌਰਾ ਵਿਸ਼ੇਸ਼ ਮਹੱਤਵ ਰੱਖਦਾ ਹੈ, ਕਿਉਂਕਿ ਇਸ ਸਾਲ ਦੋਵਾਂ ਦੇਸ਼ਾਂ ਦਰਮਿਆਨ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 70ਵੀਂ ਵਰ੍ਹੇਗੰਢ ਹੈ। ਪ੍ਰਧਾਨ ਮੰਤਰੀ ਦਾ ਇਹ ਦੌਰਾ ਮਹਾਮਹਿਮ ਸੁਲਤਾਨ ਹੈਥਮ ਬਿਨ ਤਾਰਿਕ ਦੇ ਦਸੰਬਰ, 2023 ਵਿੱਚ ਭਾਰਤ ਦੇ ਸਰਕਾਰੀ ਦੌਰੇ ਤੋਂ ਬਾਅਦ ਹੋ ਰਿਹਾ ਹੈ।

ਮਹਾਮਹਿਮ ਸੁਲਤਾਨ ਹੈਥਮ ਬਿਨ ਤਾਰਿਕ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਸ ਵਿੱਚ ਗੱਲਬਾਤ ਕੀਤੀ ਅਤੇ ਵਪਾਰ, ਨਿਵੇਸ਼, ਰੱਖਿਆ, ਸੁਰੱਖਿਆ, ਤਕਨਾਲੋਜੀ, ਸਿੱਖਿਆ, ਊਰਜਾ, ਪੁਲਾੜ, ਖੇਤੀਬਾੜੀ, ਸਭਿਆਚਾਰ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਆਪਸੀ ਸਬੰਧਾਂ ਸਮੇਤ ਸ਼ਾਨਦਾਰ ਦੁਵੱਲੇ ਸਬੰਧਾਂ ‘ਤੇ ਸੰਤੁਸ਼ਟੀ ਪ੍ਰਗਟ ਕੀਤੀ। ਉਨ੍ਹਾਂ ਨੇ ਸਾਂਝੇ ਦ੍ਰਿਸ਼ਟੀ ਦਸਤਾਵੇਜ਼ ਵਿੱਚ ਪਛਾਣੇ ਗਏ ਖੇਤਰਾਂ ਵਿੱਚ ਚੱਲ ਰਹੀਆਂ ਪਹਿਲਕਦਮੀਆਂ ਅਤੇ ਸਹਿਯੋਗ ਦੀ ਵੀ ਸਮੀਖਿਆ ਕੀਤੀ, ਜਿਸ ਨੂੰ ਓਮਾਨ ਦੇ ਮਹਾਮਹਿਮ ਸੁਲਤਾਨ ਦੀ ਦਸੰਬਰ, 2023 ਵਿੱਚ ਭਾਰਤ ਦੌਰੇ ਦੌਰਾਨ ਅਪਣਾਇਆ ਗਿਆ ਸੀ। ਦੋਵਾਂ ਧਿਰਾਂ ਨੇ ਸਵੀਕਾਰ ਕੀਤਾ ਕਿ ਦੋ ਸਮੁੰਦਰੀ ਗੁਆਂਢੀ, ਓਮਾਨ ਅਤੇ ਭਾਰਤ ਦਰਮਿਆਨ ਸਬੰਧ ਸਮੇਂ ਦੀ ਪਰੀਖਿਆ ‘ਤੇ ਖਰੇ ਉਤਰੇ ਹਨ ਅਤੇ ਇਹ ਬਹੁਪੱਖੀ ਰਣਨੀਤਕ ਭਾਈਵਾਲੀ ਵਿੱਚ ਤਬਦੀਲ ਹੋ ਗਏ ਹਨ।

ਭਾਰਤੀ ਪੱਖ ਨੇ ਓਮਾਨ ਵੱਲੋਂ ਆਪਣੇ ਵਿਜ਼ਨ 2040 ਦੇ ਤਹਿਤ ਪ੍ਰਾਪਤ ਆਰਥਿਕ ਵਿਭਿੰਨਤਾ ਅਤੇ ਟਿਕਾਊ ਵਿਕਾਸ ਦੀ ਸ਼ਲਾਘਾ ਕੀਤੀ। ਓਮਾਨ ਪੱਖ ਨੇ ਭਾਰਤ ਦੇ ਨਿਰੰਤਰ ਆਰਥਿਕ ਵਿਕਾਸ ਅਤੇ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਦੀ ਸ਼ਲਾਘਾ ਕੀਤੀ। ਦੋਵਾਂ ਧਿਰਾਂ ਨੇ ਦੋਵਾਂ ਦੇਸ਼ਾਂ ਦੇ ਦ੍ਰਿਸ਼ਟੀਕੋਣਾਂ ਵਿੱਚ ਤਾਲਮੇਲ ਦੀ ਗੱਲ ਦਾ ਜ਼ਿਕਰ ਕੀਤਾ ਅਤੇ ਆਪਸੀ ਹਿਤ ਦੇ ਖੇਤਰਾਂ ਵਿੱਚ ਇਕੱਠੇ ਕੰਮ ਕਰਨ ’ਤੇ ਸਹਿਮਤੀ ਪ੍ਰਗਟਾਈ।

ਦੋਵਾਂ ਧਿਰਾਂ ਨੇ ਇਹ ਜ਼ਿਕਰ ਕੀਤਾ ਕੀਤਾ ਕਿ ਵਪਾਰ ਅਤੇ ਵਣਜ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਸਹਿਯੋਗ ਦੇ ਮੁੱਖ ਥੰਮ੍ਹ ਰਹੇ ਹਨ। ਦੋਵਾਂ ਧਿਰਾਂ ਨੇ ਦੁਵੱਲੇ ਵਪਾਰ ਵਿੱਚ ਹੋਰ ਵਾਧੇ ਅਤੇ ਵਿਭਿੰਨਤਾ ਦੀ ਸੰਭਾਵਨਾ ‘ਤੇ ਜ਼ੋਰ ਦਿੱਤਾ। ਦੋਵਾਂ ਧਿਰਾਂ ਨੇ ਟੈਕਸਟਾਈਲ, ਆਟੋਮੋਬਾਇਲ, ਰਸਾਇਣ, ਉਪਕਰਨ ਅਤੇ ਖਾਦਾਂ ਸਮੇਤ ਵੱਖ-ਵੱਖ ਖੇਤਰਾਂ ਵਿੱਚ ਵਪਾਰ ਨੂੰ ਉਤਸ਼ਾਹਿਤ ਕਰਨ ਦੀ ਵਿਸ਼ਾਲ ਸੰਭਾਵਨਾ ਨੂੰ ਸਵੀਕਾਰ ਕੀਤਾ।

ਦੋਵਾਂ ਧਿਰਾਂ ਨੇ ਭਾਰਤ-ਓਮਾਨ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ (ਸੀਈਪੀਏ) ‘ਤੇ ਦਸਤਖ਼ਤ ਕਰਨ ਦਾ ਸਵਾਗਤ ਕੀਤਾ, ਜੋ ਕਿ ਦੁਵੱਲੇ ਆਰਥਿਕ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਦੋਵਾਂ ਨੇਤਾਵਾਂ ਨੇ ਸਵੀਕਾਰ ਕੀਤਾ ਕਿ ਸੀਈਪੀਏ ਦੋਵਾਂ ਦੇਸ਼ਾਂ ਲਈ ਆਪਸੀ ਤੌਰ ‘ਤੇ ਲਾਭਦਾਇਕ ਹੋਵੇਗਾ ਅਤੇ ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਨਿੱਜੀ ਖੇਤਰ ਨੂੰ ਇਸ ਸਮਝੌਤੇ ਤੋਂ ਲਾਭ ਉਠਾਉਣ ਲਈ ਉਤਸ਼ਾਹਿਤ ਕੀਤਾ। ਦੋਵੇਂ ਨੇਤਾ ਇਸ ਗੱਲ ‘ਤੇ ਸਹਿਮਤ ਹੋਏ ਕਿ ਸੀਈਪੀਏ ਵਪਾਰਕ ਰੁਕਾਵਟਾਂ ਨੂੰ ਘਟਾ ਕੇ ਅਤੇ ਇੱਕ ਸਥਿਰ ਵਾਤਾਵਰਣ ਬਣਾ ਕੇ ਦੋਵਾਂ ਦੇਸ਼ਾਂ ਦਰਮਿਆਨ ਵਪਾਰ ਨੂੰ ਵਧਾਏਗਾ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਸੀਈਪੀਏ ਅਰਥ-ਵਿਵਸਥਾ ਦੇ ਸਾਰੇ ਮੁੱਖ ਖੇਤਰਾਂ ਵਿੱਚ ਮੌਕੇ ਖੋਲ੍ਹੇਗਾ, ਆਰਥਿਕ ਵਿਕਾਸ ਨੂੰ ਵਧਾਏਗਾ, ਨੌਕਰੀਆਂ ਪੈਦਾ ਕਰੇਗਾ ਅਤੇ ਦੋਵਾਂ ਦੇਸ਼ਾਂ ਦਰਮਿਆਨ ਨਿਵੇਸ਼ ਪ੍ਰਵਾਹ ਨੂੰ ਉਤਸ਼ਾਹਿਤ ਕਰੇਗਾ।

ਭਾਰਤ ਨੂੰ ਸਭ ਤੋਂ ਤੇਜ਼ੀ ਨਾਲ ਉੱਭਰਦੀ ਅਰਥ-ਵਿਵਸਥਾਵਾਂ ਵਿੱਚੋਂ ਇੱਕ ਮੰਨਣ ਅਤੇ ਓਮਾਨ ਦੀ ਆਰਥਿਕ ਵਿਭਿੰਨਤਾ ਵਿੱਚ ਪ੍ਰਗਤੀ ਨੂੰ ਸਵੀਕਾਰ ਕਰਦੇ ਹੋਏ, ਦੋਵਾਂ ਧਿਰਾਂ ਨੇ ਆਪਸੀ ਹਿਤ ਦੇ ਤਰਜੀਹੀ ਖੇਤਰਾਂ ਵਿੱਚ ਨਿਵੇਸ਼ ਦੇ ਮੌਕਿਆਂ ਦੀ ਖੋਜ ਕਰਨ ਵਿੱਚ ਦਿਲਚਸਪੀ ਦਿਖਾਈ, ਜਿਸ ਵਿੱਚ ਬੁਨਿਆਦੀ ਢਾਂਚਾ, ਤਕਨਾਲੋਜੀ, ਨਿਰਮਾਣ, ਖ਼ੁਰਾਕ ਸੁਰੱਖਿਆ, ਲੌਜਿਸਟਿਕਸ, ਪ੍ਰਾਹੁਣਚਾਰੀ ਅਤੇ ਹੋਰ ਸ਼ਾਮਲ ਹਨ। ਦੋਵਾਂ ਧਿਰਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਓਮਾਨ-ਭਾਰਤ ਸੰਯੁਕਤ ਨਿਵੇਸ਼ ਫ਼ੰਡ (ਓਈਜੀਆਈਐੱਫ) ਦੇ ਪਹਿਲੇ ਦੇ ਸਫਲ ਟਰੈਕ ਰਿਕਾਰਡ ਨੂੰ ਦੇਖਦੇ ਹੋਏ, ਇਸ ਵਿੱਚ ਨਿਵੇਸ਼ਾਂ ਨੂੰ ਉਤਸ਼ਾਹਿਤ ਕਰਨ ਅਤੇ ਸੁਵਿਧਾਜਨਕ ਬਣਾਉਣ ਦੀ ਮਜ਼ਬੂਤ ​​ਸਮਰੱਥਾ ਹੈ।

ਦੋਵਾਂ ਨੇਤਾਵਾਂ ਨੇ ਸਥਾਨਕ ਮੁਦਰਾਵਾਂ ਵਿੱਚ ਦੁਵੱਲੇ ਵਪਾਰ ਨੂੰ ਸੁਚਾਰੂ ਬਣਾਉਣ ਲਈ ਢੁਕਵੇਂ ਢੰਗਾਂ ਦੀ ਪੜਚੋਲ ਕਰਨ ਲਈ ਚਰਚਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਦੁਵੱਲੇ ਨਿਵੇਸ਼ ਸੰਧੀ ਵਿੱਚ ਹੋਈ ਪ੍ਰਗਤੀ ਦਾ ਸਵਾਗਤ ਕੀਤਾ ਅਤੇ ਮੰਨਿਆ ਕਿ ਇਸ ਵਿੱਚ ਆਰਥਿਕ ਸਹਿਯੋਗ ਅਤੇ ਮਜ਼ਬੂਤ, ਨਿਵੇਸ਼ਕ-ਅਨੁਕੂਲ ਵਾਤਾਵਰਣ ਨੂੰ ਸਮਰਥਨ ਦੇਣ ਦੀ ਸਮਰੱਥਾ ਹੈ।

ਦੋਵਾਂ ਧਿਰਾਂ ਨੇ ਊਰਜਾ ਖੇਤਰ ਵਿੱਚ ਆਪਣੀ ਦੁਵੱਲੀ ਭਾਈਵਾਲੀ ਨੂੰ ਵਧਾਉਣ ਦੇ ਤਰੀਕਿਆਂ ‘ਤੇ ਚਰਚਾ ਕੀਤੀ। ਦੁਵੱਲੇ ਊਰਜਾ ਵਪਾਰ ‘ਤੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ, ਉਨ੍ਹਾਂ ਨੇ ਇਸ ਗੱਲ ’ਤੇ ਸਹਿਮਤੀ ਜਤਾਈ ਕਿ ਇਸ ਨੂੰ ਹੋਰ ਵਧਾਉਣ ਦੀ ਅਥਾਹ ਸੰਭਾਵਨਾ ਹੈ। ਦੋਵਾਂ ਧਿਰਾਂ ਨੇ ਆਪਣੀਆਂ ਕੰਪਨੀਆਂ ਦਾ ਸਮਰਥਨ ਕਰਕੇ ਊਰਜਾ ਸਹਿਯੋਗ ਵਧਾਉਣ ਵਿੱਚ ਦਿਲਚਸਪੀ ਦਿਖਾਈ, ਜਿਸ ਵਿੱਚ ਭਾਰਤੀ ਅਤੇ ਗਲੋਬਲ ਈਐਂਡਪੀ ਮੌਕਿਆਂ ਵਿੱਚ ਸਹਿਯੋਗ, ਹਰੇ ਅਮੋਨੀਆ ਅਤੇ ਹਰੇ ਹਾਈਡ੍ਰੋਜਨ ਦੇ ਖੇਤਰਾਂ ਵਿੱਚ ਨਵੇਂ ਅਤੇ ਨਵਿਆਉਣਯੋਗ ਊਰਜਾ ਸਹਿਯੋਗ ਸ਼ਾਮਲ ਹਨ। ਦੋਵਾਂ ਧਿਰਾਂ ਨੇ ਟਿਕਾਊ ਊਰਜਾ ਟੀਚਿਆਂ ਨਾਲ ਤਾਲਮੇਲ ਨੂੰ ਮਾਨਤਾ ਦਿੱਤੀ ਅਤੇ ਸੰਯੁਕਤ ਨਿਵੇਸ਼, ਤਕਨਾਲੋਜੀ ਟ੍ਰਾਂਸਫਰ ਅਤੇ ਲੰਬੇ ਸਮੇਂ ਦੇ ਸਹਿਯੋਗ ਦਾ ਪ੍ਰਸਤਾਵ ਰੱਖਿਆ।

ਦੋਵਾਂ ਧਿਰਾਂ ਨੇ ਰੱਖਿਆ ਖੇਤਰ ਵਿੱਚ ਸਹਿਯੋਗ ਨੂੰ ਡੂੰਘਾ ਕਰਨ ਦੀ ਸ਼ਲਾਘਾ ਕੀਤੀ ਅਤੇ ਇਸ ਸਬੰਧ ਵਿੱਚ ਮਿਲ ਕੇ ਕੰਮ ਕਰਨਾ ਜਾਰੀ ਰੱਖਣ ‘ਤੇ ਸਹਿਮਤੀ ਪ੍ਰਗਟ ਕੀਤੀ, ਜਿਸ ਵਿੱਚ ਸਾਂਝੇ ਅਭਿਆਸਾਂ, ਸਿਖਲਾਈ ਅਤੇ ਉੱਚ-ਪੱਧਰੀ ਦੌਰੇ ਸ਼ਾਮਲ ਹਨ, ਤਾਂ ਜੋ ਸਾਂਝਾ ਟੀਚਿਆਂ ਨੂੰ ਪ੍ਰਾਪਤ ਕੀਤਾ ਜਾ ਸਕੇ ਅਤੇ ਖੇਤਰੀ ਸੁਰੱਖਿਆ ਅਤੇ ਸਥਿਰਤਾ ਬਣਾਏ ਰੱਖਣ ਵਿੱਚ ਯੋਗਦਾਨ ਦਿੱਤਾ ਜਾ ਸਕੇ। ਉਨ੍ਹਾਂ ਨੇ ਸਮੁੰਦਰੀ ਅਪਰਾਧਾਂ ਅਤੇ ਸਮੁੰਦਰੀ ਡਾਕੂਆਂ ਨੂੰ ਰੋਕਣ ਲਈ ਸਾਂਝੇ ਉਪਰਾਲਿਆਂ ਨੂੰ ਅਪਣਾਉਣ ‘ਤੇ ਵੀ ਸਹਿਮਤੀ ਪ੍ਰਗਟ ਕੀਤੀ ਅਤੇ ਇਸ ਦੇ ਲਈ ਸਮੁੰਦਰੀ ਖੇਤਰ ਬਾਰੇ ਜਾਗਰੂਕਤਾ ਵਧਾਉਣ ਅਤੇ ਨਿਰੰਤਰ ਜਾਣਕਾਰੀ ਸਾਂਝੀ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

ਦੌਰੇ ਦੌਰਾਨ, ਦੋਵਾਂ ਧਿਰਾਂ ਨੇ ਸਮੁੰਦਰੀ ਸਹਿਯੋਗ ‘ਤੇ ਇੱਕ ਸੰਯੁਕਤ ਦ੍ਰਿਸ਼ਟੀ ਦਸਤਾਵੇਜ਼ ਅਪਣਾਇਆ, ਜੋ ਖੇਤਰੀ ਸਮੁੰਦਰੀ ਸੁਰੱਖਿਆ, ਨੀਲੀ ਅਰਥ-ਵਿਵਸਥਾ ਅਤੇ ਸਮੁੰਦਰੀ ਸਰੋਤਾਂ ਦੀ ਟਿਕਾਊ ਵਰਤੋਂ ਪ੍ਰਤੀ ਉਨ੍ਹਾਂ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਦੋਵਾਂ ਧਿਰਾਂ ਨੇ ਸਿਹਤ ਸਹਿਯੋਗ ਨੂੰ ਆਪਣੀ ਭਾਈਵਾਲੀ ਦੇ ਮਹੱਤਵਪੂਰਨ ਥੰਮ੍ਹਾਂ ਵਿੱਚੋਂ ਇੱਕ ਵਜੋਂ ਮਾਨਤਾ ਦਿੱਤੀ ਅਤੇ ਇਸ ਖੇਤਰ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ​​ਕਰਨ ਵਿੱਚ ਦਿਲਚਸਪੀ ਪ੍ਰਗਟਾਈ।

ਦੋਵਾਂ ਧਿਰਾਂ ਨੇ ਚੱਲ ਰਹੀਆਂ ਚਰਚਾਵਾਂ ਅਤੇ ਪਹਿਲਕਦਮੀਆਂ ਦਾ ਜ਼ਿਕਰ ਕੀਤਾ, ਜਿਸ ਵਿੱਚ ਨੈਸ਼ਨਲ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨਾਲੋਜੀ ਵਿਖੇ ਆਯੁਸ਼ ਚੇਅਰ ਸਥਾਪਤ ਕਰਨ ਦਾ ਪ੍ਰਸਤਾਵ ਅਤੇ ਰਵਾਇਤੀ ਦਵਾਈ ਦੇ ਖੇਤਰ ਵਿੱਚ ਸਹਿਯੋਗ ਨੂੰ ਸੁਚਾਰੂ ਬਣਾਉਣ ਲਈ ਓਮਾਨ ਵਿੱਚ ਇੱਕ ਸੂਚਨਾ ਕੇਂਦਰ ਦਾ ਪ੍ਰਸਤਾਵ ਸ਼ਾਮਲ ਹੈ।

ਦੋਵਾਂ ਧਿਰਾਂ ਨੇ ਖੇਤੀਬਾੜੀ ਸਹਿਯੋਗ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਅਤੇ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਿੱਚ ਸਹਿਯੋਗ ਨੂੰ ਅੱਗੇ ਵਧਾਉਣ ਲਈ ਸਹਿਮਤੀ ਪੱਤਰ ‘ਤੇ ਦਸਤਖ਼ਤ ਦਾ ਸਵਾਗਤ ਕੀਤਾ, ਜਿਸ ਨਾਲ ਖੇਤੀਬਾੜੀ ਵਿਗਿਆਨ, ਪਸ਼ੂ ਪਾਲਣ ਅਤੇ ਜਲ-ਪਾਲਣ ਵਿੱਚ ਸਹਿਯੋਗ ਵਿੱਚ ਹੋਰ ਪ੍ਰਗਤੀ ਹੋਵੇਗੀ। ਦੋਵੇਂ ਧਿਰਾਂ ਸਿਖਲਾਈ ਅਤੇ ਵਿਗਿਆਨਕ ਆਦਾਨ-ਪ੍ਰਦਾਨ ਰਾਹੀਂ ਮੋਟੇ ਅਨਾਜ ਦੀ ਖੇਤੀ ਵਿੱਚ ਸਹਿਯੋਗ ਵਧਾਉਣ ਲਈ ਵੀ ਸਹਿਮਤ ਹੋਈਆਂ।

ਦੋਵਾਂ ਧਿਰਾਂ ਨੇ ਆਈਟੀ ਸੇਵਾਵਾਂ, ਡਿਜੀਟਲ ਬੁਨਿਆਦੀ ਢਾਂਚਾ ਅਤੇ ਪੁਲਾੜ ਐਪਲੀਕੇਸ਼ਨ ਸਹਿਤ ਤਕਨਾਲੋਜੀ ਵਿੱਚ ਵਧਦੇ ਸਹਿਯੋਗ ਦਾ ਜ਼ਿਕਰ ਕੀਤਾ। 

ਦੋਵਾਂ ਧਿਰਾਂ ਨੇ ਸਭਿਆਚਾਰਕ ਸਹਿਯੋਗ ਦੇ ਡੂੰਘੇ ਹੋਣ ਅਤੇ ਲੋਕਾਂ ਦੇ ਮਜ਼ਬੂਤ ​​ਸਬੰਧਾਂ ‘ਤੇ ਸੰਤੁਸ਼ਟੀ ਪ੍ਰਗਟ ਕੀਤੀ। ਉਨ੍ਹਾਂ ਨੇ “ਭਾਰਤ-ਓਮਾਨ ਸਬੰਧਾਂ ਦੀ ਵਿਰਾਸਤ” ਦੀ ਸਾਂਝੀ ਪ੍ਰਦਰਸ਼ਨੀ ਦਾ ਸਵਾਗਤ ਕੀਤਾ ਅਤੇ ਸਭਿਆਚਾਰਕ ਡਿਜੀਟਾਈਜ਼ੇਸ਼ਨ ਪਹਿਲਕਦਮੀਆਂ ‘ਤੇ ਚੱਲ ਰਹੀਆਂ ਚਰਚਾਵਾਂ ਦਾ ਜ਼ਿਕਰ ਕੀਤਾ। ਦੋਵਾਂ ਧਿਰਾਂ ਨੇ ਸੋਹਰ ਯੂਨੀਵਰਸਿਟੀ ਵਿਖੇ ਭਾਰਤੀ ਅਧਿਐਨ ਲਈ ਆਈਸੀਸੀਆਰ ਚੇਅਰ ਪ੍ਰੋਗਰਾਮ ਸਥਾਪਤ ਕਰਨ ਵਿੱਚ ਸਹਿਯੋਗ ਕਰਨ ਦੀ ਪਹਿਲਕਦਮੀ ਦਾ ਵੀ ਜ਼ਿਕਰ ਕੀਤਾ, ਜੋ ਦੋਵਾਂ ਦੇਸ਼ਾਂ ਦਰਮਿਆਨ ਸਭਿਆਚਾਰਕ ਅਤੇ ਵਿੱਦਿਅਕ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰੇਗਾ।

 

ਦੋਵਾਂ ਧਿਰਾਂ ਨੇ ਸਮੁੰਦਰੀ ਵਿਰਾਸਤ ਅਤੇ ਅਜਾਇਬ ਘਰਾਂ ਬਾਰੇ ਸਮਝੌਤਾ ਪੱਤਰ (ਐੱਮਓਯੂ) ਦਾ ਸਵਾਗਤ ਕੀਤਾ, ਜੋ ਅਜਾਇਬ ਘਰਾਂ ਦਰਮਿਆਨ ਸਹਿਯੋਗ ਨੂੰ ਸਮਰੱਥ ਬਣਾਏਗਾ, ਜਿਸ ਵਿੱਚ ਸਾਂਝੀਆਂ ਪ੍ਰਦਰਸ਼ਨੀਆਂ ਅਤੇ ਖੋਜ ਸ਼ਾਮਲ ਹਨ। ਉਨ੍ਹਾਂ ਨੇ ਆਈਐੱਨਐੱਸਵੀ ਕੌਂਡਿਨਿਆ ਦੇ ਓਮਾਨ ਦੇ ਆਉਣ ਵਾਲੇ ਪਹਿਲੇ ਦੌਰੇ ਦਾ ਵੀ ਜ਼ਿਕਰ ਕੀਤਾ, ਜੋ ਸਾਡੀਆਂ ਸਾਂਝੀਆਂ ਸਮੁੰਦਰੀ ਪਰੰਪਰਾਵਾਂ ਨੂੰ ਉਜਾਗਰ ਕਰਦਾ ਹੈ।

ਦੋਵਾਂ ਧਿਰਾਂ ਨੇ ਸਿੱਖਿਆ ਅਤੇ ਵਿਗਿਆਨਕ ਆਦਾਨ-ਪ੍ਰਦਾਨ ਵਿੱਚ ਚੱਲ ਰਹੇ ਸਹਿਯੋਗ ਨੂੰ ਸਵੀਕਾਰ ਕੀਤਾ, ਜਿਸ ਵਿੱਚ ਆਉਣ ਵਾਲਾ ਭਾਰਤ-ਓਮਾਨ ਗਿਆਨ ਸੰਵਾਦ ਵੀ ਸ਼ਾਮਲ ਹੈ। ਉੱਚ ਸਿੱਖਿਆ ਬਾਰੇ ਸਮਝੌਤਾ ਪੱਤਰ ਫੈਕਲਟੀ ਅਤੇ ਵਿਦਿਆਰਥੀਆਂ ਦੇ ਆਦਾਨ-ਪ੍ਰਦਾਨ, ਸੰਸਥਾਗਤ ਸਹਿਯੋਗ ਨੂੰ ਸੁਵਿਧਾਜਨਕ ਬਣਾਉਣ ਅਤੇ ਸੰਯੁਕਤ ਖੋਜ ਨੂੰ ਉਤਸ਼ਾਹਿਤ ਕਰਨ ਵਿੱਚ ਇੱਕ ਮਹੱਤਵਪੂਰਨ ਸਾਧਨ ਹੋਵੇਗਾ। ਦੋਵਾਂ ਧਿਰਾਂ ਨੇ ਆਈਟੀਈਸੀ (ਭਾਰਤੀ ਤਕਨੀਕੀ ਅਤੇ ਆਰਥਿਕ ਸਹਿਯੋਗ) ਪ੍ਰੋਗਰਾਮ ਅਧੀਨ ਚੱਲ ਰਹੇ ਸਮਰੱਥਾ-ਨਿਰਮਾਣ ਪਹਿਲਕਦਮੀਆਂ ਦਾ ਵੀ ਜ਼ਿਕਰ ਕੀਤਾ।

ਓਮਾਨੀ ਪੱਖ ਨੇ ਹਵਾਈ ਆਵਾਜਾਈ ਅਧਿਕਾਰਾਂ ‘ਤੇ ਚਰਚਾ ਕਰਨ ਵਿੱਚ ਦਿਲਚਸਪੀ ਦਿਖਾਈ, ਜਿਸ ਵਿੱਚ ਮੰਜ਼ਿਲਾਂ ਦੀ ਗਿਣਤੀ ਅਤੇ ਕੋਡ-ਸਾਂਝਾ ਕਰਨ ਦੇ ਪ੍ਰਬੰਧ ਸ਼ਾਮਲ ਹਨ। ਭਾਰਤੀ ਪੱਖ ਨੇ ਇਸ ਬੇਨਤੀ ’ਤੇ ਧਿਆਨ ਦਿੱਤਾ।

ਦੋਵਾਂ ਧਿਰਾਂ ਨੇ ਸਵੀਕਾਰ ਕੀਤਾ ਕਿ ਸਦੀਆਂ ਪੁਰਾਣੇ ਲੋਕਾਂ ਦੇ ਆਪਸੀ ਸਬੰਧ ਓਮਾਨ-ਭਾਰਤ ਸਬੰਧਾਂ ਦਾ ਅਧਾਰ ਹਨ। ਭਾਰਤੀ ਪੱਖ ਨੇ ਓਮਾਨ ਵਿੱਚ ਰਹਿ ਰਹੇ ਲਗਭਗ 6,75,000 ਭਾਰਤੀ ਭਾਈਚਾਰੇ ਦੀ ਭਲਾਈ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਓਮਾਨੀ ਲੀਡਰਸ਼ਿਪ ਦੀ ਪ੍ਰਸ਼ੰਸਾ ਕੀਤੀ। ਓਮਾਨੀ ਪੱਖ ਨੇ ਓਮਾਨ ਦੇ ਵਿਕਾਸ ਵਿੱਚ ਭਾਰਤੀ ਪ੍ਰਵਾਸੀ ਭਾਈਚਾਰੇ ਦੇ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦਿੱਤੀ।

ਦੋਵਾਂ ਧਿਰਾਂ ਨੇ ਆਪਸੀ ਹਿੱਤਾਂ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।

ਦੋਵਾਂ ਨੇਤਾਵਾਂ ਨੇ ਅੱਤਵਾਦ ਦੀ ਇਸ ਦੇ ਸਾਰੇ ਰੂਪਾਂ ਅਤੇ ਪ੍ਰਗਟਾਵੇ ਨਾਲ ਨਿੰਦਾ ਕੀਤੀ ਅਤੇ ਦੁਹਰਾਇਆ ਕਿ ਅਜਿਹੀਆਂ ਕਾਰਵਾਈਆਂ ਨੂੰ ਕਦੇ ਵੀ ਜਾਇਜ਼ ਸਵੀਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਇਸ ਖੇਤਰ ਵਿੱਚ ਲਗਾਤਾਰ ਸਹਿਯੋਗ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।

ਦੋਵਾਂ ਧਿਰਾਂ ਨੇ ਗਾਜ਼ਾ ਵਿੱਚ ਮਨੁੱਖੀ ਸਥਿਤੀ ‘ਤੇ ਚਿੰਤਾ ਪ੍ਰਗਟ ਕੀਤੀ ਅਤੇ ਨਾਗਰਿਕਾਂ ਨੂੰ ਮਨੁੱਖੀ ਸਹਾਇਤਾ ਦੀ ਸੁਰੱਖਿਅਤ ਅਤੇ ਸਮੇਂ ਸਿਰ ਪਹੁੰਚ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਗਾਜ਼ਾ ਸ਼ਾਂਤੀ ਯੋਜਨਾ ਦੇ ਪਹਿਲੇ ਪੜਾਅ ‘ਤੇ ਦਸਤਖ਼ਤ ਦਾ ਸਵਾਗਤ ਕੀਤਾ ਅਤੇ ਯੋਜਨਾ ਲਈ ਆਪਣੇ ਸਮਰਥਨ ਨੂੰ ਦੁਹਰਾਇਆ। ਉਨ੍ਹਾਂ ਨੇ ਸ਼ਾਂਤੀ ਅਤੇ ਸਥਿਰਤਾ ਨੂੰ ਬਹਾਲ ਕਰਨ ਦੇ ਯਤਨਾਂ ਪ੍ਰਤੀ ਆਪਣਾ ਸਮਰਥਨ ਦੁਹਰਾਇਆ ਅਤੇ ਗੱਲਬਾਤ ਅਤੇ ਕੂਟਨੀਤੀ ਰਾਹੀਂ ਇੱਕ ਨਿਆਂਪੂਰਨ ਅਤੇ ਸਥਾਈ ਹੱਲ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ, ਜਿਸ ਵਿੱਚ ਇੱਕ ਪ੍ਰਭੂਸੱਤਾ ਅਤੇ ਸੁਤੰਤਰ ਫ਼ਲਸਤੀਨੀ ਰਾਜ ਦੀ ਸਥਾਪਨਾ ਸ਼ਾਮਲ ਹੈ।

ਇਸ ਦੌਰੇ ਦੌਰਾਨ ਹੇਠ ਲਿਖੇ ਸਮਝੌਤਿਆਂ ਅਤੇ ਸਹਿਮਤੀ ਪੱਤਰਾਂ ‘ਤੇ ਹਸਤਾਖ਼ਰ ਕੀਤੇ ਗਏ:

1) ਵਿਆਪਕ ਆਰਥਿਕ ਭਾਈਵਾਲੀ ਸਮਝੌਤਾ

2) ਸਮੁੰਦਰੀ ਵਿਰਾਸਤ ਅਤੇ ਅਜਾਇਬ ਘਰਾਂ ਦੇ ਖੇਤਰ ਵਿੱਚ ਸਮਝੌਤਾ

3) ਖੇਤੀਬਾੜੀ ਅਤੇ ਸਹਾਇਕ ਖੇਤਰਾਂ ਦੇ ਖੇਤਰ ਵਿੱਚ ਸਮਝੌਤਾ

4) ਉੱਚ ਸਿੱਖਿਆ ਦੇ ਖੇਤਰ ਵਿੱਚ ਸਮਝੌਤਾ

5) ਓਮਾਨ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਅਤੇ ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ ਦਰਮਿਆਨ ਸਮਝੌਤਾ

6) ਸਮੁੰਦਰੀ ਸਹਿਯੋਗ ‘ਤੇ ਇੱਕ ਸੰਯੁਕਤ ਦ੍ਰਿਸ਼ਟੀ ਦਸਤਾਵੇਜ਼ ਨੂੰ ਅਪਣਾਉਣਾ

7) ਬਾਜਰੇ ਦੀ ਖੇਤੀ ਅਤੇ ਖੇਤੀਬਾੜੀ-ਭੋਜਨ ਨਵੀਨਤਾ ਵਿੱਚ ਸਹਿਯੋਗ ਲਈ ਕਾਰਜਕਾਰੀ ਪ੍ਰੋਗਰਾਮ

 

ਭਾਰਤੀ ਪ੍ਰਧਾਨ ਮੰਤਰੀ ਨੇ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਵਫ਼ਦ ਦੇ ਨਿੱਘੇ ਸਵਾਗਤ ਅਤੇ ਪ੍ਰਾਹੁਣਚਾਰੀ ਲਈ ਮਹਾਮਹਿਮ ਸੁਲਤਾਨ ਹੈਥਮ ਬਿਨ ਤਾਰਿਕ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਮਹਾਮਹਿਮ ਸੁਲਤਾਨ ਨੂੰ ਆਪਸੀ ਸਹਿਮਤੀ ਨਾਲ ਸੁਵਿਧਾਜਨਕ ਸਮੇਂ ‘ਤੇ ਭਾਰਤ ਆਉਣ ਦਾ ਸੱਦਾ ਦਿੱਤਾ। 

****

ਐੱਮਜੇਪੀਐੱਸ/ਐੱਸਟੀ