ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 1 ਸਤੰਬਰ, 2018 ਨੂੰ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਖੇ ਇੰਡੀਆ ਪੋਸਟ ਪੇਮੈਂਟਸ ਬੈਂਕ ਦੀ ਸ਼ੁਰੂਆਤ ਕਰਨਗੇ।
ਆਈਪੀਪੀਬੀ ਦੀ ਕਲਪਨਾ ਆਮ ਵਿਅਕਤੀ ਲਈ ਇੱਕ ਪਹੁੰਚਯੋਗ, ਕਿਫ਼ਾਇਤੀ ਅਤੇ ਭਰੋਸੇਯੋਗ ਬੈਂਕ ਵਜੋਂ ਕੀਤੀ ਗਈ ਹੈ, ਤਾਂਕਿ ਵਿੱਤੀ ਸ਼ਮੂਲੀਅਤ ਸਬੰਧੀ ਕੇਂਦਰ ਸਰਕਾਰ ਦੇ ਟੀਚਿਆਂ ਦੀ ਤੇਜ਼ੀ ਨਾਲ ਪੂਰਤੀ ਵਿੱਚ ਮਦਦ ਮਿਲ ਸਕੇ। ਇਹ ਬੈਂਕ ਡਾਕ ਵਿਭਾਗ ਦੇ ਵਿਸ਼ਾਲ ਢਾਂਚੇ ਦੀ ਮਦਦ ਨਾਲ ਚੱਲੇਗਾ ਜਿਸ ਕੋਲ 300,000 ਤੋਂ ਵੱਧ ਡਾਕੀਏ ਅਤੇ ਗ੍ਰਾਮੀਣ ਡਾਕ ਸੇਵਕਾਂ ਦਾ ਸਟਾਫ਼ ਮੌਜੂਦ ਹੈ ਅਤੇ ਜੋ ਦੇਸ਼ ਦੀ ਹਰ ਨੁੱਕਰ ਤੱਕ ਪਹੁੰਚ ਰੱਖਦਾ ਹੈ। ਇਸ ਤਰ੍ਹਾਂ ਆਈਪੀਪੀਬੀ ਬੈਕਿੰਗ ਖੇਤਰ ਦੀ ਸੇਵਾ ਵਿੱਚ ਤੇਜ਼ੀ ਲਿਆਵੇਗਾ।
ਆਈਪੀਪੀਬੀ ਦੀ ਸ਼ੁਰੂਆਤ ਕੇਂਦਰ ਸਰਕਾਰ ਦੇ ਉਨ੍ਹਾਂ ਯਤਨਾਂ ਵਿੱਚ ਇੱਕ ਨਵਾਂ ਮੀਲ ਪੱਥਰ ਹੋਵੇਗੀ ਜੋ ਕਿ ਤੇਜ਼ੀ ਨਾਲ ਵਿਕਸਤ ਹੋ ਰਹੇ ਭਾਰਤ ਦੇ ਲਾਭ ਦੇਸ਼ ਦੇ ਦੂਰ-ਦੁਰਾਡੇ ਕੋਨਿਆਂ ਵਿੱਚ ਪਹੁੰਚਾਉਣ ਲਈ ਕੀਤੇ ਜਾ ਰਹੇ ਹਨ।
ਇਸ ਦੀ ਸ਼ੁਰੂਆਤ ਵਾਲੇ ਦਿਨ ਹੀ ਦੇਸ਼ ਭਰ ਵਿੱਚ ਇਸ ਦੀਆਂ 650 ਬਰਾਂਚਾਂ ਅਤੇ 3250 ਪਹੁੰਚ ਕੇਂਦਰ ਕੰਮ ਕਰਨਾ ਸ਼ੁਰੂ ਕਰ ਦੇਣਗੇ। ਇਨ੍ਹਾਂ ਬਰਾਂਚਾਂ ਅਤੇ ਪਹੁੰਚ ਕੇਂਦਰਾਂ (ਡਾਕਖਾਨਿਆਂ) ’ਤੇ ਵੀ ਉਸੇ ਦਿਨ ਉਦਘਾਟਨੀ ਪ੍ਰੋਗਰਾਮ ਹੋਣਗੇ।
31 ਦਸੰਬਰ 2018 ਤੱਕ ਦੇਸ਼ ਦੇ ਸਾਰੇ 1.55 ਲੱਖ ਡਾਕਘਰ ਆਈਪੀਪੀਬੀ ਨਾਲ ਜੋੜ ਦਿੱਤੇ ਜਾਣਗੇ।
ਆਈਪੀਪੀਬੀ ਵੱਲੋਂ ਕਈ ਤਰ੍ਹਾਂ ਦੇ ਉਤਪਾਦਾਂ, ਜਿਵੇਂ ਕਿ ਬੱਚਤਾਂ, ਚਾਲੂ ਖਾਤੇ, ਮਨੀ ਟਰਾਂਸਫਰ, ਸਿੱਧਾ ਲਾਭ ਤਬਾਦਲਾ, ਬਿੱਲ ਅਤੇ ਯੂਟਿਲਟੀ ਪੇਮੈਂਟਸ ਅਤੇ ਉੱਦਮੀ ਤੇ ਮਰਚੈਂਟ ਪੇਮੈਂਟਸ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਇਹ ਉਤਪਾਦ ਅਤੇ ਸਬੰਧਿਤ ਸੇਵਾਵਾਂ ਵੱਖ ਵੱਖ ਚੈਨਲਾਂ (ਕਾਊਂਟਰ ਸਰਵਿਸਿਜ਼, ਮਾਈਕ੍ਰੋ ਏਟੀਐੱਮ, ਮੋਬਾਈਲ ਬੈਂਕਿੰਗ ਐਪ, ਐੱਸਐੱਮਐੱਸ ਅਤੇ ਆਈਵੀਆਰ) ਰਾਹੀਂ ਬੈਂਕ ਦੇ ਸਟੇਟ-ਆਵ੍-ਦਿ ਆਰਟ ਟੈਕਨੋਲੋਜੀ ਪਲੇਟਫਾਰਮ ਦੀ ਵਰਤੋਂ ਕਰ ਕੇ ਮੁਹੱਈਆ ਕਰਵਾਏ ਜਾਣਗੇ ।
****
ਏਕੇਟੀ/ਕੇਪੀ/ਐੱਸਕੇ