ਪੀਐੱਮਇੰਡੀਆ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਭਾਰਤ ਦੇ ਲੋਹ ਪੁਰਸ਼ ਸਰਦਾਰ ਵੱਲਭਭਾਈ ਪਟੇਲ ਨੂੰ 31 ਅਕਤੂਬਰ, 2019 ਨੂੰ ਉੁਨ੍ਹਾਂ ਦੀ ਜਨਮ ਵਰ੍ਹੇਗੰਢ ਮੌਕੇ ਗੁਜਰਾਤ ਦੇ ਕੇਵਡੀਆ ਵਿਖੇ ਸਟੈਚੂ ਆਵ੍ ਯੂਨਿਟੀ ‘ਤੇ ਸ਼ਰਧਾਂਜਲੀ ਦੇਣਗੇ।
ਪ੍ਰਧਾਨ ਮੰਤਰੀ ਮੋਦੀ ਏਕਤਾ ਦਿਵਸ ਪਰੇਡ ਵਿੱਚ ਹਿੱਸਾ ਲੈਣਗੇ, ਟੈਕਨੋਲੋਜੀ ਦਾ ਪ੍ਰਦਰਸ਼ਨ ਕਰਨ ਵਾਲੇ ਸਥਾਨ ਦਾ ਦੌਰਾ ਕਰਨਗੇ ਅਤੇ ਬਾਅਦ ਵਿੱਚ ਕੇਵਡੀਆ ਵਿਖੇ ਸਿਵਲ ਸਰਵਿਸ ਪ੍ਰੋਬੇਸ਼ਨਰਾਂ ਨਾਲ ਗੱਲਬਾਤ ਕਰਨਗੇ।
ਸੰਨ 2014 ਤੋਂ 31 ਅਕਤੂਬਰ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ ਅਤੇ ਏਕਤਾ ਦੌੜ ਵਿੱਚ ਸਭ ਵਰਗਾਂ ਦੇ ਲੋਕ ਹਿੱਸਾ ਲੈਂਦੇ ਹਨ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 27 ਅਕਤੂਬਰ, 2019 ਨੂੰ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਲੋਕਾਂ ਨੂੰ ‘ਏਕ ਭਾਰਤ-ਸ਼੍ਰੇਸ਼ਠ ਭਾਰਤ’ ਦੇ ਟੀਚੇ ਪ੍ਰਤੀ ‘ਰਨ ਫਾਰ ਯੂਨਿਟੀ’ (ਏਕਤਾ ਦੌੜ) ਵਿੱਚ ਵੱਡੀ ਸੰਖਿਆ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ, ‘ਦੋਸਤੋ ਜਿਵੇਂ ਤੁਸੀਂ ਜਾਣਦੇ ਹੀ ਹੋ ਕਿ 31 ਅਕਤੂਬਰ ਨੂੰ 2014 ਤੋਂ ਹਰ ਸਾਲ ‘ਰਾਸ਼ਟਰੀ ਏਕਤਾ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਇਹ ਦਿਵਸ ਸਾਡੇ ਦੇਸ਼ ਦੀ ਕਿਸੇ ਵੀ ਕੀਮਤ ’ਤੇ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਸੁਰੱਖਿਅਤ ਰੱਖਣ ਦਾ ਸੰਦੇਸ਼ ਦਿੰਦਾ ਹੈ। ਇਸ ਸਾਲ ਵੀ 31 ਅਕਤੂਬਰ ਨੂੰ ‘ਰਨ ਫਾਰ ਯੂਨਿਟੀ’ (ਏਕਤਾ ਦੌੜ) ਪਿਛਲੇ ਸਾਲਾਂ ਦੀ ਤਰ੍ਹਾਂ ਹੀ ਕੀਤੀ ਜਾ ਰਹੀ ਹੈ। ‘ਰਨ ਫਾਰ ਯੂਨਿਟੀ’ (ਏਕਤਾ ਦੌੜ) ਏਕਤਾ ਦਾ ਪ੍ਰਤੀਕ ਹੈ ਕਿ ਦੇਸ਼ ਇੱਕਜੁਟ ਹੋ ਰਿਹਾ ਹੈ, ਉਹ ਇੱਕ ਟੀਚੇ ‘ਏਕ ਭਾਰਤ-ਸ਼੍ਰੇਸ਼ਠ ਭਾਰਤ’ ਲਈ ਇੱਕ ਦਿਸ਼ਾ ਵੱਲ ਇਕੱਠਾ ਅੱਗੇ ਵਧ ਰਿਹਾ ਹੈ।’
ਮੇਰੇ ਪਿਆਰੇ ਦੇਸ਼ਵਾਸੀਓ, ਸਰਦਾਰ ਪਟੇਲ ਨੇ ਏਕਤਾ ਦੇ ਧਾਗੇ ਨਾਲ ਰਾਸ਼ਟਰ ਨੂੰ ਅਖੰਡ ਬਣਾਇਆ। ਏਕਤਾ ਦਾ ਇਹ ਮੰਤਰ ਸਾਡੇ ਜੀਵਨ ਵਿੱਚ ਇੱਕ ਸੰਸਕਾਰ ਦੀ ਤਰ੍ਹਾਂ ਹੈ, ਵਿਭਿੰਨਤਾਵਾਂ ਭਰੇ ਇਸ ਦੇਸ਼ ਵਿੱਚ ਸਾਨੂੰ ਹਰ ਮੋੜ ’ਤੇ, ਹਰ ਤਰ੍ਹਾਂ ਦੀ ਰੁਕਾਵਟ ਆਉਣ ’ਤੇ ਇਸ ਮੰਤਰ ਨੂੰ ਮਜ਼ਬੂਤ ਕਰਦੇ ਰਹਿਣਾ ਚਾਹੀਦਾ ਹੈ। ਮੇਰੇ ਪਿਆਰੇ ਦੇਸ਼ਵਾਸੀਓ ਸਾਡਾ ਦੇਸ਼ ਏਕਤਾ ਅਤੇ ਧਾਰਮਿਕ ਸਦਭਾਵਨਾ ਨੂੰ ਮਜ਼ਬੂਤ ਬਣਾਉਣ ਵਿੱਚ ਬਹੁਤ ਸਰਗਰਮ ਅਤੇ ਸੁਚੇਤ ਰਿਹਾ ਹੈ। ਜੇਕਰ ਅਸੀਂ ਆਪਣੇ ਆਸ ਪਾਸ ਦੇਖੀਏ ਤਾਂ ਸਾਨੂੰ ਅਜਿਹੀਆਂ ਕਈ ਵਿਅਕਤੀਆਂ ਦੀਆਂ ਉਦਾਹਰਨਾਂ ਮਿਲਣਗੀਆਂ ਜੋ ਧਾਰਮਿਕ ਸਦਭਾਵਨਾ ਨੂੰ ਪ੍ਰੋਤਸਾਹਨ ਦੇਣ ਲਈ ਲਗਾਤਾਰ ਕੰਮ ਕਰ ਰਹੇ ਹਨ।’
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਪਿਛਲੇ ਪੰਜ ਸਾਲਾਂ ਵਿੱਚ ਦੇਖਿਆ ਗਿਆ ਹੈ- ਨਾ ਸਿਰਫ਼ ਦਿੱਲੀ ਵਿੱਚ, ਬਲਕਿ ਭਾਰਤ ਦੇ ਸੈਂਕੜੇ ਸ਼ਹਿਰਾਂ, ਕੇਂਦਰੀ ਸ਼ਾਸਿਤ ਪ੍ਰਦੇਸ਼ਾਂ, ਰਾਜਾਂ ਦੀਆਂ ਰਾਜਧਾਨੀਆਂ, ਜ਼ਿਲ੍ਹਾ ਕੇਂਦਰਾਂ, ਇੱਕ ਟਾਇਰ ਅਤੇ ਦੋ ਟਾਇਰ ਸ਼ਹਿਰਾਂ, ਅਣਗਿਣਤ ਪੁਰਸ਼ਾਂ, ਔਰਤਾਂ, ਹਰ ਵਰਗ ਦੇ ਲੋਕਾਂ, ਪਿੰਡਾਂ ਦੇ ਲੋਕਾਂ, ਬੱਚਿਆਂ, ਨੌਜਵਾਨਾਂ, ਬਜ਼ੁਰਗਾਂ, ਦਿਵਯਾਂਗਾਂ ਸਭ ਨੇ ਵੱਡੀ ਸੰਖਿਆ ਵਿੱਚ ‘ਰਨ ਫਾਰ ਯੂਨਿਟੀ’ (ਏਕਤਾ ਦੌੜ) ਵਿੱਚ ਹਿੱਸਾ ਲਿਆ।’
ਫਿੱਟ ਇੰਡੀਆ ਦੇ ਮਹੱਤਵ ’ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘‘ਰਨ ਫਾਰ ਯੂਨਿਟੀ’ ਇੱਕ ਵਿਲੱਖਣ ਪ੍ਰੋਗਰਾਮ ਹੈ ਜਿਹਡ਼ਾ ਮਨ, ਸਰੀਰ ਅਤੇ ਆਤਮਾ ਲਈ ਲਾਭਕਾਰੀ ਹੈ। ‘ਰਨ ਫਾਰ ਯੂਨਿਟੀ’ ਦੌਰਾਨ ਸਾਨੂੰ ਸਿਰਫ਼ ਦੌੜਨਾ ਹੀ ਨਹੀਂ ਹੈ, ਬਲਕਿ ਇਸ ਵਿੱਚੋਂ ਫਿਟ ਇੰਡੀਆ ਦੀ ਭਾਵਨਾ ਦੀ ਵੀ ਝਲਕ ਮਿਲਣੀ ਚਾਹੀਦੀ ਹੈ। ਅਸੀਂ ਖੁਦ ਨੂੰ ‘ਏਕ ਭਾਰਤ-ਸ਼੍ਰੇਸ਼ਠ ਭਾਰਤ’ ਨਾਲ ਵੀ ਜੁੜਿਆ ਹੋਇਆ ਮਹਿਸੂਸ ਕਰਦੇ ਹਾਂ। ਇਸ ਲਈ ਨਾ ਸਿਰਫ਼ ਸਾਡਾ ਸਰੀਰ, ਬਲਕਿ ਸਾਡਾ ਦਿਮਾਗ ਅਤੇ ਕਦਰਾਂ ਕੀਮਤਾਂ ਤੋਂ ਵੀ ਇਕੱਠੇ ਹੋ ਕੇ ਭਾਰਤ ਨੂੰ ਉਚਾਈਆਂ ਤੱਕ ਲੈ ਕੇ ਜਾਣ ਲਈ ਇਕਜੁਟ ਹੋ ਗਏ ਹਾਂ।’
ਇਸ ਦੌਰਾਨ ਵੈੱਬ ਪੋਰਟਲ runforunity.gov.in ਵੀ ਜਾਰੀ ਕੀਤਾ ਗਿਆ ਹੈ ਜਿੱਥੇ ਦੇਸ਼ ਭਰ ਵਿੱਚ ਕਰਵਾਈ ਜਾ ਰਹੀ ‘ਰਨ ਫਾਰ ਯੂਨਿਟੀ’ (ਏਕਤਾ ਦੌੜ) ਦੇ ਵਿਭਿੰਨ ਸਥਾਨਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਵੀਆਰਆਰਕੇ/ਕੇਪੀ