Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਭਾਸ ਪਾਟਨ, ਗੁਜਰਾਤ ਵਿੱਚ ਸੋਮਨਾਥ ਅੰਮ੍ਰਿਤ ਮਹੋਤਸਵ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਪ੍ਰਭਾਸ ਪਾਟਨ, ਗੁਜਰਾਤ ਵਿੱਚ ਸੋਮਨਾਥ ਅੰਮ੍ਰਿਤ ਮਹੋਤਸਵ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਜੈ ਸੋਮਨਾਥ!

ਜੈ ਸੋਮਨਾਥ!

ਹਰ-ਹਰ ਮਹਾਦੇਵ!

 

ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਪਟੇਲ, ਉਪ ਮੁੱਖ ਮੰਤਰੀ ਭਾਈ ਹਰਸ਼ ਸੰਘਵੀ ਜੀ, ਗੁਜਰਾਤ ਸਰਕਾਰ ਦੇ ਮੰਤਰੀਗਣ, ਸੰਸਦ ਮੈਂਬਰ ਅਤੇ ਵਿਧਾਇਕ, ਹੋਰ ਸਾਰੇ ਮਹਾਨੁਭਾਵ, ਦੇਵੀਓ ਅਤੇ ਸੱਜਣੋਂ।

 

ਅੱਜ ਪ੍ਰਭਾਸ ਪਾਟਨ ਦਾ ਪਵਿੱਤਰ ਖੇਤਰ ਇੱਕ ਅਦਭੁੱਤ ਪ੍ਰਭਾ ਨਾਲ ਭਰਿਆ ਹੋਇਆ ਹੈ। ਮਹਾਦੇਵ ਦਾ ਇਹ ਦਰਸ਼ਨ, ਇਹ ਸੁੰਦਰਤਾ, ਧਰਤੀ ਅਤੇ ਅਸਮਾਨ ਤੋਂ ਹੋਈ ਫੁੱਲਾਂ ਦੀ ਵਰਖਾ, ਭਗਵੇ ਝੰਡਿਆਂ ਦੀ ਇਹ ਆਭਾ, ਕਲਾ, ਸੰਗੀਤ ਅਤੇ ਨਾਚ ਦੀਆਂ ਅਦਭੁੱਤ ਪੇਸ਼ਕਾਰੀਆਂ, ਵੇਦਮੰਤਰਾਂ ਦਾ ਉਚਾਰਣ, ਗਰਭ ਗ੍ਰਹਿ ਵਿੱਚ ਹੋ ਰਿਹਾ ਸ਼ਿਵ ਪੰਚਾਕਸ਼ਰੀ ਦਾ ਅਖੰਡ ਪਾਠ ਅਤੇ ਇਸ ਸਭ ਦੇ ਨਾਲ-ਨਾਲ ਸਾਗਰ ਦੀਆਂ ਲਹਿਰਾਂ ਦਾ ਜੈਘੋਸ਼, ਅਜਿਹਾ ਲੱਗ ਰਿਹਾ ਹੈ ਜਿਵੇਂ ਇਹ ਸ੍ਰਿਸ਼ਟੀ ਇੱਕੋ ਵਾਰ ਬੋਲ ਰਹੀ ਹੈ — ਜੈ ਸੋਮਨਾਥ! ਜੈ-ਜੈ ਸੋਮਨਾਥ!

ਸਾਥੀਓ,

ਸਮਾਂ ਖੁਦ ਜਿਨ੍ਹਾਂ ਦੀ ਇੱਛਾ ਨਾਲ ਪ੍ਰਗਟ ਹੁੰਦਾ ਹੈ, ਜੋ ਖੁਦ ਕਾਲ ਰਹਿਤ ਹਨ, ਜੋ ਖੁਦ ਕਾਲਸਰੂਪ ਹਨ, ਅੱਜ ਉਨ੍ਹਾਂ ਦੇਵਾਂ ਦੇ ਦੇਵ ਮਹਾਦੇਵ ਦੀ ਵਿਗ੍ਰਹ ਪ੍ਰਤਿਸ਼ਠਾ ਦੇ ਅਸੀਂ 75 ਵਰ੍ਹੇ ਮਨਾ ਰਹੇ ਹਾਂ। ਇਹ ਸ੍ਰਿਸ਼ਟੀ ਜਿਨ੍ਹਾਂ ਨਾਲ ਸਿਰਜੀ ਜਾਂਦੀ ਹੈ, ਜਿਨ੍ਹਾਂ ਵਿੱਚ ਲੀਨ ਹੋ ਜਾਂਦੀ ਹੈ — ਯਤੋ ਜਾਯਤੇ ਪਾਲ੍ਯਤੇ ਯੇਨ ਵਿਸ਼ਵੰ, ਤਮੀਸ਼ੰ ਭਜੇ ਲੀਯਤੇ ਯਤ੍ਰ ਵਿਸ਼ਵਮ੍! (यतो जायते पाल्यते येन विश्वं, तमीशं भजे लीयते यत्र विश्वम्!) ਅੱਜ ਅਸੀਂ ਉਨ੍ਹਾਂ ਦੇ ਧਾਮ ਦੇ ਪੁਨਰ ਨਿਰਮਾਣ ਦਾ ਉਤਸਵ ਮਨਾ ਰਹੇ ਹਾਂ। ਜੋ ਹਲਾਹਲ ਨੂੰ ਪੀ ਕੇ ਨੀਲਕੰਠ ਹੋ ਗਏ, ਅੱਜ ਉਨ੍ਹਾਂ ਦੀ ਹੀ ਸ਼ਰਨ ਵਿੱਚ ਇੱਥੇ ਸੋਮਨਾਥ ਅੰਮ੍ਰਿਤ ਮਹੋਤਸਵ ਹੋ ਰਿਹਾ ਹੈ। ਇਹ ਸਭ ਭਗਵਾਨ ਸਦਾਸ਼ਿਵ ਦੀ ਹੀ ਲੀਲਾ ਹੈ।

ਸਾਥੀਓ,

ਦਾਦਾ ਸੋਮਨਾਥ ਦੇ ਸਮਰਪਿਤ ਭਗਤ ਵਜੋਂ, ਮੈਂ ਕਿੰਨੀ ਹੀ ਵਾਰ ਇੱਥੇ ਆਇਆ ਹਾਂ, ਕਿੰਨੀ ਹੀ ਵਾਰ ਉਨ੍ਹਾਂ ਦੇ ਸਾਹਮਣੇ ਨਤ-ਮਸਤਕ ਹੋਇਆ ਹਾਂ। ਪਰ ਅੱਜ ਜਦੋਂ ਮੈਂ ਇੱਥੇ ਆ ਰਿਹਾ ਸੀ, ਤਾਂ ਸਮੇਂ ਦੀ ਇਹ ਯਾਤਰਾ ਇੱਕ ਸੁਖਦ ਅਹਿਸਾਸ ਦੇ ਰਹੀ ਸੀ। ਹਾਲੇ ਕੁਝ ਹੀ ਮਹੀਨੇ ਪਹਿਲਾਂ ਹੀ ਮੈਂ ਇੱਥੇ ਆਇਆ ਸੀ। ਉਦੋਂ ਅਸੀਂ ਸੋਮਨਾਥ ਸਵਾਭਿਮਾਨ ਪਰਵ ਮਨਾ ਰਹੇ ਸੀ। ਪਹਿਲੇ ਵਿਨਾਸ਼ ਦੇ 1000 ਵਰ੍ਹਿਆਂ ਬਾਅਦ ਵੀ ਸੋਮਨਾਥ ਦੇ ਅਵਿਨਾਸ਼ੀ ਹੋਣ ਦਾ ਮਾਣ ਅਤੇ ਅੱਜ ਇਸ ਆਧੁਨਿਕ ਸਰੂਪ ਦੀ ਪ੍ਰਾਣ ਪ੍ਰਤਿਸ਼ਠਾ ਦੇ 75 ਵਰ੍ਹੇ — ਅਸੀਂ ਸਿਰਫ਼ ਦੋ ਆਯੋਜਨਾਂ ਦਾ ਹਿੱਸਾ ਭਰ ਨਹੀਂ, ਸਿਰਫ਼ ਭਰ ਨਹੀਂ ਬਣੇ ਹਾਂ, ਸਾਨੂੰ ਹਜ਼ਾਰ ਵਰ੍ਹਿਆਂ ਦੀ ਅੰਮ੍ਰਿਤ ਯਾਤਰਾ ਨੂੰ ਅਨੁਭਵ ਕਰਨ ਦਾ ਸ਼ਿਵ ਜੀ ਨੇ ਮੌਕਾ ਦਿੱਤਾ ਹੈ।

ਸਾਥੀਓ,

75 ਵਰ੍ਹੇ ਪਹਿਲਾਂ, ਅੱਜ ਦੇ ਹੀ ਦਿਨ ਸੋਮਨਾਥ ਮੰਦਿਰ ਦੀ ਪੁਨਰ ਸਥਾਪਨਾ, ਇਹ ਕੋਈ ਸਧਾਰਣ ਮੌਕਾ ਨਹੀਂ ਸੀ। ਜੇਕਰ 1947 ਵਿੱਚ ਭਾਰਤ ਆਜ਼ਾਦ ਹੋਇਆ ਸੀ, ਤਾਂ 1951 ਵਿੱਚ ਸੋਮਨਾਥ ਦੀ ਪ੍ਰਾਣ ਪ੍ਰਤਿਸ਼ਠਾ ਨੇ ਭਾਰਤ ਦੀ ਸੁਤੰਤਰ ਚੇਤਨਾ ਦਾ ਐਲਾਨ ਕੀਤਾ ਸੀ। ਆਜ਼ਾਦੀ ਦੇ ਸਮੇਂ, ਸਰਦਾਰ ਸਾਹੇਬ ਨੇ 500 ਤੋਂ ਵੱਧ ਰਿਆਸਤਾਂ ਨੂੰ ਜੋੜ ਕੇ ਇੱਕ ਭਾਰਤ ਦਾ ਆਧੁਨਿਕ ਸਰੂਪ ਘੜਿਆ ਸੀ। ਤਾਂ ਨਾਲ ਹੀ, ਸੋਮਨਾਥ ਦੇ ਪੁਨਰ ਨਿਰਮਾਣ ਨਾਲ ਉਨ੍ਹਾਂ ਨੇ ਦੁਨੀਆ ਨੂੰ ਦੱਸਿਆ ਸੀ, ਭਾਰਤ ਸਿਰਫ਼ ਆਜ਼ਾਦ ਨਹੀਂ ਹੋਇਆ ਹੈ, ਭਾਰਤ ਆਪਣੇ ਪ੍ਰਾਚੀਨ ਮਾਣ ਨੂੰ ਮੁੜ ਹਾਸਲ ਕਰਨ ਦੇ ਰਸਤੇ ‘ਤੇ ਵੀ ਅੱਗੇ ਵਧ ਚੁੱਕਿਆ ਹੈ।

ਸਾਥੀਓ,

ਇਸ ਲਈ, ਅੱਜ ਇਸ ਮੌਕੇ ਤੇ, ਮੈਂ ਸਿਰਫ਼ 75 ਵਰ੍ਹਿਆਂ ਦੀ ਝਲਕ ਨਹੀਂ ਦੇਖ ਰਿਹਾ। ਹਾਂ ਮੈਂ ਇੱਥੇ ਦੇਖ ਰਿਹਾ ਹਾਂ, ਵਿਨਾਸ਼ ਵਿੱਚ ਸਿਰਜਣਾ ਦੇ ਸੰਕਲਪ ਨੂੰ, ਜਿਸ ਨੂੰ ਸੋਮਨਾਥ ਨੇ ਸਿੱਧ ਕੀਤਾ ਹੈ। ਮੈਂ ਇੱਥੇ ਦੇਖ ਰਿਹਾ ਹਾਂ, ਝੂਠ ‘ਤੇ ਸੱਚ ਦੀ ਜਿੱਤ ਨੂੰ, ਜਿਸ ਨੂੰ ਪ੍ਰਭਾਸ-ਪਾਟਨ ਨੇ ਵਾਰ-ਵਾਰ ਜੀਵਿਆ ਹੈ। ਮੈਂ ਇੱਥੇ ਦੇਖ ਰਿਹਾ ਹਾਂ, ਹਜ਼ਾਰਾਂ ਵਰ੍ਹਿਆਂ ਦੀ ਅਧਿਆਤਮਿਕ ਚੇਤਨਾ ਨੂੰ, ਜਿਸ ਨੇ ਸਿਰਫ ਮਨੁੱਖ ਦੀ ਭਲਾਈ ਦੀ ਸਿੱਖਿਆ ਸਮੁੱਚੇ ਵਿਸ਼ਵ ਨੂੰ ਦਿੱਤੀ ਹੈ। ਮੈਂ ਇੱਥੇ ਦੇਖ ਰਿਹਾ ਹਾਂ, ਭਾਰਤ ਦੇ ਉਸ ਅਵਿਨਾਸ਼ੀ ਸਰੂਪ ਨੂੰ, ਜਿਸ ਨੂੰ ਸਦੀਆਂ ਦੇ ਖੋਟੇ ਯਤਨ ਵੀ ਨਾ ਮਿਟਾ ਸਕੇ, ਨਾ ਹਰਾ ਸਕੇ। ਅਤੇ ਮੈਂ ਇੱਥੇ ਦੇਖ ਰਿਹਾ ਹਾਂ, ਸੋਮਨਾਥ ਅੰਮ੍ਰਿਤ ਮਹੋਤਸਵ — ਇਹ ਸਿਰਫ਼ ਅਤੀਤ ਦਾ ਉਤਸਵ ਨਹੀਂ, ਇਹ ਅਗਲੇ ਇੱਕ ਹਜ਼ਾਰ ਵਰ੍ਹਿਆਂ ਲਈ ਭਾਰਤ ਦੀ ਪ੍ਰੇਰਨਾ ਦਾ ਮਹੋਤਸਵ ਵੀ ਹੈ। ਮੈਂ ਸਾਰੇ ਦੇਸ਼ਵਾਸੀਆਂ ਨੂੰ, ਦਾਦਾ ਸੋਮਨਾਥ ਦੇ ਕੋਟਿ-ਕੋਟਿ ਭਗਤਾਂ ਨੂੰ ਇਸ ਮਹੋਤਸਵ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ, 

ਅੱਜ ਦਾ ਦਿਨ ਇੱਕ ਹੋਰ ਵਜ੍ਹਾ ਕਰਕੇ ਵੀ ਖਾਸ ਹੈ। 11 ਮਈ 1998, 1998- ਯਾਨੀ ਅੱਜ ਦੇ ਹੀ ਦਿਨ, ਦੇਸ਼ ਨੇ ਪੋਖਰਣ ਵਿੱਚ ਪਰਮਾਣੂ ਪ੍ਰੀਖਣ ਕੀਤਾ ਸੀ। ਦੇਸ਼ ਨੇ 11 ਮਈ ਨੂੰ ਪਹਿਲੇ ਤਿੰਨ ਪਰਮਾਣੂ ਪ੍ਰੀਖਣ ਕੀਤੇ। ਸਾਡੇ ਵਿਗਿਆਨੀਆਂ ਨੇ ਭਾਰਤ ਦੀ ਤਾਕਤ ਨੂੰ, ਭਾਰਤ ਦੀ ਸਮਰੱਥਾ ਨੂੰ, ਵਿਗਿਆਨਿਕਾਂ ਨੇ ਦੁਨੀਆ ਸਾਹਮਣੇ ਰੱਖਿਆ, ਦੁਨੀਆ ਵਿੱਚ ਤੂਫਾਨ ਆ ਗਿਆ। ਭਾਰਤ, ਉਸ ਦੀ ਇਹ ਹੈਸੀਅਤ, ਕੌਣ ਹੁੰਦਾ ਹੈ ਭਾਰਤ, ਜੋ ਪਰਮਾਣੂ ਪ੍ਰੀਖਣ ਕਰੇ ਅਤੇ ਦੁਨੀਆ ਦੀਆਂ ਅੱਖਾਂ ਲਾਲ ਹੋ ਗਈਆਂ, ਦੁਨੀਆ ਭਰ ਦੀਆਂ ਤਾਕਤਾਂ ਭਾਰਤ ਨੂੰ ਦਬਾਉਣ ਲਈ ਮੈਦਾਨ ਵਿੱਚ ਉੱਤਰ ਆਈਆਂ। ਅਨੇਕ ਪ੍ਰਕਾਰ ਦੀਆਂ ਪਾਬੰਦੀਆਂ ਲੱਗ ਗਈਆਂ। ਆਰਥਿਕ ਸੰਕਟ ਦੀਆਂ ਸੰਭਾਵਨਾਵਾਂ ਦੇ ਸਾਰੇ ਰਾਹ ਬੰਦ ਕਰ ਦਿੱਤੇ ਗਏ। ਕੋਈ ਵੀ ਹਿੱਲ ਜਾਂਦਾ। ਜਦੋਂ ਦੁਨੀਆ ਭਰ ਦੀਆਂ ਵੱਡੀਆਂ-ਵੱਡੀਆਂ ਤਾਕਤਾਂ ਇੰਨਾ ਵੱਡਾ ਹਮਲਾ ਕਰ ਦੇਣ, ਤਾਂ ਅੱਗੇ ਦੇ ਰਸਤੇ ਦਿਖਦੇ ਨਹੀਂ ਹੈ। ਪਰ ਅਸੀਂ ਕਿਸੇ ਹੋਰ ਮਿੱਟੀ ਦੇ ਬਣੇ ਹੋਏ ਹਾਂ। 11 ਮਈ ਤੋਂ ਬਾਅਦ ਦੁਨੀਆ ਸਾਡੇ ‘ਤੇ ਟੁੱਟ ਪਈ ਸੀ। 11 ਮਈ ਨੂੰ ਵਿਗਿਆਨੀਆਂ ਨੇ ਆਪਣਾ ਕੰਮ ਕਰ ਲਿਆ ਸੀ। ਪਰ 13 ਮਈ ਨੂੰ ਫਿਰ ਦੋ ਹੋਰ ਪਰਮਾਣੂ ਪ੍ਰੀਖਣ ਹੋਏ, ਉਨ੍ਹਾਂ ਨਾਲ ਦੁਨੀਆ ਨੂੰ ਪਤਾ ਲੱਗਾ ਸੀ ਕਿ ਭਾਰਤ ਦੀ ਰਾਜਨੀਤਿਕ ਇੱਛਾ ਸ਼ਕਤੀ ਕਿੰਨੀ ਅਟਲ ਹੈ। ਉਸ ਸਮੇਂ ਸਾਰੀ ਦੁਨੀਆ ਦਾ ਦਬਾਅ ਭਾਰਤ ‘ਤੇ ਸੀ, ਪਰ ਅਟਲ ਜੀ ਦੀ ਅਗਵਾਈ ਵਿੱਚ ਭਾਜਪਾ ਸਰਕਾਰ ਨੇ ਇਹ ਦਿਖਾਇਆ ਸੀ ਕਿ ਸਾਡੇ ਲਈ ਰਾਸ਼ਟਰ ਪ੍ਰਥਮ ਹੈ। ਦੁਨੀਆ ਦੀ ਕੋਈ ਤਾਕਤ ਭਾਰਤ ਨੂੰ ਝੁਕਾ ਨਹੀਂ ਸਕਦੀ, ਦਬਾਅ ਵਿੱਚ ਨਹੀਂ ਲਿਆ ਸਕਦੀ।

ਸਾਥੀਓ,

ਦੇਸ਼ ਨੇ ਪੋਖਰਣ ਪਰਮਾਣੂ ਪ੍ਰੀਖਣ ਨੂੰ ਆਪ੍ਰੇਸ਼ਨ ਸ਼ਕਤੀ ਨਾਮ ਦਿੱਤਾ ਸੀ। ਕਿਉਂਕਿ, ਸ਼ਿਵ ਦੇ ਨਾਲ ਸ਼ਕਤੀ ਦੀ ਅਰਾਧਨਾ, ਇਹ ਸਾਡੀ ਪਰੰਪਰਾ ਰਹੀ ਹੈ। ਅਰਧਨਾਰੀਸ਼ਵਰ ਸ਼ਿਵ ਆਪ ਵੀ ਸ਼ਕਤੀ ਦੇ ਨਾਲ ਹੀ ਪੂਰਨ ਹੁੰਦੇ ਹਨ। ਤੁਹਾਨੂੰ ਯਾਦ ਹੋਵੇਗਾ, ਜਦੋਂ ਦੇਸ਼ ਦਾ ਮਿਸ਼ਨ ਚੰਦ੍ਰਯਾਨ ਸਫਲ ਹੋਇਆ ਸੀ, ਉਦੋਂ ਚੰਦਰਮਾ ‘ਤੇ ਜਿੱਥੇ ਭਾਰਤ ਦਾ ਰੋਵਰ ਲੈਂਡ ਹੋਇਆ, ਉਸ ਜਗ੍ਹਾ ਦਾ ਨਾਮ ਵੀ ਅਸੀਂ ‘ਸ਼ਿਵਸ਼ਕਤੀ ਪੁਆਇੰਟ’ ਰੱਖਿਆ ਹੈ। ਕਿਉਂਕਿ, ਸਾਡੀ ਆਸਥਾ ਵਿੱਚ ਚੰਦਰਮਾ ਸ਼ਿਵ ਨਾਲ ਜੁੜਿਆ ਹੈ ਅਤੇ ਸ਼ਿਵ ਸ਼ਕਤੀ ਨਾਲ ਜੁੜੇ ਹਨ। ਅਤੇ ਇਹ ਕਿੰਨਾ ਸੁਖਦ ਹੈ ਕਿ ਚੰਦਰਮਾ ਦੇ ਨਾਮ ਨਾਲ ਹੀ ਇਸ ਜਯੋਤਿਰਲਿੰਗ ਨੂੰ ਅਸੀਂ ਸੋਮਨਾਥ ਕਹਿੰਦੇ ਹਾਂ।

ਸਾਥੀਓ,

ਸ਼ਿਵ ਅਤੇ ਸ਼ਕਤੀ ਦੀ ਸਾਡੀ ਅਰਾਧਨਾ ਦਾ ਜੋ ਵਿਚਾਰ ਹੈ, ਉਹ ਦੇਸ਼ ਦੀ ਵਿਗਿਆਨਿਕ ਤਰੱਕੀ ਲਈ ਵੀ ਪ੍ਰੇਰਨਾ ਬਣੇ, ਅੱਜ ਅਸੀਂ ਇਹ ਸੰਕਲਪ ਸਾਕਾਰ ਹੁੰਦੇ ਦੇਖ ਰਹੇ ਹਾਂ। ਮੈਂ ਇਸ ਮੌਕੇ ਤੇ, ਭਗਵਾਨ ਸੋਮਨਾਥ ਦੇ ਚਰਨਾਂ ਤੋਂ ਸਾਰੇ ਦੇਸ਼ਵਾਸੀਆਂ ਨੂੰ ਆਪ੍ਰੇਸ਼ਨ ਸ਼ਕਤੀ ਦੀ ਵਰ੍ਹੇਗੰਢ ਦੀ ਵੀ ਵਧਾਈ ਦਿੰਦਾ ਹਾਂ।

ਸਾਥੀਓ,

ਜਦੋਂ ਮੈਂ ਪਿਛਲੀ ਵਾਰ ਇੱਥੇ ਆਇਆ ਸੀ, ਉਦੋਂ ਮੈਂ ਕਿਹਾ ਸੀ — ਜਿਸ ਦੇ ਨਾਮ ਵਿੱਚ ਹੀ ਸੋਮ ਭਾਵ ਅੰਮ੍ਰਿਤ ਜੁੜਿਆ ਹੋਵੇ, ਉਸ ਨੂੰ ਨਸ਼ਟ ਕੌਣ ਕਰ ਸਕਦਾ ਹੈ? ਇਤਿਹਾਸ ਦੇ ਲੰਬੇ ਕਾਲਖੰਡ ਵਿੱਚ ਇਸ ਮੰਦਿਰ ਨੇ ਕਿੰਨੇ ਹੀ ਹਮਲੇ ਝੱਲੇ। ਮਹਿਮੂਦ ਗਜ਼ਨਵੀ, ਅਲਾਉਦੀਨ ਖਿਲਜੀ ਵਰਗੇ ਅਨੇਕ ਹਮਲਾਵਰ ਆਏ, ਲੁਟੇਰਿਆਂ ਨੇ ਸੋਮਨਾਥ ਮੰਦਿਰ ਦੀ ਸ਼ਾਨ ਮਿਟਾਉਣ ਦੀ ਕੋਸ਼ਿਸ਼ ਕੀਤੀ। ਉਹ ਸੋਮਨਾਥ ਨੂੰ ਇੱਕ ਭੌਤਿਕ ਢਾਂਚਾ ਸਮਝ ਕੇ ਉਸ ਨਾਲ ਟਕਰਾਉਂਦੇ ਰਹੇ। ਵਾਰ-ਵਾਰ ਇਸ ਮੰਦਿਰ ਨੂੰ, ਇਸ ਢਾਂਚੇ ਨੂੰ ਤੋੜਿਆ ਗਿਆ। ਅਤੇ ਇਹ ਵਾਰ-ਵਾਰ ਬਣਦਾ ਰਿਹਾ, ਹਰ ਵਾਰ ਉੱਠ ਖੜ੍ਹਾ ਹੁੰਦਾ ਰਿਹਾ, ਕਿਉਂਕਿ ਤੋੜਨ ਵਾਲਿਆਂ ਨੂੰ ਪਤਾ ਨਹੀਂ ਸੀ, ਸਾਡੇ ਰਾਸ਼ਟਰ ਦੀ ਵੈਚਾਰਿਕ ਸਮਰੱਥਾ ਕੀ ਹੈ। ਅਸੀਂ ਭੌਤਿਕ ਸਰੀਰ ਨੂੰ ਨਾਸ਼ਵਾਨ ਮੰਨਣ ਵਾਲੇ ਲੋਕ ਹਾਂ। ਪਰ ਅਸੀਂ ਜਾਣਦੇ ਹਾਂ, ਉਸ ਅੰਦਰ ਬੈਠੀ ਆਤਮਾ ਅਵਿਨਾਸ਼ੀ ਹੈ। ਅਤੇ ਫਿਰ ਤਾਂ ਸ਼ਿਵ ਸਰਵਆਤਮਾ ਹਨ। ਇਸ ਲਈ, ਵੱਖ-ਵੱਖ ਕਾਲ ਵਿੱਚ, ਵੱਖ-ਵੱਖ ਜੀਵਾਂ ਦੀ ਸੰਕਲਪ ਸ਼ਕਤੀ ਵਿੱਚ ਸ਼ਿਵ ਪ੍ਰਗਟ ਹੁੰਦੇ ਰਹੇ। ਰਾਜਾ ਭੋਜ, ਕਦੇ ਰਾਜਾ ਭੀਮਦੇਵ ਪ੍ਰਥਮ, ਕਦੇ ਰਾਜਾ ਕੁਮਾਰਪਾਲ, ਕਦੇ ਰਾਜਾ ਮਹੀਪਾਲ ਪ੍ਰਥਮ, ਤਾਂ ਕਦੇ ਰਾਓ ਖੰਗਾਰ, ਅਜਿਹੇ ਅਨੇਕਾਂ ਸ਼ਿਵਭਗਤ ਸਮੇਂ-ਸਮੇਂ ‘ਤੇ ਸੋਮਨਾਥ ਮੰਦਿਰ ਦਾ ਪੁਨਰ ਨਿਰਮਾਣ ਕਰਵਾਉਂਦੇ ਰਹੇ। ਲਕੁਲੀਸ਼ ਅਤੇ ਸੋਮ ਸ਼ਰਮਾ ਵਰਗੇ ਕਿੰਨੇ ਮਨੀਸ਼ੀਆਂ, ਉਨ੍ਹਾਂ ਨੇ ਪ੍ਰਭਾਸ ਪਾਟਨ ਖੇਤਰ ਦੀ ਵਿਰਾਸਤ ਨੂੰ ਸੁਰੱਖਿਅਤ ਕੀਤਾ, ਇਸ ਨੂੰ ਸ਼ੈਵ ਸਾਧਨਾ ਅਤੇ ਦਰਸ਼ਨ ਦਾ ਮਹਾਨ ਕੇਂਦਰ ਬਣਾਇਆ। ਭਾਵ ਬ੍ਰਹਿਸਪਤੀ, ਪਾਸ਼ੁਪਤਾਚਾਰਿਆ ਅਤੇ ਅਨੇਕ ਵਿਦਵਾਨਾਂ ਨੇ ਇਸ ਤੀਰਥ ਦੀਆਂ ਅਧਿਆਤਮਿਕ ਪਰੰਪਰਾਵਾਂ ਨੂੰ ਜੀਵੰਤ ਰੱਖਿਆ। ਵਿਸ਼ਾਲਦੇਵ ਅਤੇ ਤ੍ਰਿਪੁਰਾਂਤਕ ਵਰਗੀਆਂ ਸ਼ਖਸੀਅਤਾਂ ਨੇ ਇੱਥੋਂ ਦੀ ਬੌਧਿਕ ਚੇਤਨਾ ਨੂੰ ਸੁਰੱਖਿਅਤ ਰੱਖਣ ਦਾ ਪਵਿੱਤਰ ਕੰਮ ਕੀਤਾ।

ਸਾਥੀਓ,

ਵੀਰ ਹਮੀਰਜੀ ਗੋਹਿਲ, ਵੀਰ ਵੇਗੜਾਜੀ ਭੀਲ, ਪੁਣਯਸ਼ਲੋਕ ਅਹਿੱਲਿਆਬਾਈ ਹੋਲਕਰ ਜੀ, ਬੜੌਦਾ ਦੇ ਗਾਇਕਵਾੜ, ਜਾਮ ਸਾਹਿਬ ਮਹਾਰਾਜਾ ਦਿਗਵਿਜੈ ਸਿੰਘ ਜੀ, ਅਜਿਹੀਆਂ ਕਿੰਨੀਆਂ ਹੀ ਮਹਾਨ ਸ਼ਖਸੀਅਤਾਂ ਹਨ ਜੋ ਸੋਮਨਾਥ ਦੀ ਸੇਵਾ ਵਿੱਚ ਆਪਣਾ ਸਭ ਕੁਝ ਨਿਓਛਾਵਰ ਕਰਦੀਆਂ ਸਨ। ਮੈਂ ਅੱਜ ਇਸ ਮੌਕੇ ‘ਤੇ ਸਰਦਾਰ ਵੱਲਭਭਾਈ ਪਟੇਲ, ਡਾਕਟਰ ਰਾਜੇਂਦਰ ਪ੍ਰਸਾਦ, ਸ਼੍ਰੀਮਾਨ ਕੇ. ਐੱਮ. ਮੁਨਸ਼ੀ ਜੀ, ਅਜਿਹੀਆਂ ਸਾਰੀਆਂ ਪਛਾਣੀਆਂ-ਅਣਪਛਾਤੀਆਂ ਬ੍ਰਹਮ ਆਤਮਾਵਾਂ ਨੂੰ ਵੀ ਸ਼ਰਧਾਪੂਰਵਕ, ਆਦਰਪੂਰਵਕ ਨਮਨ ਕਰਦਾ ਹਾਂ। ਉਨ੍ਹਾਂ ਦੀ ਯਾਦ ਸਾਨੂੰ ਇਹ ਪ੍ਰੇਰਨਾ ਦਿੰਦੀ ਹੈ ਕਿ ਅਸੀਂ ਨਾ ਸਿਰਫ਼ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਅੱਗੇ ਵਧਾਉਣਾ ਹੈ, ਸਗੋਂ ਇਸ ਜ਼ਿੰਮੇਵਾਰੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਹੱਥਾਂ ਵਿੱਚ ਸੌਂਪ ਕੇ ਵੀ ਜਾਣਾ ਹੈ।

ਸਾਥੀਓ,

ਸਾਡੇ ਸੱਭਿਆਚਾਰਕ ਸਥਾਨ ਹਜ਼ਾਰਾਂ ਵਰ੍ਹਿਆਂ ਤੋਂ ਭਾਰਤ ਦੀ ਪਹਿਚਾਣ ਰਹੇ ਹਨ। ਇੰਨੀ ਸਮ੍ਰਿੱਧ ਵਿਰਾਸਤ ਸਾਨੂੰ ਮਿਲੀ ਹੈ। ਪਰ, ਵਿਡੰਬਨਾ ਦੇਖੋ, ਅਸੀਂ ਦਹਾਕਿਆਂ ਤੱਕ ਉਸ ਦੀ ਮਹੱਤਤਾ ਨੂੰ ਨਹੀਂ ਸਮਝਿਆ। ਦੁਨੀਆ ਵਿੱਚ ਅਜਿਹੀਆਂ ਕਿੰਨੀਆਂ ਹੀ ਉਦਾਹਰਣਾਂ ਹਨ, ਜਿੱਥੇ ਵਿਦੇਸ਼ੀ ਹਮਲਾਵਰਾਂ ਨੇ ਰਾਸ਼ਟਰੀ ਪਛਾਣ ਨਾਲ ਜੁੜੇ ਸਥਾਨਾਂ ਨੂੰ ਨਸ਼ਟ ਕੀਤਾ। ਪਰ ਜਦੋਂ ਉਸ ਦੇਸ਼ ਦੇ ਲੋਕਾਂ ਨੂੰ ਮੌਕਾ ਮਿਲਿਆ, ਸਭ ਨਾਲ ਮਿਲ ਕੇ, ਆਪਣੀ ਪਛਾਣ ਨੂੰ ਮੁੜ ਸੰਭਾਲਿਆ, ਮੁੜ ਤੋਂ ਸੰਵਾਰਿਆ, ਮੁੜ ਪ੍ਰਤਿਸ਼ਠਾ ਕੀਤੀ। ਪਰ ਸਾਡੇ ਇੱਥੇ ਰਾਸ਼ਟਰੀ ਸਵੈ-ਮਾਣ ਨਾਲ ਜੁੜੇ ਵਿਸ਼ਿਆਂ ‘ਤੇ ਵੀ ਰਾਜਨੀਤੀ ਹੁੰਦੀ ਰਹੀ। ਸੋਮਨਾਥ ਖੁਦ ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ। ਆਜ਼ਾਦੀ ਤੋਂ ਬਾਅਦ ਪਹਿਲੀਆਂ ਜ਼ਿੰਮੇਵਾਰੀਆਂ ਵਿੱਚੋਂ ਇੱਕ ਸੀ ਕਿ ਸੋਮਨਾਥ ਮੰਦਿਰ ਦੀ ਮੁੜ-ਬਹਾਲੀ। ਇਸ ਲਈ, ਸਰਦਾਰ ਵੱਲਭਭਾਈ ਪਟੇਲ ਅਤੇ ਡਾਕਟਰ ਰਾਜੇਂਦਰ ਪ੍ਰਸਾਦ ਜੀ , ਉਨ੍ਹਾਂ ਨੇ ਇਸ ਲਈ ਬਹੁਤ ਯਤਨ ਕੀਤੇ। ਪਰ, ਅਸੀਂ ਸਾਰੇ ਜਾਣਦੇ ਹਾਂ, ਉਨ੍ਹਾਂ ਨੂੰ ਇਸ ਲਈ ਨਹਿਰੂ ਜੀ ਵੱਲੋਂ ਕਿੰਨਾ ਵਿਰੋਧ ਝੱਲਣਾ ਪਿਆ ਸੀ। ਮੈਂ ਅੱਜ ਇਸ ਦੇ ਵਿਸਤਾਰ ਵਿੱਚ ਨਹੀਂ ਜਾਵਾਂਗਾ, ਪਰ ਇਹ ਸਰਦਾਰ ਸਾਹੇਬ ਦੀ ਇੱਛਾ ਸ਼ਕਤੀ ਸੀ ਕਿ ਇੰਨੇ ਵਿਰੋਧ ਦੇ ਬਾਵਜੂਦ ਸਰਦਾਰ ਸਾਹੇਬ ਡਗਮਗਾਏ ਨਹੀਂ। ਸੋਮਨਾਥ ਮੰਦਿਰ ਦਾ ਪੁਨਰ ਨਿਰਮਾਣ ਵੀ ਹੋਇਆ ਅਤੇ ਦੇਸ਼ ਨੇ ਸਦੀਆਂ ਦੇ ਕਲੰਕ ਨੂੰ ਵੀ ਧੋ ਦਿੱਤਾ।

ਸਾਥੀਓ,

ਬਦਕਿਸਮਤੀ ਨਾਲ ਦੇਸ਼ ਵਿੱਚ ਅਜਿਹੀਆਂ ਸ਼ਕਤੀਆਂ ਅੱਜ ਵੀ ਪ੍ਰਭਾਵਸ਼ਾਲੀ ਹਨ, ਜਿਨ੍ਹਾਂ ਨੂੰ ਰਾਸ਼ਟਰੀ ਸਵੈ-ਮਾਣ ਤੋਂ ਜ਼ਿਆਦਾ ਤੁਸ਼ਟੀਕਰਣ ਜ਼ਰੂਰੀ ਲੱਗਦਾ ਹੈ। ਰਾਮ ਮੰਦਿਰ ਨਿਰਮਾਣ ਵਰਗੇ ਮੌਕਿਆਂ ‘ਤੇ ਵੀ ਅਸੀਂ ਦੇਖਿਆ ਹੈ, ਕਿਸ ਤਰ੍ਹਾਂ ਰਾਮ ਮੰਦਿਰ ਨਿਰਮਾਣ ਦਾ ਵੀ ਵਿਰੋਧ ਕੀਤਾ ਗਿਆ। ਸਾਨੂੰ ਅਜਿਹੀ ਮਾਨਸਿਕਤਾ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਦੀ ਛੋਟੀ ਰਾਜਨੀਤੀ ਨੂੰ ਅਸੀਂ ਪਿੱਛੇ ਛੱਡਣਾ ਹੋਵੇਗਾ। ਸਾਨੂੰ ਵਿਕਾਸ ਅਤੇ ਵਿਰਾਸਤ ਨੂੰ ਨਾਲ ਲੈ ਕੇ ਅੱਗੇ ਵਧਣਾ ਹੋਵੇਗਾ।

ਸਾਥੀਓ,

ਬੀਤੇ ਵਰ੍ਹਿਆਂ ਵਿੱਚ ਮੈਨੂੰ ਸੋਮਨਾਥ ਟਰਸਟ ਦੇ ਪ੍ਰਧਾਨ ਵਜੋਂ ਸੋਮਨਾਥ ਦਾਦਾ ਦੀ ਸੇਵਾ ਦਾ ਜੋ ਮੌਕਾ ਮਿਲਿਆ, ਇਸ ਮੰਦਿਰ ਅਤੇ ਖੇਤਰ ਦੇ ਵਿਕਾਸ ਲਈ ਜੋ ਇਤਿਹਾਸਕ ਕੰਮ ਹੋਏ, ਉਸ ਪਰਿਵਰਤਨ ਨੂੰ ਅੱਜ ਅਸੀਂ ਸਾਰੇ ਪ੍ਰਤੱਖ ਰੂਪ ਨਾਲ ਦੇਖ ਰਹੇ ਹਾਂ। ਪਰ ਨਾਲ ਹੀ, ਇਸ ਸੇਵਾ ਦਾ ਮੈਨੂੰ ਨਿਜੀ ਲਾਭ ਵੀ ਹੋਇਆ ਹੈ। ਅੱਜ ਮੈਨੂੰ ਦੇਸ਼ ਦੇ ਸਾਰੇ ਪਵਿੱਤਰ ਤੀਰਥਾਂ ਦੇ ਵਿਕਾਸ ਦਾ ਜੋ ਮੌਕਾ ਮਿਲ ਰਿਹਾ ਹੈ, ਇਹ ਭਗਵਾਨ ਸੋਮਨਾਥ ਦਾ ਹੀ ਕ੍ਰਿਪਾ ਪ੍ਰਸਾਦ ਹੈ।

ਸਾਥੀਓ,

ਅੱਜ ਕਾਸ਼ੀ ਵਿੱਚ ਸਦੀਆਂ ਬਾਅਦ ਬਾਬਾ ਵਿਸ਼ਵਨਾਥ ਧਾਮ ਦਾ ਇੰਨਾ ਸ਼ਾਨਦਾਰ ਵਿਸਤਾਰ ਹੋਇਆ ਹੈ। ਅੱਜ ਉੱਜੈਨ ਵਿੱਚ ਮਹਾਕਾਲ, ਮਹਾਲੋਕ ਦੇ ਵਿਸ਼ਾਲ ਦਰਸ਼ਨ ਵੀ ਸਾਨੂੰ ਹੋ ਰਹੇ ਹਨ। ਕੇਦਾਰਨਾਥ ਧਾਮ ਦਾ ਪੁਨਰ ਨਿਰਮਾਣ ਵੀ ਹੋਇਆ ਹੈ। ਜਿਵੇਂ ਮੈਂ ਪਹਿਲਾਂ ਕਿਹਾ, ਅਯੁੱਧਿਆ ਵਿੱਚ 500 ਸਾਲ ਦੀ ਉਡੀਕ ਵੀ ਪੂਰੀ ਹੋਈ ਹੈ। ਅੱਜ ਉੱਥੇ ਸ਼ਾਨਦਾਰ ਮੰਦਿਰ ਵਿੱਚ ਰਾਮਲਲਾ ਵਿਰਾਜਮਾਨ ਹਨ।

ਸਾਥੀਓ,

ਅਜਿਹੇ ਕਿੰਨੇ ਹੀ ਪਵਿੱਤਰ ਤੀਰਥ, ਪਵਿੱਤਰ ਮਠ, ਮੰਦਿਰ ਅਤੇ ਖੇਤਰ, ਉਨ੍ਹਾਂ ਦੀ ਜੋ ਮਹਿਮਾ ਅਸੀਂ ਪੁਰਾਣਾਂ ਵਿੱਚ ਸੁਣੀ ਹੈ, ਅੱਜ ਉੱਥੇ ਸਾਨੂੰ ਉਸ ਸਮ੍ਰਿੱਧ ਪਰੰਪਰਾ ਦੇ ਦਰਸ਼ਨ ਹੋਣ ਲੱਗੇ ਹਨ। ਅਤੇ, ਇਹ ਇੰਨਾ ਕੁਝ 10-12 ਵਰ੍ਹਿਆਂ ਦੇ ਅੰਦਰ-ਅੰਦਰ ਹੋਇਆ ਹੈ।

ਸਾਥੀਓ,

ਸਾਡੇ ਸੱਭਿਆਚਾਰਕ ਕੇਂਦਰਾਂ ਦੀ ਅਣਦੇਖੀ ਦੇਸ਼ ਦੇ ਵਿਕਾਸ ਵਿੱਚ ਵੱਡੀ ਰੁਕਾਵਟ ਰਹੀ ਹੈ। ਕਿਉਂਕਿ, ਸਾਡੇ ਤੀਰਥ ਭਾਰਤ ਦੀ ਅਧਿਆਤਮਿਕ-ਸਮਾਜਿਕ ਵਿਵਸਥਾ ਦੇ ਕੇਂਦਰ ਤਾਂ ਹਨ ਹੀ, ਨਾਲ ਹੀ ਉਹ ਦੇਸ਼ ਦੀ ਆਰਥਿਕ ਤਰੱਕੀ ਦੇ ਵੀ ਸਰੋਤ ਰਹੇ ਹਨ। ਅੱਜ ਤੁਸੀਂ ਦੇਖੋ, ਚਾਰਧਾਮ ਮਹਾਮਾਰਗ ਪ੍ਰੋਜੈਕਟ, ਗੋਵਿੰਦਘਾਟ ਤੋਂ ਹੇਮਕੁੰਟ ਸਾਹਿਬ ਤੱਕ ਰੋਪਵੇਅ ਪ੍ਰੋਜੈਕਟ, ਕਰਤਾਰਪੁਰ ਕੌਰੀਡੋਰ, ਬੋਧੀ ਸਰਕਟ ਦਾ ਵਿਕਾਸ, ਇਨ੍ਹਾਂ ਦੇ ਜ਼ਰੀਏ ਦੇਸ਼ ਵਿੱਚ ਤੀਰਥ ਖੇਤਰਾਂ ਵਿੱਚ ਆਰਥਿਕ ਗਤੀਵਿਧੀਆਂ ਵਧੀਆਂ ਹਨ। ਸੋਮਨਾਥ ਕੈਂਪਸ ਵੀ ਇਸ ਦੀ ਇੱਕ ਸਸ਼ਕਤ ਉਦਾਹਰਣ ਹੈ। ਅੱਜ ਸੋਮਨਾਥ ਮੰਦਿਰ ਟਰਸਟ ਨਾਲ ਸੈਂਕੜੇ ਪਰਿਵਾਰ ਜੁੜੇ ਹਨ। ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਇਸ ਖੇਤਰ ਨਾਲ ਜੁੜੀ ਹੋਈ ਹੈ। ਦੇਸ਼-ਦੁਨੀਆ ਦੇ ਕੋਨੇ-ਕੋਨੇ ਤੋਂ ਜੋ ਲੋਕ ਇੱਥੇ ਆਉਂਦੇ ਹਨ, ਉਹ ਗੁਜਰਾਤ ਦੇ ਬਾਕੀ ਹਿੱਸਿਆਂ ਵਿੱਚ ਵੀ ਜਾਂਦੇ ਹਨ। ਇਸ ਨਾਲ ਪ੍ਰਦੇਸ਼ ਅਤੇ ਦੇਸ਼ ਵਿੱਚ ਤਰੱਕੀ ਦੇ ਨਵੇਂ ਦਰਵਾਜ਼ੇ ਖੁੱਲ੍ਹਦੇ ਹਨ।

ਸਾਥੀਓ,

ਸਾਡੀ ਆਸਥਾ ਸਾਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਵੀ ਸਿਖਾਉਂਦੀ ਹੈ। ਕਿਉਂਕਿ, ਅਸੀਂ ਮੰਨਦੇ ਹਾਂ — सर्वं खल्विदं ब्रह्म! ਭਾਵ, ਸ੍ਰਿਸ਼ਟੀ ਦਾ ਹਰੇਕ ਹਿੱਸਾ, ਇਹ ਸੰਪੂਰਨ ਕੁਦਰਤ ਵੀ ਪ੍ਰਮਾਤਮਾ ਦਾ ਹੀ ਸਰੂਪ ਹੈ। ਇਸ ਲਈ, ਸਾਡੀ ਆਸਥਾ ਨਦੀਆਂ ਵਿੱਚ ਵੀ ਹੈ, ਰੁੱਖਾਂ ਵਿੱਚ ਵੀ ਹੈ। ਅਸੀਂ ਜੰਗਲਾਂ ਨੂੰ ਵੀ ਸ਼ਰਧਾ ਦੀ ਦ੍ਰਿਸ਼ਟੀ ਨਾਲ ਦੇਖਦੇ ਹਾਂ। ਅਸੀਂ ਪਹਾੜਾਂ ਵਿੱਚ ਵੀ ਪਵਿੱਤਰਤਾ ਦਾ ਭਾਵ ਰੱਖਦੇ ਹਾਂ। ਅਤੇ, ਅੱਜ ਜਦੋਂ ਦੁਨੀਆ ਕੁਦਰਤੀ ਜੀਵਨਸ਼ੈਲੀ ਵੱਲ ਮੁੜ ਰਹੀ ਹੈ, ਸਾਨੂੰ ਆਪਣੀ ਇਸ ਸ਼ਕਤੀ ਨੂੰ ਵੀ ਪਹਿਚਾਣਨਾ ਹੋਵੇਗਾ। ਸਾਨੂੰ ਆਪਣੇ ਤੀਰਥਾਂ ਅਤੇ ਮੰਦਿਰਾਂ ਦੇ ਵਿਕਾਸ ਦੇ ਨਾਲ-ਨਾਲ ਉਨ੍ਹਾਂ ਦੀ ਗਰਿਮਾ ਲਈ ਜਾਗਰੂਕ ਹੋਣਾ ਹੋਵੇਗਾ। ਅਸੀਂ ਅਜਿਹਾ ਜੀਵਨ ਅਪਣਾਈਏ, ਜਿਸ ਨਾਲ ਕੁਦਰਤ ਅਤੇ ਵਾਤਾਵਰਣ ਦੀ ਰੱਖਿਆ ਹੋਵੇ। ਨਾਲ ਹੀ, ਅਸੀਂ ਆਪਣੇ ਪਵਿੱਤਰ ਸਥਾਨਾਂ ਨੂੰ ਸਾਰੀ ਦੁਨੀਆ ਲਈ ਇੱਕ ਉਦਾਹਰਣ ਵਜੋਂ ਵਿਕਸਿਤ ਕਰੀਏ। ਸਾਨੂੰ ਇਨ੍ਹਾਂ ਸੰਕਲਪਾਂ ਨੂੰ ਆਪਣੀ ਆਸਥਾ ਨਾਲ ਜੋੜ ਕੇ ਜਿਉਣਾ ਹੋਵੇਗਾ।

ਸਾਥੀਓ,

ਜਦੋਂ ਨਵੀਆਂ ਪੀੜ੍ਹੀਆਂ ਆਪਣੇ ਇਤਿਹਾਸ, ਆਪਣੀ ਆਸਥਾ ਅਤੇ ਆਪਣੇ ਸੱਭਿਆਚਾਰਕ ਕਦਰਾਂ-ਕੀਮਤਾਂ ਨਾਲ ਜੁੜਦੀਆਂ ਹਨ, ਤਾਂ ਰਾਸ਼ਟਰ ਦਾ ਆਤਮਬਲ ਹੋਰ ਮਜ਼ਬੂਤ ਹੁੰਦਾ ਹੈ। ਅੱਜ ਭਾਰਤ ਜਿਸ ਆਤਮਵਿਸ਼ਵਾਸ ਨਾਲ ਅੱਗੇ ਵਧ ਰਿਹਾ ਹੈ, ਉਸ ਵਿੱਚ ਸਾਡੀ ਇਸ ਸੱਭਿਆਚਾਰਕ ਨਿਰੰਤਰਤਾ ਦੀ ਵੀ ਬਹੁਤ ਵੱਡੀ ਭੂਮਿਕਾ ਹੈ। ਆਧੁਨਿਕ ਅਤੇ ਵਿਰਾਸਤ, ਆਧੁਨਿਕਤਾ ਹੋਵੇ ਜਾਂ ਵਿਰਾਸਤ ਹੋਵੇ, ਭਾਰਤ ਵਿੱਚ ਇਸ ਨੂੰ ਕੋਈ ਵੱਖ ਨਹੀਂ ਕਰ ਸਕਦਾ, ਭਾਰਤ ਵਿੱਚ ਇਹ ਇੱਕ-ਦੂਜੇ ਦੇ ਵਿਰੋਧੀ ਨਹੀਂ ਹਨ, ਇਹ ਨਾਲ-ਨਾਲ ਅੱਗੇ ਵੱਧਣ ਵਾਲੀਆਂ ਸ਼ਕਤੀਆਂ ਹਨ, ਇੱਕ ਦੂਜੇ ਵਿੱਚ ਪ੍ਰਾਣ ਭਰਨ ਵਾਲੀਆਂ ਸ਼ਕਤੀਆਂ ਹਨ। ਸੋਮਨਾਥ ਸਾਨੂੰ ਯਾਦ ਦਿਵਾਉਂਦਾ ਹੈ ਕਿ ਕੋਈ ਵੀ ਰਾਸ਼ਟਰ ਤਾਂ ਹੀ ਲੰਮੇ ਸਮੇਂ ਤੱਕ ਮਜ਼ਬੂਤ ਰਹਿ ਸਕਦਾ ਹੈ, ਜਦੋਂ ਉਹ ਆਪਣੀਆਂ ਜੜ੍ਹਾਂ ਨਾਲ ਜੁੜਿਆ ਰਹੇ। ਜਦੋਂ ਅਸੀਂ ਆਪਣੀ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਉਸੇ ਸ਼ਰਧਾ ਅਤੇ ਵਿਸ਼ਵਾਸ ਨਾਲ ਉਨ੍ਹਾਂ ਦੇ ਹੱਥਾਂ ਵਿੱਚ ਸੌਂਪੀਏ। 75 ਵਰ੍ਹੇ ਪਹਿਲਾਂ, ਜਦੋਂ ਇਸ ਮੁੜ-ਸੁਰਜੀਤ ਸੋਮਨਾਥ ਮੰਦਿਰ ਵਿੱਚ, 75 ਵਰ੍ਹੇ ਪਹਿਲਾ ਪ੍ਰਾਣ ਪ੍ਰਤਿਸ਼ਠਾ ਹੋਈ ਸੀ, ਉਦੋਂ ਭਾਰਤ ਨੇ ਇੱਕ ਨਵੀਂ ਚੇਤਨਾ ਯਾਤਰਾ ਸ਼ੁਰੂ ਕੀਤੀ ਸੀ। ਅੱਜ, 75 ਵਰ੍ਹਿਆਂ ਬਾਅਦ, ਓਹੀ ਯਾਤਰਾ ਹੋਰ ਵਿਆਪਕ ਰੂਪ ਵਿੱਚ ਸਾਡੇ ਸਾਹਮਣੇ ਹੈ। ਸਾਨੂੰ ਇਸ ਨੂੰ ਨਵੀਂ ਉਚਾਈ ‘ਤੇ ਲੈ ਕੇ ਜਾਣਾ ਹੈ। ਸਾਡੇ ਸੰਕਲਪਾਂ ਨੂੰ ਪੂਰਾ ਕਰਨ ਵਿੱਚ ਦਾਦਾ ਸੋਮਨਾਥ ਦਾ ਅਸ਼ੀਰਵਾਦ ਹਮੇਸ਼ਾ ਸਾਡੇ ਨਾਲ ਰਹੇ, ਇਹੀ ਪ੍ਰਾਰਥਨਾ ਹੈ। ਇੱਕ ਵਾਰ ਫਿਰ ਸਾਰੇ ਦੇਸ਼ਵਾਸੀਆਂ ਨੂੰ, ਵਿਰਾਸਤ ਵਿੱਚ ਵਿਸ਼ਵਾਸ ਰੱਖਣ ਵਾਲੇ ਹਰੇਕ ਨਾਗਰਿਕ ਨੂੰ, ਆਪ ਸਭ ਨੂੰ ਇਸ ਮੌਕੇ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੇਰੇ ਨਾਲ ਬੋਲੋ-

ਜੈ ਸੋਮਨਾਥ।

ਜੈ ਸੋਮਨਾਥ।

ਹਰ-ਹਰ ਮਹਾਦੇਵ।

 

************

ਐੱਮਜੇਪੀਐੱਸ/ਐੱਸਐੱਸ/ਵੀਜੇ/ਆਰਕੇ/ਏਕੇ