Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ ਦੇ ਪ੍ਰਧਾਨ ਮੰਤਰੀ ਦੇ ਸਾਊਦੀ ਅਰਬ ਕਿੰਗਡਮ ਦੇ ਦੌਰੇ ’ਤੇ ਸੰਯੁਕਤ ਬਿਆਨ


ਦੋ ਪਵਿਤਰ ਮਸੀਤਾਂ ਦੇ ਕਸਟੋਡੀਅਨ ਸ਼ਾਹ ਸਲਮਾਨ ਬਿਨ ਅਬਦੁਲ ਅਜੀਜ਼ ਅਲ ਸਾਊਦ ਦੇ ਸੱਦੇ ਉੱਤੇ ਭਾਰਤੀ ਗਣਰਾਜ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ 29 ਅਕਤੂਬਰ 2019 ਨੂੰ  ਸਾਊਦੀ ਅਰਬ ਕਿੰਗਡਮ ਦਾ ਸਰਕਾਰੀ ਦੌਰਾ ਕੀਤਾ।

 

ਦੋਹਾਂ ਧਿਰਾਂ ਨੇ ਦੁਵੱਲੀ ਗੱਲਬਾਤ ਕੀਤੀ ਜਿਸ ਦੌਰਾਨ ਉਨ੍ਹਾਂ ਨੇ ਉਨ੍ਹਾਂ  ਇਤਿਹਾਸਕ ਅਤੇ ਨਜ਼ਦੀਕੀ ਸਬੰਧਾਂ ਦਾ ਜਾਇਜ਼ਾ ਲਿਆ, ਜਿਨ੍ਹਾਂ ਨੇ ਇਨ੍ਹਾਂ ਦੋ ਮਿੱਤਰ ਦੇਸ਼ਾਂ ਅਤੇ ਉਨ੍ਹਾਂ ਦੀ ਜਨਤਾ ਨੂੰ ਜੋੜ ਕੇ  ਰੱਖਿਆ ਹੋਇਆ ਹੈ। ਉਨ੍ਹਾਂ ਨੇ ਆਪਸੀ ਹਿਤ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਮਿੱਤਰਤਾ ਅਤੇ ਭਾਈਵਾਲੀ ਵਾਲੇ ਸਬੰਧਾਂ, ਜੋ ਕਿ ਆਰਥਿਕ, ਸਮਾਜਿਕ, ਸਭਿਆਚਾਰਕ  ਅਤੇ ਸਭਿਅਤਾ ਦੀ ਨੇੜਤਾ ਨੂੰ ਦਰਸਾਉਂਦੇ ਹਨ ਅਤੇ ਉਨ੍ਹਾਂ ਮਹਾਨ ਸਾਂਝੇ ਸੁਅਵਸਰਾਂ, ਜੋ ਕਿ ਦੋ ਮਿੱਤਰ ਦੇਸ਼ਾਂ ਦਰਮਿਆਨ ਸਬੰਧਾਂ ਦੇ ਵਿਕਾਸ ਲਈ ਮਜ਼ਬੂਤ ਸੰਵੇਗ ਪ੍ਰਦਾਨ ਕਰਦੇ ਹਨ, ਦੀ ਲੋੜ ਨੂੰ ਰੇਖਾਂਕਿਤ ਕੀਤਾ।

 

ਦੋਹਾਂ ਧਿਰਾਂ ਨੇ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਦੀ ਆਪਣੀ  ਵਚਨਬੱਧਤਾ ਨੂੰ ਦੁਹਰਾਇਆ, ਜਿਸ ਦਾ ਕਿ ਮਾਰਚ 2010 ਦੇ ਰਿਆਧ ਐਲਾਨਨਾਮੇ ਵਿੱਚ ਜ਼ਿਕਰ ਸੀ ਅਤੇ ਜਿਸ ਨੂੰ ਦੋ ਪਵਿੱਤਰ ਮਸਜਿਦਾਂ ਦੇ ਕਸਟੋਰੀਅਨ ਸ਼ਾਹ ਸਲਮਾਨ ਬਿਨ ਅਬਦੁੱਲ ਅਜ਼ੀਜ਼ ਦੇ ਫਰਵਰੀ 2014 ਵਿੱਚ ਹੋਏ ਭਾਰਤ ਦੌਰੇ  ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸਾਊਦੀ ਅਰਬ ਦੇ ਅਪ੍ਰੈਲ 2016 ਵਿੱਚ ਹੋਏ ਦੌਰੇ ਅਤੇ ਸਾਊਦੀ ਯੁਵਰਾਜ ਦੇ ਭਾਰਤ ਦੌਰੇ , ਸਾਊਦੀ ਅਰਬ ਦੇ ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ  ਦੇ ਫਰਵਰੀ 2019 ਵਿੱਚ ਹੋਏ ਭਾਰਤ ਦੌਰੇ ਦੌਰਾਨ ਦੁਹਰਾਇਆ ਗਿਆ।

 

ਦੋਹਾਂ ਧਿਰਾਂ ਨੇ ਦੋਹਾਂ ਦੇਸ਼ਾਂ ਦਰਮਿਆਨ ਰਣਨੀਤਕ ਭਾਈਵਾਲੀ ਕੌਂਸਲ ਦੀ ਸਥਾਪਨਾ ਹੋਣ ਉੱਤੇ ਅਤੇ ਸਾਊਦੀ ਧਿਰ ਵੱਲੋਂ ਮਾਣਯੋਗ ਕਰਾਊਨ ਪ੍ਰਿੰਸ, ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਅਤੇ ਭਾਰਤੀ ਧਿਰ ਵੱਲੋਂ ਮਾਣਯੋਗ ਪ੍ਰਧਾਨ ਮੰਤਰੀ ਦੀ ਮੌਜੂਦਗੀ ਵਿੱਚ ਉਨ੍ਹਾਂ ਦੀ ਤਸੱਲੀ ਅਨੁਸਾਰ ਦੋਹਾਂ ਦੇਸ਼ਾਂ ਵਿੱਚ ਸਰਕਾਰ ਅਤੇ ਨਿੱਜੀ ਇਕਾਈਆਂ ਦਰਮਿਆਨ ਸਮਝੌਤਿਆਂ ਅਤੇ ਸਹਿਮਤੀ ਪੱਤਰ ਦੇ ਅਦਾਨ-ਪ੍ਰਦਾਨ ਉੱਤੇ ਤਸੱਲੀ ਪ੍ਰਗਟਾਈ।

 

ਦੋਹਾਂ ਧਿਰਾਂ ਨੇ ਦੋਹਾਂ ਦੇਸ਼ਾਂ ਦਰਮਿਆਨ ਸਿਆਸੀ, ਆਰਥਿਕ ਸੁਰੱਖਿਆ, ਰੱਖਿਆ, ਮਨੁੱਖੀ ਸ਼ਕਤੀ ਅਤੇ ਲੋਕਾਂ ਦੇ ਲੋਕਾਂ ਨਾਲ ਅਦਾਨ-ਪ੍ਰਦਾਨ ਵਿੱਚ ਹਾਲ ਹੀ ਦੇ ਵਰ੍ਹਿਆਂ ਵਿੱਚ  ਹੋਈ ਪ੍ਰਗਤੀ  ਉੱਤੇ ਤਸੱਲੀ ਪ੍ਰਗਟਾਈ। ਇਸ ਨਾਲ ਦੋਹਾਂ ਦੇਸ਼ਾਂ ਦੇ ਆਪਸੀ ਸਬੰਧਾਂ ਵਿੱਚ ਮਜ਼ਬੂਤੀ ਆਈ ਹੈ। ਉਨ੍ਹਾਂ ਨੇ ਉੱਚ ਪੱਧਰੀ ਸਲਾਹ ਮਸ਼ਵਰੇ ਅਤੇ ਦੋਹਾਂ ਦੇਸ਼ਾਂ ਦਰਮਿਆਨ ਆਪਸੀ ਹਿਤ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਉੱਤੇ ਤਾਲਮੇਲ ਵਧਣ ਉੱਤੇ ਵੀ ਤਸੱਲੀ ਪ੍ਰਗਟਾਈ।

 

ਮਾਣਯੋਗ ਪ੍ਰਿੰਸ ਮੁਹੰਮਦ ਬਿਨ ਸਲਮਾਨ ਬਿਨ ਅਬਦੁਲ ਅਜ਼ੀਜ਼ ਅਲ ਸਾਊਦ, ਕਰਾਊਨ ਪ੍ਰਿੰਸ, ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਨੇ ਭਾਰਤੀ ਗਣਰਾਜ ਦੇ ਮਾਣਯੋਗ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੀ। ਦੋਹਾਂ ਆਗੂਆਂ ਨੇ ਦੁਵੱਲੀ ਵਿਚਾਰ ਚਰਚਾ ਵੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੋਹਾਂ ਦੇਸ਼ਾਂ ਦਰਮਿਆਨ ਮਿੱਤਰਤਾ ਅਤੇ ਸਹਿਯੋਗ ਦੇ ਵਧ ਰਹੇ ਸਬੰਧਾਂ ਉੱਤੇ ਤਸੱਲੀ ਪ੍ਰਗਟਾਈ। ਦੋਹਾਂ ਆਗੂਆਂ ਨੇ ਭਾਰਤੀ ਗਣਰਾਜ ਦੇ ਪ੍ਰਧਾਨ ਮੰਤਰੀ ਦੇ ਅਪ੍ਰੈਲ, 2016 ਵਿੱਚ ਹੋਏ ਰਿਆਧ ਦੌਰੇ ਅਤੇ ਮਾਣਯੋਗ ਪ੍ਰਿੰਸ ਮੁਹੰਮਦ ਬਿਨ ਸਲਮਾਨ ਬਿਨ ਅਬਦੁਲ ਅਜ਼ੀਜ਼ ਅਲ ਸਾਊਦ, ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਦੇ ਫਰਵਰੀ, 2019 ਵਿੱਚ ਹੋਏ ਦੌਰੇ  ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਦੇ ਵਾਧੇ ਵਿੱਚ ਹੋਈ ਪ੍ਰਗਤੀ ਦੀ ਪ੍ਰਸ਼ੰਸਾ ਕੀਤੀ।

 

ਦੋਹਾਂ ਧਿਰਾਂ ਨੇ ਆਪਸੀ ਹਿਤ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਉੱਤੇ ਵਿਚਾਰ ਵਟਾਂਦਰਾ ਕੀਤਾ ਅਤੇ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਦਖ਼ਲਅੰਦਾਜ਼ੀ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਅਤੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਅੰਤਰਰਾਸ਼ਟਰੀ ਭਾਈਚਾਰਾ ਦੇਸ਼ਾਂ  ਦੀ ਪ੍ਰਭੂਸੱਤਾ ਉੱਤੇ ਹੋ ਰਹੇ ਹਮਲਿਆਂ ਨੂੰ ਰੋਕਣ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਵੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੁਰੱਖਿਆ ਪਰਿਸ਼ਦ ਦਾ ਮਤਾ (2254) ਜੋ ਕਿ ਸੀਰੀਆ ਦੀ ਸਥਿਤੀ ਨਾਲ ਸਬੰਧਤ ਹੈ, ਉੱਤੇ ਅਮਲ ਹੋਵੇ। ਉਨ੍ਹਾਂ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਯਮਨ ਦੀ ਏਕਤਾ ਦੀ ਰਾਖੀ ਕਰਨ ਦੀ ਅਹਿਮੀਅਤ ਨੂੰ ਸਮਝਿਆ ਜਾਵੇ ਅਤੇ ਇਸ ਦੀ ਸੁਰੱਖਿਆ ਅਤੇ ਸਥਿਰਤਾ ਨੂੰ ਕਾਇਮ ਰੱਖਿਆ ਜਾਵੇ ਅਤੇ ਨਾਲ ਹੀ ਯਮਨ ਦੇ ਸੰਕਟ ਦਾ ਜੀਸੀਸੀ ਦੀ ਪਹਿਲਕਦਮੀ ਅਤੇ ਸੁਰੱਖਿਆ ਪਰਿਸ਼ਦ ਦੇ ਮਤੇ (2216) ਦੇ ਅਧਾਰ ਤੇ ਹੱਲ ਕੱਢਿਆ ਜਾਵੇ। ਦੋਹਾਂ ਧਿਰਾਂ ਨੇ ਆਸ ਪ੍ਰਗਟਾਈ ਕਿ ਅਰਬ ਸ਼ਾਂਤੀ ਪਹਿਲਕਦਮੀ ਦੇ ਆਧਾਰ ਉੱਤੇ ਫਿਲਸਤੀਨ ਮਸਲੇ ਦਾ ਇਕ ਵਿਸਤ੍ਰਿਤ ਅਤੇ ਸਦੀਵੀਂ ਹੱਲ ਨਿਕਲ ਆਵੇਗਾ ਅਤੇ ਇਸ ਨਾਲ ਫਿਲਸਤੀਨੀ ਲੋਕਾਂ ਨੂੰ ਉਨ੍ਹਾਂ ਦੇ ਜਾਇਜ਼ ਅਧਿਕਾਰਾਂ ਦੀ ਗਾਰੰਟੀ ਮਿਲੇਗੀ ਅਤੇ 1967 ਦੇ ਮਤੇ ਅਨੁਸਾਰ ਉਨ੍ਹਾਂ ਨੂੰ ਆਜ਼ਾਦ ਰਾਜ ਹਾਸਿਲ ਹੋਵੇਗਾ ਅਤੇ ਯਰੂਸ਼ਲਮ ਇਸ ਦੀ ਰਾਜਧਾਨੀ ਹੋਵੇਗੀ।

 

ਦੋਹਾਂ ਧਿਰਾਂ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਦਹਿਸ਼ਤਵਾਦ ਅਤੇ ਅੱਤਵਾਦ ਨੇ ਸਾਰੇ ਦੇਸ਼ਾਂ ਅਤੇ ਸਮਾਜਾਂ ਨੂੰ ਧਮਕਾਇਆ ਹੋਇਆ ਹੈ। ਉਨ੍ਹਾਂ ਇਸ ਵਿਸ਼ਵ ਵਿਆਪੀ ਸਥਿਤੀ ਨਾਲ ਕਿਸੇ ਵੀ ਜਾਤ, ਧਰਮ ਜਾਂ ਸੱਭਿਆਚਾਰ ਨੂੰ ਜੋੜੇ ਜਾਣ ਦੇ ਯਤਨ ਦਾ ਵਿਰੋਧ ਕੀਤਾ। ਦੋਹਾਂ ਧਿਰਾਂ ਨੇ ਇਸ ਗੱਲ ਉੱਤੇ ਤਸੱਲੀ ਪ੍ਰਗਟਾਈ ਕਿ ਉਨ੍ਹਾਂ ਨੇ ਸਭ ਤਰ੍ਹਾਂ ਦੀਆਂ ਦਹਿਸ਼ਤਵਾਦੀ ਕਾਰਵਾਈਆਂ ਨੂੰ ਠੁਕਰਾ ਦਿੱਤਾ ਹੈ ਅਤੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਅਜਿਹੇ ਹਥਿਆਰਾਂ, ਜਿਨ੍ਹਾਂ ਵਿੱਚ ਮਿਜ਼ਾਈਲਾਂ ਅਤੇ ਡਰੋਨ ਵੀ ਸ਼ਾਮਿਲ ਹਨ ਅਤੇ ਜੋ ਦੂਜੇ ਦੇਸ਼ਾਂ ਵਿਰੁੱਧ ਦਹਿਸ਼ਤਵਾਦੀ ਕਾਰਵਾਈਆਂ ਕਰਨ ਵਿੱਚ ਵਰਤੇ ਜਾਂਦੇ ਹਨ, ਤੱਕ ਪਹੁੰਚ ਨੂੰ ਰੋਕਿਆ ਜਾਵੇ।

 

ਭਾਰਤੀ ਧਿਰ ਨੇ ਸਾਊਦੀ ਅਰਬ ਵਿੱਚ ਸ਼ਹਿਰੀ ਟਿਕਾਣਿਆਂ ਉੱਤੇ ਦਹਿਸ਼ਤਵਾਦੀ ਕਾਰਵਾਈਆਂ ਕੀਤੇ ਜਾਣ ਦੀ ਨਿੰਦਾ ਕੀਤੀ। ਦੋਹਾਂ ਧਿਰਾਂ ਨੇ ਸੰਯੁਕਤ ਰਾਸ਼ਟਰ ਦਹਿਸ਼ਤਵਾਦ ਵਿਰੋਧੀ ਸੈਂਟਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਉੱਤੇ ਜ਼ੋਰ ਦਿੱਤਾ ਅਤੇ ਇਸ ਗੱਲ ਉੱਤੇ ਸਹਿਮਤੀ ਪ੍ਰਗਟਾਈ ਕਿ ਦਹਿਸ਼ਤਵਾਦੀ ਅਪ੍ਰੇਸ਼ਨਾਂ, ਸੂਚਨਾ ਦੇ ਅਧਾਨ-ਪ੍ਰਦਾਨ, ਸਮਰੱਥਾ ਵਿਕਾਸ ਅਤੇ ਇਕ ਦੂਜੇ ਰਾਜ ਵਿੱਚ ਜੁਰਮਾਂ ਦਾ ਮੁਕਾਬਲਾ ਕਰਨ ਲਈ ਸਹਿਯੋਗ ਨੂੰ ਵਧਾਇਆ ਜਾਵੇ।

 

ਦੋਹਾਂ ਧਿਰਾਂ ਨੇ ਇਸ ਗੱਲ ਨੂੰ ਨੋਟ ਕੀਤਾ ਕਿ ਦੋਹਾਂ ਦੇਸ਼ਾਂ ਵਿੱਚ ਨਿਰੰਤਰ ਹਾਂ-ਪੱਖੀ/ਸਾਕਾਰਾਤਮਿਕ ਆਰਥਿਕ ਕਾਇਆਪਲਟ ਹੋ ਰਿਹਾ ਹੈ ਅਤੇ ਦੋਹਾਂ ਨੇ ਆਪਸੀ ਵਪਾਰ ਅਤੇ ਨਿਵੇਸ਼ ਸਬੰਧਾਂ ਦਾ ਪ੍ਰਸਾਰ ਕਰਨ ਉੱਤੇ ਜ਼ੋਰ ਦਿੱਤਾ ਤਾਂ ਕਿ ਰਣਨੀਤਿਕ ਸਹਿਯੋਗ ਮਜ਼ਬੂਤ ਹੋ ਸਕੇ। ਉਨ੍ਹਾਂ ਇਸ ਗੱਲ ਉੱਤੇ ਖੁਸ਼ੀ ਪ੍ਰਗਟਾਈ ਕਿ ਬੀਤੇ ਸਾਲਾਂ ਵਿੱਚ ਦੁਵੱਲੇ ਵਪਾਰ ਵਿੱਚ ਹਾਂ-ਪੱਖੀ ਰੁਝਾਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਵਪਾਰ ਅਤੇ ਨਿਵੇਸ਼ ਸਹਿਯੋਗ ਨੂੰ ਸਾਊਦੀ ਅਰਬ ਕਿੰਗਡਮ ਦੇ ਵਿਜ਼ਨ 2030 ਦੇ ਅੰਤਰਗਤ ਹੋਰ ਮਜ਼ਬੂਤ ਕਰਨ ਉੱਤੇ ਜ਼ੋਰ ਦਿੱਤਾ। ਦੋਹਾਂ ਧਿਰਾਂ ਨੇ ਦੋਹਾਂ ਦੇਸ਼ਾਂ ਦੇ ਵਪਾਰਕ ਭਾਈਚਾਰਿਆਂ ਨੂੰ ਬੇਨਤੀ ਕੀਤੀ ਕਿ ਉਹ ਦੋਹਾਂ ਦੇਸ਼ਾਂ ਵਿੱਚ ਨਿਵੇਸ਼ ਮੌਕਿਆਂ ਦਾ ਪੂਰਾ ਲਾਭ ਉਠਾਉਣ, ਖਾਸ ਤੌਰ ਤੇ ਬੁਨਿਆਦੀ ਢਾਂਚੇ, ਖਾਣਾਂ, ਊਰਜਾ, ਅਖੁੱਟ ਊਰਜਾ, ਖੇਤੀ, ਟੈਕਨੋਲੋਜੀ ਟਰਾਂਸਫਰ ਅਤੇ ਸੂਚਨਾ ਟੈਕਨੋਲੋਜੀ ਦੇ ਖੇਤਰ ਵਿੱਚ ਸਕਿਲਡ ਮਾਨਵ ਸੰਸਾਧਨ, ਇਲੈਕਟ੍ਰੌਨਿਕਸ ਅਤੇ ਦੂਰ ਸੰਚਾਰ ਖੇਤਰ ਵਿੱਚ ਇਸ ਦਾ ਪੂਰਾ ਲਾਭ ਉਠਾਇਆ ਜਾਵੇ।

ਇਸ ਦੌਰੇ ਦੌਰਾਨ ਬਹੁਤ ਸਾਰੇ ਖੇਤਰਾਂ, ਜਿਨ੍ਹਾਂ ਵਿੱਚ ਊਰਜਾ, ਸ਼ਹਿਰੀ ਹਵਾਬਾਜ਼ੀ, ਸੁਰੱਖਿਆ ਸਹਿਯੋਗ, ਰੱਖਿਆ, ਰੂਪੇ ਕਾਰਡ ਦੀ ਸ਼ੁਰੂਆਤ ਅਤੇ ਮੈਡੀਕਲ ਉਤਪਾਦਾਂ ਦੀ ਰੈਗੂਲੇਸ਼ਨ ਸ਼ਾਮਿਲ ਹਨ, ਬਾਰੇ ਬਹੁਤ ਸਾਰੇ ਸਹਿਮਤੀ ਪੱਤਰਾਂ ਉੱਤੇ ਦਸਤਖ਼ਤ ਕੀਤੇ ਗਏ ਤਾਂਕਿ ਸਹਿਯੋਗ ਹੋਰ ਮਜ਼ਬੂਤ ਹੋ ਸਕੇ।

 

ਦੌਰੇ ਦੇ ਅੰਤ ਵਿੱਚ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਨੇ ਆਪਣੇ ਵੱਲੋਂ ਸਾਊਦੀ ਅਰਬ ਦੀ ਸਰਕਾਰ ਅਤੇ ਜਨਤਾ ਦਾ ਉਨ੍ਹਾਂ ਪ੍ਰਤੀ  ਅਤੇ ਉਨ੍ਹਾਂ ਦੇ ਵਫਦ ਪ੍ਰਤੀ  ਵਿਖਾਈ ਗਈ ਨਿੱਘੀ ਮੇਜ਼ਬਾਨੀ ਲਈ ਧੰਨਵਾਦ ਕੀਤਾ।

 

ਉਨ੍ਹਾਂ ਨੇ ਸਾਊਦੀ ਅਰਬ ਵਿੱਚ 2020 ਵਿੱਚ ਹੋਣ ਵਾਲੀ  ਜੀ-20 ਪ੍ਰਧਾਨਗੀ ਦੀ ਚੋਣ ਦਾ ਭਾਰੀ ਸਵਾਗਤ ਕੀਤਾ ਅਤੇ ਇਸ ਲਈ ਹਮਾਇਤ ਪ੍ਰਦਾਨ ਕੀਤੀ ਅਤੇ ਕਿਹਾ ਕਿ ਉਹ ਰਿਆਧ ਵਿੱਚ ਜੀ-20 ਦੇਸ਼ਾਂ ਦੇ  ਹੋਣ ਵਾਲੇ ਅਗਲੇ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਉਤਸੁਕ ਹਨ। ਉਨ੍ਹਾਂ ਨੇ ਜੀ-20 ਢਾਂਚੇ ਦੇ ਅੰਦਰ ਸਾਊਦੀ ਅਰਬ ਵੱਲੋਂ ਕੀਤੇ ਜਾ ਰਹੇ ਵੱਡੇ ਪ੍ਰਯਤਨਾਂ ਦੀ ਪ੍ਰਸ਼ੰਸਾ ਕੀਤੀ।

 

ਦੋ ਪਵਿੱਤਰ ਮਸੀਤਾਂ ਦੇ ਕਸਟੋਡੀਅਨ ਨੇ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਦੀ ਸਿਹਤ ਅਤੇ ਖੁਸ਼ੀ ਅਤੇ ਭਾਰਤ ਦੇ ਮਿੱਤਰਤਾ ਭਰਪੂਰ ਲੋਕਾਂ ਦੀ ਤਰੱਕੀ ਅਤੇ ਖੁਸ਼ਹਾਲੀ ਪ੍ਰਤੀ ਆਪਣੀਆਂ ਸ਼ੁਭ ਇੱਛਾਵਾਂ ਭੇਂਟ ਕੀਤੀਆਂ।

 

ਦੋ ਪਵਿੱਤਰ ਮਸੀਤਾਂ ਦੇ ਕਸਟੋਡੀਅਨ ਨੇ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਉਨ੍ਹਾਂ ਨੂੰ ਦੁਵੱਲੇ ਸਹਿਯੋਗ ਬਾਰੇ ਸਲਾਹ ਮਸ਼ਵਰਾ ਮੁਕੰਮਲ ਕਰਨ ਅਤੇ ਆਪਸੀ ਹਿਤ ਦੇ ਅਤੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਉੱਤੇ ਵਿਚਾਰ ਕਰਨ ਲਈ ਭਾਰਤ ਦੌਰੇ ਦੇ ਦਿੱਤੇ ਗਏ ਸੱਦੇ ਦਾ ਸੁਆਗਤ ਕੀਤਾ।

 

******

 

ਵੀਆਰਆਰਕੇ /ਐੱਸਐੱਚ/ ਏਕੇ