ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਇੰਸਟੀਟਿਊਟ ਆਵ੍ ਚਾਰਟਰਡ ਅਕਾਊਂਟੈਂਟਸ ਆਵ੍ ਇੰਡੀਆ (ਆਈਸੀਏਆਈ) ਅਤੇ ਚਾਰਟਰਡ ਪ੍ਰੋਫੈਸ਼ਨਲ ਅਕਾਊਂਟੈਂਟਸ ਆਵ੍ ਕਨੇਡਾ (ਸੀਪੀਏ ਕਨੇਡਾ ) ਦਰਮਿਆਨ ਸਹਿਮਤੀ ਪੱਤਰ (ਐੱਮਓਯੂ) ’ਤੇ ਹਸਤਾਖ਼ਰ ਨੂੰ ਪ੍ਰਵਾਨਗੀ ਦਿੱਤੀ ਹੈ।
ਵੇਰਵਾ :
ਮੰਤਰੀ ਮੰਡਲ ਨੇ ਇਹ ਪ੍ਰਵਾਨਗੀ 2011 ਵਿੱਚ ਹਸਤਾਖ਼ਰ ਕੀਤੇ ਸਹਿਮਤੀ ਪੱਤਰ ਦੀ ਕਾਰਜ ਉਪਰਾਂਤ (ex-post facto) ਪ੍ਰਵਾਨਗੀ ਦੇ ਸੰਦਰਭ ਵਿੱਚ ਅਤੇ ਭਾਰਤ ਦੇ ਆਈਸੀਏਆਈ ਤੇ ਕਨੇਡਾ ਦੇ ਸੀਪੀਏ ਦਰਮਿਆਨ ਸਹਿਮਤੀ ਪੱਤਰ ’ਤੇ ਹਸਤਾਖ਼ਰਾਂ ਲਈ ਦਿੱਤੀ ਹੈ। ਇਹ ਸਹਿਮਤੀ ਪੱਤਰ ਦੋ ਤਰਫ਼ਾ ਮੈਂਬਰਸ਼ਿਪ ਦੇ ਇੰਤਜ਼ਾਮ ਨੂੰ ਵਿਚਾਰ ਅਧੀਨ ਲਿਆਉਂਦਾ ਹੈ। ਜੋ ਵਿਸ਼ੇਸ਼ ਮਿਆਰਾਂ ਦੇ ਨਾਲ ਦੋਵਾਂ ਸੰਸਥਾਨਾਂ ਦੇ ਸਬੰਧਤ ਮੈਂਬਰਾਂ ’ਤੇ ਲਾਗੂ ਹੋਵੇਗੀ। ਇਸ ਸਹਿਮਤੀ ਪੱਤਰ ਵਿੱਚ ਪਰਿਭਾਸ਼ਾ, ਸਿੱਖਿਆ ਪ੍ਰਾਪਤੀ (learning) ਵਿੱਚ ਸਹਿਯੋਗ ਅਤੇ ਪ੍ਰਵੇਸ਼ ਪੱਧਰ ਦੇ ਚਾਰਟਰਡ ਅਕਾਊਂਟੈਂਟ ਦੀ ਪੇਸ਼ੇਵਰ ਗੁਣਵੱਤਾ, ਕੌਸ਼ਲ ਤੇ ਦਕਸ਼ਤਾ ਦਾ ਮੁਲਾਂਕਣ ਸ਼ਾਮਲ ਹੈ।
ਪ੍ਰਭਾਵ:
ਇਸ ਦਾ ਉਦੇਸ਼ ਆਈਸੀਏਆਈ ਦੇ ਮੈਂਬਰਾਂ, ਵਿਦਿਆਰਥੀਆਂ ਤੇ ਸੰਸਥਾਨਾਂ ਦੇ ਵਿਆਪਕ ਹਿਤ ਵਿੱਚ ਦੋ ਤਰਫੇ ਲਾਭਕਾਰੀ ਸਬੰਧ ਵਿਕਸਿਤ ਕਰਨਾ ਹੈ। ਇਹ ਸਹਿਮਤੀ ਪੱਤਰ ਆਈਸੀਏਆਈ ਦੇ ਮੈਂਬਰਾਂ ਨੂੰ ਉਨ੍ਹਾਂ ਦਾ ਪੇਸ਼ੇਵਰ ਦਾਇਰਾ ਵਧਾਉਣ ਦੇ ਲਈ ਮੌਕੇ ਮੁਹੱਈਆ ਕਰਵਾਏਗਾ। ਨਾਲ ਹੀ, ਆਈਸੀਏਆਈ ਸਥਾਨਕ ਦੇਸ਼ਾਂ (local nations) ਦੇ ਬ੍ਰਾਂਡ ਨਿਰਮਾਣ ਨੂੰ ਮਜ਼ਬੂਤੀ ਦੇਣ ਵਾਲੇ ਸੰਸਥਾਨ ਵਜੋਂ ਉੱਭਰੇਗਾ। ਇਹ ਸਹਿਮਤੀ ਪੱਤਰ ਆਈਸੀਏਆਈ ਅਤੇ ਸੀਪੀਏ ਕਨੇਡਾ ਦਰਮਿਆਨ ਇੱਕ ਮਜ਼ਬੂਤ ਕਾਰਜ ਸਬੰਧ ਸਥਾਪਤ ਕਰੇਗਾ।
ਲਾਭਾਰਥੀ:
ਇਹ ਸਹਿਮਤੀ ਪੱਤਰ ਵੱਧ ਤੋਂ ਵੱਧ ਯੁਵਾ ਭਾਰਤੀ ਚਾਰਟਰਡ ਅਕਾਊਂਟੈਂਟਾਂ ਨੂੰ ਸੀਪੀਏ ਕਨੇਡਾ ਤੋਂ ਪੇਸ਼ੇਵਰ ਅਹੁਦੇ (professional designation ) ਦੀ ਮਾਨਤਾ ਹਾਸਲ ਕਰਨ ਵਿੱਚ ਮਦਦ ਕਰੇਗਾ ਅਤੇ ਉਨ੍ਹਾਂ ਨੂੰ ਕਨੇਡਾ ਵਿੱਚ ਪੇਸ਼ੇਵਰ ਮੌਕੇ ਤਲਾਸ਼ਣ ਵਿੱਚ ਮਦਦ ਕਰੇਗਾ। ਕਈ ਭਾਰਤੀ ਚਾਰਟਰਡ ਅਕਾਊਂਟੈਂਟ ਕਨੇਡਾ ਦੀਆਂ ਕੰਪਨੀਆਂ ਵਿੱਚ ਉੱਚੇ ਪਦਾਂ ’ਤੇ ਕਾਰਜ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਸੀਪੀਏ ਕਨੇਡਾ ਤੋਂ ਮਾਨਤਾ ਪ੍ਰਾਪਤ ਹੈ। ਕਨੇਡਾ ਦੇ ਉਦਯੋਗ ਜਗਤ ਨੂੰ ਭਾਰਤੀ ਪ੍ਰਤਿਭਾ ਤੇ ਹੁਨਰ ਵਿੱਚ ਭਰੋਸਾ ਹੈ ਅਤੇ ਉੱਥੋਂ ਦੀਆਂ ਕੰਪਨੀਆਂ ਉਨ੍ਹਾਂ ਨੂੰ ਨਿਯੁਕਤ ਕਰਨ ਲਈ ਅੱਗੇ ਆ ਰਹੀਆਂ ਹਨ।
ਲਾਗੂਕਰਨ ਨੀਤੀ ਤੇ ਟੀਚੇ:
ਇਹ ਸਹਿਮਤੀ ਪੱਤਰ ਉਨ੍ਹਾਂ ਮੈਂਬਰਾ ’ਤੇ ਲਾਗੂ ਹੋਵੇਗਾ ਜਿਨ੍ਹਾਂ ਨੇ ਆਈਸੀਏਆਈ ਜਾਂ ਕਨੇਡੀਅਨ ਪ੍ਰੋਵਿੰਸ਼ੀਅਲ ਸੀਪੀਏ ਸੰਸਥਾਨਾਂ ਤੋਂ ਜ਼ਰੂਰੀ ਪੜ੍ਹਾਈ, ਪਰੀਖਿਆ ਤੇ ਪ੍ਰਯੋਗਾਤਮਕ ਅਨੁਭਵ ਪ੍ਰਾਪਤ ਕਰਦੇ ਹੋਏ ਆਈਸੀਏਆਈ ਜਾਂ ਕਨੇਡੀਅਨ ਪ੍ਰੋਵਿੰਸ਼ੀਅਲ ਸੀਪੀਏ ਸੰਸਥਾਨਾਂ ਵਿੱਚ ਮੈਂਬਰਸ਼ਿਪ ਹਾਸਲ ਕੀਤੀ ਹੈ। ਇਹ ਸਹਿਮਤੀ ਪੱਤਰ ਉਨ੍ਹਾਂ ਵਿਅਕਤੀਆਂ ’ਤੇ ਆਪਣੇ ਆਪ ਹੀ (automatically) ਲਾਗੂ ਨਹੀਂ ਹੁੰਦਾ ਜਿਨ੍ਹਾਂ ਨੇ ਕਿਸੇ ਤੀਜੇ ਪੱਖ ਦੇ ਹੋਰ ਸਮਝੌਤੇ ਤਹਿਤ ਆਈਸੀਏਆਈ ਜਾਂ ਕਨੈਡੀਅਨ ਪ੍ਰੋਵਿੰਸ਼ੀਅਲ ਸੀਪੀਏ ਸੰਸਥਾਨਾਂ ਦੀ ਮੈਂਬਰਸ਼ਿਪ ਹਾਸਲ ਕੀਤੀ ਹੈ।
************
AKT/SH