Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ਸਹਿਕਾਰੀ ਬੈਂਕਾਂ ਤੋਂ ਥੋੜ੍ਹ-ਚਿਰੇ ਫ਼ਸਲੀ ਕਰਜ਼ੇ ਲੈਣ ਵਾਲੇ ਕਿਸਾਨਾਂ ਲਈ ਸਾਲ 2016 ਦੇ ਦੋ ਮਹੀਨਿਆਂ ਨਵੰਬਰ ਤੇ ਦਸੰਬਰ ਵਾਸਤੇ ਵਿਆਜ ਤੋਂ ਮੁਆਫ਼ੀ ਅਤੇ ਨਾਬਾਰਡ ਵੱਲੋਂ ਸਹਿਕਾਰੀ ਬੈਂਕਾਂ ਨੂੰ ਵਾਧੂ ਰੀਫ਼ਾਈਨਾਂਸ ਉੱਤੇ ਨੈਸ਼ਨਲ ਬੈਂਕ ਫ਼ਾਰ ਐਗ੍ਰੀਕਲਚਰਲ ਐਂਡ ਰੂਰਲ ਡਿਵੈਲਪਮੈਂਟ (ਨਾਬਾਰਡ) ਨੂੰ ਵਿਆਜ ਸਹਾਇਤਾ ਦੇਣ ਨੂੰ ਮਨਜ਼ੂਰੀ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਸਹਿਕਾਰੀ ਬੈਂਕਾਂ ਤੋਂ ਥੋੜ੍ਹ-ਚਿਰੇ ਕਰਜ਼ੇ ਲੈਣ ਵਾਲੇ ਕਿਸਾਨਾਂ ਲਈ ਸਾਲ 2016 ਦੇ ਦੋ ਮਹੀਨਿਆਂ ਨਵੰਬਰ ਤੇ ਦਸੰਬਰ ਵਾਸਤੇ ਵਿਆਜ ਤੋਂ ਮੁਆਫ਼ੀ ਨੂੰ ਪਿਛਲੀ ਤਾਰੀਖ਼ ਤੋਂ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਫ਼ੈਸਲੇ ਵਿੱਚ ਨਾਬਾਰਡ ਵੱਲੋਂ ਸਹਿਕਾਰੀ ਬੈਂਕਾਂ ਨੂੰ ਵਧੀਕ ਰੀਫ਼ਾਈਨਾਂਸ ਉੱਤੇ ਨੈਸ਼ਨਲ ਬੈਂਕ ਫ਼ਾਰ ਐਗ੍ਰੀਕਲਚਰਲ ਐਂਡ ਰੂਰਲ ਡਿਵੈਲਪਮੈਂਟ (ਨਾਬਾਰਡ) ਨੂੰ ਵਿਆਜ ਸਹਾਇਤਾ ਦਿੱਤੇ ਜਾਣ ਦੀ ਵੀ ਵਿਵਸਥਾ ਹੈ।

ਸਮੁੱਚੇ ਭਾਰਤ ਦੇ ਜਿਹੜੇ ਕਿਸਾਨ ਸਹਿਕਾਰੀ ਬੈਂਕਾਂ ਤੋਂ ਥੋੜ੍ਹ-ਚਿਰੇ ਕਰਜ਼ਿਆਂ ਦਾ ਲਾਭ ਉਠਾਉਂਦੇ ਹਨ, ਉਨ੍ਹਾਂ ਨੂੰ ਇਸ ਤੋਂ ਫ਼ਾਇਦਾ ਪੁੱਜੇਗਾ।

ਇਸ ਫ਼ੈਸਲੇ ਦਾ ਉਦੇਸ਼ ਸਹਿਕਾਰੀ ਬੈਂਕਾਂ ਕੋਲ ਵਸੀਲਿਆਂ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣਾ ਹੈ, ਤਾਂ ਜੋ ਕਿਸਾਨ ਸਹਿਕਾਰੀ ਬੈਂਕਾਂ ਤੋਂ ਫ਼ਸਲੀ ਕਰਜ਼ੇ ਅਸਾਨੀ ਨਾਲ ਲੈ ਸਕਣ ਅਤੇ ਹਾੜ੍ਹੀ ਦੀ ਫ਼ਸਲ ਬੀਜਦੇ ਸਮੇਂ ਨਕਦੀ ਦੀ ਉਪਲੱਬਧਤਾ ਵਿੱਚ ਪੈਦਾ ਹੋਈ ਕਮੀ ਕਾਰਨ ਪੇਸ਼ ਆਈਆਂ ਔਕੜਾਂ ਦੂਰ ਹੋ ਸਕਣ।

ਸਾਲ 2016 ਦੇ ਦੋ ਮਹੀਨਿਆਂ ਨਵੰਬਰ ਅਤੇ ਦਸੰਬਰ ਲਈ ਵਿਆਜ-ਮੁਆਫ਼ੀ ਹਿਤ ਸਹਿਕਾਰੀ ਬੈਂਕਾਂ ਨੂੰ ਰੀਫ਼ਾਈਨਾਂਸ ਵਾਸਤੇ ਨਾਬਾਰਡ ਰਾਹੀਂ ਸਹਿਕਾਰੀ ਬੈਂਕਾਂ ਨੂੰ ਵਾਧੂ ਸਰੋਤ ਮੁਹੱਈਆ ਕਰਵਾਏ ਜਾਣੇ ਹਨ। ਸਹਿਕਾਰੀ ਬੈਂਕ ਕਿਸਾਨਾਂ ਨੂੰ ਇਹ ਸਹੂਲਤ ਚਾਲੂ ਵਿੱਤੀ ਵਰ੍ਹੇ 2016-17 ਦੌਰਾਨ ਕਿਸਾਨਾਂ ਨੂੰ ਦੇਣਗੇ। ਇਸ ਉਦੇਸ਼ ਲਈ 1060.50 ਕਰੋੜ ਰੁਪਏ ਦੀ ਵਧੀਕ ਵਿੱਤੀ ਦੇਣਦਾਰੀ ਦੀ ਜ਼ਰੂਰਤ ਹੋਵੇਗੀ। ਵਿਆਜ ਸਹਾਇਤਾ ਯੋਜਨਾ ਲਾਗੂ ਕਰਨ ਲਈ ਸਾਲ 2016-17 ਦੌਰਾਨ ਰੱਖੀ 15,000 ਕਰੋੜ ਰੁਪਏ ਦੀ ਰਕਮ ਦਾ ਉਪਯੋਗ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ।

 

ਪਿਛੋਕੜ:

ੳ) ਭਾਰਤ ਸਰਕਾਰ ਸਾਲ 2006-07 ਤੋਂ ਵਿਆਜ ਸਹਾਇਤਾ ਯੋਜਨਾ ਲਾਗੂ ਕਰਦੀ ਆ ਰਹੀ ਹੈ, ਜਿਸ ਅਧੀਨ ਜਨਤਕ ਖੇਤਰ ਦੇ ਬੈਂਕਾਂ, ਖੇਤਰੀ ਗ੍ਰਾਮੀਣ ਬੈਂਕਾਂ ਅਤੇ ਸਹਿਕਾਰੀ ਬੈਂਕਾਂ ਵੱਲੋਂ ਵਿਆਜ ਦੀ 7 %ਦਰ ਉੱਤੇ ਕਿਸਾਨਾਂ ਨੂੰ 3 ਲੱਖ ਰੁਪਏ ਤੱਕ ਦੇ ਥੋੜ੍ਹ-ਚਿਰੇ ਕਰਜ਼ੇ ਮੁਹੱਈਆ ਕਰਵਾਏ ਜਾਂਦੇ ਹਨ। ਕਰਜ਼ੇ ਦੇ ਫੌਰੀ ਮੁੜ-ਭੁਗਤਾਨ ਉੱਤੇ 3 ਲੱਖ ਰੁਪਏ ਤੱਕ ਦੇ ਥੋੜ੍ਹ-ਚਿਰੇ ਫ਼ਸਲੀ ਕਰਜ਼ੇ ਵਾਸਤੇ ਕਿਸਾਨਾਂ ਨੂੰ 3 %ਵਿਆਜ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਇਸ ਤਰ੍ਹਾਂ ਕਿਸਾਨਾਂ ਨੂੰ ਵਰਣਿਤ ਫ਼ਸਲੀ ਕਰਜ਼ੇ ਲਈ ਕੇਵਲ 4 %ਵਿਆਜ ਹੀ ਅਦਾ ਕਰਨਾ ਪੈਂਦਾ ਹੈ।

ਅ) 500 ਰੁਪਏ ਅਤੇ 1,000 ਰੁਪਏ ਦੇ ਪੁਰਾਣੇ ਨੋਟ ਬੰਦ ਹੋਣ ਕਾਰਨ ਕਿਸਾਨਾਂ ਨੁੰ ਮੰਡੀਆਂ ਵਿੱਚ ਆਪਣੀ ਸਾਉਣੀ ਦੀ ਫ਼ਸਲ ਵੇਚਣ ‘ਤੇ ਮਿਲੇ ਚੈੱਕਾਂ ਨੂੰ ਨਕਦੀ ਵਿੱਚ ਵਟਾਉਣ ‘ਚ ਕਿਸਾਨਾਂ ਨੂੰ ਕੁਝ ਔਕੜਾਂ ਪੇਸ਼ ਆਈਆਂ ਸਨ; ਅਤੇ ਨਕਦੀ ਦੀ ਉਪਲੱਬਧਤਾ ਵਿੱਚ ਕਮੀ ਕਾਰਨ ਸਹਿਕਾਰੀ ਬੈਂਕਾਂ ਉੱਤੇ ਲਾਈਆਂ ਪਾਬੰਦੀਆਂ ਦੇ ਮੱਦੇਨਜ਼ਰ ਹਾੜ੍ਹੀ ਦੀ ਫ਼ਸਲ ਬੀਜਣ ਦੀ ਪ੍ਰਕਿਰਿਆ, ਥੋੜ੍ਹ-ਚਿਰੇ ਕਰਜ਼ਿਆਂ ਦੇ ਵਿਆਜ ਦੀ ਸਰਵਿਸਿੰਗ ਵਿੱਚ ਪਏ ਵਿਘਨਾਂ ਕਰ ਕੇ ਅਜਿਹੇ ਕਿਸਾਨਾਂ ਨੂੰ ਸਾਲ 2016 ਦੇ ਦੋ ਮਹੀਨਿਆਂ ਨਵੰਬਰ ਤੇ ਦਸੰਬਰ ਲਈ ਵਿਆਜ ਤੋਂ ਛੋਟ ਦਿੱਤੀ ਜਾ ਰਹੀ ਹੈ, ਜਿਨ੍ਹਾਂ ਨੂੰ 1 ਅਪ੍ਰੈਲ, 2016 ਤੋਂ ਲੈ ਕੇ 30 ਸਤੰਬਰ, 2016 ਤੱਕ ਦੇ ਸਮੇਂ ਵਿਚਕਾਰ ਫ਼ਸਲੀ ਕਰਜ਼ਾ ਦਿੱਤਾ ਗਿਆ ਸੀ।

ੲ) (1) ਜਿਹੜੇ ਕਿਸਾਨਾਂ ਨੂੰ 1 ਅਪ੍ਰੈਲ, 2016 ਤੋਂ ਲੈ ਕੇ 30 ਸਤੰਬਰ, 2016 ਤੱਕ ਦੇ ਸਮੇਂ ਵਿਚਕਾਰ ਫ਼ਸਲੀ ਕਰਜ਼ਾ ਦਿੱਤਾ ਗਿਆ ਸੀ, ਉਨ੍ਹਾਂ ਨੂੰ ਦੋ ਮਹੀਨਿਆਂ (ਨਵੰਬਰ ਤੇ ਦਸੰਬਰ 2016) ਲਈ ਵਿਆਜ ਮੁਆਫ਼ੀ ਦੀ ਲਾਗਤ ਅਤੇ (2) ਚਾਲੂ ਵਿੱਤੀ ਸਾਲ ਵਿੱਚ ਸਹਿਕਾਰੀ ਬੈਂਕਾਂ ਨੂੰ ਕਰਜ਼ਾ ਦੇਣ ਲਈ 20,000 ਕਰੋੜ ਰੁਪਏ ਦੀਆਂ ਥੋੜ੍ਹ-ਚਿਰੀਆਂ ਉਧਾਰੀਆਂ ਦੇਣ ਵਾਸਤੇ ਨਾਬਾਰਡ ਨੂੰ ਵਿਆਜ ਸਹਾਇਤਾ ਤੇ ਪ੍ਰਸ਼ਾਸਕੀ ਲਾਗਤ ਦੇਣ ਲਈ; 1060.50 ਕਰੋੜ ਰੁਪਏ ਦੇ ਵਧੀਕ ਵਿੱਤੀ ਸਰੋਤ ਦੀ ਵਿਵਸਥਾ ਕੀਤੀ ਗਈ ਹੈ।

 

AKT/VB/SH