ਪੀਐੱਮਇੰਡੀਆ
ਤ੍ਰਿਪੁਰਾ ਦੇ ਰਾਜਪਾਲ ਸ਼੍ਰੀ ਤਥਾਗਤ ਰਾਏ ਜੀ, ਹਰਿਆਣਾ ਦੇ ਰਾਜਪਾਲ ਪ੍ਰੋਫੈਸਰ ਕਪਤਾਨ ਸਿੰਘ ਸੋਲੰਕੀ ਜੀ, ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸ਼੍ਰੀ ਸੁਰੇਸ਼ ਪ੍ਰਭੂ ਜੀ, ਸਪਿੱਕ ਮੈਕੇ ਐਡਵਾਈਜ਼ਰੀ ਬੋਰਡ ਦੇ ਚੇਅਰਮੈਨ ਡਾਕਟਰ ਕਰਣ ਸਿੰਘ ਜੀ, ਚੇਅਰਮੈਨ ਸ਼੍ਰੀ ਅਰੁਣ ਸਹਾਏ ਜੀ, ਪ੍ਰੋਗਰਾਮ ਵਿੱਚ ਹਾਜ਼ਰ ਹੋਰ ਹਸਤੀਆਂ ਅਤੇ ਮੇਰੇ ਨੌਜਵਾਨ ਸਾਥੀਓ ।
ਸਪਿੱਕ ਮੈਕੇ ਦੀ ਸਥਾਪਨਾ ਦੀ ਪੰਜਵੀਂ ਵਰ੍ਹੇਗੰਢ ‘ਤੇ ਹੋ ਰਹੇ 5ਵੀਂ ਇੰਟਰਨੈਸ਼ਨਲ ਕਨਵੈਨਸ਼ਨ ‘ਤੇ ਆਪ ਸਭ ਨੂੰ ਬਹੁਤ-ਬਹੁਤ ਵਧਾਈ । ਇਸ ਸੰਸਥਾ ਨੇ ਸ਼ਾਸਤਰੀ ਸੰਗੀਤ, ਕਲਾ ਸਾਹਿਤ, ਲੋਕ ਸੱਭਿਆਚਾਰ ਦੇ ਮਾਧਿਅਮ ਨਾਲ ਭਾਰਤੀ ਵਿਰਾਸਤ ਨੂੰ ਸਹੇਜ ਕੇ ਰੱਖਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ । ਦੇਸ਼ ਦੇ ਲੱਖਾਂ ਨੌਜਵਾਨਾਂ ਨੂੰ ਦੇਸ਼ ਦੇ ਸੱਭਿਆਚਾਰ ਦੇ ਪ੍ਰਤੀ ਜਾਗਰੂਕ ਅਤੇ ਪ੍ਰੇਰਤ ਕੀਤਾ ਹੈ ।
ਮੈਂ ਪ੍ਰੋ: ਕਿਰਨ ਸੇਠ ਜੀ ਦਾ ਇਸ ਆਯੋਜਨ ਲਈ ਖਾਸ ਕਰਕੇ ਅਭਿਨੰਦਨ ਕਰਦਾ ਹਾਂ । ਪ੍ਰੋਫੈਸਰ ਕਿਰਨ ਸੇਠ ਪਿਛਲੇ 40 ਸਾਲਾਂ ਤੋਂ ਇਸ ਸੱਭਿਆਚਾਰਕ ਅੰਦੋਲਨ ਨੂੰ ਇੱਕ ਕੁਸ਼ਲ ਅਗਵਾਈ ਦੇ ਰਹੇ ਹਨ । ਉਹ ਇੱਕ ਅਜਿਹੇ ਸਾਧਕ ਹਨ ਜਿਹਨਾਂ ਦੀ ਸਾਲਾਂ ਦੀ ਸਾਧਨਾ ਨੇ ਭਾਰਤੀ ਸੰਗੀਤ ਅਤੇ ਸੱਭਿਆਚਾਰ ਨੂੰ ਨੌਜਵਾਨਾਂ ਵਿੱਚ ਜੀਵੰਤ ਬਣਾਈ ਰੱਖਿਆ ਹੈ ।
ਸਾਥੀਓ, ਸੱਚੇ ਸਾਧਕ ਆਪਣੀ ਸੋਚ ਅਤੇ ਆਪਣੇ ਵਿਚਾਰਾਂ ਤੋਂ ਫਕੀਰ ਹੁੰਦੇ ਹਨ । ਮੋਹ-ਮਾਇਆ ਤੋਂ ਪਰ੍ਹੇ ਹੁੰਦੇ ਹਨ । ਮੈਂ ਇੱਕ ਕਿੱਸਾ ਪੜ੍ਹਿਆ ਸੀ ਜਦ ਸੰਗੀਤ ਦੇ ਇੱਕ ਸਾਧਕ ਕੋਲੋਂ ਸਾਬਕਾ ਰਾਸ਼ਟਰਪਤੀ ਡਾਕਟਰ ਰਾਜੇਂਦਰ ਪ੍ਰਸਾਦ ਨੇ ਪੁੱਛਿਆ ਕਿ ਉਹ ਸਰਕਾਰ ਕੋਲੋਂ ਕੀ ਸਹਿਯੋਗ ਚਾਹੁੰਦੇ ਹਨ । ਉਸ ਸਾਧਕ ਨੇ ਇੱਕ ਵਿਸ਼ੇਸ਼ ਰਾਗ ਦਾ ਨਾਂਅ ਲੈਂਦੇ ਹੋਏ ਕਿਹਾ ਕਿ ਕਈ ਕਲਾਕਾਰ ਉਸ ਨੂੰ ਅਨੁਸ਼ਾਸਨ ਨਾਲ ਨਹੀਂ ਗਾਉਂਦੇ, ਉਸ ਨਾਲ ਖਿਲਵਾੜ ਕਰਦੇ ਹਨ, ਕੀ ਸਰਕਾਰ ਉਸ ਨੂੰ ਰੋਕ ਸਕਦੀ ਹੈ । ਇਹ ਉੱਤਰ ਸੁਣ ਕੇ ਡਾਕਟਰ ਰਾਜੇਂਦਰ ਪ੍ਰਸਾਦ ਨੇ ਮੁਸਕਰਾਉਂਦੇ ਹੋਏ ਸਿਰ ਝੁਕਾ ਦਿੱਤਾ ।
ਸੰਗੀਤ ਦੇ ਖੇਤਰ ਵਿੱਚ ਸ਼ਾਸਨ ਨਹੀਂ ਕੇਵਲ ਅਨੁਸ਼ਾਸਨ ਚਲਦਾ ਹੈ । ਪਿਛਲੇ 40 ਸਾਲਾਂ ਵਿੱਚ ਤੁਹਾਡੀ ਸੋਸਾਇਟੀ ਨੇ ਜਿਸ ਅਨੁਸ਼ਾਸਨ ਨਾਲ single minded focus ਦੇ ਨਾਲ ਦੇਸ਼ ਦੇ ਕੋਨੇ-ਕੋਨੇ ਵਿੱਚ, ਸਕੂਲਾਂ ਅਤੇ ਕਾਲਜਾਂ ਵਿੱਚ ਜਾ ਕੇ, ਪਿੰਡਾਂ ਅਤੇ ਸ਼ਹਿਰਾਂ ਵਿੱਚ ਵਿਦਿਆਰਥੀਆਂ ਨੂੰ ਇਸ ਪ੍ਰੋਗਰਾਮ ਨਾਲ ਜੋੜਿਆ ਹੈ, ਬਹੁਤ ਘੱਟ ਫੀਸ ਉੱਪਰ ਕਲਾਕਾਰਾਂ ਨੂੰ ਆਪਣੇ ਨਾਲ ਕੰਮ ਕਰਨ ਲਈ ਤਿਆਰ ਕੀਤਾ ਹੈ, ਸਾਧਨ ਜੁਟਾਏ ਹਨ, ਸੰਸਾਧਨ ਜੁਟਾਏ ਹਨ, ਉਹਨਾਂ ਦੀ ਕੋਈ ਤੁਲਨਾ ਨਹੀਂ ਹੈ ।
ਇਸ ਸੰਸਥਾ ਨੇ ਆਪਣੇ ਸਮਰਥਕਾਂ ਦੇ ਮਾਧਿਅਮ ਨਾਲ ਇੱਕ ਐਸੇ ਪਰਿਵਾਰ ਦਾ ਸਿਰਜਣ ਕੀਤਾ ਹੈ ਜਿਸ ਨੇ ਭਾਰਤੀ ਸੱਭਿਆਚਾਰ ਨੂੰ ਭੂਗੋਲਿਕ ਸੀਮਾਵਾਂ ਦੇ ਘੇਰੇ ਚੋਂ ਬਾਹਰ ਕੱਢ ਕੇ ਦੁਨੀਆ ਨੂੰ ਜਾਗਰੂਕ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ ।
ਅੱਜ ਇੰਟਰਨੈਸ਼ਨਲ ਕਨਵੈਂਨਸ਼ਨ ਦੇ ਇਸ ਅਵਸਰ ‘ਤੇ ਮੈਂ ਆਪ ਸਭ ਦੇ ਨਾਲ ਉਹਨਾਂ ਮਹਾਨ ਕਲਾਕਾਰਾਂ ਨੂੰ ਵੀ ਸ਼ੁਭ-ਕਾਮਨਾਵਾਂ ਦਿੰਦਾ ਹਾਂ ਜੋ ਪਿਛਲੇ 40 ਸਾਲਾਂ ਤੋਂ ਇਸ ਨੂੰ ਸਪੋਰਟ ਕਰਦੇ ਆਏ ਹਨ । ਉਹਨਾਂ ਸਾਰੇ ਵਿਅਕਤੀਆਂ ਅਤੇ ਸੰਗਠਨਾਂ ਨੂੰ ਵੀ ਵਧਾਈ ਦੇਣੀ ਚਾਹੁੰਦਾ ਹਾਂ ਜਿਹਨਾਂ ਨੇ ਲੰਮੇ ਸਮੇਂ ਤੋਂ ਇਸ ਸੱਭਿਆਚਾਰਕ ਅੰਦੋਲਨ ਦਾ ਸਮਰਥਨ ਕੀਤਾ ਹੈ ।
ਇਸ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਦੇਸ਼-ਵਿਦੇਸ਼ ਦੇ ਵਿਦਿਆਰਥੀ ਬਹੁਤ ਭਾਗਸ਼ਾਲੀ ਹਨ ਕਿ ਉਹਨਾਂ ਨੂੰ ਭਾਰਤ ਦੇ ਸਭ ਤੋਂ ਜ਼ਿਆਦਾ ਪ੍ਰਤਿਸ਼ਠਤ ਕਲਾਕਾਰਾਂ ਦੇ ਇੱਕ ਨਹੀਂ ਬਲਕਿ ਬਹੁਤ ਸਾਰੇ concerts ਨੂੰ ਅਟੈੰਡ ਕਰਨ ਦਾ ਸੁਅਵਸਰ ਮਿਲਿਆ ਹੈ । ਇਹਨਾਂ concerts ਵਿੱਚ ਤੁਸੀਂ ਦੇਸ਼ ਦੀ ਸੱਭਿਆਚਾਰਕ ਵਿਵਧਤਾ, ਉਸ ਦੀ ਸ਼ਾਨ, ਸੁੰਦਰਤਾ, ਅਨੁਸ਼ਾਸਨ, ਨਿਮਰਤਾ, ਸੁਹਿਰਦਤਾ ਨੂੰ ਮਹਿਸੂਸ ਕਰੋ । ਇਹ ਸਾਡੇ ਮਹਾਨ ਦੇਸ਼ ਦੇ ਪ੍ਰਤੀਕ ਹਨ, ਸਾਡੀ ਭਾਰਤ ਮਾਤਾ ਦੇ ਪ੍ਰਤੀਕ ਹਨ ।
ਸਾਥੀਓ, ਸਾਡੇ ਦੇਸ਼ ਦੀ ਮਿੱਟੀ ਚੋਂ ਨਿਕਲਿਆ ਸੰਗੀਤ, ਇੱਥੋਂ ਦੀ ਪ੍ਰਕਿਰਤੀ ਚੋਂ ਜਨਮਿਆ ਸੰਗੀਤ ਕੇਵਲ ਸੁਣਨ ਦਾ ਆਨੰਦ ਹੀ ਨਹੀਂ ਦਿੰਦਾ ਬਲਕਿ ਦਿਲ ਅਤੇ ਦਿਮਾਗ ਤੱਕ ਪਹੁੰਚਦਾ ਹੈ । ਭਾਰਤੀ ਸੰਗੀਤ ਦਾ ਪ੍ਰਭਾਵ ਵਿਅਕਤੀ ਦੀ ਸੋਚ ਤੇ, ਉਸ ਦੇ ਮਨ ਤੇ ਅਤੇ ਉਸ ਦੀ ਮਾਨਸਿਕਤਾ ‘ਤੇ ਵੀ ਪੈਂਦਾ ਹੈ ।
ਜਦ ਅਸੀਂ ਸ਼ਾਸਤਰੀ ਸੰਗੀਤ ਸੁਣਦੇ ਹਾਂ, ਚਾਹੇ ਸ਼ੈਲੀ ਕੋਈ ਵੀ ਹੋਵੇ, ਸਥਾਨ ਕੋਈ ਵੀ ਹੋਵੇ, ਅਸੀਂ ਚਾਹੇ ਇਸ ਨੂੰ ਸਮਝ ਵੀ ਨਾ ਪਾਈਏ ਫਿਰ ਵੀ ਅਗਰ ਕੁ਼ਝ ਸਮੇਂ ਤੱਕ ਇਸ ਨੂੰ ਧਿਆਨ ਨਾਲ ਸੁਣਦੇ ਹਾਂ ਤਾਂ ਅਸੀਮ ਸ਼ਾਂਤੀ ਦਾ ਅਨੁਭਵ ਹੁੰਦਾ ਹੈ । ਸਾਡੀ ਤਾਂ ਪਰੰਪਰਕ ਜੀਵਨ ਸ਼ੈਲੀ ਵਿੱਚ ਵੀ ਸੰਗੀਤ ਕੁੱਟ-ਕੁੱਟ ਦੇ ਭਰਿਆ ਹੋਇਆ ਹੈ । ਵਿਸ਼ਵ ਲਈ ਸੰਗੀਤ ਇੱਕ ਕਲਾ ਹੈ, ਕਈ ਲੋਕਾਂ ਲਈ ਸੰਗੀਤ ਆਜੀਵਕਾ ਦਾ ਸਾਧਨ ਹੈ ਪਰੰਤੂ ਭਾਰਤ ਵਿੱਚ ਸੰਗੀਤ ਇੱਕ ਸਾਧਨਾ ਹੈ, ਜੀਵਨ ਜੀਣ ਦਾ ਤਰੀਕਾ ਹੈ ।
Majesty, Magic ਅਤੇ Mystic – ਇਹ ਭਾਰਤੀ ਸੰਗੀਤ ਦੀ ਤ੍ਰਿਗੁਣ ਸੰਪਦਾ ਹੈ । ਹਿਮਾਲਿਆ ਦੀ ਉਚਾਈ, ਮਾਂ ਗੰਗਾ ਦੀ ਗਹਿਰਾਈ, ਅਜੰਤਾ-ਅਲੋਰਾ ਦੀ ਸੁੰਦਰਤਾ, ਬ੍ਰਹਮਪੁੱਤਰ ਦੀ ਵਿਸ਼ਾਲਤਾ, ਸਾਗਰ ਦੀਆਂ ਲਹਿਰਾਂ ਜਿਹੀ ਚਾਲ ਅਤੇ ਭਾਰਤੀ ਸਮਾਜ ਵਿੱਚ ਰਚੀ-ਵਸੀ ਅਧਿਆਤਮਕਤਾ ਇਹਨਾਂ ਸਾਰਿਆਂ ਦਾ ਮਿਲਿਆ ਜੁਲਿਆ ਪ੍ਰਤੀਕ ਬਣ ਜਾਂਦਾ ਹੈ । ਇਸ ਲਈ ਸੰਗੀਤ ਦੀ ਸ਼ਕਤੀ ਨੂੰ ਸਮਝਣ ਅਤੇ ਸਮਝਾਉਣ ਵਿੱਚ ਲੋਕ ਆਪਣੀ ਜ਼ਿੰਦਗੀ ਖਪਾ ਦਿੰਦੇ ਹਨ ।
ਭਾਰਤੀ ਸੰਗੀਤ, ਚਾਹੇ ਉਹ ਲੋਕ ਸੰਗੀਤ ਹੋਵੇ, ਸ਼ਾਸਤਰੀ ਸੰਗੀਤ ਹੋਵੇ ਜਾਂ ਫਿਰ ਫਿਲਮੀ ਸੰਗੀਤ ਹੀ ਕਿਉਂ ਨਾ ਹੋਵੇ, ਉਸ ਨੇ ਹਮੇਸ਼ਾਂ ਦੇਸ਼ ਅਤੇ ਸਮਾਜ ਨੂੰ ਜੋੜਨ ਦਾ ਕੰਮ ਕੀਤਾ ਹੈ । ਧਰਮ-ਪੰਥ-ਜਾਤੀ ਦੀਆਂ ਸਮਾਜਕ ਦੀਵਾਰਾਂ ਨੂੰ ਤੋੜ ਕੇ ਸਾਰਿਆਂ ਨੂੰ ਇੱਕ ਸੁਰ ਵਿੱਚ, ਇੱਕ ਜੁੱਟ ਹੋ ਕੇ ਇੱਕ ਸਾਥ ਰਹਿਣ ਦਾ ਸੰਦੇਸ਼ ਸੰਗੀਤ ਨੇ ਦਿੱਤਾ ਹੈ । ਉੱਤਰ ਦਾ ਹਿੰਦੁਸਤਾਨੀ ਸੰਗੀਤ, ਦੱਖਣ ਦਾ ਕਰਨਾਟਕ ਸੰਗੀਤ, ਬੰਗਾਲ ਦਾ ਰਵੀਂਦਰ ਸੰਗੀਤ, ਅਸਾਮ ਦਾ ਜੋਤੀ ਸੰਗੀਤ, ਜੰਮੂ-ਕਸ਼ਮੀਰ ਦਾ ਸੂਫੀ ਸੰਗੀਤ, ਇਹਨਾਂ ਸਾਰਿਆਂ ਦੀ ਨੀਂਹ ਹੈ ਸਾਡੀ ਗੰਗਾ-ਜਮਨਾ ਸਭਿਅਤਾ ।
ਜਦ ਕੋਈ ਵਿਦੇਸ਼ੀ ਭਾਰਤੀ ਸੰਗੀਤ ਅਤੇ ਸਹਿਤ-ਕਲਾ ਨੁੰ ਸਮਝਣ, ਸਿੱਖਣ ਆਉਂਦਾ ਹੈ ਤਾਂ ਇਹ ਜਾਣ ਕੇ ਹੈਰਾਨ ਰਹਿ ਜਾਂਦਾ ਹੈ ਕਿ ਸਾਡੇ ਏਥੇ ਪੈਰ, ਹੱਥ, ਸਿਰ ਅਤੇ ਸਰੀਰ ਦੀਆਂ ਮੁਦਰਾਵਾਂ ਤੇ ਅਧਾਰਤ, ਕਿੰਨੀਆਂ ਹੀ ਨਰਿਤ ਸ਼ੈਲੀਆਂ ਹਨ । ਇਹ ਨਰਿਤ-ਸ਼ੈਲੀਆਂ ਵੀ ਅਲਗ ਅਲਗ ਕਾਲ-ਖੰਡ ਵਿੱਚ ਅਲੱਗ ਅਲੱਗ ਖੇਤਰਾਂ ਵਿੱਚ ਵਿਕਸਤ ਹੋਈਆਂ ਹਨ ਅਤੇ ਉਹਨਾਂ ਦੀ ਆਪਣੀ ਪਹਿਚਾਣ ਹੈ ।
ਵਿਸ਼ੇਸ਼ ਗੱਲ ਹੈ ਕਿ ਇੱਥੋਂ ਦਾ ਲੋਕ ਸੰਗੀਤ, ਜਨ-ਜਾਤੀਆਂ ਨੇ ਆਪਣੀ ਨਿਰੰਤਰ ਸਾਧਨਾ ਨਾਲ ਵਿਕਸਤ ਕੀਤਾ ਹੈ । ਲੋਕ ਗਾਇਕਾਂ, ਨਰਤਕਾਂ ਨੇ ਸਥਾਨਕ ਲੋਕਾਂ ਦੀਆਂ ਗੱਲਾਂ ਦਾ ਉਪਯੋਗ ਕਰਦੇ ਹੋਏ ਆਪਣੀ ਸ਼ੈਲੀ ਦਾ ਨਿਰਮਾਣ ਕੀਤਾ ਹੈ । ਇਸ ਸ਼ੈਲੀ ਵਿੱਚ ਨਰਿਤ ਕਰਨ ਲਈ ਸਿਖਲਾਈ ਦੀ ਜ਼ਰੂਰਤ ਨਹੀਂ ਸੀ ਅਤੇ ਇਸ ਵਿੱਚ ਸਧਾਰਨ ਜਨਤਾ ਵੀ ਸ਼ਾਮਲ ਹੋ ਸਕਦੀ ਸੀ ।
ਤੁਹਾਡੇ ਵਿੱਚੋਂ ਜ਼ਿਆਦਾਤਰ ਲੋਕ ਸਾਡੀ ਸੱਭਿਆਚਾਰ ਦੀਆਂ ਇਹਨਾ ਬਰੀਕੀਆਂ ਨੂੰ ਅਤੇ ਉਸ ਦੇ ਵਿਸਥਾਰ ਨੂੰ ਸਮਝਦੇ ਹਨ । ਲੇਕਿਨ ਅੱਜ ਦੀ ਨੌਜਵਾਨ ਪੀੜ੍ਹੀ ਵਿੱਚ ਜ਼ਿਆਦਾ ਲੋਕਾਂ ਨੂੰ ਇਸ ਬਾਰੇ ਗਿਆਨ ਨਹੀਂ ਹੈ । ਏਸੇ ਉਦਾਸੀਨਤਾ ਦੀ ਵਜ੍ਹਾ ਕਰਕੇ ਬਹੁਤ ਸਾਰੇ ਵਾਦਯ ਯੰਤਰ ਅਤੇ ਸੰਗੀਤ ਦੀਆਂ ਵਿਧਾਵਾਂ ਲੁਪਤ ਹੋਣ ਦੇ ਕਗਾਰ ਤੇ ਹਨ । ਬੱਚਿਆਂ ਨ੍ਵੁੰ ਗਿਟਾਰ ਦੇ ਅਲੱਗ ਅਲੱਗ ਸਰੂਪ ਤਾਂ ਪਤਾ ਹੈ ਪਰ ਸਰੋਦ ਅਤੇ ਸਾਰੰਗੀ ਦਾ ਫਰਕ ਘੱਟ ਹੀ ਪਤਾ ਹੁੰਦਾ ਹੈ । ਇਹ ਸਥਿਤੀ ਠੀਕ ਨਹੀਂ ਹੈ ।
ਭਾਰਤ ਦਾ ਸੰਗੀਤ, ਇਹ ਵਿਰਾਸਤ, ਇਸ ਦੇਸ਼ ਲਈ, ਸਾਡੇ ਸਾਰਿਆਂ ਲਈ ਇੱਕ ਅਸ਼ੀਰਵਾਦ ਦੀ ਤਰ੍ਹਾਂ ਹੈ । ਇੱਕ ਵੱਡੀ ਸੱਭਿਆਚਾਰਕ ਵਿਰਾਸਤ ਹੈ । ਉਸ ਦੀ ਆਪਣੀ ਸ਼ਕਤੀ ਹੈ, ਊਰਜਾ ਹੈ । ਸਾਡੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ ਕਿ ‘ਰਾਸ਼ਟਰਯਾਮ ਜਾਗਰਯਾਮ ਵਯਮ’ : eternal vigilance is the price of liberty, ਸਾਨੂੰ ਹਰ ਪਲ ਸਜਗ ਰਹਿਣਾ ਚਾਹੀਦਾ ਹੈ । ਸਾਨੂੰ ਆਪਣੀ ਵਿਰਾਸਤ ਲਈ ਹਰ ਪਲ ਕੰਮ ਕਰਨਾ ਚਾਹੀਦਾ ਹੈ ।
ਅਸੀਂ ਆਪਣੀ ਵਿਰਾਸਤ ਦੇ ਪ੍ਰਤੀ ਲਾਪਰਵਾਹ ਬਣ ਕੇ ਨਹੀਂ ਰਹਿ ਸਕਦੇ । ਸਾਡੀ ਸੱਭਿਆਚਾਰ, ਸਾਡੀ ਕਲਾ, ਸਾਡਾ ਸੰਗੀਤ, ਸਾਡਾ ਸਾਹਿਤ, ਸਾਡੀਆਂ ਵੱਖ-ਵੱਖ ਭਾਸ਼ਾਵਾਂ, ਸਾਡੀ ਪ੍ਰਕਿਰਤੀ, ਸਾਡੀ ਅਨਮੋਲ ਵਿਰਾਸਤ ਹੈ । ਕੋਈ ਵੀ ਦੇਸ਼ ਆਪਣੀ ਵਿਰਾਸਤ ਨੂੰ ਭੁਲਾ ਕੇ ਅੱਗੇ ਨਹੀਂ ਵਧ ਸਕਿਆ ਹੈ । ਸਾਡਾ ਸਾਰਿਆਂ ਦਾ ਕਰਤੱਵ ਹੈ ਕਿ ਇਸ ਵਿਰਾਸਤ ਨੂੰ ਸੰਭਾਲਣ ਦਾ, ਇਸ ਨੂੰ ਹੋਰ ਸਸ਼ਕਤ ਕਰਨ ਦਾ ।
ਸਾਥੀਓ, ਅੱਜ ਵਿਸ਼ਵ ਵਾਤਾਵਰਣ ਦਿਵਸ ਵੀ ਹੈ ਅਤੇ ਸਾਡਾ ਸੰਗੀਤ, ਸਾਡੀ ਕਲਾ ਸਾਨੂੰ ਆਪਣੀ ਪ੍ਰਕਿਰਤੀ ਨੂੰ ਬਚਾਉਣ ਦਾ ਨਿਰੰਤਰ ਸੰਦੇਸ਼ ਦੇਂਦੀ ਹੈ ।
ਇਸ ਸਮੇਂ ਪੂਰੀ ਦੁਨੀਆ ਵਿੱਚ climate change ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ । ਆਉਣ ਵਾਲੀਆਂ ਪੀੜ੍ਹੀਆਂ ਦੇ ਲਈ, ਭਵਿੱਖ ਦੇ ਲਈ ਸਾਨੂੰ ਵਾਤਾਵਰਣ ਨੂੰ ਬਚਾਉਣਾ ਹੀ ਹੋਵੇਗਾ । ਪਿਛਲੇ ਤਿੰਨ ਸਾਲਾਂ ਵਿੱਚ ਵਾਤਾਵਰਣ ਬਚਾਉਣ ਲਈ ਭਾਰਤ ਨੇ ਜੋ ਕਦਮ ਉਠਾਏ ਹਨ ਅੱਜ ਉਹਨਾਂ ਦੀ ਪੂਰੀ ਦੁਨੀਆ ਵਿੱਚ ਚਰਚਾ ਹੋ ਰਹੀ ਹੈ । ਦੁਨੀਆ ਭਾਰਤ ਵੱਲ ਵੇਖ ਰਹੀ ਹੈ ਅਤੇ ਇਸ ਲਈ ਬਹੁਤ ਜ਼ਰੂਰੀ ਹੈ ਕਿ ਦੇਸ਼ ਦੇ ਨੌਜਵਾਨਾਂ ਨੂੰ ਵਾਤਾਵਰਣ ਸੰਰਖਣ ਦੇ ਪ੍ਰਤੀ, ਆਪਣੀ ਵਿਰਾਸਤ ਨੂੰ ਬਚਾਉਣ ਲਈ ਜਾਗਰੂਕ ਕੀਤਾ ਜਾਵੇ ।
ਆਪ ਇੱਕ ਸਾਲ ਵਿੱਚ ਸੱਤ ਤੋ ਅੱਠ ਹਜ਼ਾਰ ਪ੍ਰੋਗਰਾਮ ਕਰਦੇ ਹੋ, ਦੇਸ਼ ਦੇ ਸੈਂਕੜੇ ਸ਼ਹਿਰਾਂ-ਪਿੰਡਾਂ-ਕਸਬਿਆਂ ਵਿੱਚ ਲੱਖਾਂ ਲੋਕਾਂ ਨਾਲ ਅਤੇ ਵਿਸ਼ੇਸ਼ ਕਰਕੇ ਨੌਜਵਾਨਾਂ ਨਾਲ ਸਿੱਧਾ ਸੰਵਾਦ ਕਰਦੇ ਹੋ । ਅਗਰ ਤੁਸੀਂ ਆਪਣੇ ਪ੍ਰੋਗਰਾਮਾਂ ਵਿੱਚ ਵਾਤਾਵਰਣ ਪ੍ਰਤੀ ਜਾਗਰੁਕਤਾ ਨੂੰ ਅਹਿਮੀਅਤ ਦਿਉਗੇ ਤਾਂ ਇਹ ਵੀ ਮਾਨਵਤਾ ਦੀ ਵੱਡੀ ਸੇਵਾ ਹੋਵੇਗੀ ।
ਆਪ ਸਭ ‘ਏਕ ਭਾਰਤ ਸ੍ਰੇਸ਼ਠ ਭਾਰਤ’ ਅਭਿਆਨ ਨੂੰ ਮਜ਼ਬੂਤ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹੋ । ਏਕ ਭਾਰਤ-ਸ੍ਰੇਸ਼ਠ ਭਾਰਤ ਅਭਿਆਨ ਦੇਸ਼ ਦੀ ਸੰਸਕ੍ਰਿਤਕ ਵਿਵਧਤਾ ਨੂੰ ਮਜ਼ਬੂਤ ਕਰਨ, ਦੇਸ਼ ਦੇ ਨਾਗਰਕਾਂ ਨੂੰ ਆਪਣੇ ਦੇਸ਼ ਦੀ ਧਰਤੀ ਤੇ ਮੌਜੂਦ ਅਲੱਗ-ਅਲੱਗ ਪ੍ਰੰਪਰਾਵਾਂ, ਭਾਸ਼ਾਵਾਂ, ਖਾਣ-ਪੀਣ ਦੇ ਤਰੀਕੇ, ਰਹਿਣ-ਸਹਿਣ ਨਾਲ ਪਰੀਚਤ ਕਰਾਉਣ ਦਾ ਪ੍ਰਯਤਨ ਹੈ ।
ਇਸ ਦੇ ਤਹਿਤ ਦੋ ਅਲੱਗ-ਅਲੱਗ ਰਾਜਾਂ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਉਹਨਾਂ ਵਿੱਚ ਪੇਅਰਿੰਗ ਕਰਾਈ ਜਾ ਰਹੀ ਹੈ । ਪੇਅਰਿੰਗ ਦੇ ਬਾਅਦ ਇੱਕ ਰਾਜ ਦੇ ਲੋਕਾਂ ਨੂੰ ਦੂਸਰੇ ਰਾਜ ਦੇ ਬਾਰੇ ਵਿੱਚ ਜਾਗਰੁਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਦੂਸਰੇ ਰਾਜ ਦੀ ਪਰਿਭਾਸ਼ਾ ਤੇ ਅਧਾਰਤ ਕਵਿਜ਼ ਕੰਪੀਟੀਸ਼ਨ, ਡਾਂਸ ਕੰਪੀਟੀਸ਼ਨ, ਖਾਣ-ਪੀਣ ਦੀ ਪ੍ਰਤੀਯੋਗਤਾ ਜੇਹੇ ਅਯੋਜਨ ਕੀਤੇ ਜਾ ਰਹੇ ਹਨ ।
ਆਪ ਜਿਹੀ ਸੰਸਥਾ ਆਪਣੇ ਪੱਧਰ ‘ਤੇ ਵੀ ਇਸ ਕੜੀ ਨੂੰ ਅੱਗੇ ਵਧਾ ਸਕਦੀ ਹੈ । ਤੁਸੀਂ ਵੱਖ-ਵੱਖ ਰਾਜਾਂ ਦੇ ਜਿਹੜੇ ਸਕੂਲਾਂ ਵਿੱਚ ਜਾਂਦੇ ਹੋ, ਉਹਨਾਂ ਨੂੰ ਆਪਸ ਵਿੱਚ ਪੇਅਰਿੰਗ ਕਰਨ ਲਈ ਪ੍ਰੇਰਤ ਕਰ ਸਕਦੇ ਹੋ, ਸਕੂਲ ਪ੍ਰਬੰਧਨ ਵਿੱਚ ਸੰਵਾਦ ਸਥਾਪਤ ਕਰ ਸਕਦੇ ਹੋ ।
ਪਿਛਲੇ 40 ਸਾਲਾਂ ਵਿੱਚ ਤੁਸੀਂ ਨੌਜਵਾਨ ਸ਼ਕਤੀ ਨੂੰ ਇੱਕ ਦਿਸ਼ਾ ਦੇਣ ਦਾ ਪ੍ਰਯਤਨ ਕਰ ਰਹੇ ਹੋ । ਹੁਣ ਤਾਂ ਸਾਡਾ ਦੇਸ਼ ਦੁਨੀਆ ਦਾ ਸਭ ਤੋਂ ਜਵਾਨ ਦੇਸ਼ ਹੈ । ਨੌਜਵਾਨ ਊਰਜਾ ਅਤੇ ਜਵਾਨੀ ਦੇ ਜੋਸ਼ ਨਾਲ ਭਰਿਆ ਪਿਆ ਹੈ । ਇਸ ਊਰਜਾ ਨੂੰ ਰਾਸ਼ਟਰ ਦੇ ਨਿਰਮਾਣ ਦੇ ਕੰਮਾਂ ਵਿੱਚ ਲਾਉਣ ਲਈ ਤੁਹਾਡੇ ਜਿਹੇ ਸੰਸਥਾਨ ਬਹੁਤ ਕੁਝ ਕਰ ਸਕਦੇ ਹਨ । ਇਤਿਹਾਸ ਗਵਾਹ ਹੈ ਕਿ ਜਿਸ ਦੇਸ਼ ਵਿੱਚ ਨੌਜਵਾਨ ਸ਼ਕਤੀ ਸੰਗਠਤ ਹੋ ਕੇ ਰਾਸ਼ਟਰ ਨਿਰਮਾਣ ਵਿੱਚ ਜੁੱਟ ਗਈ, ਉਹ ਦੇਸ਼ ਵਿਕਾਸ ਦੀਆਂ ਨਵੀਆਂ ਉਚਾਈਆਂ ਤੇ ਪਹੁੰਚਿਆ ਹੈ ।
ਸਾਥੀਓ, 2022 ਵਿੱਚ ਸਾਡਾ ਦੇਸ਼ ਆਪਣੀ ਸੁਤੰਤਰਤਾ ਦੇ 75ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰ ਰਿਹਾ ਹੋਵੇਗਾ । ਉਸ ਸਮੇਂ ਤੱਕ ਅਸੀਂ ਦੇਸ਼ ਨੁੰ ਬਹੁਤ ਸਾਰੀਆਂ ਕੁਰੀਤੀਆਂ ਚੋਂ, ਬਹੁਤ ਸਾਰੀਆਂ ਕਮਜ਼ੋਰੀਆਂ ਚੋਂ ਬਾਹਰ ਕੱਢ ਕੇ ਅੱਗੇ ਲੈ ਜਾਣਾ ਹੈ, ਨਿਊ ਇੰਡੀਆ ਬਣਾਉਣਾ ਹੈ । ਨਿਊ ਇੰਡੀਆ ਦਾ ਇਹ ਸੰਕਲਪ ਦੇਸ਼ ਦੇ ਹਰ ਵਿਅਕਤੀ, ਹਰ ਸਰਕਾਰ, ਹਰ ਘਰ, ਹਰ ਸੰਸਥਾ, ਹਰ ਸੰਗਠਨ, ਹਰ ਸ਼ਹਿਰ-ਪਿੰਡ-ਮੁਹੱਲੇ ਦਾ ਸੰਕਲਪ ਹੈ । ਇਸ ਸੰਕਲਪ ਨੁੰ ਪੂਰਾ ਕਰਨ ਲਈ ਸਾਨੂੰ ਸਭ ਨੂੰ ਮਿਲ ਕੇ ਕੰਮ ਕਰਨਾ ਹੋਏਗਾ ।
ਆਪ ਜੀ ਨੂੰ ਮੇਰੀ ਅਪੀਲ ਹੈ ਕਿ ਆਪ ਵੀ ਸਾਲ 2022 ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਲਈ ਕੁਝ ਲਕਸ਼ ਅਵੱਸ਼ ਤੈਅ ਕਰੋ ।
ਸਾਥੀਓ, ਪਰੰਪਰਾ ਦਾ ‘ਵਰਤਮਾਨ’ ਨਾਲ ਸੰਵਾਦ ਹੀ ਸਭਿਅਤਾਵਾਂ ਨੂੰ ਜ਼ਿੰਦਾ ਰੱਖਦਾ ਹੈ ‘ਸਪਿੱਕ ਮੈਕੇ’ ਵਰਤਮਾਨ ਵੀ ਹੈ ਅਤੇ ਸੰਵਾਦ ਵੀ । ਤੁਹਾਡਾ ਹਰ ਪ੍ਰਤੀਨਿਧੀ ਦੇਸ਼ ਦੀ ਸੱਭਿਆਚਾਰ ਅਤੇ ਸਭਿਅਤਾ ਦਾ ਧਵੱਜ ਵਾਹਕ ਹੈ । ਇਹ ਧਵੱਜ ਇਸ ਤਰ੍ਹਾਂ ਹੀ ਲਹਿਰਾਂਉਂਦਾ ਰਹੇ, ਤੁਸੀਂ ਨਿੱਤ ਨਵੀਂ ਊਰਜਾ ਨਾਲ ਸਰਾਭੋਰ ਰਹੋ, ਏਸੇ ਸ਼ੁਭਕਾਮਨਾ ਦੇ ਨਾਲ ਮੈਂ ਆਪਣੀ ਗੱਲ ਨੂੰ ਵਿਰਾਮ ਦਿੰਦਾ ਹਾਂ । ਇਸ ਆਯੋਜਨ ਲਈ ਸਾਰਿਆਂ ਨੂੰ ਇੱਕ ਵਾਰੀ ਫਿਰ ਬਹੁਤ ਬਹੁਤ ਵਧਾਈ ।
ਧੰਨਵਾਦ
AKT/SH