Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

22ਵੇਂ ਰਾਸ਼ਟਰੀ ਯੁਵਕ ਮੇਲੇ, 2018 ਦੇ ਉਦਘਾਟਨ ਸਮਾਰੋਹ ਮੌਕੇ ਪ੍ਰਧਾਨ ਮੰਤਰੀ ਵਲੋਂ ਦਿੱਤੇ ਭਾਸ਼ਣ ਦਾ ਮੂਲ ਪਾਠ (ਵੀਡੀਓ ਕਾਨਫਰੰਸਿੰਗ ਰਾਹੀਂ)

22ਵੇਂ ਰਾਸ਼ਟਰੀ ਯੁਵਕ ਮੇਲੇ, 2018 ਦੇ ਉਦਘਾਟਨ ਸਮਾਰੋਹ ਮੌਕੇ ਪ੍ਰਧਾਨ ਮੰਤਰੀ ਵਲੋਂ ਦਿੱਤੇ ਭਾਸ਼ਣ ਦਾ ਮੂਲ ਪਾਠ (ਵੀਡੀਓ ਕਾਨਫਰੰਸਿੰਗ ਰਾਹੀਂ)

22ਵੇਂ ਰਾਸ਼ਟਰੀ ਯੁਵਕ ਮੇਲੇ, 2018 ਦੇ ਉਦਘਾਟਨ ਸਮਾਰੋਹ ਮੌਕੇ ਪ੍ਰਧਾਨ ਮੰਤਰੀ ਵਲੋਂ ਦਿੱਤੇ ਭਾਸ਼ਣ ਦਾ ਮੂਲ ਪਾਠ (ਵੀਡੀਓ ਕਾਨਫਰੰਸਿੰਗ ਰਾਹੀਂ)


 

 ਸਭ ਤੋਂ ਪਹਿਲਾਂ ਮੈਂ ਦੇਸ਼ ਵਾਸੀਆਂ ਨੂੰ ਸਾਡੇ ਵਿਗਿਆਨੀਆਂ ਦੀ ਇਕ ਹੋਰ ਵੱਡੀ ਪ੍ਰਾਪਤੀ ਉੱਤੇ ਵਧਾਈ ਦੇਣੀ ਚਾਹੁੰਦਾ ਹਾਂ। ਹੁਣ ਤੋਂ ਕੁਝ ਦੇਰ ਪਹਿਲਾਂ ਇਸਰੋ ਨੇ  PSLV-C40   ਨੂੰ ਸਫ਼ਲਤਾ ਨਾਲ ਪੁਲਾੜ ਵਿਚ ਭੇਜਿਆ ਹੈ। 

PSLV ਤੋਂ ਕਾਰਟੋਸੈੱਟ-2 ਸੀਰੀਜ਼ ਦੇ ਸੈਟੇਲਾਈਟ ਸਮੇਤ ਕੁੱਲ 31 ਸੈਟੇਲਾਈਟਾਂ ਨੂੰ ਪੁਲਾੜ ਵਿੱਚ ਸਥਾਪਿਤ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 28 ਸੈਟੇਲਾਈਟ ਦੂਜੇ ਦੇਸ਼ਾਂ ਦੇ ਹਨ। ਅੱਜ ਇਸਰੋ ਨੇ ਇਕ ਹੋਰ ਰਿਕਾਰਡ ਬਣਾਇਆ ਹੈ। ਅੱਜ ਇਸਰੋ ਨੇ ਸੈਟੇਲਾਈਟ ਦਾਗਣ ਵਿੱਚ ਸੈਂਚਰੀ ਵੀ ਬਣਾਈ ਹੈ। 

ਇਸਰੋ ਦੀ ਅੱਜ ਦੀ ਸਫ਼ਲਤਾ ਨਾਲ ਦੇਸ਼ ਦੇ ਕਿਸਾਨਾਂ, ਮਛੇਰਿਆਂ, ਵਿਗਿਆਨੀਆਂ ਨੂੰ ਜ਼ਮੀਨੀ ਜਾਣਕਾਰੀ ਮਿਲਣ ਵਿੱਚ ਮਦਦ ਮਿਲੇਗੀ। ਇਹ ਕਾਮਯਾਬੀ ਨਿਊ ਇੰਡੀਆ ਦਾ ਰਾਹ ਹੋਰ ਪੱਧਰਾ ਕਰੇਗੀ। ਹਮੇਸ਼ਾ ਦੇਸ਼ ਦਾ ਮਾਣ ਵਧਾਉਣ ਵਾਲੇ ਅਤੇ ਦੇਸ਼ ਦੀ ਆਰਥਿਕ ਪ੍ਰਗਤੀ ਵਿੱਚ ਯੋਗਦਾਨ ਦੇਣ ਵਾਲੇ ਇਸਰੋ ਦੇ ਵਿਗਿਆਨੀਆਂ ਨੂੰ ਮੈਂ ਇੱਕ ਵਾਰੀ ਫਿਰ ਆਪਣੀਆਂ ਸ਼ੁਭ ਕਾਮਨਾਵਾਂ ਦਿੰਦਾ ਹਾਂ। 

ਨਵੇਂ ਸਾਲ ਵਿੱਚ ਵਿਵੇਕਾਨੰਦ ਜਯੰਤੀ ਉੱਤੇ, ਰਾਸ਼ਟਰੀ ਯੁਵਾ ਦਿਵਸ ਉੱਤੇ ਸਾਡੇ ਵਿਗਿਆਨੀਆਂ ਨੇ ਦੇਸ਼ ਨੂੰ ਇੱਕ ਅਨਮੋਲ ਤੋਹਫ਼ਾ ਦਿੱਤਾ ਹੈ। 

ਸਾਥੀਓ, ਮੇਰਾ ਮਨ ਸੀ ਕਿ ਤੁਹਾਡੇ ਲੋਕਾਂ ਨਾਲ ਆਹਮੋ-ਸਾਹਮਣੇ ਗੱਲ ਕਰਦਾ, ਇਹ ਜੋ ਮਿੰਨੀ ਭਾਰਤ ਇਸ ਵੇਲੇ ਗ੍ਰੇਟਰ ਨੋਇਡਾ ਵਿੱਚ ਜੁੱਟਿਆ ਹੋਇਆ ਹੈ, ਇੱਕ ਭਾਰਤ ਸ੍ਰੇਸ਼ਟ ਭਾਰਤ ਦਾ ਸਾਖਿਆਤ ਦਰਸ਼ਨ ਕਰਦਾ, ਪਰ ਕੁਝ ਰੁਝੇਵੇਂ ਸਨ ਇਸ ਲਈ ਤੁਹਾਡੇ ਲੋਕਾਂ ਨਾਲ ਟੈਕਨੋਲੋਜੀ ਦੇ ਜ਼ਰੀਏ ਜੁੜ ਰਿਹਾ ਹਾਂ। 

ਮੇਰਾ ਯਤਨ ਰਹਿੰਦਾ ਹੈ ਕਿ ਜਦੋਂ ਇਸ ਤਰ੍ਹਾਂ ਦੇ ਪ੍ਰੋਗਰਾਮ ਵਿੱਚ ਮੈਂ ਆਪ ਨਹੀਂ ਪਹੁੰਚ ਸਕਦਾ ਤਾਂ ਉਥੇ ਕੀ ਕੀ ਹੋਇਆ, ਕੀ ਚਰਚਾ ਹੋਈ, ਕੀ ਨਤੀਜਾ ਨਿਕਲਿਆ, ਇਸ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕਰਦਾ ਹਾਂ। ਤੁਸੀਂ ਲੋਕ ਵੀ ਇੱਥੇ ਜੋ ਚਰਚਾ ਕਰੋਗੇ ਉਸ ਦੀ ਪੂਰੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗਾ। 

ਸਾਥੀਓ, ਅੱਜ ਤੋਂ ਹੀ ਰਾਸ਼ਟਰੀ ਯੁਵਾ ਮੇਲੇ ਦੀ ਸ਼ੁਰੂਆਤ ਹੋ ਰਹੀ ਹੈ। ਮੈਂ   National Youth Award   ਹਾਸਲ ਕਰਨ ਵਾਲੇ ਵਿਦਿਆਰਥੀਆਂ ਅਤੇ ਸੰਸਥਾਵਾਂ ਦੀ ਪ੍ਰਸ਼ੰਸਾ ਕਰਦਾ ਹਾਂ, ਉਨ੍ਹਾਂ ਨੂੰ ਵਧਾਈ ਦਿੰਦਾ ਹਾਂ। ਮੈਨੂੰ ਦੱਸਿਆ ਗਿਆ ਹੈ ਕਿ ਅਗਲੇ ਚਾਰ ਦਿਨਾਂ ਵਿੱਚ ਇਥੇ ਬਹੁਤ ਸਾਰੇ ਪ੍ਰੋਗਰਾਮ ਹੋਣਗੇ,  National Youth Parliament  ਦਾ ਵੀ ਆਯੋਜਨ ਕੀਤਾ ਜਾਵੇਗਾ। ਮੈਂ ਇਸ ਵਾਰੀ  ”ਮਨ ਕੀ ਬਾਤ” ਕਰਦੇ ਹੋਏ ਵੀ ਦੇਸ਼ ਦੇ ਹਰ ਜ਼ਿਲ੍ਹੇ ਵਿੱਚ  Mock Parliament  ਦੇ ਆਯੋਜਨ ਦਾ ਵਿਚਾਰ ਰੱਖਿਆ ਸੀ। ਇਹ ਉਸੇ ਵਿਚਾਰ ਦੀ ਇਕ ਲੜੀ ਵਾਂਗ ਹੈ। 

ਨਿਊ ਇੰਡੀਆ ਦੇ ਵਿਸ਼ਿਆਂ ਉੱਤੇ ਵਿਚਾਰ ਕਰਨ ਦਾ ਸੰਕਲਪ ਲੈਣ ਦਾ ਇਹ ਬਿਹਤਰੀਨ ਮੌਕਾ ਹੈ। ਇਹ 22ਵਾਂ ਮਹਾਂਉਤਸਵ ਹੈ ਅਤੇ ਮੈਂ ਚਾਹਾਂਗਾ ਕਿ ਜਦੋਂ ਤੁਸੀਂ ਲੋਕ ਚਰਚਾ ਕਰੋ ਤਾਂ ਇਸ ਬਾਰੇ ਵੀ ਚਰਚਾ ਹੋਵੇ ਕਿ ਜਦੋਂ 25ਵਾਂ ਯੁਵਾ ਮੇਲਾ ਮਨਾਇਆ ਜਾਵੇਗਾ ਤਾਂ ਉਸ ਦਾ ਸਰੂਪ ਕੀ ਹੋਵੇਗਾ, ਉਸ ਦੇ ਕੀ ਸੰਕਲਪ ਹੋਣਗੇ? ਅਸੀਂ ਰੋਡਮੈਪ ਬਣਾਕੇ ਕਿੱਥੇ ਪਹੁੰਚਾਂਗੇ? 

ਇਸੇ ਤਰ੍ਹਾਂ ਜਦੋਂ ਦੇਸ਼ 2022 ਵਿੱਚ ਆਜ਼ਾਦੀ ਦੇ 75 ਸਾਲ ਦਾ ਜਸ਼ਨ ਮਨਾਵੇਗਾ, ਉਸ ਸਾਲ ਯੁਵਾ ਮੇਲਾ ਕਿਸ ਰੂਪ ਵਿੱਚ ਮਨਾਇਆ ਜਾਵੇਗਾ, ਇਸ ਬਾਰੇ ਵਿੱਚ ਵੀ ਤੁਸੀਂ ਚਰਚਾ ਕਰੋ। ਮੈਨੂੰ ਉਮੀਦ ਹੈ ਕਿ ਇਨ੍ਹਾਂ ਚਾਰ ਦਿਨਾਂ ਵਿੱਚ ਤੁਸੀਂ ਉਹ ਤਜਰਬੇ ਲੈ ਕੇ ਇਥੋਂ ਜਾਓਗੇ ਜੋ ਪੂਰਾ ਜੀਵਨ ਤੁਹਾਨੂੰ ਦਿਸ਼ਾ ਵਿਖਾਉਣਗੇ, ਤੁਹਾਡਾ ਮਾਰਗ ਦਰਸ਼ਨ ਕਰਨਗੇ।

 ਮੇਰੇ ਨੌਜਵਾਨ ਸਾਥੀਓ, ਇਸ ਵਾਰੀ ਮੇਲੇ ਦਾ  “Theme    ”ਸੰਕਲਪ ਸੇ ਸਿੱਧੀ” ਹੈ। ਪਿਛਲੇ ਛੇ-ਸੱਤ ਮਹੀਨਿਆਂ ਵਿੱਚ ਤੁਸੀਂ ਇਹ ਸ਼ਬਦ ਵਾਰ-ਵਾਰ ਸੁਣੇ ਹੋਣਗੇ, ਸੰਕਲਪ ਤੋਂ ਸਿੱਧੀ ਆਖਿਰ ਹੈ ਕੀ? ਮੋਬਾਈਲ ਦਾ ਕੋਈ  App  ਤਾਂ ਹੈ ਨਹੀਂ ਕਿ   Download   ਕੀਤਾ,    Install  ਕੀਤਾ ਅਤੇ ਚੱਲ ਪਿਆ। 

ਇਸ ਲਈ ਅੱਜ ਤੁਹਾਡੇ ਨਾਲ ਮੈਂ ਸੰਕਲਪ ਅਤੇ ਉਸ ਦੀ ਸਿੱਧੀ ਬਾਰੇ ਹੀ ਵਿਸਥਾਰ ਨਾਲ ਗੱਲਬਾਤ ਕਰਾਂਗਾ। 

ਆਖਿਰ ਸੰਕਲਪ ਕੀ ਹੈ? ਕੀ ਚੀਜ਼ ਸਿੱਧ ਕਰਨੀ ਹੈ? 

ਸਾਥੀਓ, 2022 ਵਿੱਚ ਸਾਡਾ ਦੇਸ਼ ਆਪਣੀ ਆਜ਼ਾਦੀ ਦੇ 75 ਸਾਲ ਪੂਰੇ ਕਰੇਗਾ। ਤੁਸੀਂ ਆਜ਼ਾਦੀ ਦੀ ਲੜਾਈ ਬਾਰੇ ਸਿਰਫ ਕਿਤਾਬਾਂ ਵਿੱਚ ਹੀ ਪੜ੍ਹਿਆ ਹੈ। ਮੈਂ ਆਪ ਵੀ ਆਜ਼ਾਦੀ ਦੇ ਅੰਦੋਲਨ ਬਾਰੇ ਸਿਰਫ ਸੁਣਿਆ ਹੀ ਹੈ, ਪੜ੍ਹਿਆ ਹੀ ਹੈ, ਇਸ ਲਈ ਉਮਰ ਦਾ ਫਰਕ ਭਾਵੇਂ ਹੋਵੇ ਪਰ ਇਸ ਮਾਮਲੇ ਵਿੱਚ ਤੁਸੀਂ ਅਤੇ ਮੈਂ ਵੱਖ ਨਹੀਂ ਹਾਂ। 

ਮੇਰੇ ਨੌਜਵਾਨ ਸਾਥੀਓ, ਅਸੀਂ ਆਜ਼ਾਦੀ ਦੀ ਜੰਗ ਵਿਚ ਹਿੱਸਾ ਨਹੀਂ ਲਿਆ, ਇਸ ਲਈ ਸਾਡੀ ਬੜੀ ਵੱਡੀ ਜ਼ਿੰਮੇਵਾਰੀ ਉਨ੍ਹਾਂ ਸੁਪਿਨਿਆਂ ਨੂੰ ਪੂਰਾ ਕਰਨ ਦੀ ਹੈ ਜੋ ਸੁਪਨੇ ਉਸ ਵੇਲੇ ਅਜ਼ਾਦੀ ਦੇ ਦੀਵਾਨਿਆਂ ਨੇ ਵੇਖੇ ਸਨ। 

ਜਦੋਂ ਜੇਲ ਵਿਚ ਬ੍ਰਿਟਿਸ਼ ਪੁਲਿਸ ਕੋੜੇ ਵਰਾਉਂਦੀ ਸੀ, ਤਾਂ ਉਸ ਵੇਲੇ ਹਨੇਰੀ ਕੋਠੜੀ ਵਿਚ ਸਭ ਕੁਝ ਬਰਦਾਸ਼ਤ ਕਰਦੇ ਹੋਏ , ਸਾਡੇ ਬਹਾਦੁਰ ਸੈਨਾਨੀ ਜਿਸ ਭਾਰਤ ਦਾ ਸੁਪਨਾ ਵੇਖਦੇ ਹੁੰਦੇ ਸਨ ਉਸ ਭਾਰਤ ਨੂੰ ਬਣਾਉਣ ਦੀ ਜ਼ਿੰਮੇਵਾਰੀ ਸਾਡੀ ਸਭ ਦੀ ਹੈ। ਜਦੋਂ ਅਸੀਂ ਉਸ ਕਲਪਨਾ ਨੂੰ,   ਉੁਸ ਸੁਪਨੇ ਨੂੰ ਜੀਵਾਂਗੇ ਤਾਂ ਉਨ੍ਹਾਂ ਦੇ ਸੁਪਨਿਆਂ ਦੇ ਭਾਰਤ ਲਈ ਸੰਕਲਪ ਵੀ ਲੈ ਸਕਾਂਗੇ। ਇਹ ਭਾਰਤ ਕਿਸ ਤਰ੍ਹਾਂ ਦਾ ਹੋਵੇਗਾ, ਨਿਊ ਇੰਡੀਆ ਕਿਵੇਂ ਦਾ ਹੋਵੇਗਾ? ਅੱਜ ਜਦੋਂ ਤੁਸੀਂ ਦਿਨ ਭਰ ਦੇ ਪ੍ਰੋਗਰਾਮਾਂ ਤੋਂ ਬਾਅਦ ਰਾਤ ਨੂੰ ਸੌਣ ਜਾਓ ਤਾਂ ਕੁਝ ਦੇਰ ਸੋਚਣਾ। 

ਸੋਚਣਾ ਕਿ ਤੁਹਾਡੇ  ਆਲੇ ਦੁਆਲੇ ਕੀ ਹੋ ਰਿਹਾ ਹੈ, ਜਿਸਨੂੰ  ਤੁਸੀਂ ਬਦਲਣਾ ਚਾਹੁੰਦੇ ਹੋ? 

ਅਜਿਹੀ ਕਿਹੜੀ ਵਿਵਸਥਾ ਹੈ ਜਿਸ ਬਾਰੇ ਤੁਸੀਂ ਹਮੇਸ਼ਾ ਸੋਚਦੇ ਹੋ ਕਿ ਇਹ ਠੀਕ ਨਹੀਂ ਹੈ , ਕਾਸ਼ ਇਹ ਸਥਿਤੀ ਬਦਲ ਜਾਵੇ। ਜਦੋਂ ਤੁਸੀਂ ਗੱਡੀ ਰਾਹੀਂ ਇਥੇ ਆ ਰਹੇ ਹੋਵੋਗੇ, ਸਕੂਲ ਵਿਚ, ਕਾਲਜ ਵਿਚ, ਘਰ ਵਿਚ , ਮੁਹੱਲੇ ਵਿਚ ਜਦੋਂ ਵੀ ਤੁਸੀਂ ਸੋਚਿਆ ਹੋਵੇ ਇਹ ਠੀਕ ਨਹੀਂ ਹੈ, ਇਹ ਤਾਂ ਬਦਲਿਆ ਜਾਣਾ ਚਾਹੀਦਾ ਹੈ,  ਉਸ ਗੱਲ ਨੂੰ ਲੈ ਕੇ ਅੱਜ ਫਿਰ ਤੋਂ ਸੋਚਣਾ। ਇਕ ਵਾਰੀ ਜੋ ਚੀਜ਼ਾਂ ਆ ਕੇ ਚਲੀਆਂ ਜਾਂਦੀਆਂ ਹਨ, ਉਨ੍ਹਾਂ ਗੱਲਾਂ ਨੂੰ ਦੁਬਾਰਾ ਸੋਚੋ, ਵਿਵੇਕਾਨੰਦ ਜੀ ਨੂੰ ਯਾਦ ਕਰੋ, ਮੈਂ ਵਿਸ਼ਵਾਸ ਨਾਲ ਕਹਿੰਦਾ ਹਾਂ ਕਿ ਜੋ ਚੀਜ਼ਾਂ ਤੁਸੀਂ ਮਹਿਸੂਸ ਕੀਤੀਆਂ ਹਨ, ਜਿਨ੍ਹਾਂ ਗੱਲਾਂ ਨਾਲ ਤੁਹਾਨੂੰ ਪੀੜ ਹੋਈ ਹੈ, ਜਿਨ੍ਹਾਂ ਨੂੰ ਬਦਲਣ ਲਈ ਤੁਹਾਡੇ ਮਨ ਅੰਦਰ ਇਕ ਵਿਸ਼ਵਾਸ ਪੈਦਾ ਹੋਇਆ ਹੈ, ਜੇ ਅੱਜ ਦੀ ਰਾਤ ਤੁਸੀਂ ਉਨ੍ਹਾਂ ਨਾਲ ਜੁੜ ਜਾਵੋਗੇ, ਤਾਂ ਉਹ ਹੀ ਇੱਛਾ ਇਕ ਸੰਕਲਪ ਬਣੇਗੀ। ਅੱਜ 12 ਜਨਵਰੀ ਦੀ ਰਾਤ ਨੂੰ ਉਹੋ ਗੱਲਾਂ, ਤੁਹਾਡੇ ਲਈ ਸੰਕਲਪ ਬਣਨਗੀਆਂ, ਤੁਹਾਡਾ ਸੰਕਲਪ ਬਣਨਗੀਆਂ, । ਸੰਕਲਪ ਕਿਸੇ ਨੂੰ ਦੱਸਣ ਲਈ ਨਹੀਂ , ਰੌਲਾ ਪਾਉਣ ਲਈ ਨਹੀਂ ਸਗੋਂ ਇਹ ਸੰਕਲਪ ਤੁਹਾਡੇ ਆਪਣੇ ਲਈ ਹੋਵੇਗਾ,  13 ਜਨਵਰੀ ਦੀ ਨਵੀਂ ਸਵੇਰ ਨਾਲ, ਨਵੇਂ ਸਿਰੇ ਤੋਂ ਕੰਮ ਕਰਨ ਲਈ ਹੋਵੇਗਾ। 

ਸਾਥੀਓ, ਤੁਸੀਂ ਇਸ ਵੇਲੇ ਜਿਸ ਯੂਨੀਵਰਸਿਟੀ ਦੇ ਕੰਪਲੈਕਸ ਵਿਚ ਹੋ , ਉਸ ਦਾ ਨਾਂ ਗੌਤਮ ਬੁੱਧ ਉੱਤੇ ਹੈ। ਤੁਸੀਂ ਜਿਸ ਸ਼ਹਿਰ ਵਿਚ ਹੋ -ਗ੍ਰੇਟਰ ਨੌਇਡਾ— ਉਸ ਦਾ ਨਾਂ ਵੀ ਗੌਤਮ ਬੁੱਧ ਨਗਰ ਹੈ। ਇਸ ਲਈ ਮੈਂ ਤੁਹਾਨੂੰ ਗੌਤਮ ਬੁੱਧ ਨਾਲ ਹੀ ਜੁੜਿਆ ਇਕ ਕਿੱਸਾ ਸੁਣਾਉਂਦਾ ਹਾਂ। ਛੋਟੀ ਜਿਹੀ ਘਟਨਾ ਹੈ, ਬਹੁਤ ਵੱਡੀ ਨਹੀਂ। 

ਇੱਕ ਵਾਰੀ ਭਗਵਾਨ ਬੁੱਧ ਤੋਂ ਉਨ੍ਹਾਂ ਦੇ ਇੱਕ ਚੇਲੇ ਨੇ ਪੁੱਛਿਆ ਕਿ ਕੀ ਤੁਹਾਡੇ ਤੋਂ ਸਿੱਖਿਆ ਲੈਣ ਵਾਲੇ ਹਰ ਚੇਲੇ ਨੂੰ ਨਿਰਵਾਣ ਹਾਸਲ ਹੋ ਜਾਵੇਗਾ? ਭਗਵਾਨ ਬੁੱਧ ਨੇ ਜਵਾਬ ਦਿੱਤਾ, ਨਹੀਂ, ਕੁਝ ਨੂੰ ਮਿਲੇਗਾ ਕੁਝ ਨੂੰ ਨਹੀਂ ਮਿਲੇਗਾ। ਚੇਲੇ ਨੇ ਪੁੱਛਿਆ, ਅਜਿਹਾ ਕਿਉਂ?  ਤਦ ਭਗਵਾਨ ਬੋਲੇ ਕਿ ਜੋ ਮੇਰੀਆਂ ਸਿੱਖਿਆਵਾਂ ਨੂੰ ਸਹੀ ਢੰਗ ਨਾਲ ਸਮਝ ਸਕਣਗੇ, ਉਨ੍ਹਾਂ ਨੂੰ ਹੀ ਨਿਰਵਾਣ ਮਿਲੇਗਾ ਬਾਕੀ ਭਟਕਦੇ ਰਹਿ ਜਾਣਗੇ। 

ਸਾਥੀਓ, ਇੱਕ ਹੀ ਗੁਰੂ ਤੋਂ ਤੁਹਾਨੂੰ ਇੱਕ ਹੀ ਸਿੱਖਿਆ ਮਿਲੇਗੀ, ਪਰ ਤੁਸੀਂ ਉਸ ਨੂੰ ਕਿਸ ਤਰ੍ਹਾਂ ਗ੍ਰਹਿਣ ਕਰਦੇ ਹੋ, ਤੁਸੀਂ ਖੁਦ ਵਿੱਚ ਕੀ ਸੰਕਲਪ ਲੈਂਦੇ ਹੋ, ਇਹ ਤੁਹਾਡੀ ਸਫਲਤਾ ਅਤੇ ਅਸਫਲਤਾ ਤੈਅ ਕਰਦਾ ਹੈ। 

ਵੇਖੋ, ਜਿਸ ਤਰ੍ਹਾਂ ਕੌਰਵ ਅਤੇ ਪਾਂਡਵ ਦੋਹਾਂ ਦੇ ਗੁਰੂ ਇੱਕ ਹੀ ਸਨ। ਦੋਹਾਂ ਨੂੰ ਇੱਕ ਹੀ ਤਰ੍ਹਾਂ ਦੀ ਸਿੱਖਿਆ ਮਿਲੀ ਪਰ ਉਨ੍ਹਾਂ ਦੀ ਸ਼ਖਸੀਅਤ ਅਤੇ ਕੰਮ ਕਿੰਨੇ ਵੱਖ ਵੱਖ ਸਨ। ਅਜਿਹਾ ਇਸ ਲਈ ਕਿਉਂ ਕਿ ਕੌਰਵਾਂ ਅਤੇ ਪਾਂਡਵਾਂ ਦੇ ਸੰਕਲਪ ਵੱਖ ਵੱਖ ਸਨ। ਜੀਵਨ ਦੇ ਰਾਹ ਵਿੱਚ ਤੁਹਾਨੂੰ ਵੀ ਸਿੱਖਿਆ ਦੇਣ ਵਾਲੇ ਬਹੁਤ ਸਾਰੇ ਲੋਕ ਮਿਲਣਗੇ ਪਰ ਸਿੱਖਿਆ ਗ੍ਰਹਿਣ ਕਰਕੇ ਕਿਸ ਰਾਹ ਤੇ ਚੱਲਣਾ ਹੈ, ਕਿਸ ਤਰ੍ਹਾਂ ਦਾ ਸੰਕਲਪ ਲੈਣਾ ਹੈ, ਇਹ ਤੁਹਾਨੂੰ ਹੀ ਤੈਅ ਕਰਨਾ ਪਵੇਗਾ। 

ਇਹੋ ਤਾਂ ਗੌਤਮ ਬੁੱਧ ਦੇ ‘ਅਪ ਦੀਪੋ ਭਵ’ ਦਾ ਵੀ ਸਾਰ ਹੈ। ਆਪਣਾ ਦੀਪਕ,  ਆਪਣਾ ਪ੍ਰਕਾਸ਼ ਆਪ ਬਣੋ, ਆਪਣੇ ਸੰਕਲਪ ਆਪ ਲਓ। ਕੋਈ ਤੁਹਾਨੂੰ ਸਹੁੰ ਚੁਕਾਉਣ ਲਈ ਨਹੀਂ ਆਵੇਗਾ, ਕੋਈ ਯਾਦ ਦਿਵਾਉਣ ਲਈ ਵੀ ਨਹੀਂ ਆਵੇਗਾ। ਜੋ ਕੁਝ ਵੀ ਕਰਨਾ ਹੈ, ਤੁਸੀਂ ਆਪ ਕਰਨਾ ਹੈ। 

ਭਰਾਵੋ ਅਤੇ ਭੈਣੋ, ਸਵਾਮੀ ਵਿਵੇਕਾਨੰਦ ਕਹਿੰਦੇ ਸਨ ਕਿ ”ਨੌਜਵਾਨ ਉਹ ਹੁੰਦਾ ਹੈ ਜੋ ਬੀਤੇ ਸਮੇਂ ਦੀ ਚਿੰਤਾ ਕੀਤੇ ਬਿਨਾਂ ਆਪਣੇ ਭਵਿੱਖ ਦੇ ਟੀਚਿਆਂ ਦੀ ਦਿਸ਼ਾ ਵਿੱਚ ਕੰਮ ਕਰਦਾ ਹੈ।” ਤੁਸੀਂ ਸਾਰੇ ਨੌਜਵਾਨ ਜੋ ਅੱਜ ਕੰਮ ਕਰਦੇ ਹੋ, ਉਹ ਹੀ ਦੇਸ਼ ਦੇ ਭਵਿੱਖ ਦੀ ਦਿਸ਼ਾ ਤੈਅ ਕਰਦੇ ਹਨ। ਇਸ ਲਈ ਤੁਸੀਂ ਅੱਜ ਜੋ ਸੰਕਲਪ ਲਓੁਗੇ, ਓਹੀ ਸਿੱਧ ਹੋ ਕੇ ਦੇਸ਼ ਨੂੰ ਵੀ ਸਿੱਧ ਕਰਨਗੇ। 

ਉੱਤਰ ਪ੍ਰਦੇਸ਼ ਦੇ ਹੀ ਇੱਕ ਮਸ਼ਹੂਰ ਗੀਤਕਾਰ ਹੋਏ ਸਨ, ਫਿਲਮਾਂ ਵਿੱਚ ਵੀ ਉਨ੍ਹਾਂ ਨੇ ਕਾਫੀ ਕੁਝ ਲਿਖਿਆ ਸੀ — ਸ਼੍ਰੀਮਾਨ ਮਜ਼ਰੂਹ ਸੁਲਤਾਨਪੁਰੀ। ਉਨ੍ਹਾਂ ਦਾ ਇੱਕ ਸ਼ੇਅਰ ਸੀ, ”ਮੈਂ ਅਕੇਲਾ ਹੀ ਚਲਾ ਥਾ, ਜਾਨਿਬ- ਏ -ਮੰਜ਼ਿਲ  ਮਗਰ, ਲੋਕ ਸਾਥ ਆਤੇ ਗਏ ਔਰ ਕਾਰਵਾਂ ਬਨਤਾ ਗਯਾ।” 

ਸਾਥੀਓ, ਹਰ ਵਿਅਕਤੀ ਨੂੰ ਕਦੇ ਨਾ ਕਦੇ ਇਕੱਲੇ ਹੀ ਸ਼ੁਰੂਆਤ ਕਰਨੀ ਪੈਂਦੀ ਹੈ। 

ਤੁਹਾਡੀ ਨੀਯਤ ਸਾਫ ਹੁੰਦੀ ਹੈ, ਇਰਾਦੇ ਸਪਸ਼ਟ ਹੁੰਦੇ ਹਨ, ਹੌਂਸਲੇ ਬੁਲੰਦ ਹੁੰਦੇ ਹਨ ਤਾਂ ਤੁਹਾਡੇ ਨਾਲ ਲੋਕ ਆਪ ਹੀ ਜੁੜਨ ਲੱਗ ਪੈਂਦੇ ਹਨ। ਮੇਰੀ ਅੱਜ ਤੁਹਾਡੇ ਤੋਂ ਇਹੋ ਆਸ ਹੈ ਕਿ ਪਹਿਲਾ ਕਦਮ ਚੁੱਕਣ ਤੋਂ ਪਹਿਲਾਂ ਕੁਝ ਸੰਕਲਪ ਕਰਕੇ ਨਵੀਂ ਸ਼ੁਰੂਆਤ ਕਰਨ ਤੋਂ ਪਹਿਲਾਂ ਘਬਰਾਓ ਨਾ, ਬੱਸ ਠਾਣ ਲਓ ਅਤੇ ਚੱਲ ਪਓ। 

ਤੁਹਾਡੀ ਯਾਤਰਾ ਵਿੱਚ ਸਰਕਾਰ  ਵੀ, ਪੂਰਾ ਹਿੰਦੁਸਤਾਨ ਵੀ ਹਰ ਤਰ੍ਹਾਂ ਨਾਲ ਤੁਹਾਡੇ ਨਾਲ ਖੜਾ ਹੈ। ਮੈਂ ਚਾਹੁੰਦਾ ਹਾਂ ਕਿ ਜੋ ਨੌਜਵਾਨ ਕੁਝ ਕਰ ਗੁਜ਼ਰਨਾ ਚਾਹੁੰਦੇ ਹਨ, ਆਪਣੇ ਦਮ ਉੱਤੇ, ਆਪਣੀ ਮਿਹਨਤ ਨਾਲ,  ਆਪਣੇ ਸੁਪਨੇ ਪੂਰੇ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮਦਦ ਮਿਲੇਗੀ। 

ਜਦੋਂ ਉਹ ਸ਼ੁਰੂਆਤ ਕਰਨ ਤਾਂ ਉਨ੍ਹਾਂ ਨੂੰ ਬੈਂਕ ਗਾਰੰਟੀ ਦੀ ਚਿੰਤਾ ਨਾ ਕਰਨੀ ਪਵੇ, ਟੈਕਸ ਦੀ ਚਿੰਤਾ ਨਾ ਕਰਨੀ ਪਵੇ, ਪੰਝੀ  ਤਰ੍ਹਾਂ ਦੀ ਕਾਗਜ਼ੀ ਕਾਰਵਾਈ ਦੀ ਚਿੰਤਾ ਨਾ ਕਰਨੀ ਪਵੇ। 

ਮੈਂ ਚਾਹੁੰਦਾ ਹਾਂ ਮੇਰੇ ਦੇਸ਼ ਦਾ ਨੌਜਵਾਨ Job Creator     ਬਣੇ, ਇਨੋਵੇਸ਼ਨ ਲਈ ਅੱਗੇ ਆਏ ਅਤੇ ਇਸ ਲਈ ਇਸ ਦਿਸ਼ਾ ਵਿੱਚ ਲਗਾਤਾਰ ਕੰਮ ਕੀਤਾ ਗਿਆ ਹੈ। ਸਾਥੀਓ, ਸਾਡੀ ਸਰਕਾਰ ਹੁਣ ਤੱਕ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਅਧੀਨ ਤਕਰੀਬਨ 10 ਕਰੋੜ ਲੋਕਾਂ ਦੇ ਕਰਜ਼ੇ ਪ੍ਰਵਾਨ ਕਰ ਚੁੱਕੀ ਹੈ। 10 ਕਰੋੜ ਅੰਕੜਾ ਬਹੁਤ ਵੱਡਾ ਹੁੰਦਾ ਹੈ। 

ਲੋਕਾਂ ਨੂੰ ਬਿਨਾਂ ਬੈਂਕ ਗਾਰੰਟੀ 4 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰਜ਼ਾ ਦਿੱਤਾ ਗਿਆ ਹੈ। ਸੋਚੋ, ਬਿਨਾਂ ਬੈਂਕ ਗਾਰੰਟੀ, ਬਿਨਾਂ ਇਹ ਪੁੱਛੇ ਕਿ ਪੈਸੇ ਕਿਵੇਂ ਵਾਪਸ ਆਉਣਗੇ, ਕਰਜ਼ਾ ਕਿਵੇਂ ਅਦਾ ਹੋਵੇਗਾ, ਚਾਰ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਰਕਮ ਲੋਕਾਂ ਨੂੰ ਦਿੱਤੀ ਗਈ ਹੈ।

 ਇਨ੍ਹਾਂ ਪੈਸਿਆਂ ਨਾਲ ਪਿੰਡਾਂ ਵਿੱਚ, ਕਸਬਿਆਂ ਵਿੱਚ, ਸ਼ਹਿਰਾਂ ਵਿੱਚ, ਦਿਹਾਤਾਂ ਵਿੱਚ ਲੋਕਾਂ ਨੇ ਆਪਣੇ ਆਪਣੇ ਛੋਟੇ ਛੋਟੇ ਬਿਜ਼ਨਸ ਸ਼ੁਰੂ ਕੀਤੇ ਹਨ, ਉਹ ਆਪਣੇ ਸੁਪਨੇ ਪੂਰੇ ਕਰ ਰਹੇ ਹਨ। ਇਹ ਲੋਕ, ਇਹ ਛੋਟੇ ਅਤੇ ਦਰਮਿਆਨੇ ਉੱਦਮੀ ਹੁਣ ਆਪ ਰੁਜ਼ਗਾਰ ਦੇਣ ਵਾਲੇ ਬਣ ਰਹੇ ਹਨ। 

ਭਰਾਵੋ ਅਤੇ ਭੈਣੋ, ਸਰਕਾਰ ਦੀ ਇਸ ਵੱਡੀ ਯੋਜਨਾ ਦਾ ਅਧਾਰ ਸਿਰਫ਼ ਇੱਕ ਹੈ, ਤੁਹਾਡੇ ਉੱਤੇ, ਦੇਸ਼ ਦੇ ਨੌਜਵਾਨਾਂ ਉੱਤੇ ਭਰੋਸਾ । ਸਾਨੂੰ ਭਰੋਸਾ ਹੈ ਕਿ ਇਸ ਦੇਸ਼ ਦਾ ਨੌਜਵਾਨ ਜਦੋਂ ਕੁਝ ਧਾਰ ਲੈਂਦਾ ਹੈ ਤਾਂ ਉਹ ਕੁਝ ਵੀ ਕਰ ਸਕਦਾ ਹੈ। ਊਰਜਾ ਨਾਲ ਭਰੇ ਅਜਿਹੇ ਨੌਜਵਾਨ ਦੇਸ਼ ਦੇ ਹਰ ਕੋਨੇ ਵਿੱਚ ਮੌਜੂਦ ਹਨ। ਕੋਈ ਪਹਾੜਾਂ ਤੋਂ ਨਿਕਲਣ ਵਾਲੇ ਛੋਟੇ ਝਰਨਿਆਂ ਤੋਂ ਬਿਜਲੀ ਬਣਾ ਰਿਹਾ ਹੈ, ਕੋਈ ਕੂੜੇ ਤੋਂ ਬਿਜਲੀ ਪੈਦਾ ਕਰ ਰਿਹਾ ਹੈ, ਕੋਈ ਕੂੜੇ ਤੋਂ ਘਰ ਨਿਰਮਾਣ ਦੀਆਂ ਚੀਜ਼ਾਂ ਬਣਾ ਰਿਹਾ ਹੈ, ਕੋਈ ਟੈਕਨੋਲੋਜੀ ਦੀ ਵਰਤੋਂ ਕਰਦੇ ਹੋਏ ਪਿੰਡ ਵਿੱਚ ਸਿਹਤ ਸਹੂਲਤਾਂ ਪਹੁੰਚਾ ਰਿਹਾ ਹੈ, ਕਿਸੇ ਨੇ ਆਪਣੇ ਖੇਤ ਵਿੱਚ ਹੀ ਫੂਡ ਪ੍ਰੋਸੈਸਿੰਗ ਯੂਨਿਟ ਲਗਾ ਲਿਆ ਹੈ। ਅਜਿਹੇ ਕਰੋੜਾਂ ਨੌਜਵਾਨ ਦੇਸ਼ ਨਿਰਮਾਣ ਲਈ ਦਿਨ ਰਾਤ ਇੱਕ ਕਰ ਰਹੇ ਹਨ। 

ਤੁਹਾਡੇ ਵਿੱਚ ਸਮਰੱਥਾ ਹੈ, ਦਲੇਰੀ ਹੈ ਅਤੇ ਤੁਸੀਂ ਸਹੀ ਦਿਸ਼ਾ ਵਿੱਚ ਚੱਲਣ ਦੀ ਸੂਝਬੂਝ ਵੀ ਰੱਖਦੇ ਹੋ। ਇਸ ਲਈ ਸਰਕਾਰ ਦਾ ਯਤਨ ਤੁਹਾਡੀ Hand Holding   ਦਾ ਹੈ। ਥੋੜਾ ਜਿਹਾ ਸਹਿਯੋਗ, ਬਾਕੀ ਤੁਸੀਂ ਆਪਣੇ ਵਿੱਚ ਸਮਰੱਥ ਹੋ। ਸਾਥੀਓ, ਸਰਕਾਰ ਇਸ ਪਾਸੇ ਵੀ ਧਿਆਨ ਦੇ ਰਹੀ ਹੈ ਕਿ ਅੱਜ ਦੀਆਂ ਲੋੜਾਂ ਦੇ ਹਿਸਾਬ ਨਾਲ  skill training  ਮਿਲ ਸਕੇ। 

skill  ਨੂੰ ਲੈ ਕੇ ਪਹਿਲੀ ਵਾਰੀ ਇਸ ਤਰ੍ਹਾਂ ਦੀ ਗੰਭੀਰਤਾ ਕਿਸੇ ਸਰਕਾਰ ਨੇ ਵਿਖਾਈ ਹੈ, ਨਹੀਂ ਤਾਂ ਪਹਿਲਾਂ ਤਾਂ  skill ਅਤੇ Education    ਵਿੱਚ ਸਿੱਧਾ ਫ਼ਰਕ ਪੁੱਛਣ ਉੱਤੇ ਲੋਕ ਚੁੱਪ ਹੋ ਜਾਂਦੇ ਸਨ। 

ਭਰਾਵੋ ਅਤੇ ਭੈਣੋ, ਕਿਤਾਬ ਵਿੱਚ ਪੜ੍ਹਨਾ ਕਿ ਹਵਾਈ ਜਹਾਜ਼ ਕਿਵੇਂ ਉਡਾਇਆ ਜਾਂਦਾ ਹੈ, ਕਿਤਾਬ ਵਿੱਚ ਉਸ ਦੀਆਂ ਬਰੀਕੀਆਂ ਸਮਝਣਾ education   ਹੈ। ਪਰ ਅਸਲ ਵਿੱਚ ਹਵਾਈ ਜਹਾਜ਼ ਉਡਾਉਣਾ skill ਹੁੰਦਾ ਹੈ। ਸਿਰਫ  education  ਅਤੇ  skill    ਨਾ ਹੋਵੇ ਤਾਂ ਰੁਜ਼ਗਾਰ ਮਿਲਣ ਵਿੱਚ ਮੁਸ਼ਕਲ ਹੁੰਦੀ ਹੈ। 

ਇਸ ਲਈ ਅਸੀਂ Skill   ਵਧਾਉਣ ਉੱਤੇ  Focus  ਕਰਦੇ ਹੋਏ ਅੱਗੇ ਵਧ ਰਹੇ ਹਾਂ। ਨੌਜਵਾਨਾਂ ਨੂੰ   education  ਦੇ ਨਾਲ ਹੀ skill   ਦੀ ਟ੍ਰੇਨਿੰਗ ਮਿਲੇ ਇਸ ਦਾ ਧਿਆਨ ਰੱਖਿਆ ਜਾ ਰਿਹਾ ਹੈ। 

ਸਕਿੱਲ ਇੰਡੀਆ ਮਿਸ਼ਨ ਅਧੀਨ ਲੱਖਾਂ ਨੌਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ। ਸਰਕਾਰ ਦੇਸ਼ ਭਰ ਵਿੱਚ ਪ੍ਰਧਾਨ ਮੰਤਰੀ ਕੌਸ਼ਲ ਕੇਂਦਰਾਂ ਦੀ ਸਥਾਪਨਾ ਕਰ ਰਹੀ ਹੈ। ਇੰਡੀਆ ਇੰਟਰਨੈਸ਼ਨਲ ਸਕਿੱਲ ਟ੍ਰੇਨਿੰਗ ਸੈਂਟਰ ਵੀ ਖੋਲ੍ਹੇ ਜਾ ਰਹੇ ਹਨ। ਸੈਂਕੜੇ ਮਲਟੀ ਸਕਿੱਲ ਟ੍ਰੇਨਿੰਗ ਇੰਸਟੀਚਿਊਟ ਉੱਤੇ ਵੀ ਕੰਮ ਹੋ ਰਿਹਾ ਹੈ। ਪਹਿਲੀ ਵਾਰੀ ਅਜਿਹਾ ਹੋਇਆ ਹੈ, ਜਦੋਂ ਨੌਜਵਾਨਾਂ ਨੂੰ ਅਪ੍ਰੈਂਟਿਸਸ਼ਿਪ ਦੇਣ ਵਾਲੀਆਂ ਕੰਪਨੀਆਂ ਨੂੰ ਆਰਥਿਕ ਮਦਦ ਦਿੱਤੀ ਜਾ ਰਹੀ ਹੈ। ਅਪ੍ਰੈਂਟਿਸਸ਼ਿਪ ਦਾ ਜੋ ਪੈਸਾ ਕੰਪਨੀਆਂ ਵਿਦਿਆਰਥੀਆਂ ਨੂੰ ਦਿੰਦੀਆਂ ਹਨ, ਉਸ ਦਾ ਕੁਝ ਹਿੱਸਾ ਸਰਕਾਰ ਵੱਲੋਂ ਕੰਪਨੀਆਂ ਨੂੰ ਦਿੱਤਾ ਜਾ ਰਿਹਾ ਹੈ। 

ਨੈਸ਼ਨਲ ਅਪ੍ਰੈਂਟਿਸਸ਼ਿਪ ਸਕੀਮ ਅਧੀਨ ਹੁਣ ਤੱਕ ਤਕਰੀਬਨ 7 ਲੱਖ ਨੌਜਵਾਨਾਂ ਦੀ ਰਜਿਸਟ੍ਰੇਸ਼ਨ ਵੀ ਕੀਤੀ ਜਾ ਚੁੱਕੀ ਹੈ। ਅਗਲੇ ਦੋ ਤਿੰਨ ਸਾਲ ਵਿੱਚ ਸਰਕਾਰ ਦਾ ਟੀਚਾ 50 ਲੱਖ ਨੌਜਵਾਨਾਂ ਨੂੰ ਅਪ੍ਰੈਂਟਿਸਸ਼ਿਪ ਟ੍ਰੇਨਿੰਗ ਦੇਣ ਦਾ ਹੈ। ਪ੍ਰਧਾਨ ਮੰਤਰੀ ਯੁਵਾ ਯੋਜਨਾ ਅਧੀਨ ਵੀ 3 ਹਜ਼ਾਰ ਤੋਂ ਜ਼ਿਆਦਾ ਸੰਸਥਾਨਾਂ ਵਿੱਚ ਟ੍ਰੇਨਿੰਗ ਦੇਣ ਦਾ ਕੰਮ ਚੱਲ ਰਿਹਾ ਹੈ। 

ਸਰਕਾਰ ਦੀ ਕੋਸ਼ਿਸ਼ ਹੈ ਕਿ ਤੁਹਾਨੂੰ ਨੌਜਵਾਨਾਂ ਨੂੰ ਦੇਸ਼ ਦੀ ਲੋੜ, ਇਥੋਂ ਦੀਆਂ ਸਨਅਤਾਂ ਦੀ ਲੋੜ ਦੇ ਹਿਸਾਬ ਨਾਲ ਟ੍ਰੇਨਿੰਗ ਮਿਲੇ। ਭਾਰਤ ਤੋਂ ਬਾਹਰ ਦੇ ਦੇਸ਼ਾਂ ਵਿੱਚ ਕਿਸ ਤਰ੍ਹਾਂ ਦੀ ਲੋੜ ਹੈ, ਉਸ ਨੂੰ ਵੀ ਧਿਆਨ ਵਿੱਚ ਰੱਖਦੇ ਹੋਏ ਲੋਕਾਂ ਦੀ  skill  ਡਿਵੈਲਪ ਕੀਤੀ ਜਾ ਰਹੀ ਹੈ।

ਦੋਸਤੋ, ਮੈਨੂੰ ਦੇਸ਼ ਦੇ ਨੌਜਵਾਨਾਂ ‘ਤੇ ਪੂਰਾ ਭਰੋਸਾ ਹੈ, ਦੇਸ਼ ਦੀ ਨੌਜਵਾਨ ਸ਼ਕਤੀ, ਨੌਜਵਾਨ ਊਰਜਾ ‘ਤੇ ਪੂਰਾ ਭਰੋਸਾ ਹੈ। ਦੇਸ਼ ਦੇ ਸੁਪਨੇ ਜੇਕਰ ਕਿਤੇ ਨਿਵਾਸ ਕਰਦੇ ਹਨ ਤਾਂ ਉਹ ਦੇਸ਼ ਦੇ ਨੌਜਵਾਨਾਂ ਦਿਲ ਵਿੱਚ ਕਰਦੇ ਹਨ। ਇਸ ਲਈ ਅਸੀਂ ਉਸ ‘ਤੇ ਧਿਆਨ ਕੇਂਦਰਿਤ ਕੀਤਾ ਹੈ।

ਦੋਸਤੋ, ਕੁਝ ਲੋਕ ਕਹਿੰਦੇ ਹਨ ਕਿ ਅੱਜ  ਦੇ ਨੌਜਵਾਨਾਂ  ਕੋਲ ਧੀਰਜ ਨਹੀਂ ਹੈ। ਮੈਂ ਕਹਿੰਦਾ ਹਾਂ ਕਿ ਇਹੀ ਗੱਲ ਅੱਜ ਦੀ ਪੀੜ੍ਹੀ ਦੇ ਨੌਜਵਾਨਾਂ  ਲਈ, ਉਹਨਾਂ ਦੇ ਅੰਦਰ ਨਵੀਨਤਾ ਦਾ ਕਾਰਨ ਬਣ ਜਾਂਦੀ ਹੈ। ਜੀਵਨ ਵਿਚ ਧੀਰਜ ਹੋਣਾ ਚਾਹੀਦਾ ਹੈ, ਪਰ ਅਜਿਹਾ ਧੀਰਜ ਵੀ ਨਹੀਂ ਹੋਣਾ ਚਾਹੀਦਾ  ਕਿ ਆਦਮੀ ਨਵਾਂ ਸੋਚ ਹੀ ਨਾ ਪਾਵੇ, ਜ਼ਿੰਦਗੀ ਬਿਲਕੁਲ ਰੁਕ ਹੀ ਜਾਵੇ। ਧੀਰਜ ਨਹੀਂ ਹੈ, ਇਸ ਲਈ ਅੱਜ ਦੇ ਨੌਜਵਾਨ ਜਿਆਦਾ ਤੇਜ਼ੀ ਨਾਲ ਕੰਮ ਕਰ ਰਹੇ ਹਨ, ਨਵੇਂ ਢੰਗ ਨਾਲ ਕੰਮ ਕਰ ਰਹੇ ਹਨ ਅਤੇ ਨਤੀਜੇ ਵੀ ਲਿਆ ਰਹੇ ਹਨ।

ਸਵੱਛ ਭਾਰਤ ਮੁਹਿੰਮ ਹੋਵੇ, ਬੇਟੀ –ਬਚਾਓ ਬੇਟੀ ਪੜਾਓ ਮੁਹਿੰਮ ਹੋਵੇ,waste to wealth ਹੋਵੇ,ਤੁਹਾਡੀਆਂ ਨਵੀਨਤਾਵਾਂ ਸਮਾਜਿਕ ਚਿੰਤਾਵਾਂ ਨਾਲ ਸਬੰਧਤ ਹਨ।

ਤੁਹਾਡੇ ਆਲੇ-ਦੁਆਲੇ ਜੋ ਸਮੱਸਿਆਵਾਂ ਹਨ,ਚੁਣੌਤੀਆਂ ਹਨ, ਉਨ੍ਹਾਂ ਨੂੰ ਤੁਹਾਡੇ ਤੋਂ ਬਿਹਤਰ ਕੋਈ ਨਹੀਂ ਜਾਣ ਸਕਦਾ। ਨਵੀਨਤਾਵਾਂ ਦੀ ਤੁਹਾਡੀ ਇਸ ਸਮੱਰਥਾ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਨੇ “ਅਟਲ ਇਨੋਵੇਸ਼ਨ ਮਿਸ਼ਨ” ਸ਼ੁਰੂ ਕਰ ਦਿੱਤਾ ਹੈ। ਦੇਸ਼ ਦੇ ਸਕੂਲਾਂ,ਕਾਲਜਾਂ ਵਿਚ, ਨਵੀਨਤਾ ਦਾ ਈਕੋਸਿਸਟਮ ਬਣਾਉਣ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ।

ਵਿਦਿਆਰਥੀਆਂ ਵਿਚ ਵਿਗਿਆਨਕ ਰਵੱਈਏ ਨੂੰ ਵਧਾਉਣ ਅਤੇ ਉਨ੍ਹਾਂ ਦੀ ਸਿਰਜਣਾਤਮਕਤਾ ਨੂੰ ਸਹੀ ਪਲੇਟਫਾਰਮ ਦੇਣ ਲਈ ਦੇਸ਼ ਵਿਚ ਢਾਈ ਹਜ਼ਾਰ ਤੋਂ ਵਧੇਰੇ ਅਟਲ  ਟਿੰਕਰਿੰਗ (ਮੁਰੰਮਤ) ਲੈਬਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।

ਨਿਰਮਾਣ, ਆਵਾਜਾਈ, ਊਰਜਾ, ਖੇਤੀਬਾੜੀ, ਪਾਣੀ ਅਤੇ ਸਫ਼ਾਈ ਵਿਵਸਥਾ ਵਰਗੇ ਸੈਕਟਰਾਂ ਵਿਚ ਨਵੀਨਤਾ-ਸਨਅੱਤ ਨੂੰ ਉਤਸ਼ਾਹਿਤ ਕਰਨ ਲਈ ਅਟਲ ਇਨਕੁਬੇਸ਼ਨ ਸੈਂਟਰ ਵੀ ਖੋਲ੍ਹ ਜਾ ਰਹੇ ਹਨ। ਇਹ ਸੈਂਟਰ ਨਵੀਂ ਸ਼ੁਰੂਆਤ ਕਰਨ ਲਈ ਵਿੱਤੀ ਸਹਾਇਤਾ ਵੀ ਦੇਣਗੇ ਅਤੇ ਸਹੀ ਰਸਤਾ ਵੀ ਦਿਖਾਣਗੇ।

ਭਰਾਵੋ-ਭੈਣੋਂ, ਸਟਾਰਟ ਅੱਪ ਇੰਡੀਆ ਪ੍ਰੋਗਰਾਮ ਭਾਰਤ ਵਿਚ ਸਟਾਰਟ ਅੱਪ  ਕ੍ਰਾਂਤੀ ਦਾ ਅਧਾਰ ਬਣ ਰਿਹਾ ਹੈ। ਸਰਕਾਰ ਨੇ 10 ਹਜ਼ਾਰ ਕਰੋੜ ਦੀ ਰਕਮ ਨਾਲ ਸਟਾਰਟ ਅੱਪ ਫੰਡ ਬਣਾਇਆ ਹੈ।

ਨਵੇਂ ਸਟਾਰਟ ਅੱਪਸ ਨੂੰ ਕ੍ਰੈਡਿਟ ਗਰੰਟੀ ਦਿੱਤੀ ਜਾ ਰਹੀ ਹੈ, ਟੈਕਸ ਵਿਚ ਛੂਟ ਦਿੱਤੀ ਜਾ ਰਹੀ ਹੈ। ਉਹ ਆਪਣੀ ਇਨੋਵੇਸ਼ਨ(ਨਵੀਨਤਾ) ਨੂੰ ਪੇਟੈਂਟ ਕਰਾ ਸਕਣ,ਇਸ ਲਈ ਸਰਕਾਰ ਵੱਲੋਂ ਉਨ੍ਹਾਂ ਨੂੰ ਕਾਨੂੰਨੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ। ਮੈਂ ਇਹ ਸਾਰੀ ਜਾਣਕਾਰੀ ਤੁਹਾਨੂੰ ਇਸ ਲਈ ਵੀ ਦੇ ਰਿਹਾ ਹਾਂ ਕਿਉਂਕਿ ਕਾਲਜਾਂ ਤੋਂ ਪੜ੍ਹਕੇ ਨਿਕਲਣ ਤੋਂ ਬਾਅਦ ਇਹੀ ਜਾਣਕਾਰੀ ਤੁਹਾਨੂੰ ਅੱਗੇ ਵਧਣ ਵਿਚ ਸਹਾਇਤਾ ਕਰੇਗੀ।

ਅੱਜ ਜੋ ਤੁਸੀਂ ਦ੍ਰਿੜ ਸੰਕਲਪ ਲਵੋਗੇ, ਉਸਨੂੰ ਸਾਬਤ ਕਰਨ ਵਿਚ ਇਹ ਜਾਣਕਾਰੀ ਤੁਹਾਡੀ ਸਹਾਇਤਾ ਕਰੇਗੀ।

ਪੜ੍ਹਦੇ ਹੋਏ ਤੁਹਾਨੂੰ ਸਟਾਰਟ ਅੱਪ ਸ਼ੁਰੂ ਕਰਨ ਤੋਂ ਕੋਈ ਨਹੀਂ ਰੋਕੇਗਾ, ਆਪਣੀ ਕੰਪਨੀ ਖੋਲ੍ਹਣ ਤੋਂ ਕੋਈ ਨਹੀਂ ਰੋਕੇਗਾ। ਉਸ ਸਮੇਂ ਤੁਹਾਨੂੰ ਸਰਕਾਰ ਦੀਆਂ ਇਹਨਾਂ ਪਹਿਲਕਦਮੀਆਂ ਤੋਂ ਹੀ ਸਹਾਇਤਾ ਮਿਲੇਗੀ।

ਭਰਾਵੋ-ਭੈਣੋਂ,ਦੁਨੀਆਂ ਵਿਚ ਹਰ ਕੋਈ ਸੁਵਿਧਾ ਪ੍ਰਾਪਤ ਕਰ ਕੇ  ਹੀ ਅੱਗੇ ਵਧਿਆ ਹੈ,ਇਹ ਜ਼ਰੂਰੀ ਨਹੀਂ ਹੈ। ਸੰਘਰਸ਼ ਨਾਲ ਵੀ ਲੋਕ ਅੱਗੇ ਵਧੇ ਹਨ। ਅੱਜ, ਬਹੁਤ ਸਾਰੀਆਂ ਵਿਦੇਸ਼ੀ ਕੰਪਨੀਆਂ ਨੂੰ ਭਾਰਤ ਤੋਂ ਗਏ ਹੋਏ ਨੌਜਵਾਨ ਚਲਾ ਰਹੇ ਹਨ। ਉਹ ਕੰਪਨੀਆਂ ਦੇ ਪ੍ਰਧਾਨ ਹਨ, ਚੇਅਰਮੈਨ ਹਨ, ਮੁੱਖ ਚੋਣ ਅਧਿਕਾਰੀ (ਸੀਈਓ) ਹਨ। ਇਹਨਾਂ ਕੰਪਨੀਆਂ ਵਿੱਚ ਉਨ੍ਹਾਂ ਦੇ ਕੰਮ ਦਾ ਲੋਹਾ ਮੰਨਿਆ ਜਾਂਦਾ ਹੈ। ਕੀ ਉਹ ਸਿੱਧੇ ਉੱਥੇ ਪਹੁੰਚੇ ਹਨ? ਨਹੀਂ। ਕੀ ਸਿਆਸੀ ਸ਼ਾਸਨਵਾਦੀ ਸ਼ੈਲੀ ਵਿਚ ਉਨ੍ਹਾਂ ਨੂੰ ਸਿੱਧੇ ਤੌਰ ‘ਤੇ ਵੱਡੇ ਅਹੁਦੇ ਮਿਲੇ ਹਨ? ਨਹੀਂ। ਉਨ੍ਹਾਂ ਨੇ ਸਖ਼ਤ ਮਿਹਨਤ ਕੀਤੀ ਹੈ, ਸੰਘਰਸ਼ ਕੀਤਾ ਹੈ,

ਸੁਪਨੇ ਦੇਖੇ ਹਨ, ਜੋਖ਼ਮ ਚੁੱਕਿਆ ਹੈ, ਦਿਨ-ਰਾਤ ਪਸੀਨਾ ਵਹਾਇਆ ਹੈ,ਫਿਰ ਉੱਥੇ ਪਹੁੰਚੇ ਹਨ।

ਭਾਰਤ ਦੇ ਨੌਜਵਾਨ ਵਿਚ ਇਹ ਸਮੱਰਥਾ ਹੈ ਕਿ ਉਹ ਜਿੱਥੇ ਵੀ ਗਿਆ ਹੈ, ਉਸਨੇ ਆਪਣਾ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਤੁਸੀ ਦੇਖਿਆ ਹੈ, ਦੋ ਦਿਨ ਪਹਿਲੇ ਹੀ ਆਂਚਲ ਠਾਕੁਰ ਨੇ ਭਾਰਤ ਨੂੰ ਸਕੀਇੰਗ ਵਿਚ ਹੁਣ ਤੱਕ ਦਾ ਪਹਿਲਾ ਅੰਤਰਰਾਸ਼ਟਰੀ ਮੈਡਲ ਦਿਵਾਇਆ ਹੈ। ਕੁਝ ਦਿਨ ਪਹਿਲਾ ਮਾਨੁਸ਼ੀ ਛਿੱਲਰ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।

ਮੈਂਨੂੰ ਵਿਸ਼ਵਾਸ ਹੈ ਕਿ ਜੋ ਲੋਕ ਸੋਸ਼ਲ ਮੀਡਿਆ ‘ਤੇ ਹਨ, ਉਹ ਹਰ ਰੋਜ਼ ਅਪਡੇਟ ਲੈਂਦੇ ਹੋਣਗੇ ਕਿ ਸਮੁੰਦਰ ਪਰਿਕਰਮਾ ਦੇ ਲਈ ਜੋ 6 ਬੇਟੀਆਂ ਨਿਕਲੀਆਂ ਹੋਈਆ ਹਨ, ਉਹ ਅੱਜ ਤੱਕ ਕਿੱਥੇ ਪਹੁੰਚੀਆ ਹਨ। ਇਹ ਸੰਕਲਪ ਤੋਂ ਸਿੱਧੀ ਦੀਆਂ ਵੱਖ-ਵੱਖ ਯਾਤਰਾਵਾਂ ਹਨ ਜੋ ਹਰ ਕਿਸੇ ਲਈ ਪ੍ਰੇਰਣਾ ਬਣ ਰਹੀਆ ਹਨ।

ਦੋਸਤੋ, ਅੱਜ ਮੇਰੀ ਤੁਹਾਨੂੰ ਇਹ ਬੇਨਤੀ ਹੈ ਕਿ ਤੁਸੀਂ ਖੇਡ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ।

ਇਸ ਸਮੇਂ ਰਾਜਵਰਧਨ ਜੀ ਵੀ ਮੰਚ’ਤੇ ਹਨ, ਮੇਰਾ ਮੰਨਣਾ ਹੈ ਕਿ ਉਹ ਬਾਅਦ ਵਿਚ ਮੰਤਰੀ ਹਨ, ਪਹਿਲੇ ਓਲੰਪਿਅਨ, ਮਹਾਨ ਨਿਸ਼ਾਨੇਬਾਜ਼ ਹਨ।

ਵੈਸੇ ਸਾਡੇ ਜੁਝਾਰੂ, ਤੇਜ਼-ਤਰਾਰ ਨੌਜਵਾਨ  ਮੁੱਖ-ਮੰਤਰੀ ਸ੍ਰੀ ਯੋਗੀ ਜੀ ਵੀ ਘੱਟ ਖਿਡਾਰੀ ਨਹੀਂ ਹਨ, ਅੱਜ ਕੱਲ੍ਹ ਉਨ੍ਹਾਂ ਦੇ ਕੰਮ ਦੇ ਕਾਰਨ ਕਈ ਰਾਜਾਂ ਵਿਚ ਬਹੁਤ ਸਾਰੇ ਲੋਕਾਂ ਨੂੰ ਉਨ੍ਹਾਂ ਤੋਂ ਬਹੁਤ ਮੁਸ਼ਕਲਾਂ ਪੇਸ਼ ਆ ਰਹੀਆਂ ਹਨ, ਮੈਂ ਦੇਖਿਆ ਹੈ ਕਿ ਸਾਡੇ ਯੋਗੀ ਜੀ  ਅੱਜ ਕਲ ਟਵਿੱਟਰ ਟਵਿੱਟਰ  ਖੇਡ ਰਹੇ ਹਨ ਅਤੇ ਟਵਿੱਟਰ ਦੇ ਖੇਡ ਵਿਚ ਉਨ੍ਹਾਂ ਨੇ ਚੰਗੇ ਖਿਡਾਰੀਆਂ ਨੂੰ ਵੀ ਹਰਾਇਆ ਹੈ। ਠੀਕ, ਜੇ ਮੈਂ ਖੇਡਾਂ ‘ਤੇ ਧਿਆਨ ਕੇਂਦਰਿਤ ਕਰਾ ਤਾਂ  ਖੇਡਾਂ, ਸਿੱਖਿਆ ਦਾ ਹੀ ਤਰੀਕਾ ਹੈ ਜੋ ਸਿਰਫ ਸ਼ਰੀਰ ਨੂੰ ਹੀ ਚੁਸਤ-ਦਰੁੱਸਤੀ ਹੀ ਨਹੀਂ ਰੱਖਦਾ ਸਗੋਂ ਦਿਮਾਗ ਨੂੰ ਵੀ ਜਾਗਰੂਕ ਕਰਦਾ ਹੈ। ਖੇਡਾਂ ਨਾਲ ਅਸੀਂ ਅਨੁਸ਼ਾਸਨ ਸਿੱਖਦੇ ਹਾ। 

 

 ਖੇਡ ਦਾ ਮੈਦਾਨ ਸਾਨੂੰ ਹਾਰ ਦਾ ਮਤਲਬ ਸਮਝਾਉਂਦਾ ਹੈ। ਖੇਡ ਦਾ ਮੈਦਾਨ ਸਾਨੂੰ ਆਪਣੇ ਟੀਚੇ ਦੀ ਪ੍ਰਾਪਤੀ ਲਈ ਅਣਥੱਕ ਮਿਹਨਤ ਕਰਨਾ ਸਿਖਾਉਂਦਾ ਹੈ। ਟੀਮ ਭਾਵਨਾ ਦਾ ਕੀ ਅਰਥ ਹੈ, ਇਹ ਸਭ ਤੋਂ ਪਹਿਲਾਂ ਸਾਨੂੰ ਖੇਡ ਦੇ ਮੈਦਾਨ ਵਿੱਚ ਹੀ ਨਜ਼ਰ ਆਉਂਦਾ ਹੈ। ਹਾਰ ਹੋਵੇ ਭਾਵੇਂ ਜਿੱਤ ਹੋਵੇ ਲੇਕਿਨ ਖੇਡ ਦੇ ਮੈਦਾਨ ਤੋਂ ਅਸੀਂ ਜੋ  sportsmen sprit ਸਿੱਖਦੇ ਹਾਂ, ਉਹ ਜੀਵਨ ਭਰ ਕੰਮ ਆਉਂਦੀ ਹੈ। ਇਸ ਲਈ ਮੈ ਕਹਿੰਦਾ ਹਾਂ, ਜਿਹੜਾ ਖੇਡੇ- ਉਹ ਖਿੜੇ। ਤੁਸੀਂ ਲੋਕ ਵੀ ਖ਼ੂਬ ਖੇਡੋ, ਖ਼ੂਬ ਖਿੜੋ।

 ਖੇਡ ਦੇ ਨਾਲ-ਨਾਲ ਤੁਸੀਂ ਯੋਗ ਨੂੰ ਵੀ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਕਰੋ। ਮੈਨੂੰ ਦੱਸਿਆ ਗਿਆ ਹੈ ਕਿ ਨੌਜਵਾਨਾਂ ਵਿੱਚ, ਹਰ ਰੋਜ਼ ਤੁਸੀਂ ਸਾਰੇ ਯੋਗ ਕਰਿਆ ਕਰੋਗੇ। ਇਸ ਅਭਿਆਸ ਨੂੰ ਆਪਣੇ ਨਾਲ ਲੈ ਕੇ ਜਾਇਓ। ਯੋਗ ਨਾਲ ਤੁਸੀਂ ਸ਼ਰੀਰਕ ਅਤੇ ਮਾਨਸਿਕ  ਰੂਪ ਵਿੱਚ ਮਜ਼ਬੂਤ ਬਣੋਗੇ।

ਮੇਰੇ ਸਾਥੀਓ, ਅੱਗੇ ਵਧੋ, ਆਪਣਾ ਵਿਸਤਾਰ ਕਰੋ, ਆਪਣੇ ਵਿਅਕਤਿਤਵ ਦਾ ਵਿਸਤਾਰ ਕਰੋ।

 ਇੱਥੇ ਇਸ ਯੁਵਾ ਮਹਾਉਤਸਵ ਵਿੱਚ ਵੀ ਵੱਖ-ਵੱਖ ਰਾਜਾਂ ਤੋਂ ਜੋ ਤੁਹਾਡੇ ਸਾਥੀ ਆਏ ਹਨ, ਉਨ੍ਹਾਂ ਨਾਲ ਖ਼ੂਬ ਮਿਲੋ, ਗੱਲਾਂ ਕਰੋ, ਉਨ੍ਹਾਂ ਨੂੰ ਸਮਝਾਓ, ਉਨ੍ਹਾਂ ਦੀ ਭਾਸ਼ਾ ਸਮਝੋ, ਉਨ੍ਹਾਂ ਦਾ ਖਾਨ-ਪਾਨ ਸਮਝੋ, ਰਹਿਣ-ਸਹਿਣ ਸਮਝੋ।

 ਮੇਰਾ ਅਨੁਭਵ ਕਹਿੰਦਾ ਹੈ ਕਿ ਇਸ ਮਹਾਉਤਸਵ ਵਿੱਚ ਤੁਸੀ ਜੋ ਵੀ ਸਿੱਖੋਗੇ, ਤੁਹਾਡੇ ਜੋ ਸਬੰਧ ਬਣਨਗੇ, ਉਹ ਜੀਵਨ ਭਰ ਤੁਹਾਡੇ ਨਾਲ ਰਹਿਣਗੇ, ਤੁਹਾਡੇ ਕੰਮ ਆਉਣਗੇ। ਸਾਥੀਓ, ਇਹ ਵੀ ਇੱਕ ਸੰਕਲਪ ਹੈ ਜੋ ਏਕ ਭਾਰਤ-ਸ਼ਰੇਸ਼ਠ ਭਾਰਤ  ਨੂੰ ਸਿੱਧ ਕਰਦਾ ਹੈ।

 ਸਾਥੀਓ, ਸਾਡੇ ਪੂਜਨੀਕ ਸ਼੍ਰੀਮਾਨ ਅਟਲ ਬਿਹਾਰੀ ਵਾਜਪੇਈ ਜੀ ਕਿਹਾ ਕਰਦੇ ਸੀ-

 ਆਓ, ਅਸੀਂ ਸਾਰੇ ਮਿਲ ਕੇ, ਦੇਸ਼ ਦੇ ਨੌਜਵਾਨ ਮਿਲ ਕੇ, ਦੇਸ਼ ਦੇ ਸਵਾ ਸੌ ਕਰੋੜ ਲੋਕ ਮਿਲ ਕੇ ਬੇਹੱਦ ਮਿਹਨਤ ਕਰੀਏ, ਅਪਣੀ ਊਰਜਾ ਰਾਸ਼ਟਰ ਨਿਰਮਾਣ ਵਿੱਚ ਲਗਾਈਏ, ਨਿਊ ਇੰਡੀਆ ਬਣਾਈਏ।

 

 ਇੱਕ ਵਾਰ ਫਿਰ ਤੁਹਾਨੂੰ ਸਭ ਨੂੰ ਯੁਵਾ ਦਿਵਸ ਅਤੇ ਯੁਵਾ ਮਹਾਉਤਸਵ ਦੀ ਸ਼ੁਭਕਾਮਨਾਵਾਂ ਦੇ ਨਾਲ ਸਵਾਮੀ ਵਿਵੇਕਾਨੰਦ ਨੂੰ ਮੁੜ ਯਾਦ ਕਰਦਿਆਂ, ਉਨ੍ਹਾਂ ਨੇ ਜੋ ਮਾਰਗ ਦਿਖਾਏ ਹਨ, ਸਮਾਜਿਕ ਬਰਾਬਰੀ ਦਾ ਮਾਰਗ ਦਿਖਾਇਆ ਹੈ, ਉੱਚੇ-ਨੀਵੇਂ ਦੇ ਭੇਦ ਤੋਂ ਮੁਕਤੀ ਦਾ ਮਾਰਗ ਦਿਖਾਇਆ ਹੈ, ਰਾਸ਼ਟਰ ਦੇ ਲਈ ਜੀਉਣ-ਮਰਨ ਦਾ ਮਾਰਗ ਦਿਖਾਇਆ ਹੈ ਅਜਿਹੇ ਮਹਾਪੁਰਸ਼ ਦੇ ਜਨਮਦਿਨ ‘ਤੇ ਯੁਵਾ ਪ੍ਰੇਰਣਾ, ਯੁਵਾ ਬਲ, ਯੁਵਾ ਸੰਕਲਪ ਦੇ ਨਾਲ ਤੁਸੀ ਅੱਗੇ ਵਧੋ । ਇਨ੍ਹਾਂ ਸੁਭਕਾਮਨਾਵਾਂ ਦੇ ਨਾਲ, ਮੈਂ ਆਪਣੀ ਵਾਣੀ ਨੂੰ ਸਮਾਪਤ ਕਰਦਾ ਹਾਂ। ਬਹੁਤ-ਬਹੁਤ ਧੰਨਵਾਦ !!!

ਜੈ ਹਿੰਦ !!! 

****

ਅਤੁਲ ਤਿਵਾਰੀ/ਹਿਮਾਂਸ਼ੂ ਸਿੰਘ